ਸੁੱਤੇ ਸਮਾਜ ਨੂੰ ਜਗਾਉਣ ਦਾ ਹੋਕਾ ਦੇਣ ਆਇਆ ‘ਖੜਪੰਚ’
ਅਮਰੀਕਾ ਦੇਸ਼ ਦੇ ਨਾਵਲਾਂ ਵਿਚਲੀ ਇੱਕ ਵੱਖਰੀ ਤਰ੍ਹਾਂ ਦੀ ਕੈਟਾਗਿਰੀ ਹਰ ਸਾਲ ਬਹੁਤ ਵਿਕਦੀ ਹੈ- ‘ਹੂ-ਡਨ-ਇਟ’, ਮਤਲਬ- ਕਿਸਨੇ , ਕਦੋਂ , ਕਿਵੇਂ ਤੇ ਕਿਉਂ ਕੀਤਾ। ਮੁੱਖ ਤੌਰ ‘ਤੇ ਅਜਿਹੇ ਨਾਵਲਾਂ ਦੀ ਕਹਾਣੀ ਵਿੱਚ ਇੱਕ ‘ਕਤਲ ‘ ਨੂੰ ਉੱਥੇ ਮੌਜੂਦ ਸਭ ਲੋਕਾਂ ਨੂੰ ਸ਼ੱਕ ਦੇ ਦਾਅਰੇ ਵਿੱਚ ਰੱਖ ਕੇ ਸੁਲਝਾਇਆ ਜਾਂਦਾ ਹੈ। ਇੰਝ ਸੁਲਝਾਉਣ ਦਾ ਕੰਮ ਬਹੁਤੀ ਵਾਰ ਆਮ ਕਿਰਦਾਰ ਹੀ ਕਰਦਾ ਹੈ ਅਤੇ ਪੁਲਿਸ ਅਧਿਕਾਰੀ ਘੱਟ । ‘ਐਂਗੇਥਾ ਕ੍ਰਿਸ਼ਟੀ’ 1890 ਵਿੱਚ ਇਸ ਕੈਟਾਗਿਰੀ ਦੀ ਨਾਮਵਰ ਲੇਖਿਕਾ ਰਹੀ ਅਤੇ ਉਨ੍ਹਾਂ ਦੇ ਨਾਵਲਾਂ ਅਧਾਰਿਤ ਹਾਲੀਵੁੱਡ ਵਿੱਚ ਅਨੇਕਾਂ ਫਿਲਮਾਂ ਬਣੀਆਂ ਅਤੇ ਇਹ ਕੈਟਾਗਿਰੀ ਬਾਕੀਂ ਫਿਲਮਾਂ ਵਿੱਚ ਵੀ ਬਹੁਤ ਪ੍ਰਚਲਿਤ ਹੋਈ।
ਪੰਜਾਬ ਵਿੱਚ ‘ਯਾਰ ਜਿਗਰੀ ਕਸੂਤੀ ਡਿਗਰੀ’ ਨਾਲ ਵੈੱਬ-ਸੀਰੀਜ਼ ਦਾ ਦੌਰ ਸ਼ੁਰੂ ਕਰਨ ਵਾਲੇ ਨਿਰਦੇਸ਼ਕ ਰੈਬੀ ਟਿਵਾਣਾ ਦੀ ਪਿਛਲੇ ਦਿਨੀਂ ਯੂ-ਟਿਊਬ ‘ਤੇ ਰਿਲੀਜ਼ ਹੋਈ ਸੱਤ ਕਿਸ਼ਤਾਂ ਵਾਲੀ ਵੈੱਬ-ਸੀਰੀਜ਼ ‘ਖੜਪੰਚ’ ਸਾਨੂੰ ਪੰਜਾਬੀ ਵਿੱਚ ਪਹਿਲੀ ਵਾਰ ਹੂ-ਡਨ-ਇਟ ਦਾ ਸਫ਼ਲ ਰਹੱਸਮਈ ਫ਼ਿਲਮਕਾਰੀ ਨਮੂਨਾ ਪੇਸ਼ ਕਰਦੀ ਹੈ। ਪਿੰਡਾਂ ਦੀ ਸਿੱਧੀ ਭਾਸ਼ਾ ਵਿਚ ਮੁੱਖ ਸਰਪੰਚ ਦੇ ਸਲਾਹਕਾਰ ਅਤੇ ਸਹਾਇਕ ਨੂੰ ‘ਖੜਪੰਚ’ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੇ ਇੱਕ ਮਾੜ੍ਹੇ ਕਾਰਜ ਅਤੇ ਪ੍ਰਸ਼ਾਸਨ ਦੀ ਨਾ-ਕਾਮਯਾਬੀ ਉੱਪਰ ਟਿੱਪਣੀ ਕਰ ‘ਖੜਪੰਚ’ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੀ ਵੈੱਬ-ਸੀਰੀਜ਼ ਸਾਬਤ ਹੁੰਦੀ ਹੈ।
