“ਫ਼ਿਲਮ ਸਮੀਖਿਆ #filmreview
ਸਾਰਥਕ ਸਿਨੇਮਾ ਦੀ ਬਿਹਤਰੀਨ ਪੇਸ਼ਕਾਰੀ ਹੈ
“ਮੇਰੀ ਪਿਆਰੀ ਦਾਦੀ”
-ਦਲਜੀਤ ਸਿੰਘ ਅਰੋੜਾ
🎞🎞🎞🎞
ਜੌਨਰ
—
ਲੇਖਕ-ਨਿਰਦੇਸ਼ਕ ‘ਤਾਜ’ ਦੀ ਇਸ ਸਿੱਧੀ-ਸਾਦੀ ਸਮਾਜਿਕ ਕਹਾਣੀ ਦਾ ਜੌਨਰ ਬਿਆਨ ਕਰਨ ਲਈ ਤਾਂ ਫ਼ਿਲਮ ਦਾ ਟਾਈਟਲ ਹੀ ਕਾਫੀ ਹੈ।
ਕਹਾਣੀ-ਸਕਰੀਨ ਪਲੇਅ
————
ਮੂਲ ਨਾਲੋਂ ਵਿਆਜ ਪਿਆਰਾ ਦੀ ਕਹਾਵਤ ਨੂੰ ਜਸਟੀਫਾਈ ਕਰਦਿਆਂ
ਦਾਦੀ-ਪੋਤੇ ਦੇ ਗੂੜੇ ਅਤੇ ਜਜ਼ਬਾਤੀ ਰਿਸ਼ਤਿਆਂ ਨਾਲ ਜੋੜ ਕੇ ਘੜੀ ਗਈ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਨੂੰ ਸੁਚੱਜੇ ਸਮਾਜ ਅਤੇ ਵਿਸ਼ੇਸਕਰ ਇਕ ਸਾਰਥਕ ਉਦਹਾਰਣਯੋਗ ਪਰਿਵਾਰ ਦੀਆਂ ਅਸਲ ਕਦਰਾ-ਕੀਮਤਾਂ ਵਿਖਾਉਂਦਿਆਂ, ਪੇਸ਼ ਕੀਤਾ ਜਾਣਾ ਜਿੱਥੇ ਇਕ ਸੂਝਵਾਨ ਲੇਖਕ ਦੀ ਪ੍ਰਤਿਭਾ ਜਾਹਰ ਕਰਦਾ ਹੈ ਓਥੇ ਫ਼ਿਲਮ ਵਿਚ ਅਰਥ ਭਰਪੂਰ ਸੰਵਾਦ, ਫ਼ਿਲਮ ਨੂੰ ਮਜਬੂਤ ਕਰਨ ਦੇ ਨਾਲ-ਨਾਲ ਸੰਵਾਦ ਘੜਣ ਵਾਲੇ ਲੇਖਕ ‘ਸੁੱਖੀ ਢਿੱਲੋਂ’ ਲਈ ਵੀ ਬਰਾਬਰ ਦੀ ਜਗਾਹ ਬਣਾਉਂਦੇ ਹਨ।
ਫ਼ਿਲਮ ਦੀ ਕਹਾਣੀ ਦਾ ਜ਼ਿਕਰ ਤਾਂ ਮੈ ਨਹੀਂ ਕਰ ਰਿਹਾ ਪਰ ਇਸ ਵਿਚ ਲੇਖਕ-ਨਿਰਦੇਸ਼ਕ ਨੇ ਜੋ ਕਹਿਣ ਅਤੇ ਸਮਾਜ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਮੈਂ ਜ਼ਰੂਰ ਦੱਸਾਂਗਾ ਕਿ ਇਕ ਪਰਿਵਾਰ ਵਿਚ ਰਹਿੰਦੇ ਜੀਆਂ ਦਾ ਆਪਸ ਵਿਚ ‘ਹਾਂ ਪੱਖੀ’ ਵਤੀਰਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿੱਥੋ ਇਕ ਪਰਫੈਕਟ ਪਰਿਵਾਰ ਦੀ ਝਲਕ ਪਵੇ।
