ਇਹ ਮੇਰੀਆਂ ਹੁਣ ਤੱਕ ਵੇਖੀਆਂ ਵੈਬ-ਸੀਰੀਜ਼ ਵਿੱਚੋਂ ਸਭ ਤੋਂ ਵਧੀਆ ਹੈ। ਮੇਰੇ ਕੋਲ ਇਸ ਦੀ ਤਰੀਫ਼ ਜੋਗੇ ਸ਼ਬਦ ਨਹੀਂ। ਮੈਂ ਇਸ ਸੀਰੀਜ਼ ਨੂੰ ਇੱਕ ਨਿਰਦੇਸ਼ਕ ਦੀ ਸਿਰਜਣਾਤਮਿਕਤਾ ਦੀ ਸਿਖਰ ਕਹਿ ਸਕਦਾ ਹਾਂ। ਸਿਰਫ਼ ਚਾਰ ਐਪੀਸੋਡ ਦੀ ਇਸ ਸੀਰੀਜ਼ ਦੇ ਲੱਗਭਗ ਸਾਰੇ ਐਪੀਸੋਡ ਇੱਕੋ ਕੱਟ ਵਿੱਚ ਫਿਲਮਾਏ ਗਏ ਹਨ। ਜਿਵੇਂ ਮੰਚ ‘ਤੇ ਨਾਟਕ ਹੁੰਦਾ ਹੈ। ਇਸ ਦੌਰਾਨ ਕੈਮਰਾ ਕਮਰਿਆਂ ਦੇ ਅੰਦਰ ਬਾਹਰ ਜਾਂਦਾ ਹੈ। ਕਾਰਾਂ ਨਾਲ ਮੂਵ ਹੁੰਦਾ ਹੈ। ਹਵਾ ਵਿੱਚੋਂ ਦ੍ਰਿਸ਼ ਵਿਖਾਉਂਦਾ ਹੈ। ਤੇ ਕਮਾਲ ਇਹ ਕਿ ਇਸ ਦੌਰਾਨ ਅਦਾਕਾਰ ਲਗਾਤਾਰ ਕਿਰਦਾਰ ਵਿੱਚ ਰਹਿੰਦੇ ਹਨ। ਰੰਗਮੰਚ ਪੇਸ਼ਕਾਰੀ ਵਾਂਗ ਸੰਵਾਦ ਬੋਲਦੇ ਹਨ ਤੇ ਇੱਕ ਤੋਂ ਬਾਅਦ ਇੱਕ ਭਾਵ ਸਿਰਜਦੇ ਹਨ। ਕਿੰਨੇ ਪਲ ਆਉਂਦੇ ਹਨ ਜਦੋਂ ਉਹ ਤੁਹਾਨੂੰ ਨਿੱਤ-ਜੀਵਨ ਦੀਆਂ ਆਮ ਜਿਹੀਆਂ ਤੇ ਫਾਲਤੂ ਗੱਲਾਂ ਕਰਦੇ ਲੱਗਦੇ ਹਨ। ਪਿੰਡਾਂ ਖੁਰਕਦੇ ਅਤੇ ਇਸ ਤਰ੍ਹਾਂ ਰੋਂਦੇ ਹੱਸਦੇ ਹਨ ਕਿ ਤੁਹਾਨੂੰ ਲੱਗਦਾ ਹੈ, ਤੁਸੀਂ ਫਿਲਮ ਨਹੀਂ, ਜੀਵਨ ਵੇਖ ਰਹੇ ਹੋ। ਇਹ ਪੇਸ਼ਕਾਰੀ ਬੜੀ ਤਾਕਤ ਨਾਲ ਸਿਨੇਮਾ ਦੇ ਇਸ ਸਿਧਾਂਤ ਤੋਂ ਤੋੜਦੀ ਹੈ ਕਿ ਇੱਥੇ ਚੀਜਾਂ ‘ਪ੍ਰੈਜੈਂਟ’ ਨਹੀਂ, ‘ਰੀਪ੍ਰੈਜੈਂਟ’ ਕੀਤੀਆਂ ਜਾਂਦੀਆਂ ਹਨ। ਕੋਈ ਸਟਾਈਲ ਨਹੀਂ, ਕੋਈ ਹੀਰੋਗਿਰੀ ਜਾਂ ਕਲੀਸ਼ੇ ਨਹੀਂ। ਸਭ ਕੁਝ ਇੰਨਾ ਸੁਭਾਵਿਕ ਜਾਪਦਾ ਹੈ ਕਿ ਤੁਸੀਂ ਹਰ ਭਾਵ ਨੂੰ ਖੁਦ ਹੰਢਾਉਂਦੇ ਹੋ।
ਮਿੱਲਰ ਪਰਿਵਾਰ ਦੇ 13 ਸਾਲ ਦੇ ਮੁੰਡੇ ਜੇਮੀ ਨੂੰ ਆਪਣੀ ਇੱਕ ਸਹਿਪਾਠਣ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬੱਸ, ਸਾਰੀ ਕਹਾਣੀ ਇਹੀ ਹੈ। ਜੇਮੀ ਨਾਲ ਕੀ ਗੁਜ਼ਰ ਰਹੀ ਹੈ ਤੇ ਉਸਦੇ ਪਰਿਵਾਰ ਨਾਲ ਕੀ। ਮਾਂ, ਪਿਓ, ਭੈਣ ਤੇ ਖੁਦ ਜੇਮੀ…. ਹਰ ਕੋਈ ਦੂਜੇ ਦਾ ਸੋਚ ਕੇ ਖੁਦ ਨੂੰ ਤਾਕਤਵਰ ਵਿਖਾਉਣਾ ਚਾਹੁੰਦਾ ਹੈ ਪਰ ਅੰਦਰ ਵੜ ਕੇ ਹਰ ਕੋਈ ਰੋਂਦਾ ਹੈ। ਜੇਮੀ ਦੇ ਕਿਰਦਾਰ ਵਿੱਚ ਓਵੇਨ ਕੂਪਰ ਦੀ ਭਾਵੇਂ ਇਹ ਪਹਿਲੀ ਪ੍ਰੋਫੈਸ਼ਨਲ ਐਕਟਿੰਗ ਹੈ ਪਰ ਤੀਜੇ ਅੰਕ ਵਿੱਚ ਜਿਵੇਂ ਲਗਾਤਾਰ ਇੱਕ ਤੋਂ ਬਾਅਦ ਇੱਕ ਭਾਵ ਜਿਉਂਦਾ ਉਹ ਆਪਣੀ ਕਲੀਨੀਕਲ ਸਾਇਕੋਲੋਜਿਸਟ ਨਾਲ ਬਹਿਸਦਾ ਹੈ, ਉਹ ਵੀ ਅਦਾਕਾਰੀ ਦੀ ਸਿਖਰ ਹੈ। ਪਿਤਾ ਦੇ ਕਿਰਦਾਰ ਵਿੱਚ ਸਟੀਫਨ ਗ੍ਰਾਹਮ ਸ਼ੁਰੂ ਆਪਣੇ ਫਲੈਟ ਜਿਹੇ ਚਿਹਰੇ ਕਾਰਣ ਗਲਤ ਚੋਣ ਲੱਗਦਾ ਹੈ ਪਰ ਚੌਥੇ ਅੰਕ ਵਿੱਚ ਜਦੋਂ ਉਸਦੇ ਅੰਦਰ ਦਾ ਗੁੱਸਾ ਤੇ ਗਮ ਬਾਹਰ ਆਉਂਦੇ ਹਨ, ਤੁਸੀਂ ਲਾਜਵਾਬ ਹੋ ਜਾਂਦੇ ਹੋ। ਖੂਬਸੂਰਤ ਗੱਲ ਇਹ, ਤੁਹਾਨੂੰ ਫਿਲਮ ਵਿੱਚ ਇੱਕ ਵੀ ਅਦਾਕਾਰ ਨਹੀਂ ਲੱਭਦਾ। ਸਾਰੇ ਕਿਰਦਾਰ ਨਜ਼ਰ ਆਉਂਦੇ ਹਨ।
ਨੈੱਟ ਤੇ ਸਰਚ ਕਰਨ ‘ਤੇ ਪਤਾ ਲੱਗਾ, ਇੱਕ-ਇੱਕ ਐਪੀਸੋਡ ਲਈ ਤਿੰਨ-ਤਿੰਨ ਹਫ਼ਤੇ ਰਿਹਰਸਲ ਕੀਤੀ ਜਾਂਦੀ ਸੀ ਤੇ ਨਾਟ-ਪੇਸ਼ਕਾਰੀ ਵਾਂਗ ਅਦਾਕਾਰਾਂ ਨੂੰ ਸਾਰੇ ਸੰਵਾਦ ਯਾਦ ਸਨ। ਦ੍ਰਿਸ਼ਾਂ ਦੀ ਬਲੌਕਿੰਗ ਕੀਤੀ ਗਈ ਜਿਸ ਦੀ ਕੈਮਰਾਮੈਨ ਅਤੇ ਤਕਨੀਸ਼ਨਾਂ ਸਮੇਤ ਹਰ ਕੋਈ ਰਿਹਰਸਲ ਕਰਦਾ ਸੀ। ਐਪੀਸੋਡ 2 ਦੇ 13 ਟੇਕ ਹੋਏ। ਐਪੀਸੋਡ 3 ਦੇ 11 ਅਤੇ ਐਪੀਸੋਡ 4 ਦੇ ਪੂਰੇ 16 ਟੇਕ। ਤਾਂ ਕਿ ਦ੍ਰਿਸ਼ ਦੀ ਮੂਵਮੈਂਟ ਵਿੱਚ ਕੋਈ ਫਾਲਤੂ ਜਣਾ ਨਜ਼ਰ ਨਾ ਆਵੇ, ਸੋ ਕੈਮਰੇ ਦੇ ਦੂਜੇ ਪਾਸੇ ਜਾਂਦਿਆਂ ਹੀ ਅਦਾਕਾਰ ਹੀ ਤਕਨੀਸ਼ਨ ਬਣ ਜਾਂਦੇ ਸਨ। ਚੱਲਦੇ ਦ੍ਰਿਸ਼ ਵਿੱਚ ਕੈਮਰਾਮੈਨ ਬਦਲ ਜਾਂਦੇ ਸਨ।
ਇਹ ਸੀਰੀਜ਼ ਰੰਗਮੰਚ ਅਤੇ ਫਿਲਮ ਕਲਾ ਦਾ ਸ਼ਾਨਦਾਰ ਸੁਮੇਲ ਹੈ। ਜੇ ਤੁਸੀਂ ਸਕਰਿਪਟ ਲੇਖਣੀ, ਨਿਰਦੇਸ਼ਨ ਅਤੇ ਅਦਾਕਾਰੀ ਦੀ ਅਸਲੀ ਤਾਕਤ ਵੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੀਰੀਜ਼ ।
Written By: Pali Bhupinder Singh
From @palibhupindersingh fb wall