(ਪੰ:ਸ) 1 ਜੁਲਾਈ 2021: ਬੀਤੇ ਦਿਨੀ ਹੋਂਦ ਵਿਚ ਆਈ ਸਾਬਤ ਸੂਰਤ ਸਿਨੇ ਆਰਟਿਸਟ ਫੈਡਰੇਸ਼ਨ ਦਾ ਇਕ ਵਫਦ ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲਿਆ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਚੇਅਰਮੈਨ ਮਹਾਂਬੀਰ ਸਿੰਘ ਭੁੱਲਰ ਅਤੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਆਪਣੇ ਇਸ ਸੰਗਠਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਾਣੂ ਕਰਵਾਉਣਾ ਅਤੇ ਸਾਬਤ ਸੂਰਤ ਰੱਖ ਕੇ ਕਲਾ ਖੇਤਰ ਦੀ ਦੁਨੀਆਂ ਵਿਚ ਵਿਚਰ ਰਹੇ ਕਲਾਕਾਰਾਂ ਦੇ ਸਿਨੇ ਵਰਲਡ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦੇਣਾ ਵੀ ਸੀ । ਅੱਜ ਦੀ ਗੱਲ ਬਾਤ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਮੀਤ ਪ੍ਰਧਾਨ ਦਲਜੀਤ ਸਿੰਘ ਅਰੋੜਾ ਅਤੇ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਫ਼ਦ ਵਲੋਂ ਪ੍ਰਧਾਨ ਜੀ ਨੂੰ ਦਿੱਤੇ ਸੁਝਾਵਾਂ ਵਿਚ , ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਵਿਚ ਫਿਲਮਾਂ ਦੀ ਸ਼ੂਟਿੰਗ ਲਈ ਪੱਕੇ ਨਿਯਮਾਂ ਤਹਿਤ ਸਿੰਗਲ ਵਿੰਡੋ ਰਾਹੀਂ ਮੁਕਰਰ ਸਮੇਂ ਵਿਚ ਮਨਜੂਰੀ ਦੇਣਾ, ਸਿਨੇਮਾ ਵਰਲਡ ਵਿਚ ਸਾਬਤ ਸੂਰਤ ਕਲਾਕਾਰਾਂ ਵਲੋਂ ਲੰਮੇ ਸਮੇਂ ਤੋਂ ਪਾਏ ਜਾ ਰਹੇ ਯੋਗਦਾਨ ਲਈ ਉਨਾਂ ਨੂੰ ਸਿਨੇਮਾ ਅਤੇ ਸੱਭਿਆਚਾਰ ਨਾਲ ਸਬੰਧਤ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਸਨਮਾਨਿਤ ਕਰਨਾ, ਧਾਰਮਿਕ ਫਿਲਮਾਂ ਲਈ ਉਤਸ਼ਾਹਿਤ ਕਰਨਾ, ਸ਼੍ਰੋਮਣੀ ਕਮੇਟੀ ਵਲੋਂ ਬਣਾਈਆਂ ਜਾਣ ਵਾਲੀਆਂ ਧਾਰਮਿਕ ਫਿਲਮਾਂ ਅਤੇ ਹੋਰ ਮਲਟੀ ਮੀਡੀਆ ਪ੍ਰੋਗਰਾਮਾਂ ਵਿਚ ਸਾਬਤ ਸੂਰਤ ਕਲਾਕਾਰਾਂ ਦੀ ਸ਼ਮੂਲੀਅਤ ਤੋਂ ਫੈਡਰੇਸ਼ਨ ਵਲੋਂ ਆਰੰਭੇ ਸਮਾਜਿਕ ਭਲਾਈ ਤੇ ਕਲਾਕਾਰਾਂ ਦੀ ਮਦਦ ਜਿਹੇ ਟਿਚਿਆਂ ਵਿਚ ਉਨਾਂ ਦੀ ਨੈਤਿਕ ਸਹਾਇਤਾ ਕਰਨਾ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।
ਮੀਟਿੰਗ ਲਈ ਮਿਲੇ ਖੁੱਲ੍ਹੇ ਸਮੇਂ ਅਤੇ ਸਿਨੇਮਾ ਨਾਲ ਜੁੜੇ ਸਿੱਖ ਅਦਾਕਾਰਾਂ ਬਾਰੇ ਹੋਈਆਂ ਖੁੱਲ੍ਹੀਆਂ ਵਿਚਾਰਾਂ ਵਿਚ ਬੀਬੀ ਜਗੀਰ ਕੌਰ ਨੇ ਕਲਾਕਾਰਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਹਰ ਤਰਾਂ ਦੀ ਸੰਭਵ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦੇਣ ਉਪਰੰਤ ਸਾਰੇ ਕਲਾਕਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਅੱਜ ਦੀ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਫਤਿਹਗੜ੍ਹ ਸਾਹਿਬ ਤੋ ਆਏ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਤੋਂ ਇਲਾਵਾ ਸੰਸਥਾ ਦੇ ਕਾਰਜਕਾਰੀ ਮੈਂਬਰ ਬਲਜਿੰਦਰ ਸਿੰਘ ਦਾਰਾਪੁਰੀ,ਸੁਖਬੀਰ ਸਿੰਘ ਬਾਠ, ਜਸਵਿੰਦਰ ਸਿੰਘ ਸ਼ਿੰਦਾ, ਰਜਿੰਦਰ ਸਿੰਘ ਨਾਢੂ, ਗਗਨਦੀਪ ਸਿੰਘ ਗੁਰਾਇਆ, ਜਤਿੰਦਰ ਸਿੰਘ ਜੀਤੂ, ਗੁਰਜੋਤ ਸਿੰਘ ਅਤੇ
ਤਰਵਿੰਦਰ ਸਿੰਘ ਹਾਜ਼ਰ ਸਨ।