Punjabi Music

ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਸਰਕਾਰੀ/ਪ੍ਰਸਾਸ਼ਨਿਕ ਅਣਗਹਿਲੀ ⁉️ 🎞🎞🎞🎞🎞🎞🤔

Written by Daljit Arora

ਕਲਾਕਾਰਾਂ ਦਾ ਅਵੇਸਲਾਪਨ ਵੀ ਅਫਸੋਸਜਨਕ❗
🎞🎞🎞🎞🎞🎞🎞🤔

ਕਲਾ ਖੇਤਰ ਨਾਲ ਸਬੰਧਤ ਕੋਈ ਵੀ ਮਸਲਾ ਹੋਵੇ, ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਹਮੇਸ਼ਾ ਟਿੱਚ ਜਾਣਿਆ ਹੈ, ਜਦੋਂ ਕਿ ਮੰਨੋਰੰਜਨ ਪ੍ਰੋਗਰਾਮਾਂ ਵਿਚ ਪ੍ਰਬੰਧਕਾਂ ਵਲੋਂ ਮਾਨ ਸਨਮਾਨ ਦੇਣ ਲਈ ਇਨ੍ਹਾਂ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਮੂਹਰਲੀਆਂ ਸੀਟਾਂ ਤੇ ਬੈਠੇ ਨਜ਼ਰ ਆਉਂਦੇ ਹਨ ਤੇ ਜਦੋਂ ਇਨ੍ਹਾਂ ਦੀ ਵਾਰੀ ਆਉਂਦੀ ਹੈ, ਕਿਸੇ ਨਾਜ਼ੁਕ ਮੌਕੇ ਕਿਸੇ ਨੂੰ ਇਨ੍ਹਾਂ ਵਲੋਂ ਮਾਨ ਸਨਮਾਨ, ਹਮਦਰਦੀ ਜਾਂ ਇਨ੍ਹਾਂ ਦੀ ਸ਼ਮੂਲੀਅਤ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਹੋਰ ਫਾਲਤੂ ਕੰਮਾਂ ਤੋ ਵਿਹਲ ਨਹੀਂ ਮਿਲਦੀ।
ਅਜਿਹੀ ਉਦਹਾਰਣ ਕੱਲ ਫੇਰ ਪੰਜਾਬ ਦੀ ਵਿਸ਼ਵ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਦੇ ਅੰਤਮ ਸੰਸਕਾਰ ਮੌਕੇ ਵੇਖਣ ਨੂੰ ਮਿਲੀ। ਗੁਰਮੀਤ ਬਾਵਾ ਜੀ ਮਿਤੀ 21 ਨਵੰਬਰ ਸਵੇਰੇ 10.30 ਵਜੇ ਪੂਰੇ ਹੋਏ, ਸਾਰਾ ਦਿਨ ਉਨਾਂ ਦੀ ਮ੍ਰਿਤਕ ਦੇਹ ਉਨਾਂ ਦੇ ਘਰੇ ਹੀ ਰਹੀ, ਉਹਨਾਂ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਵਿਸ਼ਵ ਭਰ ਵਿਚ ਸੋਸ਼ਲ ਮੀਡੀਆ ਰਾਹੀਂ ਫੈਲ ਗਈ। ਸਭ ਜਾਣਦੇ ਹਨ ਕੇ ਪੰਜਾਬ ਦੀ ਅੱਧੀ ਸਰਕਾਰ ਅੱਜ ਕੱਲ੍ਹ ਅੰਮ੍ਰਿਤਸਰ ਵਿਚ ਹੈ ਅਤੇ ਬੇਹੱਦ ਅਫਸੋਸ ਦੀ ਗੱਲ ਹੈ ਕਿ ਐਤਵਾਰ ਹੋਣ ਦੇ ਬਾਵਜੂਦ ਕਿਸੇ ਵੱਡੇ ਨੇਤਾ ਦੀ ਉਨਾਂ ਦੇ ਘਰ ਅਫਸੋਸ ਲਈ ਜਾਣ ਦੀ ਕੋਈ ਖਬਰ ਨਹੀ ਅਤੇ ਨਾ ਹੀ ਅਗਲੇ ਦਿਨ ਮਿਤੀ 22-11-21 ਅੰਤਿਮ ਸੰਸਕਾਰ ਮੌਕੇ ਸਿਵਾ ਗੁਰਜੀਤ ਸਿੰਘ ਔਜਲਾ ਕੋਈ ਹੋਰ ਨੇਤਾ ਨਜ਼ਰ ਆਇਆ। ਜੇ ਕਿਸੇ ਸਰਕਾਰੀ ਅਧਿਕਾਰੀ ਦੀ ਗੱਲ ਕਰੀਏ ਤਾਂ ਆਮ ਲੋਕਾਂ ‘ਚ ਇਸ ਗੱਲ ਦੀ ਨਰਾਜ਼ਗੀ ਵੇਖਦਿਆਂ ਸ਼ਾਇਦ ਔਜਲਾ ਸਾਹਬ ਦੇ ਫੋਨ ਕਰ ਕੇ ਬੁਲਾਉਣ ਤੇ ਐਨ ਮੌਕੇ ਅੰਮ੍ਰਿਤਸਰ ਦੇ ਡੀ.ਸੀ ਸਾਹਬ ਪੁੱਜੇ।
ਕਹਿਣ ਦਾ ਮਤਲਬ ਕੇ ਇਹ ਲੋਕ ਕਲਾ ਜਗਤ ਪ੍ਰਤੀ ਕਦੋ ਜਾਗਣਗੇ ❓
ਇਕ ਰਾਸ਼ਟਰਪਤੀ ਐਵਾਰਡ ਪ੍ਰਾਪਤ ਗਾਇਕਾ ਦੀ ਮੌਤ ਹੋਈ ਹੋਵੇ, ਜੋਕਿ ਆਪਣੀ ਪ੍ਰਾਪਤੀਆਂ ਅਤੇ ਦੇਸ਼ ਦਾ ਮਾਨ ਵਧਾਉਣ ਵਾਲੀ ਸ਼ਖ਼ਸੀਅਤ ਹੋਣ ਕਾਰਨ ਅੰਤਿਮ ਸੰਸਕਾਰ ਮੌਕੇ ਸਰਕਾਰੀ ਸਨਮਾਨ /ਸਲਾਮੀ ਤੱਕ ਦੀ ਹੱਕਦਾਰ ਹੋਵੇ, ਮਗਰ ਸ਼ਹਿਰ ਦਾ ਸਰਕਾਰੀ ਅਤੇ ਰਾਜਨੀਤਕ ਢਾਂਚਾ ਸੁੱਤਾ ਪਿਆ ਹੋਵੇ ਤਾਂ ਇਸ ਤੋਂ ਵੱਧ ਅਫਸੋਸਨਾਕ ਗੱਲ ਕੀ ਹੋ ਸਕਦੀ ਹੈ ਕਲਾ ਜਗਤ ਲਈ, ਕਿਉਂ ਸਾਡੀ ਲਿਫਾਫੇਬਾਜ਼ੀ ਅਖਬਾਰੀ ਬਿਆਨਾਂ ਤੱਕ ਸਿਮਟ ਕੇ ਰਹਿ ਜਾਂਦੀ ਹੈ।
