ਆਪਣੇ ਵੱਖਰੇ ਅਭਿਨੈ ਅੰਦਾਜ਼ ਅਤੇ ਸੰਵਾਦ ਸ਼ੈਲੀ ਨਾਲ ਜਾਣੇ ਜਾਂਦੇ ਪੰਜਾਬੀ ਐਕਟਰ ਪ੍ਰਿੰਸ ਕੰਵਲਜੀਤ ਸਿੰਘ ਦੇ ਲੀਡ ਕਿਰਦਾਰ ਵਾਲੀ ਫ਼ਿਲਮ ‘ਸੈਕਟਰ 17’ ਅੱਜ 15 ਨਵੰਬਰ ਨੂੰ ਦੁਨੀਆਂ ਭਰ ਦੇ ਪੰਜਾਬੀ ਸਿਨੇਮਾ ਦਰਸ਼ਕਾਂ ਲਈ ਸਿਨੇ ਸਕਰੀਨਾਂ ਦਾ ਸ਼ਿੰਗਾਰ ਬਣ ਗਈ ਹੈ।
ਇਸ ਫ਼ਿਲਮ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਜਿੱਥੇ ਫ਼ਿਲਮ ਦੇ ਹੀਰੋ ਅਤੇ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਦਾ ਵਰਸਟਾਈਲ ਅੰਦਾਜ਼ ਤੁਸੀਂ ਇਕ ਵਾਰ ਫਿਰ ਵੱਡੇ ਪਰਦੇ ‘ਤੇ ਦੇਖ ਸਕਦੇ ਹੋ ਓਥੇ ਇਸ ਵਿਚ ਤੁਹਾਨੂੰ ਚੰਡੀਗੜ੍ਹ ਦੀ ਧਰਤੀ ਦੇ ਉਸ ਦਰਦ ਭਰੇ ਇਤਿਹਾਸ ਦੀ ਦਾਸਤਾਂ ਵੇਖਣ ਨੂੰ ਮਿਲੇਗੀ ਕਿ ਕਿਵੇਂ ਪੰਜਾਬ ਦੇ ਕਈ ਪਿੰਡਾਂ ਨੂੰ ਉਝਾੜ ਕੇ ਵਸਾਇਆ ਗਿਆ ਸੀ ਚੰਡੀਗੜ੍ਹ ਤੇ ਕੀ ਹੈ ਚੰਡੀਗੜ੍ਹ ਦੇ ਸੈਕਟਰ 17 ਦਾ ਰਾਜ। ਫ਼ਿਲਮ ਦੇ ਟ੍ਰੇਲਰ ਵਿਚ ਭਾਵੇਂ ਇਹ ਸਭ ਨਹੀਂ ਦਿਖਾਇਆ ਗਿਆ ਪਰ ਫ਼ਿਲਮ ਵੇਖਣ ‘ਤੇ ਤੁਹਾਨੂੰ ਪਿਓ-ਪੁੱਤਰ ਦੇ ਗਹਿਰੇ ਜਜ਼ਬਾਤਾਂ ਵਿਚ ਪਰੋਈ ਇਹ ਕਹਾਣੀ ਤੁਹਾਡੇ ਦਿਲਾਂ ਨੂੰ ਛੂੰਹਦੀ ਨਜ਼ਰ ਆਵੇਗੀ।
ਅਦਿੱਤਿਆ ਗਰੁੱਪ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਹਰਮਨਦੀਪ ਸੂਦ ਅਤੇ ਸਹਿ ਨਿਰਮਾਤਾ ਵਿਰਾਟ ਕਪੂਰ ਹਨ। ਇਸ ਤੋਂ ਇਲਾਵਾ ਚੌਪਾਲ ਓ.ਟੀ.ਟੀ. ਅਤੇ ਪਿਟਾਰਾ ਚੈਨਲ ਦੇ ਮਾਲਕ ਸੰਦੀਪ ਬਾਂਸਲ ਹੋਰਾਂ ਦਾ ਵੀ ਇਸ ਫ਼ਿਲਮ ਲਈ ਬਤੌਰ ਸਹਿ ਨਿਰਮਾਤਾ ਵਿਸ਼ੇਸ਼ ਯੋਗਦਾਨ ਹੈ।
