Pollywood

‘ਭਗਤ ਸਿੰਘ ਦੀ ਉਡੀਕ’ 2 ਫਰਵਰੀ ਨੂੰ

Written by Daljit Arora

2 ਫਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਭਗਤ ਸਿੰਘ ਦੀ ਉਡੀਕ’  ਫ਼ਿਲਮ ਰਾਹੀਂ ਅਰਸ਼ ਚਾਵਲਾ ਬਤੌਰ ਹੀਰੋ ਪਾਲੀਵੁੱਡ ਵਿਚ ਐਂਟਰੀ ਕਰ ਰਿਹਾ ਹੈ। ਜਦਕਿ ਉਹ ਦੋ ਹੋਰ ਪੰਜਾਬੀ ਫ਼ਿਲਮਾਂ ‘ਤਵੀਤ’ ਅਤੇ ‘ਢੋਲ ਰੱਤੀ’ ਵੀ ਬਤੌਰ ਹੀਰੋ ਕੰਪਲੀਟ ਕਰ ਚੁੱਕਾ ਹੈ। ਕਨੇਡਾ ਦਾ ਜੰਮਪਲ ਅਰਸ਼ ਚਾਵਲਾ ਤੇ ਉਨ੍ਹਾਂ ਦੇ ਪਿਤਾ ਦਿਲਬਾਗ ਚਾਵਲਾ ਪਿਛਲੇ 20 ਸਾਲਾਂ ਤੋਂ ਟੋਰਾਂਟੋ ਵਿਚ ਰੇਡੀਓ ਸਟੇਸ਼ਨ ‘ਰੰਗਲਾ ਪੰਜਾਬ’ ਚਲਾ ਕੇ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਅਰਸ਼ ਨੂੰ ਬਚਪਨ ਤੋਂ ਹੀ ਅਭਿਨੈ ਖੇਤਰ ਵਿਚ ਆਉਣ ਦਾ ਸ਼ੌਕ ਸੀ। 17 ਸਾਲ ਦੀ ਉਮਰ ਵਿਚ ਉਸ ਨੇ ‘ਰੰਗਲਾ ਪੰਜਾਬ’ ਰੇਡੀਓ ਤੋਂ ਹੀ ਰੇਡੀਓ ਜੌਕੀ ਵਜੋਂ ਆਪਣੀ ਸ਼ੁਰੂਆਤ ਕੀਤੀ। ਫਿਰ ‘ਰੰਗਲਾ ਪੰਜਾਬ’ ਨਾਂਅ ਦਾ ਟੀ. ਵੀ. ਸ਼ੋਅ ਵੀ ਹੋਸਟ ਕੀਤਾ।  ਪੜ੍ਹਾਈ ਪੂਰੀ ਕਰਨ ਉਪਰੰਤ ਉਹ ਪੰਜਾਬ ਆ ਕੇ ਪਾਲੀਵੁੱਡ ਫ਼ਿਲਮ ਇੰਡਸਟਰੀ ਨਾਲ ਜੁੜ ਗਿਆ।
ਫ਼ਿਲਮ ‘ਉਡੀਕ’ ਬਾਰੇ ਜਦੋਂ ਅਰਸ਼ ਚਾਵਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਫ਼ਿਲਮ ਦੇ ਵਿਸ਼ੇ ਬਾਰੇ ਦੱਸਦਿਆਂ ਕਿਹਾ ਕਿ ਅੱਜ ਕੱਲ੍ਹ ਹਰ ਇਕ ਦੀ ਸੋਚ ਹੈ ਕਿ ਭਗਤ ਸਿੰਘ ਆਵੇ ਪਰ ਸਾਡੇ ਘਰ ਨਹੀਂ ਕਿਸੇ ਹੋਰ ਦੇ ਘਰ, ਕਿਉਂ ਕਿ ਅੱਜ ਹਰ ਮਾਂ ਨੂੰ ਆਪਣੇ ਪੁੱਤ ਪਿਆਰੇ ਹਨ, ਉਹ ਮਾਵਾਂ ਇਹ ਕਿਉਂ ਭੁੱਲ ਜਾਂਦੀਆਂ ਹਨ ਕਿ ਭਗਤ ਸਿੰਘ ਵੀ ਕਿਸੇ ਦਾ ਪੁੱਤ ਸੀ। ਇਹ ਫ਼ਿਲਮ ਇਕ ਮਾਂ ਦੀ ਕਹਾਣੀ ਹੈ, ਜਿਸ ਨੂੰ ਉਡੀਕ ਹੈ ਆਪਣੇ ਪੁੱਤ ਦੀ। ਫ਼ਿਲਮ ਵਿਚ ਹੋਰ ਵੀ ਸਮਾਜਿਕ ਬੁਰਾਈਆਂ ਜਿਵੇਂ ਨਸ਼ੇ, ਬਲਾਤਕਾਰ, ਚੋਰੀ ਆਦਿ ਨੂੰ ਉਜਾਗਰ ਕੀਤਾ ਗਿਆ ਹੈ, ਫ਼ਿਲਮ ਵਿਚ ਵਿਖਾਇਆ ਹੈ, ਕਿ ਡਰਗੱਸ ਕਿੱਥੋਂ ਆਉਂਦੀ ਹੈ ਅਤੇ ਇਸ ਦੀ ਸਪਲਾਈ ਕਿਵੇਂ ਹੁੰਦੀ ਹੈ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਬੱਬਰ ਗਿੱਲ ਨੇ ਲਿਖੇ ਹਨ। ਨਿਰਮਾਤਾ ਅਵੀਜੀਤ ਸਿੰਘ ਕਾਲੜਾ ਅਤੇ ਵਰਿੰਦਰਪਾਲ ਸਿੰਘ ਕਾਲੜਾ ਵੱਲੋਂ ਬਣਾਈ ਫ਼ਿਲਮ ‘ਉਡੀਕ’ ਦੇ ਨਿਰਦੇਸ਼ਕ ਹਨ ਸ਼ਿਵਮ ਸ਼ਰਮਾ ।
ਫ਼ਿਲਮ ਦੇ ਬਾਕੀ ਕਲਾਕਾਰਾਂ ਵਿਚ ਬੀ. ਐਨ. ਸ਼ਰਮਾ, ਸਰਦਾਰ ਸੋਹੀ, ਮਲਕੀਤ ਰੌਣੀ, ਖੁਸ਼ੀ ਮਲਹੋਤਰਾ, ਹਰਿੰਦਰ ਹੈਰੀ, ਜਸਦੇਵ ਮਾਨ, ਗੁਰਮੀਤ ਬਾਗੀ, ਗੁਰਪ੍ਰੀਤ ਭੰਗੂ, ਸੁਰਭੀ ਸਿੰਗਲਾ, ਸੁਖਵਿੰਦਰ ਰਾਜ, ਦੇਵ ਸ਼ਰਮਾ ਅਤੇ ਬੱਬਰ ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਡੀ.ਜੇ. ਨਰਿੰਦਰ ਨੇ ਤਿਆਰ ਕੀਤਾ ਹੈ ਅਤੇ ਗੀਤ ਬੱਬਰ ਗਿੱਲ ਨੇ ਲਿਖੇ ਹਨ। ਫ਼ਿਲਮ ਦਾ ਟਾਈਟਲ ਗੀਤ ਨਛੱਤਰ ਗਿੱਲ ਨੇ ਗਾਇਆ ਹੈ ਅਤੇ ਬਾਕੀ ਗੀਤ ਕਮਲ ਖ਼ਾਨ, ਸੁਦੇਸ਼ ਕੁਮਾਰੀ ਅਤੇ ਬੱਬਰ ਗਿੱਲ ਨੇ ਗਾਏ ਹਨ। ਫ਼ਿਲਮ ਦੇ ਈ. ਪੀ. ਦਿਲਬਾਗ ਚਾਵਲਾ ਹਨ ਅਤੇ ਡਿਸਟ੍ਰੀਬਿਊਟਰ ਹਨ ਵਿਵੇਕ ਓਹਰੀ ‘ਗਲੋਬਲ ਮੂਵੀਜ਼’। ਫ਼ਿਲਮ ਭਗਤ ਸਿੰਘ ਦੀ ‘ਉਡੀਕ’ ਤੋਂ ਨਿਰਮਾਤਾਵਾਂ ਨੂੰ ਕਾਫ਼ੀ ਆਸਾਂ ਹਨ। ‘ਓਹਰੀ ਪ੍ਰੋਡਕਸ਼ਨਸ’ ਇਸ ਫ਼ਿਲਮ ਦੇ ਡਿਸਟ੍ਰੀਬਿਊਟਰ ਹਨ ਅਤੇ ਇਹ ਫ਼ਿਲਮ ਇੰਡੀਆ ਤੋਂ ਬਾਹਰ ਵੀ ਰਿਲੀਜ਼ ਹੋ ਰਹੀ ਹੈ।

Comments & Suggestions

Comments & Suggestions

About the author

Daljit Arora