(ਪੰ:ਸ:) ਪੰਜਾਬ ਵਿਚ ਕਾਪੀਰਾਈਟ ਐਕਟ 1957 ਦੀ ਸ਼ਰੇਆਮ ਉਲੰਘਣਾ ਕਰਕੇ ਕੰਪਨੀ ਅਤੇ ਸਰਕਾਰ ਨੂੰ ਘਾਟਾ ਪਾਇਆ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ‘ਸਪੀਡ ਰਿਕਾਰਡ’ ਕੰਪਨੀ ਨੇ ‘ਵਰਲਡ ਵਾਈਡ ਡਿਜ਼ੀਟਲ’ ਨੂੰ ਆਪਣੇ ਕਾਪੀ ਰਾਈਟਸ ਦੇ ਅਧਿਕਾਰ ਸੌਪ ਦਿੱਤੇ ਹਨ। ਇਸ ਸਬੰਧ ਵਿਚ “ਵਰਲਡ ਵਾਈਡ ਡਿਜ਼ੀਟਲ’’ ਦੇ ਅਧਿਕਾਰੀ ਸਮੀਰ ਸ਼ਰਮਾ ਅਤੇ ਮੁਖਜਿੰਦਰ ਸਿੰਘ ਨੇ ‘ਪੰਜਾਬੀ ਸਕਰੀਨ’ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਕੱਲ੍ਹ ਡੀ. ਜੇ. ਸਾਊਂਡ ਸਰਵਿਸ, ਕੇਬਲ ਨੈੱਟਵਰਕ ਅਤੇ ਮੋਬਾਈਲ ਸ਼ਾਪਸ ਤੋਂ ਪੈਨ ਡਰਾਈਵ ਵਿਚ ਕਮਰਸ਼ੀਅਲ ਗੀਤਾਂ ਦੀ ਡਾਊਨਲੋਡਿੰਗ ਆਦਿ ਦਾ ਗੈਰ ਕਾਨੂੰਨੀ ਢੰਗ ਨਾਲ ਕਾਰੋਬਾਰ ਹੋ ਰਿਹਾ ਹੈ। ਇਹ ਲੋਕ ਬਿਨਾਂ ਲਾਇਸੈਂਸ ਤੋਂ ’ਸਪੀਡ ਰਿਕਾਰਡ’ ਕੰਪਨੀ ਦੇ ਗਾਣੇ ਮੈਰਿਜ ਪੈਲੇਸਾਂ, ਹੋਟਲਾਂ ਅਤੇ ਹੋਰ ਸਥਾਨਾਂ ’ਤੇ ਵਰਤ ਕੇ ਮੋਟਾ ਮੁਨਾਫ਼ਾ ਕਮਾ ਰਹੇ ਹਨ, ਜੋ ਕਿ ਸ਼ਰੇਆਮ ਕਾਪੀਰਾਈਟ ਐਕਟ 1957 ਦੀਆ ਧੱਜੀਆਂ ਉਡਾਉਣ ਬਰਾਬਰ ਹੈ। “ਵਰਲਡ ਵਾਈਡ ਡਿਜ਼ੀਟਲ’’ ਅਤੇ ‘ਸਪੀਡ ਰਿਕਾਰਡ’ ਕੰਪਨੀ ਦੇ ਸੰਚਾਲਕਾਂ ਨੇ ਵੀ ਡੀ. ਜੇ. ਸਾਊਂਡ ਅਤੇ ਹੋਰ ਉੁਲੰਘਣਾ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹਾ ਨਾ ਕਰਨ।
“ਵਰਲਡ ਵਾਈਡ ਡਿਜ਼ੀਟਲ’’ ਦੇ ਅਧਿਕਾਰੀ ਨੇ ਇਸ ਮਸਲੇ ’ਤੇ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੂਰੇ ਪੰਜਾਬ ਵਿਚ ਆਪਣੀਆਂ ਟੀਮਾਂ ਗਠਿਤ ਕਰ ਦਿੱਤੀਆਂ ਹਨ ਅਤੇ ਹੁਣ ਜੇ ਕੋਈ “ਵਰਲਡ ਵਾਈਡ ਡਿਜ਼ੀਟਲ’’ ਤੋਂ ‘ਸਪੀਡ ਰਿਕਾਰਡ’ ਕੰਪਨੀ ਦੇ ਗਾਣਿਆਂ ਨੂੰ ਕਮਰਸ਼ੀਅਲ ਚਲਾਉਣ ਲਈ ਬਿਨ੍ਹਾਂ ਮਨਜ਼ੂਰੀ ਵਰਤੋਂ ਕਰੇਗਾ ਤਾਂ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਵਿਸ਼ੇ ਵਿਚ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਜਾਣੂ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਲੰਘਣਾ ਕਰਨ ਵਾਲਿਆਂ ਨਾਲ ਪ੍ਰਸ਼ਾਸਨਿਕ ਸਹਾਇਤਾ ਰਾਹੀਂ ਨਿਪਟਿਆ ਜਾ ਸਕੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਪੀਰਾਈਟ ਐਕਟ 1957 ਦੀ ਪਾਲਣਾ ਨਾ ਕਰਨ ਵਾਲਿਆਂ ’ਤੇ ਕਾਨੂੰਨ ਅਨੁਸਾਰ 50 ਹਜ਼ਾਰ ਰੁਪਏ ਤੋਂ 2 ਲੱਖ ਜੁਰਮਾਨਾ ਜਾਂ 3 ਸਾਲ ਤੱਕ ਦੀ ਸਜ਼ਾ ਵੀ ਸ਼ਾਮਲ ਹੈ।