ਚੰਡੀਗੜ੍ਹ (ਪੰ:ਸ) ਪੰਜਾਬੀ ਕਲਾਕਾਰਾਂ ਦੀ ਪ੍ਰਮੁੱਖ ਸੰਸਥਾ ਨੌਰਥ ਜ਼ੋਨ ਫ਼ਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ, ਜੋਕਿ ਪੰਜਾਬੀ ਸਿਨੇਮਾ ਦੀ ਤਰੱਕੀ ਅਤੇ ਇਸ ਫ਼ਿਲਮੀ ਕਾਰੋਬਾਰ ਦੇ ਨਿਰਵਿਘਨ ਚੱਲਣ ਲਈ ਸਮੇ ਸਮੇ ਪਹਿਲ ਕਦਮੀਆਂ ਕਰਦੇ ਹੋਏ ਬੜੀ ਸ਼ਿੱਦਤ ਨਾਲ ਆਪਣਾ ਯੋਗਦਾਨ ਪਾਉਂਦੀ ਆਈ ਹੈ।
ਚਾਹੇ ਕੋਰੋਨਾ ਕਾਲ ਦੌਰਾਨ ਕਲਾਕਾਰਾ ਅਤੇ ਸਿਨੇਮਾ ਦੇ ਡੇਲੀ ਵਰਕਰਾਂ ਦੀ ਮਦਦ ਹੋਵੇ, ਚਾਹੇ ਕੋਰੋਨਾ ਮੌਕੇ ਸ਼ੂਟਿੰਗਾਂ ਪੋਸਟਪੋਨ ਕਰਨ ਦੀ ਗੱਲ ਹੋਵੇ ਜਾਂ ਮੁੜ ਸ਼ੁਰੂ ਕਰਵਾਉਣ ਦੀ ਗੱਲ, ਸੰਸਥਾ ਆਪਣੀ ਨਿੱਜੀ ਕਾਰੁਜਗਾਰੀ ਦੇ ਨਾਲ ਨਾਲ ਸਰਕਾਰ ਤੱਕ ਪਹੁੰਚ ਕਰ ਕੇ ਉੱਥੋਂ ਆਪਣੀਆਂ ਔਕੜਾ ਦੇ ਹੱਲ ਕਰਵਾਉਣ ਲਈ ਵੀ ਕਾਮਯਾਬ ਰਹੀ ਹੈ।
ਹੁਣ ਸੰਸਥਾ ਵਲੋਂ ਫਿਰ ਇਕ ਨਵਾ ਉਧਮ ਕਰਦਿਆਂ ਹੋਇਆਂ ਕਲਾਕਾਰਾਂ ਤੋਂ ਇਲਾਵਾ ਫਿ਼ਲਮ ਨਿਰਮਾਤਾਵਾਂ ਅਤੇ ਫਿ਼ਲਮ ਡਿਸਟ੍ਰੀਬਿਊਟਰਾਂ ਨੂੰ ਆਪਣੇ ਕਾਰੋਬਾਰ ਵਿਚ ਆ ਰਹੀਆਂ ਕੁਝ ਔਕੜਾਂ ਲਈ ਵੀ ਉਨਾਂ ਨੂੰ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਕੋਲੋਂ ਇਸ ਦਾ ਹੱਲ ਕਰਵਾਉਣ ਵਿਚ ਕਾਮਯਾਬ ਹੋਈ ਹੈ।
ਬੀਤੇ ਦਿਨੀਂ ਐਸੋਸੀਏਸ਼ਨ ਦੇ ਚੇਅਰਮੈਨ ਗੁੱਗੂ ਗਿੱਲ, ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਤੇ ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਦੀ ਅਗਵਾਈ ’ਚ ਬੀ.ਐਨ. ਸ਼ਰਮਾ, ਜਪੁਜੀ ਖਹਿਰਾ, ਰਾਜਵੀਰ ਜਵੰਦਾ, ਅੰਬਰਦੀਪ ਸਿੰਘ, ਸੁਨੀਤਾ ਧੀਰ, ਗੁਰਪ੍ਰੀਤ ਸਿੰਘ ਨੀਟੂ ਅਤੇ ਦਨੇਸ਼ ਔਲਖ ਆਦਿ ਫਿ਼ਲਮ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਲਾਕਾਰਾਂ ਦਾ ਇਕ ਵਫਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ।
