ਅਨਿਲ ਕਪੂਰ, ਸੋਨਮ ਅਤੇ ਕਰੀਨਾ ਹੋਏ ਮਾਯੂਸ
ਕਾਫ਼ੀ ਸਮੇਂ ਤੋਂ ਵਿਵਾਦਾਂ ਵਿਚ ਘਿਰਣ ਤੋਂ ਬਾਅਦ ਆਖ਼ਰਕਾਰ ਜਿੰਮੀ ਸ਼ੇਰਗਿੱਲ ਸਟਾਰਰ ਹਿੰਦੀ ਫ਼ਿਲਮ “ਵੀਰੇ ਕੀ ਵੈਡਿੰਗ” ਦਾ ਟਾਈਟਲ ਹੁਣ ਕਾਨੂੰਨੀ ਤੌਰ ‘ਤੇ ਵੀ ਫ਼ਿਲਮ ਨਿਰਮਾਤਾ ਅਤੇ ਐਕਟਰ ਡਾ:ਬਖ਼ਸ਼ੀ ਕੋਲ ਆ ਗਿਆ ਹੈ। ‘ਪੰਜਾਬੀ ਸਕਰੀਨ’ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਮੈਂ ਤਾਂ ਪਹਿਲਾਂ ਹੀ ਬੜੇ ਵਿਸ਼ਵਾਸ ਨਾਲ ਇਸ ਫ਼ਿਲਮ ਦੀ ਸ਼ੁਰੂਆਤ ਕਰ ਚੁੱਕਾ ਸਾਂ ਅਤੇ ਫ਼ਿਲਮ ਦਾ ਬਾਕੀ ਹਿੱਸਾ ਵੀ ਇਸ ਮਹੀਨੇ ਪੂਰਾ ਕਰ ਲਿਆ ਗਿਆ ਹੈ। ਪਤਾ ਨਹੀਂ ਕਿਉਂ ਜਾਣ ਬੁੱਝ ਕੇ ਅਨਿਲ ਕਪੂਰ ਨੇ ਇਹ ਵਿਵਾਦ ਖੜ੍ਹਾ ਕੀਤਾ। ਮੇਰੀ ਫ਼ਿਲਮ ਦੇ ਇਸ ਟਾਈਟਲ ਨੂੰ ਆਪਣੇ ਦੁਆਰਾ ਰਜਿਸਟਰਡ ਦੱਸ ਕੇ “ਇੰਪਾ” ਨੂੰ ਚਿੱਠੀ ਲਿਖੀ ਅਤੇ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਪਰ ਉੱਥੋਂ ਵੀ ਇਸ ਟਾਈਟਲ ਨੂੰ ਆਪਣਾ ਹੋਣ ਦਾ ਯਕੀਨ ਨਾ ਦੁਆਉਣ ਕਰਕੇ ਅਨਿਲ ਕਪੂਰ ਹਾਈਕੋਰਟ ਤੋਂ ਡਾਂਟ ਖਾ ਕੇ ਵਾਪਸ ਪਰਤੇ।
‘ਪੰਜਾਬੀ ਸਕਰੀਨ’ ਦੀ ਜਾਣਕਾਰੀ ਮੁਤਾਬਕ ਅਨਿਲ ਕਪੂਰ ਦੁਆਰਾ ਬਣਾਈ ਜਾਣ ਵਾਲੀ ਹਿੰਦੀ ਫ਼ਿਲਮ ‘ਵੀਰੇ ਦੀ ਵੈਡਿੰਗ’ ਜਿਸ ਵਿਚ ਸੋਨਮ ਕਪੂਰ ਅਤੇ ਕਰੀਨਾ ਕਪੂਰ ਨੇ ਕੰਮ ਕਰਨਾ ਸੀ, 2016 ਮਿਡ ਵਿਚ ਸ਼ੂਟ ਹੋਣੀ ਸੀ ਪਰ ਕਰੀਨਾ ਦੇ ਗਰਭਵਤੀ ਹੋਣ ਕਾਰਨ ਇਹ ਲੇਟ ਹੁੰਦੀ ਗਈ। ਜਦੋਂ ਅਨਿਲ ਕਪੂਰ ਨੂੰ ਜਿੰਮੀ ਸ਼ੇਰਗਿੱਲ ਦੀ ਫ਼ਿਲਮ ‘ਵੀਰੇ ਕੀ ਵੈਡਿੰਗ’ ਬਾਰੇ ਪਤਾ ਲੱਗਾ ਤਾਂ ਉਸ ਨੇ ਇੰਪਾ ਨੂੰ ਦਖ਼ਲ ਅੰਦਾਜ਼ੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਟਾਈਟਲ ਪਹਿਲਾਂ ਮੈਂ ਰਜਿਸਟਰਡ ਕਰਵਾਇਆ ਹੈ, ਜਦ ਕਿ ਫ਼ਿਲਮ ਦਾ ਟਾਈਟਲ ਫ਼ਿਲਮ ‘ਵੀਰੇ ਕੀ ਵੈਡਿੰਗ’ ਦੇ ਨਿਰਮਾਤਾ ਡਾ: ਬਖ਼ਸ਼ੀ ਅਨੁਸਾਰ ਪਹਿਲਾਂ ਹੀ ਸਾਰੇ ਹੱਕਾਂ, ਟਰੇਡ ਮਾਰਕ ਸਮੇਤ ਇੰਡੀਅਨ ਫ਼ਿਲਮ ਐਂਡ ਟੀ.ਵੀ. ਪ੍ਰੋਡਿਊਸਰ ਕੌਂਸਲ ਤੋਂ ਰਜਿਸਟਰਡ ਕਰਵਾਇਆ ਜਾ ਚੁੱਕਾ ਸੀ, ਜਿਸ ਦਾ ਅੰਦਾਜਾ ਸ਼ਾਇਦ ਅਨਿਲ ਕਪੂਰ ਨੂੰ ਨਹੀਂ ਸੀ। ਹੁਣ ਵੀਰੇ ਦੀ ਵੈਡਿੰਗ’ ਬਣਾਉਣਗੇ ਅਨਿਲ ਕਪੂਰ ਅਤੇ ਫ਼ਿਲਮ ‘ਵੀਰੇ ਕੀ ਵੈਡਿੰਗ’ ਬਣਾਉਣਗੇ ਡਾ:ਰਾਜੇਸ਼ ਬਖ਼ਸ਼ੀ।
ਫ਼ਿਲਮ ‘ਵੀਰੇ ਕੀ ਵੈਡਿੰਗ’ ਛੇਤੀ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ‘ਮੇਕ ਮਾਈ ਡੇਅ ਐਂਟਰਟੇਨਮੈਂਟ’ ਦੇ ਬੈਨਰ ਹੇਠ ਆਸ਼ੂ ਤ੍ਰਿਖਾ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਵਿਚ ਜਿੰੰਮੀ ਸ਼ੇਰਗਿੱਲ ਤੋਂ ਇਲਾਵਾ ਹੀਰੋਇਨ ਕ੍ਰਿਤੀ ਖਰਬੰਦਾ, ਪਾਇਲ ਰਾਜਪੂਤ, ਪੁਲਕਿਤ ਸਮਰਾਟ, ਯੁਵਿਕਾ ਚੌਧਰੀ, ਸੋਨਲ (ਮਿਸ ਇੰਡੀਆ), ਮਿਸ ਜੋਤ ਅਰੋੜਾ, ਸ਼ਤੀਸ਼ ਕੌਸ਼ਿਕ, ਸੁਪ੍ਰਿਆ ਕਾਰਨਿਕ, ਜਸ਼ਨ ਸਿੰਘ ਅਤੇ ਅਨੀਤਾ ਕੁਲਕਰਨੀ ਵਿਸ਼ੇਸ਼ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਇਸ ਫ਼ਿਲਮ ਦਾ ਨਿਰਮਾਣ ਰਾਜੇਸ਼ ਬਖ਼ਸ਼ੀ, ਰਜਤ ਬਖ਼ਸ਼ੀ, ਚੰਦਨ ਬਖ਼ਸ਼ੀ ਅਤੇ ਪ੍ਰਮੋਦ ਗੋਬਰ ਨੇ ਮਿਲ ਕੇ ਕੀਤਾ ਹੈ। ਡਾ: ਰਾਜੇਸ਼ ਬਖ਼ਸ਼ੀ ਦੁਆਰਾ ਲਿਖਤ ਇਸ ਫ਼ਿਲਮ ਦੀ ਕਹਾਣੀ ਦਾ ਸਕ੍ਰੀਨ ਪਲੇਅ ਅਤੇ ਡਾਇਲਾਗ ਬਾਲੀਵੁੱਡ ਦੇ ਪ੍ਰਸਿੱਧ ਲੇਖਕ ਦਲੀਪ ਸ਼ੁਕਲਾ ਨੇ ਲਿਖੇ ਹਨ ਜੋ ਕਿ ਦਾਮਨੀ, ਘਾਇਲ, ਅੰਦਾਜ਼ ਅਪਨਾ ਅਪਨਾ ਅਤੇ ਦਬੰਗ ਜਿਹੀਆ ਫ਼ਿਲਮਾਂ ਲਿਖ ਚੁੱਕੇ ਹਨ। ਇਸ ਫ਼ਿਲਮ ਦਾ ਸੰਗੀਤ ਮੀਤ ਬ੍ਰਦਰਜ਼, ਜੈ ਦੇਵ ਕੁਮਾਰ, ਫਰਜ਼ਾਨ ਅਤੇ ਅਸ਼ੋਕ ਪੰਜਾਬੀ ਨੇ ਦਿੱਤਾ ਹੈ। ਗੀਤ ਫੈਜ਼ ਅਨਵਰ ਅਤੇ ਕੁਮਾਰ ਨੇ ਲਿਖੇ ਹਨ ਅਤੇ ਮੀਕਾ ਸਿੰਘ, ਨਵਰਾਜ ਹੰਸ, ਜਾਵੇਦ ਅਲੀ, ਨਕਾਸ਼ ਅਜ਼ੀਜ਼, ਸੁਨਿਧੀ ਚੌਹਾਨ ਅਤੇ ਨੇਹਾ ਕੱਕੜ ਨੇ ਗਾਏ ਹਨ।
ਮਨਾਲੀ, ਦਿੱਲੀ ਅਤੇ ਮੁੰਬਈ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਦਾ ਨਜ਼ਾਰਾ ਦਿੰਦੀ ਹੋਈ ਇਹ ਫ਼ਿਲਮ ਜਲਦੀ ਹੀ ਸਿਨੇਮਾ ਘਰਾਂ ਵਿਚ ਇਕ ਨਵਾਂ ਰੰਗ ਭਰਨ ਜਾ ਰਹੀ ਹੈ।
ਨਿਰਦੇਸ਼ਕ ਆਸ਼ੂ ਤ੍ਰਿਖਾ ਨੇ ਡੀ.ਓ.ਪੀ ਜੋਨੀ ਲਾਲ, ਫਾਇਟ ਮਾਸਟਰ ਅਬਾਸ ਅਲੀ ਮੁਗਲ, ਬਾਲੀਵੁੱਡ ਆਰਟ ਡਾਇਰੈਕਟਰ ਜੈਅੰਤ ਦੇਸ਼ਮੁੱਖ, ਡਾਂਸ ਡਾਇਰੈਕਟਰ ਬਾਸਕੋ ਸਿਜਰ, ਪੁੱਪੂ ਮਾਲੂ ਅਤੇ ਫਿਰੋਜ਼ ਏ ਖ਼ਾਨ ਜਿਹੀ ਦਿੱਗਜ ਟੀਮ ਨਾਲ ਮਿਲ ਕੇ ਇਸ ਫ਼ਿਲਮ ਨੂੰ ਇਕ ਯਾਦਗਾਰੀ ਫ਼ਿਲਮ ਬਣਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ।
ਪ੍ਰਮਾਤਮਾ ਸਫ਼ਲਤਾ ਦੇਵੇ।