ਨਿਰਦੇਸ਼ਕ ਮਨੀਸ਼ ਭੱਟ ਵੱਲੋਂ ਬਣਾਈ ਗਈ ਇਸ ਫ਼ਿਲਮ ਦੇ ਬਾਕੀ ਕਲਾਕਾਰਾਂ ਦੀ ਜੇ ਗੱਲ ਕਰੀਏ ਤਾਂ ਹੌਬੀ ਧਾਲੀਵਾਲ, ਯਸ਼ਪਾਲ ਸ਼ਰਮਾ, ਭੂਮਿਕਾ ਸ਼ਰਮਾ,ਵਿਰਾਟ ਕਪੂਰ, ਸੁਖਵਿੰਦਰ ਚਾਹਲ, ਦਿਲਾਵਰ ਸਿੱਧੂ, ਮੰਨਤ ਸਿੰਘ, ਦੀਪ ਮਨਦੀਪ, ਭਾਰਤੀ, ਕਵੀ ਸਿੰਘ, ਰੰਗ ਦੇਵ, ਗੁਰਿੰਦਰ ਮਕਣਾ ਅਤੇ ਸੰਜੂ ਸੋਲੰਕੀ ਵਰਗੇ ਦਿੱਗਜ ਕਲਾਕਾਰਾਂ ਨੇ ਵੀ ਇਸ ਫ਼ਿਲਮ ਵਿਚ ਦੱਮਦਾਰ ਕਿਰਦਾਰ ਨਿਭਾਏ ਹਨ।
ਗੱਲ ਫ਼ਿਲਮ ਦੇ ਸੰਗੀਤ ਦੀ ਤਾਂ ਇਸ ਵਿਚ ਵੀ ਕੁੱਝ ਵੱਖਰਾਪਣ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਦੇ ਸੰਗੀਤ ਨਿਰਦੇਸ਼ਕ ਹਨ,ਐਵੀ ਸਰਾ, ਸਵਰਾਜ ਅਤੇ ਫਲੈਮ ਮਿਊਜ਼ਿਕ ਅਤੇ ਇਨ੍ਹਾਂ ਖੂਬਸੂਰਤ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਹਨ ਗਾਇਕ ਦਿਲਪ੍ਰੀਤ ਢਿੱਲੋਂ,ਰਿਕੀ ਖਾਨ, ਡੈਨੀ ਅਤੇ ਜਯੋਤਿਕਾ ਟਾਂਗਰੀ ਨੇ ਜਦਕਿ ਗੀਤਕਾਰਾਂ ਵਿਚ-ਹੈਪੀ ਰਾਏਕੋਟੀ, ਬਲਕਾਰ, ਰਿਕੀ ਖਾਨ ਅਤੇ ਡੈਨੀ ਦੇ ਨਾਂ ਸ਼ਾਮਲ ਹਨ।
ਇਸ ਫ਼ਿਲਮ ਦੀ ਬੈਕ ਬੋਨ ਨਿਰਮਾਤਾ-ਨਿਰਦੇਸ਼ਕ ਅਦਿੱਤਆ ਸੂੂਦ ਬਾਰੇ ਜ਼ਿਕਰਯੋਗ ਗੱਲ ਇਹ ਹੈ ਕਿ ਉਹ ਇਸ ਤੋਂ ਪਹਿਲਾਂ ਸ਼ੈਰੀ ਮਾਨ ਨੂੰ ‘ਓਏ ਹੋਏ ਪਿਆਰ ਹੋ ਗਿਆ’ ਅਤੇ ਸਿੱਧੂ ਮੂਸੇਵਾਲਾ ਨੂੰ ‘ਤੇਰੀ ਮੇਰੀ ਜੋੜੀ’ ਰਾਹੀਂ ਪਹਿਲੀ ਵਾਰ ਸਿਲਵਰ ਸਕਰੀਨ ਤੇ ਪੇਸ਼ ਕਰ ਚੁੱਕੇ ਹਨ, ਤੇ ਇਸ ਵਾਰ ਪ੍ਰਿੰਸ ਕੰਵਲਜੀਤ ਨੂੰ ਲੀਡ ਰੋਲ ਵਿਚ ਲੈ ਕੇ ਪੰਜਾਬੀ ਸਿਨੇਮਾ ਵਿਚ ਇਹ ਵੱਡੀ ਫ਼ਿਲਮ ‘ਸੈਕਟਰ 17’ ਰਾਹੀਂ ਹਾਜ਼ਰ ਹੋਏ ਹਨ।
ਪੰਜਾਬੀ ਸਕਰੀਨ ਵੱਲੋਂ ਅਦਿੱਤਿਆ ਗਰੁੱਪ ਦੀ ਸਾਰੀ ਟੀਮ ਨੂੰ ‘ਸੈਕਟਰ 17’ ਦੇ ਰਿਲੀਜ਼ ਲਈ ਮੁਬਾਰਕਾਂ ਅਤੇ ਕਾਮਯਾਬੀ ਲਈ ਸ਼ੁਭ ਇੱਛਾਵਾਂ।
-ਪੰਜਾਬੀ ਸਕਰੀਨ