ਪੰਜਾਬੀ ਸਿਨਮੇ ਨੇ ਪਿਛਲੇ ਦੋ ਚਾਰ ਸਾਲਾਂ ਵਿੱਚ ਕਾਫੀ ਤਰੱਕੀ ਕੀਤੀ ਹੈ।ਮਨੋਰੰਜਨ ਦੇ ਨਾਲ ਨਾਲ ਸਮਾਜ ਸੁਧਾਰ ਬਣਿਆ ਸਾਡਾ ਪੰਜਾਬੀ ਸਿਨੇਮਾ ਨਿਤ ਨਵੇਂ ਸਮਾਜਿਕ ਵਿਸ਼ਿਆਂ ਨਾਲ ਪੰਜਾਬੀ ਦਰਸ਼ਕਾਂ ਨਾਲ ਸਾਂਝ ਪਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਅੱਜ ਸਾਡੀ ਬਹੁਤੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਕਿਉਂਕਿ ਇਹ ਇੱਕ ਕਲਚਰ ਹੀ ਬਣ ਚੁੱਕਿਆ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਉਹਨਾਂ ਦੀ ਚੰਗੀ ਜ਼ਿੰਦਗੀ ਬਣਾਈ ਜਾ ਸਕੀ। ਪੰਜਾਬੀ ਸਿਨਮਾ ਹੁਣ ਇਹਨਾਂ ਵਿਸ਼ਿਆਂ ‘ਤੇ ਵੀ ਅਨੇਕਾਂ ਚੰਗੇ ਮਾੜੇ ਪੱਖ ਲੈ ਕੇ ਫਿਲਮਾਂ ਦਾ ਨਿਰਮਾਣ ਕਰ ਰਿਹਾ ਹੈ ਪਰ ਜਿਹੜੀ ਫਿਲਮ ਦੀ ਗੱਲ ਅੱਜ ਅਸੀਂ ਕਰ ਰਹੇ ਹਾਂ ਉਹ ਹੈ “ਵੱਡਾ ਘਰ”
ਇਹ ਫ਼ਿਲਮ ਅੱਜ ਤੋਂ ਅਨੇਕਾਂ ਸਾਲ ਪਹਿਲਾਂ ਵਿਦੇਸ਼ਾਂ ਵਿੱਚ ਜਾ ਕੇ ਵਸੇ ਉਹਨਾਂ ਲੋਕਾਂ ਦੀ ਗੱਲ ਵੀ ਕਰੇਗੀ ਜਿਨਾਂ ਨੇ ਆਪਣੇ ਪੰਜਾਬ ਵਿਚਲੇ ਬੜੀਆਂ ਰੀਝਾਂ ਤੇ ਚਾਵਾਂ ਨਾਲ ਉਸਾਰੇ ਵੱਡੇ ਘਰ ਪਿੰਡ ਦੇ ਲੋਕਾਂ ਲਈ ਵਿਖਾਵਾ ਬਣ ਕੇ ਰਹਿ ਗਏ। ਉਹਨਾਂ ਦੇ ਇਹ ਮਹਿਲਾਂ ਵਰਗੇ ਘਰ ਵੀਰਾਨ ਪਏ ਹਨ। ਪੰਜ-ਸਤ ਸਾਲਾਂ ਬਾਅਦ ਕਦੇ ਸਬੱਬੀ ਮਹੀਨੇ ਵੀਹ ਦਿਨਾਂ ਵਾਸਤੇ ਜਦ ਇਹ ਲੋਕ ਪਿੰਡ ਆਉਂਦੇ ਹਨ ਤਾਂ ਇਹ ਵੱਡੇ ਘਰ ਅਨੇਕਾਂ ਸਵਾਲਾਂ ਦੇ ਜਵਾਬ ਮੰਗਦੇ ਹਨ। ਇਹ ਫਿਲਮ ਜਿੱਥੇ ਸਾਡੀ ਅੱਜ ਦੀ ਨੌਜਵਾਨ ਪੀੜੀ ਦੀਆਂ ਵਿਚਾਰ ਧਰਾਵਾਂ ਅਤੇ ਕਲਚਰ ਦੀ ਗੱਲ ਕਰੇਗੀ ਉੱਥੇ ਬਜ਼ੁਰਗਾਂ ਦੇ ਦਿਨ ਬ ਦਿਨ ਘਟਦੇ ਜਾ ਰਹੇ ਮਾਣ ਸਤਿਕਾਰ ਦੇ ਅਹਿਮ ਮੁੱਦਿਆਂ ਤੇ ਵੀ ਚਾਨਣਾ ਪਾਵੇਗੀ। ਵਿਦੇਸ਼ੀ ਕਲਚਰ ਨੇ ਜਿੱਥੇ ਸਾਨੂੰ ਪੈਸਾ,ਸੁੱਖ ਸਹੂਲਤਾਂ ਤੇ ਚੰਗੀ ਜ਼ਿੰਦਗੀ ਜਿਉਣ ਦਾ ਬਲ ਸਿਖਾਇਆ, ਹੈ ਉੱਥੇ ਇਹ ਇੱਕ ਤਰਾਸ਼ਦੀ ਰਹੀ ਹੈ ਕਿ ਅਸੀਂ ਆਪਣੀਆਂ ਜੜਾਂ ਨਾਲ ਟੁੱਟ ਕੇ ਬੇਗਾਨੇ ਮੁਲਕਾਂ ਜੋਗੇ ਰਹਿ ਗਏ ਹਾਂ। ਇਹ ਵੀ ਇਕ ਸੱਚਾਈ ਹੈ ਕਿ ਪੰਜਾਬ ਹੁਣ ਪੰਜਾਬ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਆ ਵਸਿਆ ਹੈ। ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਨੂੰ ਕਿਸੇ ਹੋਰ ਸੂਬੇ ਦਾ ਨਾਂ ਦੇ ਕੇ ਇਸ ਦੀ ਹੋਂਦ ਨੂੰ ਖਤਮ ਕਰ ਦਿੱਤਾ ਜਾਵੇਗਾ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਜਿਸ ਪ੍ਰਤੀ ਫਿਲਮਾਂ ਜ਼ਰੀਏ, ਕਹਾਣੀਆਂ ਜ਼ਰੀਏ ਆਉਣ ਵਾਲੀ ਪੀੜ੍ਹੀ ਨੂੰ ਸੁਚੇਤ ਕਰਨ ਦੀ ਲੋੜ ਹੈ।
