24 ਅਗਸਤ ਨੂੰ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾ ਵਿਚ ਜਿੱਥੇ ਸਮੇਂ-ਸਮੇਂ ਸਮਾਜਿਕ ਮੁੱਦਿਆਂ `ਤੇ ਅਧਾਰਿਤ ਸਾਰਥਕ ਫ਼ਿਲਮਾਂ ਬਣਦੀਆ ਰਹਿੰਦੀਆਂ ਹਨ, ਉੱਥੇ ਧਾਰਮਿਕ ਅਤੇ ਇਤਿਹਾਸਿਕ ਫ਼ਿਲਮਾਂ ਬਣਾਉਣ ਵਾਲੇ ਨਿਰਮਾਤਾਵਾਂ ਨੇ ਵੀ ਆਪਣੀਆ ਕੋਸ਼ਿਸ਼ਾਂ ਜਾਰੀ ਰੱਖੀਆਂ ਹਨ। ਪਿਛਲੇ ਸਮੇਂ ਤੋਂ ਅਜਿਹੇ ਹੀ ਫ਼ਿਲਮ ਨਿਰਮਾਤਾਵਾਂ ਵਿੱਚੋਂ, ਜੋਕਿ ਸਿੱਖ ਇਤਹਾਸ ਵਿਚ ਦਿਲਚਸਪੀ ਰੱਖਦੇ ਹਨ, ਵੱਲੋਂ ਇਕ ਹੋਰ ਵਿਸ਼ੇਸ਼ ਉਪਰਾਲਾ ਸਾਹਮਣੇ ਆਇਆ ਹੈ, ਜਿਸ ਤਹਿਤ `ਚਾਰ ਸਾਹਿਬਜ਼ਾਦੇ` ਅਤੇ `ਭਾਈ ਤਾਰੂ ਸਿੰਘ` ਵਰਗੀਆਂ ਸ਼ਖ਼ਸੀਅਤਾਂ `ਤੇ ਐਨੀਮੇਸ਼ਨ ਫ਼ਿਲਮਾਂ ਵੇਖਣ ਨੂੰ ਮਿਲੀਆਂ, ਜਿਨ੍ਹਾਂ ਨੇ ਸਾਨੂੰ ਸਿੱਖ ਇਤਿਹਾਸ, ਸਿੱਖ ਫਲਸਫ਼ੇ ਅਤੇ ਜੁਝਾਰੂ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਇਸੇ ਲੜੀ ਤਹਿਤ `ਪ੍ਰੀਤਮ ਫ਼ਿਲਮ ਪ੍ਰੋਡਕਸ਼ਨ` ਨੇ ਸਿੱਖ ਧਰਮ ਨਾਲ ਸਬੰਧਤ ਇਕ ਹੋਰ ਮਹਾਨ ਯੋਧੇ `ਬੰਦਾ ਸਿੰਘ ਬਹਾਦੁਰ` ਦੀ ਗੌਰਵਮਈ ਗਾਥਾ `ਤੇ ਅਧਾਰਿਤ ਐਨੀਮੇਸ਼ਨ ਫ਼ਿਲਮ `ਗੁਰੂ ਦਾ ਬੰਦਾ` ਬਣਾਉਣ ਦਾ ਹੀਲਾ ਕੀਤਾ ਹੈ।
27 ਅਕਤੂਬਰ 1670 ਨੂੂੰ ਕਸ਼ਮੀਰ ਵਿਚ ਪੈਦਾ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਸਿੱਖ ਕੌਮ ਦੇ ਇਤਿਹਾਸ ਵਿਚ ਬੜੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਇਹ ਫ਼ਿਲਮ ਪੂਰਨ ਤੌਰ `ਤੇ ਸਿੱਖ ਮਰਿਆਦਾ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਇਸ ਐਨਮੇਟਿਡ ਫ਼ਿਲਮ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ {ਪਹਿਲਾ ਨਾਮ ਭਾਈ ਮਾਧੋ ਦਾਸ} ਗੋਦਾਵਰੀ ਨਦੀ ਦੇ ਕੰਡੇ ਨੰਦੇੜ ਮੱਠ ਦੀ ਸਥਾਪਨਾ ਕਰਨ ਉਪਰੰਤ (ਜੋ ਅੱਜਕੱਲ੍ਹ ਨੰਦੇੜ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ) ਜਦੋਂ ਸਤੰਬਰ 1708 ਵਿਚ ਉਨ੍ਹਾਂ ਦੀ ਮੁਲਾਕਾਤ ਗੁਰੂੂ ਗੋਬਿੰਦ ਸਿੰਘ ਜੀ ਨਾਲ ਹੋਈ, ਤਾਂ ਉਹ ਉਨ੍ਹਾਂ ਦੇ ਪੈਰੋਕਾਰ ਬਣ ਗਏ। ਗੁਰੂੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਖਾਲਸਾ ਸਜਾਉਂਦੇ ਹੋਏ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦੁਰ ਦਾ ਨਾਮ ਦਿੱਤਾ।
ਗੁਰੂੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਅਤੇ ਉਨ੍ਹਾਂ ਵੱਲੋਂ ਜ਼ੁਲਮ ਦੇ ਖਿਲਾਫ ਲੜਣ ਲਈ ਬੰਦਾ ਸਿੰਘ ਬਹਾਦੁਰ ਅੰਦਰ ਭਰੇ ਜੋਸ਼ ਅਤੇ ਗੁਰੂ ਜੀ ਵੱਲੋਂ ਬਖ਼ਸ਼ੇ ਹਥਿਆਰਾਂ ਅਤੇ ਅਧਿਕਾਰਾਂ ਸਦਕਾ ਉਨ੍ਹਾਂ ਨੇ ਖੰਡਾ (ਸੋਨੀਪਤ) ਵਿਖੇ ਮੁਗਲਾਂ ਦੇ ਖਿਲਾਫ ਸੰਘਰਸ਼ ਵਿੱਢਣ ਲਈ ਜੁਝਾਰੂ ਫੌਜ ਤਿਆਰ ਕੀਤੀ।
ਬੰਦਾ ਸਿੰਘ ਬਹਾਦੁਰ ਦੀ ਜੀਵਨੀ ਨਾਲ ਸਬੰਧਤ ਫ਼ਿਲਮ ਵਿਚਲੀਆਂ ਉਪਰੋਤਕ ਘਟਨਾਵਾਂ ਤੋਂ ਇਲਾਵਾ ਉਨ੍ਹਾਂ ਦੇ ਚੁਣੌਤੀਆਂ ਭਰਪੂਰ ਦਲੇਰਆਨਾ ਸਫ਼ਰ ਨੂੰ ਬਾਖ਼ੂਬੀ ਵਰਨਣ ਕਰਦੀ ਇਸ ਐਨੀਮੈਸ਼ਨ ਫ਼ਿਲਮ ਦੇ ਨਿਰਮਾਤਾ ਜੋਗਿੰਦਰ ਸਿੰਘ ਭੰਗਾਲੀਆ ਤੇ ਸੋਨੂੰ ਭੰਗਾਲੀਆ ਹਨ। ਇਸ ਫ਼ਿਲਮ ਨੂੰ ਨਿਰਦੇਸ਼ਿਤ ਜੱਸੀ ਚੰਨਾ ਨੇ ਕੀਤਾ।
ਇਸ ਫ਼ਿਲਮ ਨੂੰ ਬਣਾਉਣ ਲਈ ਕਹਾਣੀ ੳੁੱਤੇ ਖੋਜ, ਸੰਵਾਦ ਤੇ ਪਟਕਥਾ ਸਤਨਾਮ ਚੰਨਾ ਨੇ ਲਿਖੇ ਹਨ। ਇਸ 3ਡੀ ਐਨੀਮੇਸ਼ਨ ਫ਼ਿਲਮ ਦੇ ਗੀਤ ਰਾਕੇਸ਼ ਰਮਨ ਤੇ ਸਤਨਾਮ ਚੰਨਾ ਨੇ ਲਿਖੇ ਹਨ। ਸੰਗੀਤਕਾਰ ਪਰਮ ਆਗਾਜ਼ ਨੇ ਬਹੁਤ ਵਧੀਆ ਸੰਗੀਤ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਫ਼ਿਲਮ ਦਾ ਟਾਈਟਲ ਗੀਤ ਦਲੇਰ ਮਹਿੰਦੀ ਨੇ ਗਾਇਆ ਹੈ। ਇਸ ਫ਼ਿਲਮ ਦੀ ਸਾਰੀ ਐਨੀਮੇਸ਼ਨ ਦਾ ਕੰਮ `ਪ੍ਰੀਤਮ ਫ਼ਿਲਮ ਪ੍ਰੋਡਕਸ਼ਨ ਪ੍ਰਾਇ: ਲਿਮਿ:` ਨੇ ਕੀਤਾ ਹੈ।
24 ਅਗਸਤ ਨੂੰ ਇਹ ਫ਼ਿਲਮ `ਓਮਜੀ ਗਰੁੱਪ` ਵੱਲੋਂ ਵਰਲਡ ਵਾਈਡ ਸਿਨੇਮਾ ਘਰਾਂ ਵਿਚ ਪਹੁੰਚਾਈ ਜਾ ਰਹੀ ਹੈ। `ਪੰਜਾਬੀ ਸਕਰੀਨ ਅਦਾਰਾ` ਇਸ ਫ਼ਿਲਮ ਦੀ ਕਾਮਯਾਬੀ ਲਈ ਸ਼ੁੱਭ ਇੱਛਾਵਾਂ ਭੇਟ ਕਰਦਾ ਹੈ।