ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਦੇ ਦੇਹਾਂਤ ਬਾਰੇ ਜੋ ਖ਼ਬਰ ਕੁਝ ਦਿਨ ਪਹਿਲੀ ਝੂਠੀ ਨਿਕਲੀ ਸੀ, ਉਹ ਅੱਜ ਸੱਚ ਹੋ ਗਈ ਹੈ। ਮੇਹਰ ਮਿੱਤਲ ਪਿਛਲੇ ਕਈ ਦਿਨਾਂ ਤੋਂ ਰਾਜਸਥਾਨ ਦੇ ਮਾਊਟ ਆਬੂ ਵਿਖੇ ਬ੍ਰਹਮ ਕੁਮਾਰੀ ਆਸ਼ਰਮ ਵਿਚ ਜੇਰੇ ਇਲਾਜ ਸਨ ਪਰ ਅੱਜ 22 ਅਕਤੂਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।
ਮੇਹਰ ਮਿੱਤਲ ਦਾ ਜਨਮ ਪੰਜਾਬ ਦੇ ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੱਘੇ ਖ਼ੁਰਦ ਵਿਖੇ 20 ਸਤੰਬਰ, 1934 ਨੂੰ ਹੋਇਆ ਸੀ। 10ਵੀਂ ਤੋਂ ਲੈ ਕੇ ਬੀ.ਏ. ਤੱਕ ਦੀ ਪੜ੍ਹਾਈ ਉਨ੍ਹਾਂ ਬਠਿੰਡਾ ਤੋਂ ਪੂਰੀ ਕੀਤੀ। ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਮਿੱਤਲ ਨੇ ਕੁਝ ਸਾਲ ਅਧਿਆਪਕ ਵਜੋਂ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਮਿੱਤਲ ਨੇ ਵਕਾਲਤ ਵਿਚ ਕਿਸਮਤ ਅਜ਼ਮਾਈ।
ਚੰਡੀਗੜ੍ਹ ਵਿੱਚ ਅੱਠ ਸਾਲ ਟੈਕਸ ਵਕੀਲ ਵਜੋਂ ਪ੍ਰੈਕਟਿਸ ਕੀਤੀ ਪਰ ਉਨ੍ਹਾਂ ਦਾ ਅੰਦਰਲਾ ਕਲਾਕਾਰ ਉਨ੍ਹਾਂ ਨੂੰ ਫ਼ਿਲਮਾਂ ਵੱਲ ਲੈ ਗਿਆ। ਮੇਹਰ ਮਿੱਤਲ ਨੇ ‘ਵਲਾਇਤੀ ਬਾਬੂ’, ‘ਦੋ ਮਦਾਰੀ’ ਫ਼ਿਲਮਾਂ ਤੋਂ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ‘ਯਾਰੀ ਜੱਟ ਦੀ’, ‘ਬਟਵਾਰਾ’, ‘ਜੱਟ ਸੂਰਮੇ’, ‘ਨਿੰਮੋਂ’, ‘ਜੱਟ ਤੇ ਜ਼ਮੀਨ’ ਵਰਗੀਆਂ ਅਣਗਿਣਤ ਫ਼ਿਲਮ ਦਿੱਤੀਆਂ। ਪੰਜਾਬੀ ਸਕਰੀਨ ਅਦਾਰਾ ਦੁਆ ਕਰਦਾ ਹੈ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।