ਸੁਨੀਲ ਜੀ ਆਪਣੇ ਪਿਛੋਕੜ੍ਹ ਬਾਰੇ ਜਾਣਕਾਰੀ ਦਿਓ ।
ਅਸੀਂ ਗੁਜਰਾਤ ਦੇ ਰਹਿਣ ਵਾਲੇ ਹਾਂ। ਸਾਡਾ ਫ਼ੈਮਿਲੀ ਬਿਜ਼ਨਸ ਸੀ ਆਰਕੈਸਟਰਾ ਇਸ ਲਈ ਬਚਪਨ ਤੋਂ ਹੀ ਮੇਰਾ ਨਾਤਾ ਸੰਗੀਤ ਨਾਲ ਜੁੜਿਆ ਹੋਇਆ ਹੈ। ਮੈਂ ਬਹੁਤ ਛੋਟੀ ਉਮਰ ‘ਚ ਹੀ ਸੰਗੀਤ ਨਿਰਦੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਸੰਗੀਤ ਨਿਰਦੇਸ਼ਨ ਤੋਂ ਫ਼ਿਲਮ ਨਿਰਦੇਸ਼ਨ ਵੱਲ ਦਾ ਰੁੱਖ ਕਿੱਦਾਂ ਹੋਇਆ ?
ਮੇਰੀ ਵੱਡੀ ਭੈਣ ਬਾਲੀਵੁੱਡ ਅਭਿਨੇਤਰੀ ਹੈ। ਉਨ੍ਹਾਂ ਦੇ ਜ਼ਰੀਏ ਮੇਰੀ ਮੁਲਾਕਾਤ ਨਿਰਦੇਸ਼ਕ ਅਜ਼ੀਜ਼ ਸਜਵਾਲ ਨਾਲ ਹੋਈ, ਉਸ ਸਮੇਂ ਮੈਂ ਸਕੂਲ ਜਾਣ ਵਾਲਾ ਬੱਚਾ ਸੀ। ਮੈਂ ਨਿਰਦੇਸ਼ਕ ਅਜ਼ੀਜ਼ ਸਜਵਾਲ ਨੂੰ ਆਪਣਾ ਗਾਣਾ ਸੁਣਾਇਆ, ਉਹ ਗਾਣਾ ਉਨ੍ਹਾਂ ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਮੇਰੇ ਹੱਥ ਚੁੰਮ ਲਏ ਅਤੇ ਉਹ ਗਾਣਾ ਆਪਣੀ ਫ਼ਿਲਮ ਵਿਚ ਪਾ ਲਿਆ। ਉਨ੍ਹਾਂ ਮੈਨੂੰ ਕਿਹਾ ਕਿ ਤੇਰੇ ਵਿਚ ਬਹੁਤ ਟੈਲੇਂਟ ਹੈ ਪਰ ਹਾਲੇ ਤੂੰ ਛੋਟਾ ਹੈਂ। ਤੂੰ ਦੱਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਮੈਨੂੰ ਆ ਕੇ ਮਿਲ। ਬਸ ਫੇਰ ਮੈਂ ਦੱਸਵੀਂ ਜਮਾਤ ਤੋਂ ਬਾਅਦ ਹੀ ਨਿਰਦੇਸ਼ਕ ਅਜ਼ੀਜ਼ ਸਜਵਾਲ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ ‘ਤੇ ਜੁੜ ਗਿਆ।
ਨਿਰਦੇਸ਼ਕ ਬਣਨ ਲਈ ਕਿੰਨਾ ਕੁ ਸੰਘਰਸ਼ ਕਰਨਾ ਪਿਆ ?
