ਗੱਲ ‘ਰਾਵੀ ਦੇ ਕੰਢੇ ਦੀ’
🎞🎞🎞🎞🎞🎞
ਦਰਿਆਵਾਂ ਦੇ ਕੰਢਿਆਂ ਨੇ ਹਮੇਸ਼ਾ ਮੁਹੱਬਤ ਦਾ ਪੈਗ਼ਾਮ ਹੀ ਦਿੱਤਾ ਹੈ ਅਤੇ ਇਹਨਾਂ ਦਰਿਆਵਾਂ ਦਾ ਮੁਹੱਬਤ ਕਰਨ ਵਾਲਿਆਂ ਦੀ ਪਨਾਹਗਾਹ ਹੋਣ ਦਾ ਇਤਿਹਾਸ ਵੀ ਸਾਡੇ ਕੋਲ ਮੌਜੂਦ ਹੈ। ਯਕੀਨਨ ਫ਼ਿਲਮ “ਰਾਵੀ ਦੇ ਕੰਢੇ” ਦਾ ਵਿਸ਼ਾ ਵੀ ਮੁਹੱਬਤ ਨਾਲ ਹੀ ਜੁੜਿਆ ਹੋਇਆ ਹੈ ਜਿਸ ਦਾ ਅੰਦਾਜ਼ਾ ਪੋਸਟਰ ਤੇ ਛਪੀਆਂ ਇਹਨਾਂ ਸੱਤਰਾਂ ਤੋਂ ਲਾਇਆ ਜਾਣਾ ਵੀ ਸੁਭਾਵਿਕ ਹੈ ਕਿ.. “ਮੁਹੱਬਤ ਦਾ ਸੂਰਜ ਮਘਦਾ ਰਹੇਗਾ,ਰਾਵੀ ਦਾ ਪਾਣੀ ਵਗਦਾ ਰਹੇਗਾ”🎶
ਸਾਲ 2025 ਜਦੋਂ ਦਾ ਚੜ੍ਹਿਆ ਹੈ, ਅਸਲ ਪੰਜਾਬੀ ਸਿਨੇ ਦਰਸ਼ਕਾਂ ਦੀਆਂ ਅੱਖਾਂ ਨੂੰ ਇੰਤਜ਼ਾਰ ਸੀ ਕਿ ਪੰਜਾਬੀ ਦੀ ਕੋਈ ਅਜਿਹੀ ਫ਼ਿਲਮ ਪਰਦਾਪੇਸ਼ ਹੋਵੇ ਜਿਸ ਦੇ ਟਾਈਟਲ, ਵਿਸ਼ੇ,ਕਲਾਕਾਰਾਂ ਅਤੇ ਸੰਗੀਤ ਵਿਚ ਖਿੱਚ ਹੋਵੇ ।
ਮੈਨੂੰ ਲੱਗਦਾ ਹੈ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਕਿਉਂ ਇਸ ਫ਼ਿਲਮ ਦਾ ਪੋਸਟਰ ਅਤੇ ਟਾਈਟਲ ਵੀ ਕਾਫੀ ਕੁਝ ਬਿਆਨ ਕਰ ਰਿਹਾ ਹੈ। ਫ਼ਿਲਮ ਵਿਚ ਪੰਕਜ ਕਪੂਰ ਵਰਗੇ ਦਿੱਗਜ ਅਦਾਕਾਰ ਦੀ ਲੰਮੇ ਅਰਸੇ ਬਾਅਦ ਹਾਜ਼ਰੀ ਦੇ ਨਾਲ ਹੀ ਲੀਡ ਰੋਲ ਵਿਚ ਸਾਡੇ ਪੰਜਾਬੀ ਸਿਨੇਮਾ ਵਿਚਲੇ ਅਭਿਨੈ ਪੱਖੋਂ ਪਰਪੱਕ ਹੀਰੋ ਹਰੀਸ਼ ਵਰਮਾ, ਉਮਦਾ ਅਦਾਕਾਰਾ(ਲੀਡ) ਸੰਦੀਪ ਕੌਰ ਸਿੱਧੂ (ਪ੍ਰਿਯਾ ਲਖਨਪਾਲ)ਦੀ ਜੋੜੀ ਦਾ ਹੋਣਾ ਅਤੇ ਬਾਕੀ ਦੇ ਸਥਾਪਿਤ ਚਿਹਰਿਆਂ ਦਾ ਨਜ਼ਰ ਆਉਣਾ ਇਸ ਫ਼ਿਲਮ ਦੀ ਕਾਮਯਾਬੀ ਦੀ ਗਵਾਹੀ ਇਸ ਕਰ ਕੇ ਵੀ ਭਰਦਾ ਨਜ਼ਰ ਆਉਂਦਾ ਹੈ ਕਿ ਇਸ ਫ਼ਿਲਮ ਦੇ ਲੇਖਕ ਜੱਸ ਗਰੇਵਾਲ ਅਤੇ ਨਿਰਦੇਸ਼ਕ ਹੈਰੀ ਭੱਟੀ ਦਾ ਵੀ ਪੰਜਾਬੀ ਸਿਨੇਮਾ ਵਿਚ ਸਥਾਪਿਤ ਮੁਕਾਮ ਹੈ।
ਮੇਰੀ ਇਸ ਫ਼ਿਲਮ ਬਾਰੇ ਹਰੀਸ਼ ਵਰਮਾ ਨਾਲ ਵੀ ਗੱਲ ਹੋਈ ਹੈ ਤਾਂ ਉਸ ਦੀਆਂ ਇਸ ਫ਼ਿਲਮ ਬਾਰੇ ਅਤੇ ਪੰਕਜ ਕਪੂਰ ਹੋਰਾਂ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋਣ ਦੀਆਂ ਗੱਲਾਂ ਚੋਂ ਜਿੱਥੇ ਉਸ ਦਾ ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕਿ ਉਤਵਾਲਾਪਣ ਝਲਕਿਆ ਓਥੇ ਇਸ ਫ਼ਿਲਮ ਦੀ ਮਜਬੂਤੀ ਦਾ ਅਹਿਸਾਸ ਵੀ ਮੈਨੂੰ ਹਰੀਸ਼ ਦੀ ਗੱਲਬਾਤ ਤੋਂ ਮਹਿਸੂਸ ਹੋਇਆ।
🎵ਬਾਕੀ ਰਹੀ ਫ਼ਿਲਮ ਦੇ ਸੰਗੀਤ ਦੀ ਗੱਲ ਤਾਂ ਭਾਵੇਂ ਕਿ ਸੰਗੀਤਕ ਟੀਮ ਦਾ ਜ਼ਿਕਰ ਪੋਸਟਰ ਵਿਚ ਨਹੀਂ ਨਜ਼ਰ ਆਇਆ ਜੋ ਕਿ ਬਹੁਤ ਜ਼ਰੂਰੀ ਸੀ ਤਾਂ ਕਿ ਸਭ ਨੂੰ ਫ਼ਿਲਮ ਦੇ ਗੀਤਕਾਰ-ਸੰਗੀਤਕਾਰ ਬਾਰੇ ਵੀ ਅਗਾਊਂ ਪਤਾ ਲੱਗਦਾ ਤਾਂ ਫ਼ਿਲਮ ਬਾਰੇ ਦਰਸ਼ਕਾਂ ਦੀ ਉਤਸੁਕਤਾ ਵਿਚ ਹੋਰ ਵਾਧਾ ਹੋਣਾ ਸੀ।
ਖੈਰ ! ਕਾਰਨ ਤਾਂ ਮੈਨੂ ਨਹੀਂ ਪਰ ਮੇਰੀ ਨਿੱਜੀ ਜਾਣਕਾਰੀ ਮੁਤਾਬਕ ਇਸ ਫ਼ਿਲਮ ਦੇ ਸੰਗੀਤ ਵਿਚ ਪ੍ਰਸਿੱਧ ਸੰਗੀਤਕਾਰ ਜੈਦੇਵ ਕੁਮਾਰ ਅਤੇ ਗੁਰਮੀਤ ਸਿੰਘ ਦਾ ਨਾਮ ਜੁੜਿਆ ਹੈ ਜੋ ਕਿ ਇਸ ਫ਼ਿਲਮ ਦੇ ਮਜਬੂਤ ਹੋਣ ਦਾ ਇਕ ਹੋਰ ਉਸਾਰੂ ਸੰਕੇਤ ਕਿਹਾ ਜਾ ਸਕਦਾ ਹੈ।
ਕਿਉਂਕਿ ਜਦੋਂ ਕਿਸੇ ਫ਼ਿਲਮ ਦਾ ਵਿਸ਼ਾ ਪਿਆਰ-ਮੁਹੱਬਤ ਦੇ ਪੈਗਾਮ ਨਾ ਜੁੜਿਆ ਹੋਵੇ ਤਾਂ ਫ਼ਿਲਮ ਦਾ ਸੰਗੀਤ ਰੀੜ ਦੀ ਹੱਡੀ ਦਾ ਕੰਮ ਕਰਦਾ ਹੈ ਵੈਸੇ ਤਾਂ ਇਸ ਦੀਆਂ ਹਜ਼ਾਰਾਂ ਉਦਹਾਰਣਾਂ ਭਾਰਤੀ ਫ਼ਿਲਮ ਇਤਹਾਸ ਵਿਚ ਮਿਲਦੀਆਂ ਹਨ ਪਰ ਮੈਂ 1964 ਦੀ ਬਲਰਾਜ ਸਾਹਨੀ ਅਭਿਨੀਤ ਤਿਕੋਨੇ ਪ੍ਰੇਮ ਪ੍ਰਸੰਗ ਅਤੇ ਸਮਾਜਿਕ ਸੁਨੇਹੇ ਵਾਲੀ ਮਜਬੂਤ ਸੰਗੀਤਕ ਪੰਜਾਬੀ ਫ਼ਿਲਮ “ਸਤਲੁਜ ਦੇ ਕੰਢੇ” ਦਾ ਜ਼ਿਕਰ ਜ਼ਰੂਰ ਕਰਾਂਗਾ, ਜਿਸ ਨੂੰ ਕਿ ਕਹਾਣੀ-ਅਭਿਨੈ ਅਤੇ ਸੰਗੀਤ ਕਰ ਕੇ ਹੀ 1967 ਵਿਚ ਰਾਸ਼ਟਰੀ ਐਵਾਰਡ ਮਿਲਿਆ ਸੀ ਅਤੇ ਪੰਕਜ ਕਪੂਰ ਹੋਰਾਂ ਦੀ ਪਹਿਲੀ ਹੀ ਪੰਜਾਬੀ ਫ਼ਿਲਮ “ਮੜੀ ਦਾ ਦੀਵਾ” (1989)ਨੂੰ ਵੀ ਰਾਸ਼ਟਰੀ ਐਵਾਰਡ ਮਿਲਿਆ ਸੀ।
ਇੱਥੇ ਇਕ ਹੋਰ ਵੀ ਕੋ-ਇੰਸੀਡੈਂਟ ਦਾ ਜ਼ਿਕਰ ਕਰ ਰਿਹਾ ਹਾਂ ਕਿ ਸੰਗੀਤਕ ਜੈਦੇਵ ਕੁਮਾਰ ਦੇ ਪਿਤਾ “ਪੰਨਾ ਲਾਲ ਕੱਥਕ” ਬਤੌਰ ਸੰਗੀਤਕਾਰ ਫ਼ਿਲਮ “ਸਤਲੁਜ ਦੇ ਕੰਢੇ” ਦੇ ਸੰਗੀਤਕਾਰਾਂ ਵਿਚ ਸ਼ਾਮਲ ਸਨ।
ਉਮੀਦ ਕਰਦੇ ਹਾਂ ਕਿ ਨਿਰਮਾਤਾ ਜੀਤਿੰਦਰ ਚੌਹਾਨ ਅਤੇ ਸੰਦੀਪ ਕੌਰ ਸਿੱਧੂ ਵੱਲੋਂ ਜੇ.ਐਸ ਆਰ.ਪੀ. ਰੂਹ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣੀ ਫ਼ਿਲਮ “ਰਾਵੀ ਦੇ ਕੰਢੇ” ਵੀ 5 ਸਤੰਬਰ ਨੂੰ ਕਾਮਯਾਬੀ ਦੇ ਝੰਡੇ ਬੁਲੰਦ ਕਰਦੀ ਅਤੇ ਸਾਰੀ ਟੀਮ ਦੇ ਸੁਪਨੇ ਸਾਕਾਰ ਕਰਦੀ ਰਾਸ਼ਟਰੀ ਐਵਾਰਡ ਤੱਕ ਪਹੁੰਚ ਕੇ ਇਤਹਾਸ ਦੁਹਰਾਏਗੀ।
ਪੰਜਾਬ ਸਕਰੀਨ ਵੱਲੋਂ ਸ਼ੁੱਭ ਇੱਛਾਵਾਂ।