ਦੂਜੀ ਗੱਲ ਕਲਾਕਾਰ ਭਾਈਚਾਰੇ ਦੀ ਤਾਂ ਉਨਾਂ ਹੀ ਅਫਸੋਸ ਇਧਰ ਵੀ ਹੈ ਕਿ ਗੁਰਮੀਤ ਬਾਵਾ ਜੀ ਦੀ ਮੌਤ ਤੋਂ ਸੰਸਕਾਰ ਤੱਕ 24 ਘੰਟਿਆਂ ਤੋਂ ਵੱਧ ਤੱਕ ਦੇ ਅੰਤਰ ਵਿਚ ਕੇਵਲ ਪੂਰਨ ਚੰਦ ਵਡਾਲੀ, ਜਤਿੰਦਰ ਕੌਰ ਅਤੇ ਸੰਤਿਦਰ ਸੱਤੀ (ਜੋ ਵਿਸ਼ੇਸ ਤੌਰ ਤੇ ਅੰਤਿਮ ਸੰਸਕਾਰ ਮੌਕੇ ਚੰਡੀਗੜ੍ਹੋਂ ਆਈ) ਤੋਂ ਇਲਾਵਾ ਹੋਰ ਕੋਈ ਵੀ ਮੌਜੂਦਾ ਵੱਡਾ ਗਾਇਕ/ਨਾਇਕ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਆ ਸਕਿਆ ਅਤੇ ਅਜਿਹਾ ਹੀ ਇਨ੍ਹਾਂ ਲੋਕਾਂ ਦੇ ਆਪਣੇ ਸਮੇਂ ਦੇ ਮਸ਼ਹੂਰ ਪੰਜਾਬੀ ਫ਼ਿਲਮ ਅਭਿਨੇਤਾ ਸਤੀਸ਼ ਕੌਲ ਦੀ ਲੁਧਿਆਣਾ ਵਿਖੇ ਅੰਤਿਮ ਅਰਦਾਸ ਵੇਲੇ ਵੀ ਕੀਤਾ ਸੀ।
ਮਾਫ਼ ਕਰਨਾ ਜੇ ਅੱਜ ਜੇ ਕਿਸੇ ਵੱਡੇ ਕਲਾਕਾਰ ਜਾਂ ਉਸ ਦੇ ਕਿਸੇ ਧੀ-ਪੁਤ,ਭੈਣ ਭਰਾ ਦਾ ਵਿਆਹ ਹੁੰਦਾ ਤਾਂ ਸਭ ਨੇ ਦੂਰੋਂ ਦੂਰੋਂ ਵੀ ਚੱਲ ਕੇ ਆਉਣਾ ਸੀ ❗
ਕਲਾਕਾਰ ਦੋਸਤੋ, ਸਰਕਾਰ ਨੂੰ ਛੱਡੋ, ਪਰ ਘੱਟੋ-ਘੱਟ ਤੁਸੀਂ ਤਾਂ ਆਪਣੇ ਫ਼ਿਲਮ ਅਤੇ ਸੰਗੀਤ ਜਗਤ ਨੂੰ ਫੇਕ ਕਹੇ ਜਾਣ ਤੋਂ ਬਚਾ ਕੇ ਰੱਖੋ, ਅਜਿਹੇ ਦੁਖਦ ਸਮੇਂ ਤਾਂ ਸਭ ਤੇ ਆਉਣੇ ਹਨ ਇਕ ਦਿਨ।
ਮੈਨੂੰ ਉਮੀਦ ਹੈ ਕਿ ਹੁਣ ਗੁਰਮੀਤ ਬਾਵਾ ਵਰਗੀ ਵੱਡੀ ਸੰਗੀਤਕ ਹਸਤੀ ਦੀ ਅੰਤਿਮ ਅਰਦਾਸ ਮੌਕੇ ਇਕ ਵੱਡਾ ਰਾਜਨੀਤਕ, ਸਰਕਾਰੀ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਸੰਗੀਤਕ ਅਤੇ ਫ਼ਿਲਮੀ ਲੋਕਾਂ ਦਾ ਇਕੱਠ ਜ਼ਰੂਰ ਸ਼ਾਮਲ ਹੋਇਆ ਨਜ਼ਰ ਆਵੇਗਾ।
ਧੰਨਵਾਦ-ਦਲਜੀਤ-ਪੰਜਾਬੀ ਸਕਰੀਨ 🙏

Comments & Suggestions

Comments & Suggestions

About the author

Daljit Arora