ਇਸ ਫ਼ਿਲਮ ਵਿਚ ਦਾਦੀ-ਪੋਤੇ ਦੇ ਆਪਸੀ ਰਿਸ਼ਤੇ ਤੋਂ ਇਲਾਵਾ ਨੂੰਹ- ਸੱਸ ਦਾ ਆਪਸੀ ਪਿਆਰ-ਇਤਫਾਕ, ਦੋ ਭਰਾਵਾਂ ਦੀ ਪਰਿਵਾਰਕ ਸਾਂਝ-ਪਿਆਰ, ਮੀਆਂ-ਬੀਵੀ ਦਾ ਸਮਝ ਭਰਪੂਰ ਰਿਸ਼ਤਾ ਆਦਿ ਦੇ ਸੋਹਣੇ ਰੂਪ ਦੀ ਪੇਸ਼ਕਾਰੀ ਤੋਂ ਇਲਾਵਾ ਨਸ਼ਿਆਂ ਦੀ ਫੈਲੀ ਦਲਦਲ ‘ਚ ਕਿਸੇ ਪਰਿਵਾਰਕ ਮੈਂਬਰ ਦਾ ਇਸ ਚੋਂ ਬਾਹਰ ਨਿਕਲ ਕੇ ਸਹੀ ਰਸਤੇ ਪੈਣਾ ਜਿੱਥੇ ਨੌਜਵਾਨਾਂ ਨੂੰ ਸਾਰਥਕ ਸੁਨੇਹਾ ਦਿੰਦਾ ਹੈ ਓਥੇ ਸਕੂਲ ਅਧਿਆਪਕਾਂ ਦਾ ਬੱਚਿਆਂ ਪ੍ਰਤੀ ਪਾਜਟਿਵ ਵਤੀਰਾ ਅਤੇ ਖੇਡਾਂ ਵਿਚ ਉਹਨਾਂ ਦੀ ਹੌਸਲਾ ਅਫਜਾਈ ਆਦਿ ਬਹੁਤ ਕੁਝ ਹੈ ਇਸ ਫ਼ਿਲਮ ਵਿਚ ਵੇਖਣ-ਸਮਝਣ ਲਈ,ਖਾਸ ਤੌਰ ਤੇ ਅੱਜ ਦੀ ਪੀੜੀ ਲਈ ਜਿਸ ਵਿਚ ਸਾਨੂੰ ਅੱਜ ਇਹਨਾਂ ਚੀਜ਼ਾਂ ਦੀ ਕਮੀ ਮਹਿਸੂਸ ਹੋ ਰਹੀ ਹੈ।
ਗੱਲ ਫ਼ਿਲਮ ਨਿਰਦੇਸ਼ਕ ਦੀ !
———–
ਹੁਣ ਇਹੋ ਜਿਹੀ ਕਹਾਣੀ ਲਈ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ ਫ਼ਿਲਮ ਦਾ ਨਿਰਦੇਸ਼ਨ, ਜਿਸ ਵਿਚ ਸ਼ਾਮਲ ਹੁੰਦਾ ਹੈ ਇਕ-ਇਕ ਦ੍ਰਿਸ਼ ਤੇ ਬਰਾਬਰ ਧਿਆਨ ਦਿੰਦੇ ਹੋਏ ਮਿਹਨਤ ਕਰ ਕੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਵਿਚ ਆਪਣੀ ਥਾਂ ਬਨਾਉਣੀ ਅਤੇ ਉਸ ਤੋਂ ਵੀ ਵੱਧ ਜ਼ਰੂਰੀ ਹੁੰਦਾ ਹੈ ਨਿਰਦੇਸ਼ਨ ਵੱਲੋ ਢੁੱਕਵੇਂ ਅਤੇ ਪ੍ਰਪੱਕ ਕਲਾਕਾਰਾਂ ਦੀ ਚੋਣ ਕਰਨਾ ਤੇ ਆਪਣੀ ਸੋਚ ਮੁਤਾਬਕ ਉਹਨਾਂ ਤੋਂ ਕੰਮ ਲੈਣਾ, ਜਿੱਥੇ ਕਿ ਇਹਨਾਂ ਸਭ ਪੱਖਾਂ ਚੋਂ ਨਿਰਦੇਸ਼ਕ ਕਾਮਯਾਬ ਹੋਇਆ ਨਜ਼ਰ ਆ ਰਿਹਾ ਹੈ। ਇਸ ਲਈ ‘ਤਾਜ’ ਨੂੰ ਵਿਸ਼ੇਸ ਵਧਾਈ।
ਫ਼ਿਲਮ ਕਲਾਕਾਰ
———–
ਗੱਲ ਜੇ ਫ਼ਿਲਮ ਦੇ ਕਲਾਕਾਰਾਂ ਦੀ ਕਰੀਏ ਤਾਂ ਮੁੱਖ ਭੂਮਿਕਾ ਵਿਚ ਨਿਰਮਲ ਰਿਸ਼ੀ ਅਤੇ ਬਾਲ ਕਲਾਕਾਰ ਫਤਿਹ ਵੀਰ ਸਿੰਘ (ਦਾਦੀ-ਪੋਤਾ) ਦੀ ਬਾਕਮਾਲ ਕਲਾ-ਕਮਿਸਟਰੀ ਚੋਂ ਜਿੱਥੇ ਆਤਮ ਵਿਸ਼ਵਾਸ ਨਾਲ ਭਰੇ ਡੈਬਿਊ ਬਾਲ ਕਲਾਕਾਰ ਫਤਿਹ ਵੀਰ ਸਿੰਘ ਨੇ ਆਪਣੀ ਪ੍ਰਪੱਕ ਅਦਾਕਾਰੀ ਨਾਲ ਦਰਸ਼ਕਾਂ ਤੇ ਪ੍ਰਭਾਵਸ਼ਾਲੀ ਛਾਪ ਛੱਡਦੇ ਹੋਏ ਆਪਣੇ ਸੁਨਿਹਰੀ ਭਵਿੱਖ ਦੀਆਂ ਨੀਹਾਂ ਮਜਬੂਤ ਕੀਤੀਆਂ ਉੱਥੇ ਨਿਰਮਲ ਰਿਸ਼ੀ ਨੇ ਆਪਣੇ ਸੁਭਾਵਿਕ ਅਭਿਨੈ ਨਾਲ ਦਰਸ਼ਕਾਂ ਦੇ ਦਿੱਲ ਜਿੱਤਿਆ।
ਸਿਰਫ ਐਨਾ ਹੀ ਨਹੀਂ ਬਲਕਿ ਬਾਕੀ ਦੇ ਪ੍ਰਮੁੱਖ ਕਲਾਕਾਰਾਂ ਸੁੱਖੀ ਚਾਹਲ, ਜਰਨੈਲ ਸਿੰਘ ਬਲਜਿੰਦਰ ਕੌਰ, ਫਤਿਹ ਸਿਯਾਨ, ਮਨਪ੍ਰੀਤ ਮਨੀ ਤੇ ਜੀਤੂ ਸਰਾਂ ਆਦਿ ਨੇ ਵੀ ਆਪੋ-ਆਪਣੇ ਕਿਰਦਾਰਾਂ ਵਿਚ ਖੁੱਬ ਕੇ ਇਹਨਾਂ ਨਾਲ ਇਨਸਾਫ ਕਰਦੇ ਹੋਏ ਨੇਚੂਰਲ ਅਭਿਨੈ ਦਾ ਪ੍ਰਦਰਸ਼ਨ ਕੀਤਾ ਹੈ।
- ਫ਼ਿਲਮ ਸੰਗੀਤ
——–
