ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜੀਵਨ ਫ਼ਲਸਫ਼ਿਆਂ, ਸੰਘਰਸ਼ ਅਤੇ ਰਾਜਨੀਤਿਕ ਚਾਲਾਂ ਨੂੰ ਫ਼ਿਲਮੀ ਪਰਦੇ ‘ਤੇ ਵਿਖਾਉਣ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਣ ਲਈ ਅਦਾਕਾਰ ਰਾਜ ਕਾਕੜਾ ਤੇ ਕਰਮਜੀਤ ਸਿੰਘ ਬਾਠ ਦੀ ਫ਼ਿਲਮ ‘ਧਰਮ ਯੁੱਧ ਮੋਰਚਾ’ ਨੂੰ ਭਾਰਤੀ ਸੈਂਸਰ ਬੋਰਡ ਨੇ ਆਖਰ ਬੈਨ ਕਰ ਦਿੱਤਾ ਹੈ।
ਪੰਜਾਬੀ ਸਿਨੇਮੇ ਨੂੰ 1984 ਦੇ ਦੌਰ ਨਾਲ ਸਬੰਧਤ ਫ਼ਿਲਮਾਂ ਪ੍ਰਤੀ ਸੈਂਸਰ ਬੋਰਡ ਦੀ ਸਖਤੀ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ। ਸਾਡਾ ਹੱਕ, ਕੌਮ ਦੇ ਹੀਰੇ, ਬਲੱਡ ਸਟ੍ਰੀਟ, ਤੂਫ਼ਾਨ ਸਿੰਘ ਤੋਂ ਬਾਅਦ ਹੁਣ 1947 ਤੋਂ 1984 ਦੇ ਸਮੇਂ ਦੌਰਾਨ ਪੰਜਾਬ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਅਤੇ ਅਹਿਮ ਮੁੱਦਿਆਂ ‘ਤੇ ਨਿਰਮਾਤਾ ਕਰਮਜੀਤ ਸਿੰਘ ਬਾਠ ਵੱਲੋਂ ਬਣਾਈ ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਰਿਲੀਜ਼ ‘ਤੇ ਰੋਕ ਦਾ ਕਾਰਨ ਇਸ ਫ਼ਿਲਮ ਦੇ ਪ੍ਰੋਮੋਜ਼ ਨੂੰ ਸੋਸ਼ਲ ਸਾਇਟਾਂ, ਯੂ ਟਿਊਬ ‘ਤੇ ਮਿਲੇ ਵੱਡੇ ਹੁੰਗਾਰੇ ਤੇ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਠਾਠਾਂ ਮਾਰਦਾ ਉਤਸ਼ਾਹ ਹੈ।
ਫ਼ਿਲਮ ਦੇ ਬਾਰੇ ਗੱਲ ਕਰਦਿਆਂ ਨਿਰਮਾਤਾ ਕਰਮਜੀਤ ਸਿੰਘ ਬਾਠ ਤੇ ਅਦਾਕਾਰ ਰਾਜ ਕਾਕੜਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ 1984 ਦੇ ਦੌਰ ਨੂੰ ਵਿਖਾਉਂਦੀਆਂ ਕਈ ਫ਼ਿਲਮਾਂ ਬਣੀਆ ਪਰ ਇਹ ਫ਼ਿਲਮ 1947 ਤੋਂ 1984 ਦੇ ਸਮੇਂ ਦੌਰਾਨ ਪੰਜਾਬ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਅਤੇ ਅਹਿਮ ਮੁੱਦਿਆਂ ਜਿਵੇਂ ਪਾਣੀਆਂ ਦੀ ਵੰਡ, 1978 ਦਾ ਨਿਰੰਕਾਰੀ ਕਾਂਡ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਜ਼ਿੰਦਗੀ, ਸਾਕਾ ਨੀਲਾ ਤਾਰਾ ਦਾ ਸੱਚ, ਪੰਜਾਬੀ ਸੂਬਾ ਮੋਰਚਾ ਆਦਿ ਨੂੰ ਲੈ ਕੇ ਬਣਾਈ ਗਈ ਹੈ, ਜਿਨ੍ਹਾਂ ਨੂੰ ਵੇਖਦਿਆਂ ਸਰਕਾਰ ਨੇ ਇਸ ਫ਼ਿਲਮ ਦੇ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ। ਅਸੀਂ ਇਸ ਫ਼ਿਲਮ ‘ਚ ਕੁਝ ਵੀ ਗਲਤ ਨਹੀਂ ਵਿਖਾਇਆ, ਜੋ ਵੀ ਹੈ ਉਹ ਨਿਰੋਲ, ਇਤਿਹਾਸ ਦੇ ਹਵਾਲੇ ਨਾਲ ਪੇਸ਼ ਕੀਤਾ ਗਿਆ ਹੈ।ਇਸ ਫ਼ਿਲਮ ਦੇ ਰਿਲੀਜ਼ ਤੇ ਰੋਕ ਬਾਰੇ ਨਿਰਮਾਤਾ ਕਰਮਜੀਤ ਸਿੰਘ ਬਾਠ ਦਾ ਕਹਿਣਾ ਹੈ ਕਿ ਭਾਰਤ ਵਿਚ ਲਗਾਤਾਰ ਸਿੱਖ ਭਾਈਚਾਰੇ ਨਾਲ ਜੁੜੀਆ ਫ਼ਿਲਮਾਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਹ ਫ਼ਿਲਮ ਕਿਸੇ ਦੇ ਖ਼ਿਲਾਫ ਕੋਈ ਨਫ਼ਰਤ ਪੈਦਾ ਨਹੀਂ ਕਰਦੀ, ਸਗੋਂ ਹਰ ਬੰਦੇ ਨੂੰ ਉਸ ਸਮੇਂ ਦੇ ਤੱਥਾਂ ਤੇ ਘਟਨਾਵਾਂ ਤੋਂ ਜਾਣੂ ਕਰਵਾਉਂਦੀ ਹੈ।
ਰਾਜ ਕਾਕੜਾ ਦਾ ਸੈਂਸਰ ਬੋਰਡ ਦੇ ਰਵੱਈਏ ਬਾਰੇ ਕਹਿਣਾ ਹੈ ਕਿ ਕਲਾ ਦੇ ਮਾਧਿਅਮ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕਰਨਾ ਕੋਈ ਜੁਰਮ ਨਹੀਂ ਹੈ, ਬਲਕਿ ਇਤਿਹਾਸ ਦੇ ਅਹਿਮ ਦਸਤਾਵੇਜ਼ ਸਾਂਭਣ ਦਾ ਯਤਨ ਹੈ। ਫ਼ਿਲਮ ‘ਤੇ ਪਾਬੰਦੀ ਲਾਉਣ ਨਾਲ ਇਤਿਹਾਸ ‘ਤੇ ਮਿੱਟੀ ਨਹੀਂ ਪਾਈ ਜਾ ਸਕਦੀ। ਸੈਂਸਰ ਬੋਰਡ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਇਸ ਫ਼ਿਲਮ ਦੀ ਕਹਾਣੀ ਪਟਕਥਾ ਤੇ ਸੰਵਾਦ ਕਰਮਜੀਤ ਸਿੰਘ ਬਾਠ ਨੇ ਲਿਖੇ ਹਨ। ਨਿਰਦੇਸ਼ਨ ਨਰੇਸ਼ ਐੱਸ. ਗਰਗ ਨੇ ਦਿੱਤਾ ਹੈ। ਇਸ ਫ਼ਿਲਮ ਵਿਚ ਰਾਜ ਕਾਕੜਾ, ਨੀਟੂ ਪੰਧੇਰ, ਸੱਕੂ ਰਾਣਾ, ਕਰਮਜੀਤ ਸਿੰਘ ਬਾਠ, ਅੰਮ੍ਰਿਤਪਾਲ ਸਿੰਘ, ਮਲਕੀਤ ਰੌਣੀ, ਸੰਨੀ ਗਿੱਲ, ਧਰਮਿੰਦਰ ਬਨੀ ਸਰਬਜੀਤ ਪੂਰੇਵਾਲ, ਰਾਜਵਿੰਦਰ ਸਮਰਾਲਾ ਸੁਖਦੇਵ ਬਰਨਾਲਾ, ਯਾਦ ਧਾਲੀਵਾਲ ਗੁਰਪ੍ਰੀਤ ਬਰਾੜ, ਮਨੀ ਮਾਨ, ਅਮਨ ਨਾਗਰਾ, ਜਸਵਿੰਦਰ ਛਿੰਦਾ, ਵਿਨੀਤ ਅਟਵਾਲ ਤੇ ਵਿਕਟਰ ਜੋਹਨ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਸ਼ਿਵਤਾਰ ਸ਼ਿਵ ਹੈ। ਗੀਤ ਰਾਜ ਕਾਕੜਾ ਨੇ ਲਿਖੇ ਹਨ ਅਤੇ ਸੰਗੀਤ ਅਨੂ-ਮਨੂ ਦਾ ਹੈ।
– ਸੁਰਜੀਤ ਜੱਸਲ
#9814607737