ਪਿੰਡ ਦੇ ਬਾਹਰ-ਬਾਹਰ ਨਹਿਰ ਕਿਨਾਰੇ ਮਿਲੀ ਕਾਰ ਵਿੱਚ ਪਈ ਬਾਂਹ ‘ਚ ਟੀਕਾ ਲੱਗੀ ‘ਬੱਬੂ’ ਦੀ ਲਾਸ਼, ਪਿੰਡ ਦੇ ਲੋਕਾਂ ਸਮੇਤ ਖੜਪੰਚ ਵਿੱਕੀ ਦੀਆਂ ਰਾਤ ਦੀਆਂ ਨੀਂਦਾਂ ਉੜਾ ਦਿੰਦੀ ਹੈ। ਪੋਸਟ-ਮਾਰਟਮ ਦੀ ਰਿਪੋਰਟ ਵਿੱਚ ਗਲਾ ਘੁੱਟ ਕੇ ਮਰਨਾ ਕਾਰਨ ਨਿਕਲਦਾ ਹੈ। ਹੁਣ ਬੱਬੂ ਦਾ ਅਸਲ ‘ਕਾਤਲ’ ਕੌਣ ਹੈ ? ਉਲਝੀ ਹੋਈ ਇਹ ਗੁੱਥੀ ਖੜਪੰਚ ਵਿੱਕੀ ਅਤੇ ਉਸਦਾ ਦੋਸਤ ‘ਮਿੰਦੀ’ ਪਿੰਡ ਦੀ ਹਰ ਗਲੀ, ਜੂਹ ਤੇ ਸੱਥ ਦੀਆਂ ਘੁੰਮਣ-ਘੇਰੀਆਂ ਕੱਢ ਸੁਲਝਾਉਣ ਦਾ ਯਤਨ ਕਰਦੇ ਹਨ। ਬੱਬੂ ਤੋਂ ਪਹਿਲਾਂ ਅਤੇ ਬਾਅਦ ਹੋਈਆਂ ਅਨੇਕਾਂ ਸ਼ੱਕੀ ਮੌਤਾਂ ਦਾ ਇਕੋ-ਜਿਹਾ ਰੂਪ-ਮਾਨ ਹੋਣ ਸਦਕਾ ਉਨ੍ਹਾਂ ਦੀ ਤੇਜ਼ ਹੋਈ ਤਹਿਕੀਕਾਤ ਪਿੰਡ ਦੇ ਕਈ ਕਾਲੇ ਸੱਚਾਂ ਦਾ ਪਰਦਾ-ਫਾਸ਼ ਕਰਦੀ ਹੋਈ ਹਰ ਪਲ ਦੋ-ਕਦਮ ਅੱਗੇ ਚੱਲ ਰਹੇ ‘ਕਾਤਲ’ ਦੇ ਨੇੜ੍ਹੇ ਲੈ ਕੇ ਜਾਂਦੀ ਹੈ ਅਤੇ ਨਸ਼ਾ-ਤਸਕਰੀ ਵਰਗੇ ਘਿਨੋਣੇ ਧੰਦੇ ਦੀਆਂ ਕਾਲੀਆਂ ਜੜ੍ਹਾਂ ਨੂੰ ਪਾਣੀ ਪਾ ਰਹੇ ਦਿੱਗਜ਼ ਸਰਕਾਰ ਦੇ ਪ੍ਰਸ਼ਾਸ਼ਨ ‘ਤੇ ਉਂਗਲ ਵੀ ਚੱਕਦੀ ਹੈ। ਇਸ ਤਹਿਕੀਕਾਤ ਦਾ ਕਿਰਦਾਰਾਂ ਦੀ ਨਿੱਜੀ ਜਿੰਦਗੀ ਵਿੱਚ ਪਿਆ ਪ੍ਰਭਾਵ ਦਰਸ਼ਕ ਨੂੰ ਰਵਾਉਣ ਦਾ ਕੰਮ ਵੀ ਕਰਦਾ ਹੈ।
