ਪੰਜਾਬੀ ਫ਼ਿਲਮ ‘ਗੰਨ ਐਂਡ ਗੋਲ’ ਦੁਆਰਾ ਪੰਜਾਬੀ ਸਿਨੇਮਾਂ ’ਚ ਪ੍ਰਭਾਵੀ ਡੈਬਯੂ ਕਰਨ ਵਾਲੇ ਡੈਸ਼ਿੰਗ ਅਦਾਕਾਰ ਸੁਮੀਤ ਸਿੰਘ ਸਰਾਓ ਅੱਜ ਯੂਨਾਈਟਡ ਕਿੰਗਡਮ ਵਿਚ ਇਕ ਸਫ਼ਲ ਕਾਰੋਬਾਰੀ ਵਜੋਂ ਵੀ ਆਪਣੀ ਮਾਣਮੱਤੀ ਭੱਲ ਬਣਾ ਚੁੱਕੇ ਹਨ। ਪੰਜਾਬੀ ਮੰਨੋਰੰਜ਼ਨ ਉਦਯੋਗ ਵਿਚ ਬਹੁਤ ਥੋੜੇ ਸਮੇਂ ਦੌਰਾਨ ਹੀ ਵੱਖਰੀ ਅਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਇਹ ਸ਼ਾਨਦਾਰ ਅਦਾਕਾਰ ਲੰਦਨ ਵਿਖੇ ਇੰਨ੍ਹੀ ਦਿਨੀ ਸ਼ੂਟ ਹੋਣ ਵਾਲੀਆਂ ਹਿੰਦੀ, ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਆਦਿ ਲਈ ਵੀ ਬਤੌਰ ਕਾਰਜਕਾਰੀ ਅਤੇ ਸਹਿਯੋਗੀ ਨਿਰਮਾਤਾ ਮੋਹਰੀ ਹੋ ਕੇ ਵਿਚਰ ਰਹੇ ਹਨ।
ਸਾਲ 2015 ਵਿਚ ‘ਸਰਾਓ ਫ਼ਿਲਮਜ਼ ਪ੍ਰੋਡੋਕਸ਼ਨ ਹਾਊਸ’ ਵੱਲੋਂ ਨਿਰਮਿਤ ਕੀਤੀ ਗਈ ਪੰਜਾਬੀ ਫ਼ਿਲਮ ‘ਗੰਨ ਐਂਡ ਗੋਲ’ ਨੂੰ ਸੁਮੀਤ ਆਪਣੇ ਕਰਿਅਰ ਦੀ ਉਮਦਾ ਫ਼ਿਲਮ ਮੰਨਦੇ ਹਨ, ਜੋ ਦੱਸਦੇ ਹਨ ਕਿ ਬਤੌਰ ਅਦਾਕਾਰ ਪਹਿਲੀ ਹੀ ਫ਼ਿਲਮ ਵਿਚ ਮੁਕੇਸ਼ ਤਿਵਾੜੀ ਅਤੇ ਗੁੱਗੂ ਗਿੱਲ ਜਿਹੇ ਦਿੱਗਜ ਅਦਾਕਾਰਾਂ ਦੀ ਸੰਗਤ ਵਿਚ ਕੰਮ ਕਰਨਾ ਉਨ੍ਹਾਂ ਲਈ ਕਾਫ਼ੀ ਯਾਦਗਾਰੀ ਅਤੇ ਸਿਖਿਆਦਾਇਕ ਰਿਹਾ , ਜਿਸ ਦੌਰਾਨ ਉਨ੍ਹਾਂ ਨੁੰ ਐਕਟਿੰਗ ਦੀਆਂ ਕਾਫ਼ੀ ਬਾਰੀਕੀਆਂ ਵੀ ਇੰਨ੍ਹਾਂ ਬੇਹਤਰੀਣ ਐਕਟਰਜ਼ ਤੋਂ ਸਿੱਖਣ , ਸਮਝਨ ਨੂੰ ਮਿਲੀਆਂ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਪਲੇਠੀ ਫ਼ਿਲਮ ਤੋਂ ਲੈ ਕੇ ਆਪਣੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਦੌਰਾਨ ਉਨ੍ਹਾਂ ਨੂੰ ਐਮੀ ਵਿਰਕ , ਸੁੱਖ ਸੰਘੇੜ੍ਹਾ, ਰਾਹੁਲ ਚਹਿਲ, ਦੀਪ ਜੰਡੂ ਅਤੇ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਖੇਤਰ ਦੀਆਂ ਬਹੁਤ ਸਾਰੀਆਂ ਮੰਨੀਆਂ, ਪ੍ਰਮੰਨੀਆਂ ਸ਼ਖ਼ਸੀਅਤਾਂ ਨਾਲ ਅਦਾਕਾਰ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ, ਜੋ ਕਿ ਉਨ੍ਹਾਂ ਲਈ ਖੁਸ਼ਕਿਸਮਤੀ ਵਾਲੀ ਗੱਲ ਰਹੀ ਹੈ।
ਪੰਜਾਬੀ ਫ਼ਿਲਮ ਸਨਅਤ ਵਿਚ ਪੜ੍ਹਾਅ ਦਰ ਪੜ੍ਹਾਅ ਉਚ ਬੁਲੰਦੀਆਂ ਵੱਲ ਵਧ ਰਹੇ ਸੁਮੀਤ ਦੱਸਦੇ ਹਨ ਕਿ ਪੰਜਾਬੀ ਤੋਂ ਇਲਾਵਾ ਹਿੰਦੀ ਫ਼ਿਲਮਾਂ ਵੀ ਉਨ੍ਹਾਂ ਨੂੰ ਅਦਾਕਾਰੀ ਦੇ ਜੌਹਰ ਵਿਖਾਉਣ ਦੇ ਭਰਪੂਰ ਅਵਸਰ ਮਿਲ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਇਕ ਆਗਾਮੀ ਅਤੇ ਵੱਡੀ ਹਿੰਦੀ ਫ਼ਿਲਮ , ਜੋ ਜਲਦ ਰਿਲੀਜ਼ ਹੋਣ ਜਾ ਰਹੀ ’ਚ ਉਹ ਬਾਲੀਵੁੱਡ ਦੇ ਵਰਸਟਾਈਲ ਐਕਟਰ ਨਵਾਜ਼ੂਦੀਨ ਸਿੱਦਿਕੀ ਅਤੇ ਖ਼ੂਬਸੂਰਤ ਅਦਾਕਾਰਾ ਏਲਨਾਜ਼ ਨੋਰੋਜ਼ੀ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ’ਚ ਨਜ਼ਰ ਆਉਣਗੇ।