ਫਿਲਮ ਵੱਡਾ ਘਰ ਨੂੰ ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਿੰਦਰ ਸਿੰਘ ਕੰਵਲ (ਰੌਬ ਕੰਵਲ) ਅਤੇ ਜਸਵੀਰ ਗੁਣਾਚੌਰੀਆ ਨੇ ਰੋਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨ ਲਿਮਿਟਡ ਅਤੇ ਜਸਵੀਰ ਗੁਣਾਚੌਰੀਆ ਪ੍ਰੋਡਕਸ਼ਨ ਲਿਮਿਟਡ ਦੇ ਬੈਨਰ ਹੇਠ ਬਣਾਇਆ ਹੈ। ਇਸ ਫ਼ਿਲਮ ਦੇ ਡਾਇਰੈਕਟਰ ਕਮਲਜੀਤ ਸਿੰਘ ਅਤੇ ਗੋਲਡੀ ਢਿਲੋਂ ਹਨ, ਜਿੰਨ੍ਹਾ ਨੇ ਹਰਇਕ ਦ੍ਰਿਸ਼ ਨੂੰ ਬੜੀ ਸੂਝਤਾ ਨਾਲ ਫ਼ਿਲਮਾਇਆ ਹੈ। ਕਨੇਡਾ ਅਤੇ ਪੰਜਾਬ ਦੇ ਵੱਖ-ਵੱਖ ਲੋਕੇਸ਼ਨਾਂ ਤੇ ਫਿਲਮਾਈ ਇਸ ਫਿਲਮ ਵਿੱਚ ਜੋਬਨਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ, ਜੋਤੀ ਅਰੋੜਾ, ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਜਿਕਰਯੋਗ ਹੈ ਕਿ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਦੀ ਜੋੜੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਕਿਉਂਕਿ ਇਹ ਉਹਨਾਂ ਦੀ ਤੀਸਰੀ ਫਿਲਮ ਹੈ। ਇਸ ਤੋਂ ਪਹਿਲਾਂ 2019 ਵਿੱਚ ਪਹਿਲੀ ਫਿਲਮ ‘ਸਾਕ’ ਵਿੱਚ ਇਹਨਾਂ ਇਕੱਠਿਆਂ ਨੇ ਕੰਮ ਕੀਤਾ ਸੀ ਉਸ ਤੋਂ ਬਾਅਦ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਜਹਾਨਖੇਲਾਂ’ ਵਿੱਚ ਵੀ ਇਕੱਠੇ ਨਜ਼ਰ ਆਏ ਹੁਣ ਇਸ ਤੀਸਰੀ ਫਿਲਮ ਵਿੱਚ ਵੀ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਦੀ ਜੋੜੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ
ਫਿਲਮ ਦੀ ਕਹਾਣੀ ਉੱਗੇ ਗੀਤਕਾਰ ਜਸਵੀਰ ਗੁਣਾਚੌਰੀਆ ਵੱਲੋਂ ਲਿਖੀ ਗਈ ਹੈ ਜੋ ਕਿ ਉਸ ਦੀ ਜ਼ਿੰਦਗੀ ਦੇ ਬਹੁਤ ਨੇੜੇ ਹੈ। ਆਉਣ ਵਾਲੀ 13 ਦਸੰਬਰ ਨੂੰ ਨਵਰੋਜ ਗੁਰਬਾਜ ਇੰਟਰਟੇਨਮੈਂਟ ਕੰਪਨੀ ਵੱਲੋਂ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਤੋਂ ਪੰਜਾਬੀ ਸਿਨੇਮੇ ਨੂੰ ਬਹੁਤ ਆਸਾਂ ਹਨ ਕਿਉਂਕਿ ਇਹ ਫਿਲਮ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਇੱਕ ਭਾਵਨਾਤਮਕ ਕਹਾਣੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਦਾਸਤਾਨ ਹੈ।
– ਸੁਰਜੀਤ ਜੱਸਲ