ਭਾਰਤੀ ਮਿਊਜ਼ਿਕ ਇੰਡਸਟਰੀ ਵਿਚ ਲਗਾਤਾਰ ਨਵੀਆਂ-ਨਵੀਆਂ ਕੰਪਨੀਆਂ ਖੁੱਲ ਕੇ ਸਾਹਮਣੇ ਆ ਰਹੀਆਂ ਹਨ। ਜੋ ਲੋਕਾਂ ਦੇ ਮਨੋਰੰਜਨ ਲਈ ਨਵੇਂ ਤੋਂ ਨਵਾਂ ਸੰਗੀਤ ਦੇ ਰਹੀਆਂ ਹਨ। ਇਸੇ ਤਰ੍ਹਾਂ ਵੀ. ਐਸ. ਜੀ ਫ਼ਿਲਮਜ਼ ਮੁੰਬਈ ਨੇ ਆਪਣੀ ਵੀ. ਐਸ. ਜੀ ਮਿਊਜ਼ਿਕ ਕੰਪਨੀ ਖੋਲ੍ਹੀ ਹੈ, ਜਿਸ ਵਿਚ ਪੰਜਾਬੀ, ਹਿੰਦੀ, ਭੋਜਪੁਰੀ, ਗੁਜਰਾਤੀ, ਮਰਾਠੀ ਅਤੇ ਹੋਰ ਭਾਸ਼ਾਵਾਂ ਦੇ ਸੰਗੀਤ ਨੂੰ ਸੰਗੀਤ ਪ੍ਰੇਮੀਆਂ ਨੂੰ ਪਰੋਸਿਆ ਜਾਵੇਗਾ।
ਵੀ. ਐਸ. ਜੀ. ਫ਼ਿਲਮਜ਼ ਅਤੇ ਵੀ. ਐਸ.ਜੀ ਮਿਊਜ਼ਿਕ ਕੰਪਨੀ ਦੇ ਚੇਅਰਮੈਨ ਵਿਜੈ ਸ਼ੇਖਰ ਗੁਪਤਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਇਸ ਕੰਪਨੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਕਰ ਰਹੇ ਹਾਂ। ਮੁੰਬਈ ਮਾਇਆ ਨਗਰੀ ਬਾਲੀਵੁੱਡ ਵਿਚ ਪੰਜਾਬ ਦੇ ਲੋਕਾਂ ਨੇ ਆਪਣੀ ਕਾਫ਼ੀ ਚੰਗੀ ਭੂਮਿਕਾ ਨਿਭਾਈ ਹੈ, ਚਾਹੇ ਉਹ ਅਦਾਕਾਰੀ, ਗਾਇਕੀ ਜਾਂ ਸੰਗੀਤਕਾਰੀ ਹੋਵੇ ਸਭ ਵਿਚ ਪੰਜਾਬੀਆਂ ਨੇ ਆਪਣਾ ਹੀ ਨਹੀਂ ਬਲਕਿ ਆਪਣੇ ਪੰਜਾਬ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਅੱਜ ਕੱਲ ਅਸੀਂ ਵੇਖ ਰਹੇ ਹਾਂ ਕਿ ਫ਼ਿਲਮ ਚਾਹੇ ਕਿਸੇ ਵੀ ਭਾਸ਼ਾ ਵਿਚ ਬਣੇ ਪਰ ਉਹਦੇ ਵਿਚ ਪੰਜਾਬੀ ਸੰਗੀਤ, ਪੰਜਾਬੀ ਕਲਚਰ ਵੇਖਣ ਅਤੇ ਸੁਣਨ ਨੂੰ ਮਿਲਦਾ ਹੈ। ਇਸ ਲਈ ਅਸੀਂ ਲੋਕ ਆਪਣੀ ਮਿਊਜ਼ਿਕ ਕੰਪਨੀ ਦੀ ਸ਼ੁਰੂਆਤ ਪੰਜਾਬ ਤੋਂ ਹੀ ਕਰ ਰਹੇ ਹਾਂ, ਜਿਸ ਵਿਚ ਸਾਡੀ ਕੰਪਨੀ ਦੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਕਲਾਕਾਰ ਸੰਗੀਤ ਇੰਡਸਟਰੀ ਤੋਂ ਹਨ, ਉਨ੍ਹਾਂ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆ ਸਕੇ। ਮੁੰਬਈ ਤੋਂ ਕੁਝ ਗਾਇਕਾਂ ਦੇ ਗੀਤ ਅਸੀਂ ਰਿਕਾਰਡ ਵੀ ਕਰ ਰਹੇ ਹਾਂ, ਜਿਸ ਵਿਚ ਗਾਇਕਾ ਜਸਪਿੰਦਰ ਨਰੂਲਾ, ਲਖਵਿੰਦਰ ਵਡਾਲੀ, ਮਾਸਟਰ ਸਲੀਮ, ਰਾਂਸੀ ਰੰਗਾ, ਅਸ਼ੋਕ ਮਸਤੀ ਅਤੇ ਮਿਸ ਪੂਜਾ ਹੈ। ਵੀ. ਐਸ. ਜੀ. ਫ਼ਿਲਮਜ਼ ਵੱਲੋਂ ਕਾਫ਼ੀ ਹਿੰਦੀ, ਪੰਜਾਬੀ ਤੇ ਹੋਰ ਫ਼ਿਲਮਾਂ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ ਜੋ ਵੀ ਗਾਇਕ ਦੀ ਆਵਾਜ਼ ਫ਼ਿਲਮਾਂ ਦੇ ਪ੍ਰਤੀ ਚੰਗੀ ਹੋਵੇਗੀ, ਉਨ੍ਹਾਂ ਨੂੰ ਫ਼ਿਲਮਾਂ ਵਿਚ ਗਾਉਣ ਦਾ ਮੌਕਾ ਵੀ ਮਿਲੇਗਾ। ਇਸ ਮੌਕੇ ‘ਤੇ ਹਰਿੰਦਰ ਕਿੰਗ, ਦਲਜੀਤ ਅਰੋੜਾ, ਹਰਿੰਦਰ ਸੋਹਲ, ਬਲਵਿੰਦਰ ਸਿੰਘ ਪੱਖੋਕੇ, ਕਾਲਾ ਨਿਜ਼ਾਮਪੁਰੀ, ਕਵਲਜੀਤ ਪ੍ਰਿੰਸ, ਵੀ. ਐਸ. ਜੀ. ਮਿਊਜ਼ਿਕ ਕੰਪਨੀ ਪੰਜਾਬ ਦੇ ਮੈਨੇਜਰ ਸਵਿੰਦਰ ਸਿੰਘ ਵੀ ਮੌਜੂਦ ਸਨ।