ਫ਼ਿਲਮਕਾਰੀ ਦੇ ਨਜ਼ੱਰੀਏ ਤੋਂ ‘ਖੜਪੰਚ’ ਅਨੇਕਾਂ ਵੈੱਬ-ਸੀਰੀਜ਼ ਵਿਚਾਲੇ ਆਪਣੀ ਕਹਾਣੀ ਦੀ ਰਹੱਸ ਅਤੇ ਰੋਮਾਂਚ ਭਰਪੂਰ ਪੇਸ਼ਕਾਰੀ ਸਦਕਾ ਸਾਨੂੰ ਇੰਝ ਪ੍ਰਤੀਤ ਕਰਵਾਉਂਦੀ ਹੈ ਜਿਵੇਂ ਦਰਸ਼ਕ ਵੀ ਉਸੇ ਪਿੰਡ ‘ਚ ਕਿਰਦਾਰਾਂ ਨਾਲ ਤੁਰਿਆ ਫਿਰਦਾ ਹੈ। ਵੈੱਬ-ਸੀਰੀਜ਼ ਦੀ ਲੇਖਣੀ, ਨਿਰਦੇਸ਼ਨ, ਨਿਰਮਾਣ ਅਤੇ ਇੱਥੋਂ ਤੱਕ ਕਿ ਖੁਦ ਐਡਿਟ ਕਰਨ ਵਿੱਚ ਫ਼ਿਲਮ-ਮੇਕਿੰਗ ਦੀ ਕਿਰਤ ਨੂੰ ਪਿਆਰ ਕਰਨ ਵਾਲੇ ਰੈਬੀ ਟਿਵਾਣਾ ਦੀ ਦੂਰ-ਦ੍ਰਿਸ਼ਟੀ ਅਤੇ ਜਨੂਨ ਸਾਫ਼ ਨਜ਼ਰ ਆਉਂਦਾ ਹੈ। ਕਿਰਦਾਰਾਂ ਦੀ ਸਫ਼ਲ ਅਦਾਕਾਰੀ ਵਿੱਚ ਥੀਏਟਰ ਦੇ ਮਾਹਰ ਅਦਾਕਾਰ ‘ਅਮ੍ਰਿੰਤ ਅੰਬੇ’ ਖੜਪੰਚ ਵਿੱਕੀ ਦੇ ਕਿਰਦਾਰ ਵਿੱਚ ਚੰਗੀ ਛਾਪ ਛੱਡਦਾ ਹੈ। ਸ਼ੋਸ਼ਲ ਮੀਡੀਆ ਯੂ-ਟਿਊਬ ਅਤੇ ਇੰਸ਼ਟਾਗ੍ਰਾਮ ‘ਤੇ ਸਟਾਰ ਬਣੇ ਮਸ਼ਹੂਰ ਅਦਾਕਾਰ ‘ਧੂਤਾ ਪਿੰਡੀ ਆਲਾ’ ਨੇ ‘ਮਿੰਦੀ’ ਦੇ ਕਿਰਦਾਰ ਵਿੱਚ ਜਾਨ ਪਾਈ ਹੈ। ਉਸਦੀ ਅਦਾਕਾਰੀ ਵਿਚ ਕਲਾ ਦੇ ਕਈ ਰੰਗ ਨਜ਼ਰ ਆਉਦੇ ਹਨ। ਗੰਭੀਰ ਤੇ ਹੈਰਾਨੀ ਭਰੇ ਕਿਰਦਾਰਾਂ ਦੇ ਇਲਾਵਾ ਉਸਦੀ ਅਦਾਕਾਰੀ ਉਦਾਸ ਦਰਸ਼ਕਾਂ ਦੇ ਚਿਹਰਿਆਂ ‘ਤੇ ਹਾਸੇ ਦੀ ਪਰਤ ਵੀ ਲਿਆਂਉਦੀ ਹੈ । ਇਸ ਤੋਂ ਇਲਾਵਾ ਅਮ੍ਰਿੰਤਾ ਅੰਮੀ, ਬੂਟਾ ਬਡਬਰ, ਬੱਬਰ ਖ਼ਾਨ, ਰੰਗ ਹਰਜਿੰਦਰ, ਸੁਖਜੀਤ ਸ਼ਰਮਾ, ਜੈਸਮੀਲ ਮੀਨੂੰ, ਪਿੰਕੀ ਸੱਗੂ, ਜਗਤਾਰ ਬੈਨੀਪਾਲ ਅਮ੍ਰਿੰਤ ਢਾਲੀਆ, ਕ੍ਰਿਸ਼ਮਾ ਰਤਨ,ਹਰਵਿੰਦਰ ਢੀਡਸਾ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