ਬਤੌਰ ਸਹਾਇਕ ਨਿਰਦੇਸ਼ਕ ੧੫ ਫ਼ਿਲਮਾਂ ਕਰਨ ਤੋਂ ਬਾਅਦ ਵੀ ਨਿਰਦੇਸ਼ਕ ਬਣਨਾ ਕੋਈ ਸੌਖਾ ਕੰਮ ਨਹੀਂ ਸੀ। ਮੈਂ ਨਿਰਦੇਸ਼ਨ ਤੋਂ ਇਲਾਵਾ ਫ਼ਿਲਮ ਮੇਕਿੰਗ ਦੇ ਹਰ ਡਿਪਾਰਟਮੈਂਟ ‘ਚ ਕੰਮ ਕੀਤਾ ਹੈ, ਚਾਹੇ ਉਹ ਕੈਮਰਾਮੈਨ ਦਾ ਕੰਮ ਹੋਵੇ, ਐਡੀਟਿੰਗ ਹੋਵੇ ਜਾਂ ਫ਼ਿਲਮ ਦੀ ਕਹਾਣੀ ਲਿਖਣਾ ਹੋਵੇ। ਬਹੁਤ ਸਾਲਾਂ ਦਾ ਸੰਘਰਸ਼ ਕਰਨ ਤੋਂ ਬਾਅਦ ਮੈਨੂੰ ਬਤੌਰ ਨਿਰਦੇਸ਼ਕ ਫ਼ਿਲਮ ਮਿਲੀ ਹੈ।
ਬਤੌਰ ਨਿਰਦੇਸ਼ਕ ਆਪਣੀ ਪਹਿਲੀ ਫ਼ਿਲਮ ਬਾਰੇ ਜਾਣਕਾਰੀ ਦਿਓ ।
ਮੇਰੀ ਫ਼ਿਲਮ ਦਾ ਨਾਮ ਹੈ ‘ਕੁੱਤੇ ਕੀ ਦੁੰਮ’। ਮੈਂ ਬਚਪਨ ਤੋਂ ਸੁਣਦਾ ਆ ਰਿਹਾ ਹਾਂ ਕਿ ਹਮੇਸ਼ਾ ਕੁੱਤਿਆਂ ਨੂੰ ਵਫ਼ਾਦਾਰ ਕਿਹਾ ਜਾਂਦਾ ਹੈ। ਇਹ ਸੋਚ ਮੇਰੇ ਦਿਮਾਗ ਵਿਚ ਹਮੇਸ਼ਾ ਘੁੰਮਦੀ ਰਹੀ ਕਿ ਵਫ਼ਾਦਾਰ ਕੁੱਤਿਆਂ ਨੂੰ ਹੀ ਕਿਉਂ ਕਿਹਾ ਜਾਂਦਾ ਹੈ, ਇਨਸਾਨ ਨੂੰ ਕਿਉਂ ਨਹੀਂ। ਮੇਰੀ ਫ਼ਿਲਮ ਵੀ ਇਸ ਉੱਤੇ ਹੀ ਅਧਾਰਿਤ ਹੈ। ਕਮੇਡੀ, ਰੋਮਾਂਸ ਅਤੇ ਸੰਗੀਤਕ ਤੜਕੇ ਨਾਲ ਸਜੀ ਹੋਈ ਇਹ ਫ਼ਿਲਮ ਸਾਡੇ ਸਮਾਜ ਨੂੰ ਇਕ ਬਹੁਤ ਹੀ ਵਧੀਆ ਸੰਦੇਸ਼ ਦੇਵੇਗੀ। ਮੇਰੀ ਫ਼ਿਲਮ ਵਿਚ ਕੋਈ ਵੱਡਾ ਨਾਮੀ ਕਲਾਕਾਰ ਨਹੀਂ ਹੈ, ਮੈਂ ਰੰਗਮੰਚ ਦੇ ਨਿੱਖਰੇ ਹੋਏ ਕਲਾਕਾਰਾਂ ਨੂੰ ਲੈ ਕੇ ਹੀ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਪਸੰਦ ਆਵੇਗੀ।
ਤੁਹਾਡੀ ਫ਼ਿਲਮ ‘ਕੁੱਤੇ ਕੀ ਦੁੰਮ’ ਦਰਸ਼ਕਾਂ ਦੇ ਰੂ-ਬੁਰੂ ਕਦੋਂ ਹੋ ਰਹੀ ਹੈ ?
