ਮਿੰਟੂ ਗੁਰੂਸਰੀਆ ਤੇ ਬਾਇਓਪਿਕ ‘ਡਾਕੂਆਂ ਦਾ ਮੁੰਡਾ’
10 ਅਗਸਤ ਨੂੰ ਹੋਵੇਗੀ ਰਿਲੀਜ਼
‘ਡਾਕੂਆਂ ਦੇ ਮੁੰਡੇ’ ਤੋਂ ਇਕ ਆਮ ਜਾਗਰੂਕ ਸ਼ਹਿਰੀ ਬਣ, ਆਪਣੇ ਤੇ ਬਾਇਓਪਿਕ (ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’) ਤੱਕ ਦਾ ਸਫ਼ਰ ਤਹਿ ਕਰਨ ਵਾਲਾ ਮਿੰਟੂ ਗੁਰੂਸਰੀਆ, ਅੱਜ ਆਪਣੀ ਇੱਛਾ ਸ਼ਕਤੀ ਨਾਲ ਕਾਬੂ ਤੋਂ ਬਾਹਰ ਹੋ ਚੁੱਕੇ ਆਪੇ ’ਤੇ ਜਿੱਤ ਪ੍ਰਾਪਤ ਕਰਨ ਲਈ ਇਕ ਵੱਡੀ ਉਦਾਹਰਨ ਬਣ ਚੁੱਕਾ ਹੈ, ਕਿਉਂ ਕਿ ਸਭ ਤੋਂ ਵੱਡੀ ਜਿੱਤ ਆਪਣਾ ਮਨ ਜਿੱਤਣਾ ਹੀ ਹੁੰਦਾ ਹੈ। ਆਪਣੀ ਇਸ ਜਿੱਤ ਸਦਕਾ ਹੀ ਮਿੰਟੂ ਸਿਰਫ਼ ਆਪਣੀ ਕੁੱਲ ’ਤੇ ਲੱਗੇ ‘ਬਲੈਕੀਏ’ ਤੇ ‘ਡਾਕੂ’ ਵਰਗੇ ਧੱਬਿਆਂ ਨੂੰ ਧੋਣ ਵਿਚ ਹੀ ਨਹੀਂ, ਸਗੋਂ ਨਸ਼ਿਆਂ ਦੀ ਲਤ ਵਰਗੀ ਨਾਮੁਰਾਦ ਬੀਮਾਰੀ ਵਿੱਚੋਂ ਗਲ ਤੱਕ ਡੁੱਬਣ ਤੋਂ ਬਾਅਦ ਵੀ, ਇਸ ਦਲਦਲ ਨੂੰ ਮਾਤ ਦੇ ਕੇ ਉਸਾਰੂ ਜ਼ਿੰਦਗੀ ਦਾ ਪੱਲਾ ਫੜ੍ਹਨ ’ਚ ਵੀ ਕਾਮਯਾਬ ਹੋਇਆ ਹੈ। ਮਿੰਟੂ ਨੂੰ ਜ਼ਿੰਦਗੀ ਨੇ ਬਚਪਨ ਤੋਂ ਹੀ ਸਖ਼ਤ ਇਮਤਿਹਾਨਾਂ ਵਿਚ ਪਾਉਣਾ ਸ਼ੁਰੂ ਕਰ ਦਿੱਤਾ ਸੀ। 9 ਕੁ ਸਾਲਾਂ ਦੀ ਬਾਲੜੀ ਉਮਰੇ ਉਸ ’ਤੇ ਖਾੜਕੂ ਪੱਖੀ ਹੋਣ ਦਾ ਕੇਸ ਦਰਜ ਹੋਇਆ, ਜਦੋਂ ਕਿ ਇਸ ਉਮਰ ’ਚ ਬੱਚਾ ਬੇਸੋਝ ਹੁੰਦਾ। ਉਹ ਇਕ ਵਧੀਆ ਵਿਦਿਆਰਥੀ, ਵਧੀਆ ਖਿਡਾਰੀ ਵੀ ਰਿਹਾ ਪਰ ਜ਼ਿੰਦਗੀ ਨੇ ਆਪਣੇ ਰਾਹ ਉਸ ਲਈ ਇੰਨੇ ਪੱਧਰੇ ਨਹੀਂ ਸਨ ਚੁਣੇ, ਸੋ ਉਹ ਨਸ਼ਿਆਂ ਦੀ ਮਾਰ ਹੇਠ ਆ ਗਿਆ। 