ਅੱਜ ਦੀ ਨੌਜਵਾਨ ਪੀੜ੍ਹੀ ਵਿਚ ਗਾਇਕੀ ਪ੍ਰਤੀ ਰੁਝਾਨ ਦਿਨ-ਬ-ਦਿਨ ਵੱਧ ਰਿਹਾ ਹੈ। ਹਰ ਰੋਜ਼ ਟੈਲੀਵਿਜ਼ਨ ਚੈਨਲਾਂ ਜਾਂ ਯੂ ਟਿਊਬ ਉੱਪਰ ਰਿਲੀਜ਼ ਹੋ ਰਹੇ ਨਿੱਤ ਨਵੇਂ ਗਾਣੇ ਪੰਜਾਬੀ ਯੂਥ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਆਪੋ-ਆਪਣੇ ਸਰੋਤਾ ਵਰਗ ਵਿਚ ਸਥਾਪਿਤ ਕਰਨ ਵਿਚ ਸਹਾਈ ਹੋ ਰਹੇ ਹਨ। ਗਾਇਕੀ ਦੇ ਨਾਲ-ਨਾਲ ਇਕ ਬਹੁਤ ਵੱਡਾ ਸਰੋਤਾ ਵਰਗ ਵੀ ਪੈਦਾ ਹੋ ਰਿਹਾ ਹੈ, ਜਿਹੜਾ ਹਰ ਸਮੇਂ ਕੋਈ ਨਾ ਕੋਈ ਨਵਾਂ ਗੀਤ ਤਲਾਸ਼ ਕਰਦਾ ਅਤੇ ਸੁਣਦਾ ਦਿਖਾਈ ਦਿੰਦਾ ਹੈ ਤਕਰੀਬਨ ਹਰ ਘਰ ਅੰਦਰ। ਗਾਣਿਆਂ ਦੀ ਆਮਦ ਦੀ ਇਸ ਬਹੁਤਾਤ ਅੰਦਰ ਇਹ ਵੀ ਤਸੱਲੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਸਭ ਕੁਝ ਵਧੀਆ ਹੀ ਆ ਰਿਹਾ ਹੈ ਅਤੇ ਉੱਚ ਪਾਏ ਦਾ ਵੀ ਹੈ। ਚੰਗੀ ਗਾਇਕੀ ਦੇ ਨਾਲ-ਨਾਲ ਮਾੜੀ ਗਾਇਕੀ ਵੀ ਚਾਰੇ ਪਾਸੇ ਆਪਣਾ ਪਸਾਰ ਕਰਨ ਵਿਚ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸ ਸਭ ਕਾਸੇ ਦੇ ਬਾਵਜੂਦ ਵੀ ਕੁਝ ਅਜਿਹੇ ਗਾਇਕ ਹਨ ਜਿਹੜੇ ਕਿਸੇ ਵੀ ਕੀਮਤ ਉੱਪਰ ਵਿਰਸੇ ਵਿਚ ਮਿਲੀਆਂ ਆਪਣੀਆਂ ਕਦਰਾਂ ਕੀਮਤਾਂ ਅਤੇ ਵਿਰਾਸਤੀ ਗਾਇਕੀ ਨੂੰ ਨਹੀਂ ਭੁਲਾਉਣਾ ਚਾਹੁੰਦੇ। ਉਸ ਕਿਸਮ ਦੇ ਗਾਇਕਾਂ ਵਿਚ ਇਕ ਨਵੀਂ ਪ੍ਰਤਿਭਾ ਸੰਪੰਨ ਗਾਇਕਾ ‘ਸੈਫ਼ੀ ਸੇਖੋਂ’ ਦੀ ਆਮਦ ਹੋਈ ਹੈ, ਜਿਸ ਦੀ ਖ਼ੂਬਸੂਰਤ ਆਵਾਜ਼ ਵਿਚ ਅਜਿਹੀ ਕਸ਼ਿਸ਼ ਹੈ ਕਿ ਸੁਣਨ ਵਾਲਾ ਤਾਂ ਇਕ ਵਾਰ ਅਸ਼-ਅਸ਼ ਕਰ ਉੱਠਦਾ ਹੈ। ਅਜਿਹੀ ਫੋਕ ਬੁਲੰਦ ਆਵਾਜ਼ ਬਹੁਤ ਘੱਟ ਗਾਇਕਾਵਾਂ ਦੇ ਹਿੱਸੇ ਆਈ ਹੈ, ਜਿਸ ਦੇ ਮਕਬੂਲ ਹੋਣ ਦੀ ਬੁਲੰਦੀ ਕਿਧਰੇ ਬਹੁਤ ਹੀ ਨੇੜੇ ਛੁਪੀ ਹੋਈ ਹੈ।
ਆਪਣੇ ਪਹਿਲ ਪਲੇਠੀ ਦੇ ਗੀਤ “ਟੱਕਰਾਂ” ਨਾਲ ਪੰਜਾਬੀ ਗਾਇਕੀ ਵਿਚ ਆਪਣੀ ਦਮਦਾਰ ਹਾਜ਼ਰੀ ਲਵਾ ਚੁੱਕੀ ਸੈਫ਼ੀ ਸੇਖੋਂ ਦਾ ਜਨਮ ਦੋ ਦਸੰਬਰ ਨੂੰ ਪਿਤਾ ਸ੍ਰ: ਐੱਸ. ਐੱਸ. ਸੇਖੋਂ ਅਤੇ ਮਾਤਾ ਸ਼੍ਰੀ ਮਤੀ ਸੁਖਰਾਜ ਕੌਰ ਹੋਰਾਂ ਦੀ ਕੁੱਖੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਚ ਹੋਇਆ। ਆਪਣੀ ਮੁੱਢਲੀ ਪੜ੍ਹਾਈ ਉਸ ਨੇ ਮਾਤਾ-ਪਿਤਾ ਨਾਲ ਰਹਿੰਦਿਆਂ ਹੀ ਮਾਨਸਾ ਦੇ ਸਕੂਲ ਵਿਚ ਪ੍ਰਾਪਤ ਕੀਤੀ। ਆਪਣੇ ਸਕੂਲ ਟਾਈਮ ਦੌਰਾਨ ਉਹ ਹਮੇਸ਼ਾ ਆਪਣੇ ਸਕੂਲ ਦੇ ਗਿੱਧੇ ਦੀ ਨਹੀਂ ਬਲਕਿ ਭੰਗੜੇ ਦੀ ਕੈਪਟਨ ਹੁੰਦੀ ਸੀ, ਜਿਸ ਦੀਆਂ ਬਾਰੀਕੀਆਂ ਉਸ ਨੇ ਭੰਗੜਾ ਉਸਤਾਦ ਭੋਲਾ ਕਲਹਿਰੀ ਤੋਂ ਸਿੱਖੀਆਂ ਸਨ। ਪਲੱਸ ਵਨ ਵਿਚ ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲਾ ਲੈ ਲਿਆ ਅਤੇ ਫਿਰ ਤਾਂ ਚੱਲ ਸੋ ਚੱਲ ਉਸ ਨੇ ਪਹਿਲਾਂ ਹਾਸਪੀਟੈਲਿਟੀ, ਏਅਰਲਾਈਨਜ਼ ਐਂਡ ਟੂਰਿਜ਼ਮ ਵਿਚ ਬੀ. ਐੱਸ. ਸੀ. ਕਰਨ ਤੋਂ ਬਾਅਦ ਐੱਮ. ਐੱਸ. ਸੀ. ਆਈ. ਟੀ. ਵੀ ਕਰ ਲਈ।
ਸੈਫ਼ੀ ਨੇ ਪੂਰਨ ਤੌਰ ਉੱਤੇ ਆਪਣੀ ਪ੍ਰਤਿਭਾ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਰਾਗਾਂ ਦੀ ਸਿੱਖਿਆ ਸ੍ਰੀ ਰਾਜਿੰਦਰ ਮੋਹਣੀ ਅਤੇ ਫੋਕ ਦੀ ਪੇਸ਼ਕਾਰੀ ਲਈ ਪੰਡਿਤ ਸ੍ਰੀ ਸ਼ਾਮ ਸਹੋਤਾ (ਕਰਨਾਲ) ਤੋਂ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਮਾਤਾ-ਪਿਤਾ ਤੋਂ ਇਲਾਵਾ ਉਸ ਦੇ ਰਿਸ਼ਤੇਦਾਰਾਂ, ਕਲਾਸ ਫ਼ੈਲੋਜ਼, ਦੋਸਤਾਂ ਅਤੇ ਨਿਰਦੇਸ਼ਕ ਅਨੀਤ ਸੇਖੋਂ ਦਾ ਉਸ ਨੂੰ ਬਹੁਤ ਵੱਡਾ ਸਹਿਯੋਗ ਪ੍ਰਾਪਤ ਹੈ, ਜਿਹੜੇ ਹਰ ਸਮੇਂ ਉਸ ਨੂੰ ਹੌਸਲਾ ਅਫ਼ਜ਼ਾਈ ਦਿੰਦੇ ਰਹਿੰਦੇ ਹਨ ਅਤੇ ਉਸ ਦੀ ਬੁਲੰਦੀ ਲਈ ਦੁਆਵਾਂ ਮੰਗਦੇ ਹਨ।
ਸੈਫ਼ੀ ਸੇਖੋਂ ਦਾ ਸੁਪਨਾ ਹੈ ਕਿ ਆਪਣੀ ਜ਼ਿੰਦਗੀ ਦੀ ਰੋਜ਼ੀ-ਰੋਟੀ ਸੁਰੱਖਿਅਤ ਕਰਕੇ ਇਕ ਦਿਨ ਉਹ ਪੂਰੀ ਦੀ ਪੂਰੀ ਸੂਫ਼ੀਆਨਾ ਅਤੇ ਕਲਾਸੀਕਲ ਗਾਇਕੀ ਨੂੰ ਸਮਰਪਿਤ ਹੋ ਕੇ ਉਸੇ ਹੀ ਰੰਗ ਵਿੱਚ ਰੰਗੀ ਜਾਵੇ। ਸੈਫ਼ੀ ਪੰਜਾਬੀ ਦੇ ਉਨ੍ਹਾਂ ਸਾਰੇ ਗੀਤਕਾਰਾਂ ਦਾ ਬਹੁਤ ਹੀ ਸਤਿਕਾਰ ਕਰਦੀ ਹੈ, ਜਿਨ੍ਹਾਂ ਨੇ ਹਮੇਸ਼ਾ ਵਧੀਆ ਅਤੇ ਉਸਾਰੂ ਲਿਖਿਆ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬੀ ਗਾਇਕੀ ਸਿਖ਼ਰਾਂ ਨੂੰ ਛੂੰਹਦੀ ਹੈ। ਉਹ ਉਨ੍ਹਾਂ ਮਹਾਨ ਸੰਗੀਤਕਾਰਾਂ ਨੂੰ ਹਮੇਸ਼ਾ ਨਤਮਸਤਕ ਹੁੰਦੀ ਹੈ, ਜਿਨ੍ਹਾਂ ਦੀਆਂ ਸਿਰਜੀਆਂ ਧੁਨਾਂ ਇਕ ਗਾਇਕ ਅਤੇ ਸਰੋਤੇ ਦਾ ਮਨ ਰੌਸ਼ਨ ਕਰ ਦਿੰਦੀਆਂ ਹਨ। ਸ਼ਾਲਾ ਅਸੀਂ ਵੀ ਦੁਆ ਕਰਦੇ ਹਾਂ ਕਿ ਅਜਿਹੀ ਸੋਚ ਦੀ ਮਾਲਕ ਨੂੰ ਪ੍ਰਮਾਤਮਾ ਉਸ ਬੁਲੰਦੀ ਤੱਕ ਜ਼ਰੂਰ ਪਹੁੰਚਾਵੇ, ਜਿੱਥੋਂ ਤੱਕ ਉਹ ਉੱਡਣਾ ਲੋਚਦੀ ਹੈ।
ਹਰਬੰਸ ਬੁੱਟਰ, ਕੈਨੇਡਾ