ਫ਼ਿਲਮ ਨੂੰ ਗੀਤ-ਸੰਗੀਤ ਪੱਖੋਂ ਮਜਬੂਤ ਕਰਨ ਵਿਚ ਹੈਪੀ ਰਾਏਕੋਟੀ ਦੇ ਯੋਗਦਾਨ ਦਾ ਜ਼ਿਕਰ ਕੀਤੇ ਬਿਨਾ ਫ਼ਿਲਮ ਦੀ ਸਮੀਖਿਆ ਅਧੂਰੀ ਹੋਵੇਗੀ, ਜਿਸ ਨੇ ਫ਼ਿਲਮ ਦੀਆਂ ਸਿਚੂਏਸ਼ਨਾਂ ਮੁਤਾਬਕ ਢੁਕਵੇਂ ,ਅਰਥ ਅਤੇ ਜਜ਼ਬਾਤ ਭਰਪੂਰ ਗੀਤਾਂ ਜਿਵੇਂ ਕਿ “ਓ ਰੱਬਾ ਮੇਰੀ ਦਾਦੀ ਮੋੜ ਦੇ”, ‘ਤੂੰ ਤਾਂ ਬਸ ਮੇਰੀ ਏਂ ਮੇਰੀ ਪਿਆਰੀ ਦਾਦੀ’ ਅਤੇ “ਮੇਰਾ ਪੋਤਾ ਬੜਾ ਸ਼ੈਤਾਨ-ਮੇਰੀ ਦਾਦੀ ਬੜੀ ਸ਼ੈਤਾਨ, ਫਿਰ ਵੀ ਇਕ-ਦੂਜੇ ਵਿਚ ਵਸਦੀ ਸਾਡੀ ਜਾਨ” ਆਦਿ ਸਾਰੇ ਹੀ ਆਪ ਰਚਿਤ ਫ਼ਿਲਮ ਗੀਤਾਂ ਨੂੰ ਆਪਣੇ ਵੱਲੋਂ ਹੀ ਰਚਿਤ ਸ਼ਾਨਦਾਰ ਸੰਗੀਤ ਨਾਲ ਸਵਾਰ ਕੇ ਆਪਣੇ ਸਮੇਤ ਨਿੰਪੁਨ ਆਵਾਜ਼ਾਂ ਰਾਹੀਂ ਪੇਸ਼ ਕਰਦਿਆਂ ਫ਼ਿਲਮ ਨੂੰ ਪੂਰਨ ਰੂਪ ਵਿਚ ਸੋਹਣੀ ਅਤੇ ਸਲਾਹੁਣਯੋਗ ਯੋਗ ਬਣਾਇਆ। ਬਾਕੀ ਡੀ.ਜੇ. ਨਰਿੰਦਰ ਦੁਆਰਾ ਤਿਆਰ ਕੀਤਾ ਗਿਆ ਫ਼ਿਲਮ ਦਾ ਪਿੱਠ ਵਰਤੀ ਸੰਗੀਤ ਵੀ ਢੁਕਵਾਂ ਅਤੇ ਪ੍ਰਭਾਵਸ਼ਾਲੀ ਲੱਗਾ।ਪੇਸ਼ਕਸ਼
—–
ਐਚ.ਐਫ.ਪ੍ਰੋਡਕਸ਼ਨ ਅਤੇ ਜੈ ਮਾਤਾ ਫ਼ਿਲਮਜ਼ ਵੱਲੋ ਬਣਾਈ ਅਤੇ ਵਾਈਟ ਹਿੱਲ ਸਟੂਡੀਓਜ਼ ਵੱਲੋਂ ਸਿਨੇਮਾ ਘਰਾਂ ਵਿਚ ਪ੍ਰਦਰਸ਼ਿਤ ਕੀਤੀ ਫ਼ਿਲਮ ‘ਮੇਰੀ ਪਿਆਰੀ ਦਾਦੀ’ ਦੀ ਸਾਰੀ ਟੀਮ ਨੂੰ ਇਕ ਵਧੀਆ ਫ਼ਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾਉਣ ਲਈ ਵਧਾਈਆਂ ਅਤੇ ਕਾਮਯਾਬੀ ਲਈ ਸ਼ੁੱਭ ਇੱਛਾਵਾਂ !
ਪੰਜਾਬੀ ਸਕਰੀਨ ਅਦਾਰਾ ਇਸ ਫ਼ਿਲਮ ਲਈ ਸਿਫਾਰਸ਼ ਕਰਦਾ ਹੈ ਕਿ ਸਿਨੇ ਪ੍ਰੇਮੀ ਜ਼ਰੂਰ ਇਸ ਨੂੰ ਵੇਖਣ ਲਈ ਟਾਇਮ ਕੱਢਣ।