17-18 ਸਾਲ ਰੱਜ ਕੇ ਨਸ਼ੇ ਕੀਤੇ, ਲੁੱਟਾਂ-ਖੋਹਾਂ, ਕੁੱਟ-ਮਾਰ ਤੇ ਹੋਰ ਪਤਾ ਨਹੀਂ, ਕਿਹੜੇ-ਕਿਹੜੇ ਵਿੰਗੇ-ਟੇਢੇ ਰਾਹਾਂ ਤੋਂ ਗੁਜ਼ਰਦੇ ਹੋਏ ਚੰਗੇ-ਮਾੜੇ ਤਜ਼ਰਬੇ ਕਰਦਾ, ਰਿਸ਼ਤੇਦਾਰਾਂ, ਪਿੰਡ ਵਾਲਿਆਂ ਤੇ ਦੋਸਤਾਂ ਮਿੱਤਰਾਂ ਦੀ ਨਫ਼ਰਤ ਦਾ ਪਾਤਰ ਬਣਦਾ ਗਿਆ। ਉਸਦੀਆਂ ਗਲਤੀਆਂ ਕਰਕੇ ਉਸ ਦਾ ਬਾਪ ਜ਼ਿੰਦਗੀ ਨੂੰ ਸਮੇਂ ਤੋਂ ਪਹਿਲਾਂ ਹੀ ਅਲਵਿਦਾ ਆਖ ਗਿਆ। ਪਰਿਵਾਰ ਤਹਿਸ-ਨਹਿਸ ਹੋ ਗਿਆ। ਉਸਦੇ ਪਰਿਵਾਰ ਨੇ ਇਕ ਵੱਡਾ ਸ਼ਰਾਪ ਹੰਢਾਇਆ। ਸਭ ਤੋਂ ਖਤਰਨਾਕ ਪੜਾਅ ਇਹ ਸੀ ਕਿ ਉਸ ਦੀ ਸਵੈ-ਮਾਣ ਨਾਲ ਭਰੀ ਮਾਂ ਨੂੰ ਕੱਖੋਂ ਹੌਲੀ ਹੋ ਕੇ ਉਸ ਲਈ ਨਸ਼ੇ ਮੰਗਣ ਦਰ-ਦਰ ਜਾਣਾ ਪਿਆ, ਕਿਉਂ ਕਿ ਲੱਤ ’ਤੇ ਸੱਟ ਲੱਗਣ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ ਸੀ ਪਰ ਇਹ ਸੱਟ ਉਸ ਲਈ ਇਕ ਵੱਡਾ ਮੋੜ ਸਾਬਤ ਹੋਈ। ਉਹ ਮੰਜੇ ’ਤੇ ਪਿਆ ਕਿਤਾਬਾਂ ਪੜ੍ਹਨ ’ਚ ਰੁਚੀ ਲੈਣ ਲੱਗਿਆ ਤੇ ਇਸੇ ਦੌਰਾਨ ਹੀ ਉਸ ਨੂੰ ਚੰਗੇ-ਮਾੜੇ ’ਚ ਫ਼ਰਕ ਕਰਨ ਦੀ ਸੋਝੀ ਆਈ ਤੇ ਉਸ ਨੇ ਸਵੈ-ਸੁਧਾਰ ਲਈ ਕੋਸ਼ਿਸ਼ ਸ਼ੁਰੂ ਕੀਤੀ। ਇਸ ਕੋਸ਼ਿਸ਼ ਵਿਚ ਸਭ ਤੋਂ ਵੱਡਾ ਰੋਲ ਉਸ ਦੀ ਮਾਂ ਤੇ ਘਰਵਾਲੀ ਦਾ ਰਿਹਾ। ਉਹ ਆਪਣੇ ਆਪ ਨੂੰ ਡੂੰਘੇ ਤੇ ਹਨੇਰੇ ਖੂਹ ਵਿਚ ਡਿੱਗਿਆ ਮਹਿਸੂਸ ਕਰ ਰਿਹਾ ਸੀ, ਜਿਸ ਵਿਚ ਉਸ ਦੇ ਪਰਿਵਾਰ ਨੇ ਉਮੀਦ ਨਹੀਂ ਛੱਡੀ ਅਤੇ ਉਸ ਨੂੰ ਬਾਹਰ ਕੱਢਣ ਲਈ ਦਿਲੋਂ ਆਪਣੀ ਪੂਰੀ ਵਾਹ ਲਾ ਦਿੱਤੀ ਤੇ ਇਹ ਕੋਸ਼ਿਸ਼ ਕਾਮਯਾਬ ਹੋਈ।
ਮਿੰਟੂ ਨੂੰ ਗਿਲਾ ਹੈ ਕਿ ਭਾਵੇਂ ਅੱਜ ਕੁਝ ਕੁ ਲੋਕ ਉਸ ਪ੍ਰਤੀ ਰਵੱਈਆ ਬਦਲ ਚੁੱਕੇ ਹਨ ਪਰ ਜ਼ਿਆਦਾਤਰ ਲੋਕ ਅਜੇ ਵੀ ਉਸ ਪ੍ਰਤੀ ਨਕਾਰਤਮਕ ਸੋਚ ਰੱਖਦੇ ਹਨ। ਸਮਾਜ ਕਦੀ ਵੀ ਮਾੜੇ ਰਾਹ ਤੋਂ ਚੰਗੇ ਰਾਹ ਵੱਲ ਤੁਰਨ ਵਾਲਿਆਂ ਨੂੰ ਉਨ੍ਹਾਂ ਖੁੱਲਦਿਲੀ ਨਾਲ ਉਤਸ਼ਾਹਿਤ ਨਹੀਂ ਕਰਦਾ, ਜਿੰਨੀ ਸ਼ਿੱਦਤ ਨਾਲ ਬੁਰੇ ਨੂੰ ਨਿਰਉਤਸ਼ਾਹਿਤ ਕਰਦਾ ਹੈ। ਉਹ ਖੁਸ਼ ਹੈ ਕਿ ਉਸ ਨੇ ‘ਡਾਕੂਆਂ ਦੇ ਮੁੰਡੇ’ ਤੋਂ ਆਪਣੀ ਪਛਾਣ ‘ਮਿੰਟੂ ਗੁਰੂਸਰੀਆ’ ਦੇ ਨਾਮ ਨਾਲ ਕਰਵਾ ਲਈ ਹੈ। ਉਸ ਨੇ ਆਪਣੀ ਜ਼ਿੰਦਗੀ ’ਤੇ ਇਕ ਕਿਤਾਬ ਲਿਖੀ, ਜਿਸਦਾ ਮਕਸਦ ਕੁਰਾਹੇ ਪਈ ਜਵਾਨੀ ਨੂੰ ਲੀਹ ਤੇ ਲਿਆਉਣ ਦੀ ਕੋਸ਼ਿਸ਼ ਸੀ। ਇਹ ਕਿਤਾਬ ਐਸੀ ਹਰਮਨ ਪਿਆਰੀ ਹੋਈ ਕਿ ਉਸ ੳੁੱਤੇ ਫ਼ਿਲਮ ਬਣ ਗਈ ਹੈ। ਕਿਤਾਬ ਲਿਖਣ ਲਈ ਉਸ ਦੀ ਪਤਨੀ ਨੇ ਉਸ ਨੂੰ ਉਤਸ਼ਾਹਿਤ ਕੀਤਾ, ਭਾਵੇਂ ਕਿ ਕੁਝ ਲੋਕਾਂ ਵੱਲੋਂ ਉਸ ਨੂੰ ਕਿਤਾਬ ਲਿਖਣੋਂ ਵਰਜਿਆ ਵੀ ਗਿਆ ਸੀ। ਮਿੰਟੂ ਦਾ ਮੰਨਣਾ ਹੈ ਕਿ ਜੇ ਮਨ ਵਿਚ ਪੱਕਾ ਧਾਰ ਲਿਆ ਜਾਵੇ ਤਾਂ ਅਸੰਭਵ ਨੂੰ ਸੰਭਵ ਕਰਨਾ ਮੁਸ਼ਕਲ ਨਹੀਂ। ਜ਼ਿੰਦਗੀ ’ਚ ਉਮੀਦ ਨੂੰ ਕਦੇ ਨਾ ਮਰਨ ਦਿਓ। ਸਕਾਰਤਮਿਕ ਸੋਚ ਤੇ ਚੜ੍ਹਦੀ ਕਲਾ ’ਚ ਰਹਿਣ ਵਾਲਾ ਇਨਸਾਨ ਜੋ ਚਾਹਵੇ, ਕਰ ਸਕਦਾ ਹੈ ਤੇ ਇਸੇ ਚੜ੍ਹਦੀ ਕਲਾ ਨੇ ਉਸ ਨੂੰ ਮੌਤ ਦੇ ਮੂੰਹੋਂ ਕੱਢ ਕੇ ਦੁਬਾਰਾ ਜ਼ਿੰਦਗੀ ਦੇ ਰੂ-ਬੁਰੂ ਕੀਤਾ ਹੈ ਤੇ ਉਹ ਆਪਣੀ ਸ਼ਖ਼ਸੀਅਤ ’ਤੇ ਲੱਗੇ ਬਦਨਾਮੀ ਦੇ ਦਾਗ ਧੋ ਕੇ ਦੁਬਾਰਾ ਇਕ ਇੱਜ਼ਤਦਾਰ ਜ਼ਿੰਦਗੀ ਜਿਊਣ ਦੇ ਕਾਬਲ ਹੋ ਸਕਿਆ ਹੈ। ਅਦਾਰਾ ‘ਪੰਜਾਬੀ ਸਕਰੀਨ’ ਨੂੰ ਸ਼ਾਬਾਸ਼ ਦਿੰਦੇ ਹੋਏ ਮਿੰਟੂ ਗੁਰੂਸਰੀਆ ਨੇ ਕਿਹਾ ਕਿ ਅੱਜ ਵੀ ਪ੍ਰਿੰਟ ਮੀਡੀਆ ਨਾਲ ਜੁੜੇ ਰਹਿਣਾ ਇਕ ਵੱਡਾ ਉੱਦਮ ਹੈ ਤੇ ਉਨ੍ਹਾਂ ਨੇ ਪਾਠਕਾਂ ਨੂੰ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਉੱਦਮ ਕਰਦੇ ਰਹਿਣ ਦਾ ਸੁਨੇਹਾ ਦਿੱਤਾ।
-ਦੀਪ ਗਿੱਲ ਪਾਂਘਲੀਆ।