ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੀ ਚੇਅਰਪਰਸਨ ਤੇ ਪ੍ਰਸਿੱਧ ਐਂਕਰ ਸਤਿੰਦਰ ਸੱਤੀ ਨੇ ਪੰਜਾਬੀ ਸਕਰੀਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਸਿਨੇਮੇ ਘਰਾਂ (ਮਲਟੀਪਲੈਕਸ) ਵਿਚ ਬਾ-ਹੁਕਮ ਪੰਜਾਬ ਸਰਕਾਰ ਵੱਲੋਂ ਪੰਜਾਬੀ ਫ਼ਿਲਮ ਦਾ ਘੱਟੋ-ਘੱਟ ਇਕ ਸ਼ੋਅ ਰੋਜ਼ਾਨਾ ਦਿਖਾਉਣਾ ਲਾਜ਼ਮੀ ਹੋ ਗਿਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਪਾਲੀਵੁੱਡ ਦੀ ਬੇਹਤਰੀ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਈ ਮੁਲਾਕਾਤ ਵਿਚਾਰ ਕਾਰਨ ਇਹ ਸਭੰਵ ਹੋ ਪਾਇਆ। ਸਤਿੰਦਰ ਸੱਤੀ ਨੇ ਦੱਸਿਆ ਕਿ ਸ੍ਰ: ਬਾਦਲ ਵੱਲੋਂ ਇਹ ਵਿਸ਼ਵਾਸ ਵੀ ਦਿਵਾਇਆ ਗਿਆ ਹੈ ਕਿ ਛੇਤੀ ਹੀ ਪੰਜਾਬੀ ਸਿਨੇਮਾ ਨੂੰ ਸਾਊਥ ਦੀ ਤਰਜ ‘ਤੇ ਹੋਰ ਪ੍ਰਫੁੱਲਿਤ ਕਰਨ ਲਈ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਜਦ ਤੋਂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੀ ਚੇਅਰਪਰਸਨ ਲਈ ਸਤਿੰਦਰ ਸੱਤੀ ਨੇ ਉਨ੍ਹਾਂ ਦੀ ਟੀਮ ਦੇ ਅਹੁਦੇਦਾਰਾਂ, ਜਿਨ੍ਹਾਂ ‘ਚ ਪੰਜਾਬ ਆਰਟਸ ਕੌਂਸਲ ਦੇ ਵਾਈਸ ਚੇਅਰਮੈਨ ਇੰਜ: ਐਸ: ਐਸ: ਵਿਰਦੀ ਤੇ ਜਨਰਲ ਸਕੱਤਰ ਲਖਵਿੰਦਰ ਸਿੰਘ ਜੌਹਲ ਸਮੇਤ ਕਲਾ ਪ੍ਰੀਸ਼ਦ ਦੀ ਵਾਗਡੋਰ ਸੰਭਾਲੀ ਹੈ, ਤਦ ਤੋਂ ਹੀ ਹਰ ਵਰਗ ਦੇ ਕਲਾਕਾਰਾਂ ਵਿਚ ਇਹ ਅਹਿਸਾਸ ਹੋਣ ਲੱਗਾ ਹੈ ਕਿ ਕੋਈ ਉਨ੍ਹਾਂ ਦੀ ਵੀ ਸੁਣਨ ਵਾਲਾ ਅੱਗੇ ਆਇਆ ਹੈ। ਸਤਿੰਦਰ ਸੱਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਪਿੰਡਾਂ ਅਤੇ ਸ਼ਹਿਰਾਂ, ਵਿਸ਼ੇਸ਼ ਤੌਰ ‘ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੇ ਬਹੁਤ ਜਲਦ ਹੀ ਪੰਜਾਬ ਦੀ ਕਲਚਰ ਪਾਲਿਸੀ ਬਣਾਉਣ ਦੀ ਗੱਲ ਵੀ ਕਹੀ। ਉਨ੍ਹਾਂ ਸਮੁੱਚੇ ਕਲਾਕਾਰਾਂ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਨਾਲ ਜੁੜਨ ਲਈ ਵੀ ਬੇਨਤੀ ਕੀਤੀ। ਸਤਿੰੰਦਰ ਸੱਤੀ ਛੇਤੀ ਹੀ ਪੰਜਾਬੀ ਭਾਸ਼ਾ, ਸੱਭਿਆਚਾਰ ਦੇ ਪ੍ਰਚਾਰ, ਵਿਸਥਾਰ ਅਤੇ ਪੰਜਾਬੀ ਸਿਨੇਮਾ ਦੀ ਭਲਾਈ ਲਈ ਅਗਾਂਹ ਵਧੂ ਜੱਥੇਬੰਦੀਆਂ ਨੂੰ ਵੀ ਨਾਲ ਜੋੜਣ ਜਾ ਰਹੇ ਹਨ।
ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਸੰਿਤੰਦਰ ਸੱਤੀ ਦੇ ਉਧਮ ਸਦਕਾ ਹੀ ਪੰਜਾਬ ਸਰਕਾਰ ਵੱਲੋਂ ਐਂਟਰਟੇਨਮੈਂਟ ਟੈਕਸ ਪਹਿਲਾਂ ਹੀ ਮਾਫ ਕੀਤਾ ਜਾ ਚੁੱਕਾ ਹੈ।ਇਨ੍ਹਾਂ ਉਪਰੋਤਕ ਪ੍ਰਾਪਤੀਆਂ ਨੂੰ ਲੈ ਕੇ ਸਾਰੇ ਪੰਜਾਬੀ ਫ਼ਿਲਮ ਜਗਤ ਵਿਚ ਖੁਸ਼ੀ ਦੀ ਲਹਿਰ ਹੈ।ਸਮੁੱਚੀ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਨੇ ਸਾਰੇ ਕਾਲਾਕਾਰ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।