ਮੂਲ ਰੂਪ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧਤ ਸੁਮੀਤ ਅੱਗੇ ਦੱਸਦੇ ਹਨ ਕਿ ਹਾਲ ਹੀ ਵਿਚ ਆਈਆਂ ਚਰਚਿਤ ਪੰਜਾਬੀ ਫ਼ਿਲਮਾਂ ‘ਕਿਸਮਤ 2’ ਅਤੇ ‘ਸ਼ੇਰ ਬੱਗਾ’ ਦਾ ਯੂ.ਕੇ ਵਿਚ ਪ੍ਰਬੰਧਨ ਅਤੇ ਇੰਨ੍ਹਾਂ ਦਾ ਸਹਿਯੋਗੀ ਨਿਰਮਾਣ ਕਾਰਜ ਕਰਵਾਉਣਾ ਵੀ ਉਨ੍ਹਾਂ ਲਈ ਮਾਣ ਵਾਲੀ ਗੱਲ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ ਸ਼ੁਰੂ ਹੋਣ ਜਾ ਰਹੇ ਸਾਲ 2023 ਵਿਚ ਪੰਜਾਬੀ ਫ਼ਿਲਮਜ਼, ਆਲੀਸ਼ਾਨ ਮਿਊਜ਼ਿਕ ਵੀਡੀਓਜ਼ ਕਰਨ ਦੇ ਨਾਲ ਨਾਲ ਨੈਟਫਲਿਕਸ ਜਿਹੇ ਵੱਡੇ ਓ.ਟੀ.ਟੀ ਪਲੇਟਫ਼ਾਰਮ ਲਈ ਕਈ ਰੋਮਾਂਚਕ ਅਤੇ ਸ਼ਾਨਦਾਰ ਪ੍ਰੋਜੈਕਟ ਸ਼ੁਰੂ ਕਰਨਾ ਵੀ ਉਨ੍ਹਾਂ ਦੀਆਂ ਪਹਿਲਕਦਮੀਆਂ ਵਿਚ ਸ਼ਾਮਿਲ ਹੈ। ਇਹਨਾਂ ਦੀਆਂ ਤਿਆਰੀਆਂ ਨੂੰ ਅੱਜਕਲ੍ਹ ਉਨ੍ਹਾਂ ਦੇ ਪ੍ਰੋਡੋਕਸ਼ਨ ਹਾਊਸ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਪਾਲੀਵੁੱਡ ਅਤੇ ਬਾਲੀਵੁੱਡ ਵਿਚ ਦਿਨ ਬ ਦਿਨ ਆਪਣੀ ਕਰਿਅਰ ਸਥਿਤੀ ਮਜ਼ਬੂਤ ਕਰਦੇ ਜਾ ਰਹੇ ਸੁਮੀਤ ਦੱਸਦੇ ਹਨ ਕਿ ਪੰਜਾਬੀ ਹੋਣ ਨਾਤੇ ਚੁਣੋਤੀਆਂ ਨੂੰ ਸਵੀਕਾਰ ਕਰਨਾ ਹਮੇਸ਼ਾ ਪਸੰਦ ਕਰਦਾ ਹਾਂ, ਜਿਸ ਦੇ ਨਾਲ ਹੀ ਉਨ੍ਹਾਂ ਦੀ ਸੋਚ ਚੁਣਿੰਦਾ ਅਤੇ ਮਿਆਰੀ ਪ੍ਰੋਜੈਕਟਸ ਨੂੰ ਅੰਜਾਮ ਦੇਣਾ ਵੀ ਮੁੱਖ ਰਹਿੰਦੀ ਹੈ, ਫ਼ਿਰ ਉਹ ਚਾਹੇ ਫ਼ਿਲਮਾਂ ਹੋਣ ਜਾਂ ਮਿਊਜ਼ਿਕ ਵੀਡੀਓਜ਼। ਉਨ੍ਹਾਂ ਦੱਸਿਆ ਕਿ ਸਿਮਰਜੀਤ ਸਿੰਘ ਹੁੰਦਲ ਜੋ ਪੰਜਾਬੀ ਸਿਨੇਮਾਂ ਦੇ ਬੇਹਤਰੀਣ ਨਿਰਦੇਸ਼ਕਾਂ ’ਚ ਆਪਣਾ ਸ਼ੁਮਾਰ ਕਰਵਾਉਣੇ ਹਨ , ਦੁਆਰਾ ਨਿਰਦੇਸ਼ਿਤ ‘ਗੰਨ ਐਂਡ ਗੋਲ’ ਦੁਆਰਾ ਆਪਣੇ ਫ਼ਿਲਮ ਕਰਿਅਰ ਦੀ ਸ਼ੁਰੂਆਤ ਕਰਨਾ ਉਨ੍ਹਾਂ ਲਈ ਬਹੁਤ ਚੰਗਾ ਤਜੁਰਬਾ ਰਿਹਾ , ਜਿਸ ਦੌਰਾਨ ਕੁਝ ਕਰ ਗੁਜ਼ਰਣ ਦੀ ਤਾਂਘ ਰੱਖਦੇ ਨੌਜਵਾਨ ਫੁਟਬਾਲ ਖ਼ਿਡਾਰੀ ਦੇ ਨਿਭਾਏ ਕਿਰਦਾਰ ਨੂੰ ਸਲਾਹੁਤਾ ਮਿਲਣਾ ਉਨ੍ਹਾਂ ਲਈ ਸੋਨੇ ਤੇ ਸੁਹਾਗੇ ਵਾਂਗ ਰਿਹਾ ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਦੇ ਸਫ਼ਰ ਦੌਰਾਨ ਉਨ੍ਹਾਂ ਆਪਣੇ ਹਰ ਪ੍ਰੋਜੈਕਟ ਚਾਹੇ ਉਹ ਫ਼ਿਲਮਾਂ ਹੋਣ ਜਾਂ ਮਿਊਜ਼ਿਕ ਵੀਡੀਓਜ਼ ’ਚ ਅਦਾਕਾਰ ਦੇ ਤੌਰ ਤੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿੰਨ੍ਹਾਂ ’ਚ ਮਸ਼ਹੂਰ ਸਿੰਗਰ ਜਗਜ਼ ਧਾਲੀਵਾਲ ਦੀ ਨਿਰਦੇਸ਼ਕ ਦੀਪ ਜੰਡੂ ਨਾਲ ਮਿਊਜ਼ਿਕ ਵੀਡੀਓਜ਼ ‘ਚੂੜੇ ਵਾਲੀ ਨਾਰ’ ਵੀ ਸ਼ਾਮਿਲ ਰਿਹਾ ਹੈ ।
ਪੰਜਾਬੀ ਅਤੇ ਪੰਜਾਬੀਅਤ ਨਾਲ ਅਪਾਰ ਸਨੇਹ ਰੱਖਦੇ ਸੁਮੀਤ ਆਪਣੇ ਜ਼ਜ਼ਬਾਤ ਸਾਂਝੇ ਕਰਦਿਆਂ ਅੱਗੇ ਦੱਸਿਆ ‘ ਪਿਛਲੇ ਕਈ ਸਾਲਾਂ ਤੋਂ ਮੇਰੇ ਸਮੇਤ ਪੂਰਾ ਪਰਿਵਾਰ ਲੰਦਨ ਵਿਚ ਵੱਸਿਆ ਹੋਇਆ ਹੈ, ਪਰ ਇੱਥੋਂ ਦੀ ਦੋੜ ਭੱਜ ਭਰੀ ਜ਼ਿੰਦਗੀ ਦੇ ਬਾਵਜੂਦ ਆਪਣੀਆਂ ਅਸਲ ਜੜ੍ਹਾ ਅਤੇ ਮਿੱਟੀ ਪ੍ਰਤੀ ਉਨ੍ਹਾਂ ਦਾ ਮੋਹ ਕਦੇ ਵੀ ਨਹੀਂ ਘਟਿਆ ਨਹੀਂ ਅਤੇ ਨਾਂ ਹੀ ਟੁੱਟਿਆਂ। ਇਹੀ ਕਾਰਣ ਹੈ ਕਿ ਜਦੋ ਵੀ ਮੌਕਾ ਮਿਲਦਾ ਹੈ, ਉਹ ਅਤੇ ਉਨ੍ਹਾਂ ਦਾ ਪ੍ਰੋਡੋਕਸ਼ਨ ਹਾਊਸ ‘ਸਰਾਓ ਇੰਟਰਟੇਨਮੈਂਟ’ ਪੰਜਾਬੀ ਸਿਨੇਮਾਂ ਨਾਲ ਜੁੜਨ ਨੂੰ ਵਿਸ਼ੇਸ਼ ਤਰਜ਼ੀਹ ਦਿੰਦਾ ਆ ਰਿਹਾ ਹੈ। ਉਨ੍ਹਾਂ ਆਪਣੇ ਐਕਟਿੰਗ ਸ਼ੋਂਕ ਸਬੰਧੀ ਗੱਲ ਕਰਦਿਆਂ ਦੱਸਿਆ ‘‘ ਗਲੈਮਰ ਦੀ ਦੁਨੀਆਂ ਅਤੇ ਚਕਾਚੌਂਧ ਅੱਲੜ੍ਹ ਉਮਰ ਤੋਂ ਹੀ ਪ੍ਰਭਾਵਿਤ ਲੱਗ ਪਈ ਸੀ, ਪਰ ਇਸ ਖੇਤਰ ਵਿਚ ਪੂਰੀ ਤਿਆਰੀ ਬਾਅਦ ਹੀ ਉਤਰਨਾ ਚਾਹੁੰਦਾ ਸੀ, ਜਿਸ ਲਈ ਸਖਤ ਮਿਹਨਤ ਅਤੇ ਐਕਟਿੰਗ ਕੋਰਸ ਕਰਨ ਉਪਰੰਤ ਹੀ ਇੱਥੇ ਕਦਮ ਧਰਿਆ, ਜਿਸ ਦੌਰਾਨ ਮਿਲੀ ਪ੍ਰਸੰਸ਼ਾ ਨੇ ਅੱਗੇ ਹੋਰ ਸਾਰਥਿਕ ਕੋਸ਼ਿਸ਼ਾਂ ਅਤੇ ਵਧੇਰੀ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਪੰਜਾਬੀ ਸਿਨੇਮਾ ਖੇਤਰ ’ਚ ਅਦਾਕਾਰ ‘ਤੇ ਨਿਰਮਾਤਾ ਵਜੋਂ ਨਵੀਆਂ ਸੰਭਾਵਨਾਵਾਂ ਜਗਾਉਣ ਦੀ ਪੂਰੀ ਸਮਰੱਥਾ ਰੱਖਦੇ ਸੁਮੀਤ ਦੱਸਦੇ ਹਨ, ਆਉਣ ਵਾਲੇ ਦਿਨਾਂ ਵਿਚ ਵੀ ਅਜਿਹੀਆਂ ਫ਼ਿਲਮਜ਼ ਦਾ ਨਿਰਮਾਣ ਅਤੇ ਭੂਮਿਕਾਵਾਂ ਕਰਨੀਆਂ ਚਾਹੁੰਦਾ ਹਾਂ, ਜਿੰਨ੍ਹਾਂ ਦੀ ਕਹਾਣੀ ਅਤੇ ਕਿਰਦਾਰ ਲੰਮੇਂ ਸਮੇਂ ਤੱਕ ਦਰਸ਼ਕਾਂ ਦੇ ਮਨ੍ਹਾਂ ਵਿਚ ਆਪਣਾ ਅਸਰ ਕਾਇਮ ਰੱਖ ਸਕਣ। ਉਨ੍ਹਾਂ ਦੱਸਿਆ ਕਿ ਆਪਣੀ ਹੁਣ ਤੱਕ ਦੀ ਸਫ਼ਲਤਾ ਦਾ ਪੂਰਾ ਸਿਹਰਾ ਉਹ ਆਪਣੇ ਪਰਿਵਾਰ ਖਾਸ ਕਰ ਮਾਤਾ-ਪਿਤਾ ਨੂੰ ਦਿੰਦੇ ਹਨ, ਜਿੰਨ੍ਹਾ ਨੇ ਫ਼ਿਲਮ ਇੰਡਸਟਰੀ ਵਿਚ ਉਸਦੇ ਹਰ ਕਦਮ ਨੂੰ ਬਲ ਬਖ਼ਸਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਹੌਸਲੇ ਦੇ ਸਦਕਾ ਹੀ ਉਹ ਹੁਣ ਤੱਕ ਦੇ ਸਫ਼ਰ ਨੂੰ ਸਫ਼ਲਤਾਪੂਰਵਕ ਤੈਅ ਕਰ ਸਕੇ ਹਨ।
-ਪਰਮਜੀਤ, ਫ਼ਰੀਦਕੋਟ 9855820713