Pollywood

ਮਸ਼ਹੂਰ ਅਦਾਕਾਰ, ਫ਼ਿਲਮਸਾਜ਼, ਹਿਦਾਇਤਕਾਰ, ਸੁਖਜਿੰਦਰ ਸ਼ੇਰਾ ਨਹੀਂ ਰਹੇ ।

Written by Daljit Arora

ਸੁਖਜਿੰਦਰ ਸ਼ੇਰਾ ਨੂੰ ਅਦਾਕਾਰ ਅਤੇ ਹਿਦਾਇਤਕਾਰ ਵਰਿੰਦਰ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੰਮੀ ਪਿਕਚਰਸ, ਬੰਬੇ ਦੀ ਫ਼ਿਲਮ ‘ਬਟਵਾਰਾ’ (1983) ਦੇ ਇਕ ਮਸ਼ਹੂਰ-ਜ਼ਮਾਨਾ ਗੀਤ ‘ਲੋਕੋ ਵੱਢਿਆ ਗੰਡਾਸਿਆਂ ਦੇ ਨਾਲ ਚੰਦੜਾਂ ਦੇ ਮਿਰਜ਼ੇ ਨੂੰ ‘ (ਮਹਿੰਦਰ ਕਪੂਰ, ਕੋਰਸ) ਵਿਚ ਲਿਆ ਸੀ।

ਇਸ ਤੋਂ ਬਾਅਦ ਵਰਿੰਦਰ ਦੀ ਅਦਾਕਾਰੀ ਅਤੇ ਹਿਦਾਇਤਕਾਰੀ ਵਾਲੀ ਸਿਲਵਰ ਜੁਬਲੀ ਹਿੱਟ ਫ਼ਿਲਮ ‘ਯਾਰੀ ਜੱਟ ਦੀ’ (1987) ਵਿਚ ਸੁਖਜਿੰਦਰ ਸ਼ੇਰਾ ਵੱਲੋਂ ਵਰਿੰਦਰ ਦੇ ਮਿੱਤਰ ‘ਸ਼ੇਰਾ’ ਦੇ ਨਿਭਾਏ ਕਿਰਦਾਰ ਨੇ ਉਸ ਨੂੰ ਪੰਜਾਬੀ ਫ਼ਿਲਮ ਸਨਅਤ ਵਿਚ ਵਿਚ ਮਕਬੂਲ ਕਰ ਦਿੱਤਾ ਅਤੇ ਹਰ ਪੰਜਾਬੀ ਫ਼ਿਲਮ ਵਿਚ ਉਸਦੀ ਮੌਜੂਦਗੀ ਹਿੱਟ ਦੀ ਜ਼ਮਾਨਤ ਹੁੰਦੀ ਸੀ।

ਉਸਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕੀਤਾ ਅਤੇ ਬਹੁਤੀਆਂ ਸਾਰੀਆਂ ਪੰਜਾਬੀ ਫ਼ਿਲਮਾਂ ਵਿਚ ਉਸਨੇ ਹੀਰੋ ਦੇ ਮਰਕਜ਼ੀ ਕਿਰਦਾਰ ਵੀ ਅਦਾ ਕੀਤੇ ਅਤੇ ਫਿਰ ਵੀ ਹੀਰੋ ਵਜੋਂ ਆਪਣੀ ਪਛਾਣ ਬਣਾਉਣ ਵਿਚ ਸਫ਼ਲ ਨਹੀਂ ਹੋ ਸਕਿਆ ਜਦਕਿ ਸਹਾਇਕ ਅਦਾਕਾਰ ਵਜੋਂ ਉਹ ਸਫ਼ਲ ਸੀ ।

ਸੁਖਜਿੰਦਰ ਸ਼ੇਰਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਯਾਨੀ ਆਪਣੀ ਅਦਾਕਾਰੀ ਤੇ ਹਿਦਾਇਤਕਾਰੀ ਵਾਲੀ ਆਖ਼ਰੀ ਰਿਲੀਜ਼ਸ਼ੁਦਾ ਪੰਜਾਬੀ ਫ਼ਿਲਮ ‘ਯਾਰ ਬੇਲੀ’ (2018) ਤੱਕ ਪੰਜਾਬੀ ਫ਼ਿਲਮ ਸਨਅਤ ਵਿਚ ਪੂਰੀ ਤਰ੍ਹਾਂ ਸਰਗਰਮ ਅਤੇ ਸਮਰਪਿਤ ਰਿਹਾ। ਪੰਜਾਬੀ ਸਿਨਮਾ ਇਤਿਹਾਸ ਵਿਚ ਸ਼ੇਰੇ ਬਾਈ ਦਾ ਨਾਮ ਅਮਰ ਰਹੂਗਾ।
ਅਕਾਲ ਪੁਰਖ ਮਰਹੂਮ ਫ਼ਨਕਾਰ ਨੂੰ ਜੰਨਤ ਵਿਚ ਜਗ੍ਹਾ ਨਸੀਬ ਕਰਨ
-ਮਨਦੀਪ ਸਿੰਘ ਸਿੱਧੂ (ਅਦਾਰਾ ਪੰਜਾਬੀ ਸਕਰੀਨ)

Comments & Suggestions

Comments & Suggestions

About the author

Daljit Arora