ਇਸ ਫ਼ਿਲਮ ਨੂੰ ਦਸੰਬਰ ਜਾਂ ਜਨਵਰੀ ਤੱਕ ਸਿਨੇਮਾ ਘਰਾਂ ਤੱਕ ਪਹੁੰਚਾਉਣ ਲਈ ਸਾਡੀ ਟੀਮ ਪੂਰੀ ਜੱਦੋ-ਜਹਿਦ ਕਰ ਰਹੀ ਹੈ।
ਆਉਣ ਵਾਲੇ ਸਮੇਂ ਵਿਚ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਵਿਚ ਰੁਚੀ ਰੱਖਦੇ ਹੋ ?
ਮੇਰੀ ਰੁਚੀ ਹਮੇਸ਼ਾ ਅਰਥ ਭਰਪੂਰ ਫ਼ਿਲਮਾਂ ਵਿਚ ਹੀ ਰਹੀ ਹੈ। ਆਉਣ ਵਾਲੇ ਸਮੇਂ ਵਿਚ ਵੀ ਮੈਂ ਅਜਿਹੀਆਂ ਫ਼ਿਲਮਾਂ ਹੀ ਬਣਾਵਾਂਗਾ ਜੋ ਹਾਸਰਸ ਤਰੀਕੇ ਨਾਲ ਸਮਾਜ ਨੂੰ ਇਕ ਸੂਝਮਈ ਸੰਦੇਸ਼ ਦੇ ਸਕਣ।
ਬਾਲੀਵੁੱਡ ਵਿਚ ਕਿਸੇ ਨਿਰਦੇਸ਼ਕ ਨੂੰ ਆਪਣਾ ਆਦਰਸ਼ ਮੰਨਦੇ ਹੋ ?
ਬਿਲਕੁਲ ਨਹੀਂ। ਮੈਨੂੰ ਬਾਲੀਵੁੱਡ ਦੇ ਬਹੁਤ ਸਾਰੇ ਨਿਰਦੇਸ਼ਕ ਪਸੰਦ ਹਨ, ਜਿਨ੍ਹਾਂ ‘ਚ ਰਾਕੇਸ਼ ਰੌਸ਼ਨ, ਸੰਜੇ ਲੀਲਾ ਭੰਸਾਲੀ, ਕਰਨ ਜੌਹਰ ਹਨ ਪਰ ਮੈਂ ਕਿਸੇ ਇਕ ਨੂੰ ਆਪਣਾ ਆਦਰਸ਼ ਨਹੀਂ ਮੰਨਦਾ। ਮੈਂ ਕਿਸੇ ਵਰਗਾ ਨਹੀਂ ਬਣਨਾ ਚਾਹੁੰਦਾ, ਕਿਉਂਕਿ ਰੱਬ ਨੇ ਮੈਨੂੰ ਵੱਖਰਾ ਬਣਾਇਆ ਹੈ।
ਅੱਜਕੱਲ੍ਹ ਬਾਲੀਵੁੱਡ ‘ਚ ਰੀਮੇਕ ਦਾ ਦੌਰ ਚੱਲ ਰਿਹਾ ਹੈ। ਇਸਦੇ ਬਾਰੇ ਕੀ ਕਹਿਣਾ ਚਾਹੋਗੇ ? ਕੀ ਤੁਸੀਂ ਕਿਸੇ ਬਾਲੀਵੁੱਡ ਫ਼ਿਲਮ ਦਾ ਰੀਮੇਕ ਕਰਨਾ ਚਾਹੋਗੇ ?
ਬਿਲਕੁਲ ਨਹੀਂ। ਮੈਂ ਰੀਮੇਕ ਵਿਚ ਵਿਸ਼ਵਾਸ ਨਹੀਂ ਰੱਖਦਾ। ਮੇਰਾ ਇਹ ਸੋਚਣਾ ਹੈ ਕਿ ਇਕ ਵਾਰ ਬਣੀ ਹੋਈ ਫ਼ਿਲਮ ਨੂੰ ਦੁਬਾਰਾ ਬਣਾਉਣਾ ਆਪਣਾ ਸਮਾਂ ਨਸ਼ਟ ਕਰਨ ਵਾਲੀ ਗੱਲ ਹੈ।