ਕਰੋਨਾ ਮਹਾਂਮਾਰੀ ਦੇ ਚੱਲਦਿਆ ਸਿਨੇਮਾ ਘਰਾਂ ’ਤੇ ਪਾਬੰਦੀਆ ਲਗਾਈਆਂ ਗਈਆਂ ਸਨ ਅਤੇ ਸਿਨੇਮਾ ਹਾਲ ਅਜੇ ਤੱਕ 50% ਕਪੈਸਟੀ ਨਾਲ ਹੀ ਚੱਲ ਰਹੇ ਸਨ, ਜਿਸ ਨਾਲ ਨਿਰਮਾਤਾਵਾਂ ਅਤੇ ਫਿਲਮ ਡਿਸਟ੍ਰੀਬਿਊਟਰਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ। ਮੀਟਿੰਗ ਦੌਰਾਨ ਉਪਰੋਕਤ ਮੁਸ਼ਕਲ ਮੁੱਖ ਮੰਤਰੀ ਅੱਗੇ ਰੱਖਣ ਅਤੇ ਹੋਰ ਵੱਖ-ਵੱਖ ਮੁੱਦਿਆਂ ’ਤੋਂ ਇਲਾਵਾ ਸਾਰੇ ਪੰਜਾਬ ਵਿੱਚ ਫਿ਼ਲਮਾਂ ਦੀ ਸ਼ੂਟਿੰਗ ਲਈ ਲਈਆਂ ਜਾਂਦੀਆਂ ਵੱਖ ਵੱਖ ਮਹਿਕਮਿਆਂ ਦੀ ਮਨਜ਼ੂਰੀਆਂ ਵਿੱਚ ਸਮੇ ਦੀ ਬਰਬਾਦੀ ਅਤੇ ਖਜੱਲ ਖੁਆਰੀ ਤੋਂ ਬਚਣ ਲਈ ਚੰਡੀਗੜ੍ਹ ਵਾਂਗ ਸਿੰਗਲ ਖਿੜਕੀ ਸਰਕਾਰ ਤੋਂ ਸ਼ੁਰੂ ਕਰਵਾਉਣ ਮੁੱਖ ਮੁੱਦਾ ਵਿਚਾਰਿਆ। ਇਸ ਸਮੇ ਮੁੱਖ ਮੰਤਰੀ ਨੇ ਬਿਨਾਂ ਕਿਸੇ ਦੇਰੀ ਇਹ ਮੰਗਾਂ ਕਬੂਲਦੇ ਹੋਏ ਪੰਜਾਬੀ ਫ਼ਿਲਮ ਇੰਡਸਟ੍ਰੀ ਨੂੰ ਦੀਵਾਲੀ ਤੋਂਹਫ਼ਾ ਦਿੰਦਿਆ ਸੂਬੇ ’ਚ ਸਿਨੇਮਾ ਹਾਲ 100 ਫ਼ੀਸਦੀ ਸਮੱਰਥਾ ਨਾਲ ਖੋਲ੍ਹਣ ਦੀ ਇਜ਼ਾਜ਼ਤ ਦੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਲਕੀਤ ਰੌਣੀ ਨੇ ਦੱਸਿਆ ਕਿ ਮੀਟਿੰਗ ’ਚ ਸਰਕਾਰ ਵਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਪੰਜਾਬ ’ਚ ਸ਼ੂਟਿੰਗ ਕਰਨ ਵੇਲੇ ਹੁਣ ਕੇਵਲ ਇਲਾਕੇ ਦੇ ਐਸ.ਡੀ.ਐਮ. ਤੋਂ ਪ੍ਰਵਾਨਗੀ ਲੈਣੀ ਹੋਵੇਗੀ।
ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਇਸ ਮੀਟਿੰਗ ਵਿਚਲੀ ਇਕ ਹੋਰ ਵਧੀਆ ਖ਼ਬਰ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬੀ ਕਲਾਕਾਰਾਂ ਅਤੇ ਸਿਨਮਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਹਰ ਸਾਲ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਲੇਖਕਾਂ, ਨਿਰਮਾਤਾਵਾਂ ਤੇ ਕਲਾਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰੋਨਾ ਕਾਰਨ ਜੋ ਸਿਨੇਮਾ ਹਾਲ ਬੰਦ ਹੋ ਗਏ ਸਨ, ਉਨ੍ਹਾਂ ਨੂੰ ਰਿਆਇਤਾਂ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਨੋਰਥ ਜ਼ੋਨ ਫ਼ਿਲਮ ਤੇ ਟੀ.ਵੀ ਆਰਟਿਸਟ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਸਿਨੇਮਾ ਪ੍ਰਤੀ ਸਨੇਹ ਲਈ ਉਨਾਂ ਦਾ ਵਿਸ਼ੇਸ ਤੌਰ ਤੇ ਦਾ ਧੰਨਵਾਦ ਕੀਤਾ ਗਿਆ ਹੈ, ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਖਾਸ ਤੌਰ ਤੇ ਹਾਜ਼ਰ ਸਨ।