‘ਖੜਪੰਚ’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਪੰਜਾਬ ਵਿਚ ਵਗਦੇ ਛੇਵੇਂ ਦਰਿਆਂ ਵਿਚ ਰੁੜਦੀ ਜਾ ਰਹੀ ਜਵਾਨੀ ਦੇ ਮੁੱਦੇ ਤੇ ਗੱਲ ਕਰਦੀ, ਸਮਾਜ ਨੂੰ ਜਾਗਰੁਕ ਕਰਦੀ ਕਹਾਣੀ ਅਧਾਰਤ ਚੰਗੀ ਪੇਸ਼ਕਾਰੀ ਹੈ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੇ ਲਾ ਕੇ ਮੁਨਾਫ਼ਾ ਕਮਾਉਣ ਵਾਲੇ ਨਸ਼ਾ-ਤਸਕਰੀ ਦੇ ਕਾਲੇ ਧੰਦੇ ਸਦਕਾ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਨਸ਼ਾ ਸਬੰਧਿਤ ਵਾਪਰ ਰਹੀਆਂ ਘਟਨਾਵਾਂ ਬਾਰੇ ਸੋਚਣ ‘ਤੇ ਮਜ਼ਬੂਰ ਵੀ ਕਰਦੀ ਹੈ। ਦੁੱਖ ਤੇ ਹੈਰਾਨੀ ਉਦੋਂ ਹੁੰਦੀ ਹੈ ਜਦ ਪ੍ਰਸ਼ਾਸ਼ਨ ਇਸ ਪ੍ਰਤੀ ਕੋਈ ਸਖਤ ਕਦਮ ਚੁੱਕਦਾ ਹੈ ਤਾਂ ਕੁਝ ਭ੍ਰਿਸ਼ਟ ਅਫਸਰ ਅਤੇ ਤਾਕਤਵਰ ਸਿਆਸੀ ਲੋਕ ਇਨ੍ਹਾਂ ਨਸ਼ਾ ਤਸਕਰਾਂ ਨੂੰ ਆਪਣੀ ਬੁੱਕਲ ਵਿਚ ਲੁਕੋ ਲੈਂਦੇ ਹਨ। ਇਸੇ ਅਸਲੀਅਤ ਦੀ ‘ਖੜਪੰਚ’ ਵਿੱਚ ਸਫ਼ਲ ਪੇਸ਼ਕਾਰੀ ਦਰਸ਼ਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਸਹਾਇਤਾ ਕਰਦੀ ਹੈ ਜਿੱਥੇ ਅੱਜ-ਕੱਲ੍ਹ ਭੱਦੀ ਸ਼ਬਦਾਵਲੀ ਨੂੰ ਵੈੱਬ-ਸੀਰੀਜ਼ ਵਿੱਚ ਵਾਧੂ ਵਰਤ ਕੇ ਦਰਸ਼ਕਾਂ ਨੂੰ ਸੰਤੁਸ਼ਟ ਕੀਤਾ ਜਾਂਦਾ ਹੈ, ਉੱਥੇ ‘ਖੜਪੰਚ’ ਬਿਨਾਂ ਕਿਸੇ ਗਾਲੀ-ਗਲੋਚ ਦਰਸ਼ਕਾਂ ਦੇ ਸਮੇਂ ਦੀ ਕਦਰ ਕਰਦਿਆਂ ਰਹੱਸ ਭਰਪੂਰ ਮਨੋਰੰਜਨ ਪ੍ਰਧਾਨ ਕਰ ਸਾਨੂੰ ਜਾਗਰੂਕ ਸੋਚ ਅਪਣਾਉਣ ਦਾ ਸੁਨੇਹਾ ਦੇ ਕੇ ਜਾਂਦੀ ਹੋਈ ਇੱਕ ਸੁਚੱਜੀ ਡੂੰਘੀ ਫ਼ਿਲਮਕਾਰੀ ਦਾ ਨਮੂਨਾ ਸਾਬਤ ਹੁੰਦੀ ਹੈ।
-ਜਸ਼ਨ ਜੱਸਲ 96461-23337