ਜਿਨਾਂ ਚਿਰ ਫ਼ਿਲਮ ਦੀ ਕਹਾਣੀ ਨੂੰ ਨਾਢੂ ਖਾਂ ਬਨਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਇਕ ਪਾਸੇ ਕੱਲ ਫ਼ਿਲਮ ਦੇ ਪਹਿਲੇ ਦਿਨ ਪਹਿਲੇ ਸ਼ੋਅ ਸੈਲੀਬਰੇਸ਼ਨ ਮਾਲ ਅੰਮਿ੍ਤਸਰ ਫ਼ਿਲਮ ਨਾਢੂ ਖਾਂ ਵੇਖਣ ਲਈ 40/50 ਲੋਕ ਸਨ, ਉਹਨਾਂ ਚੋਂ ਵੀ 20 ਕੁ ਬੰਕ ਮਾਰੂ ਜੋੜੀਆਂ ਸਨ ਜਿਨਾਂ ਦਾ ਧਿਆਨ ਫ਼ਿਲਮ ਦੀ ਬਜਾਏ ਆਪਣੇ ਹੀ ਮਨੋਰੰਜਨ ਵੱਲ ਹੁੰਦਾ ਹੈ 🙂… ਖੈਰ ਦੂਜੇ ਪਾਸੇ ਕੱਲ ਹੀ ਲੱਗੀ ਹਾਲੀਵੁੱਡ ਫ਼ਿਲਮ ਐਵੇਂਜਰਜ਼ ਐਂਡਗੇਮ ਵੇਖਣ ਲਈ ਪਹਿਲੇ ਸ਼ੋਅ ਵਿਚ ਹੀ ਕੋਈ ਸੀਟ ਖਾਲੀ ਨਹੀਂ ਸੀ, ਕਹਿਣ ਦਾ ਮਤਲਬ ਕਿ ਜਿੱਥੇ ਅੱਜ ਦੇ ਯੂਥ ਦਾ ਝੁਕਾਅ ਅੰਗਰੇਜੀ
ਫ਼ਿਲਮਾਂ ਵੱਲ ਰਿਹਾ ਹੈ ਉੱਥੇ ਅਸੀ ਅਜੇ ਤੱਕ 1947 ਦੇ ਆਸੇ ਪਾਸੇ ਹੀ ਘੁੰਮੀ ਜਾ ਰਹੇ ਹਾਂ, ਉਹ ਵੀ ਘਿਸੇ-ਪਿਟੇ ਸਬਜੈਕਟ ਨਾਲ, ਬਸ ਕਰੀਏ ਹੁਣ ਆਪਣਾ ਅਤੇ ਦਰਸ਼ਕਾਂ ਦਾ ਪੈਸਾ ਬਰਬਾਦ ਕਰਨਾ, ਜਾਂ ਫੇਰ ਪੀਰੀਅਡ ਫ਼ਿਲਮ ਬਨਾਉਣੀ ਹੀ ਹੈ ਤਾਂ ਤੁਹਾਡੀ ਕਹਾਣੀ ਵਿਚ ਇਨਾਂ ਕੁ ਦੱਮ, ਨਿਵੇਕਲਾਪਣ ਅਤੇ ਆਕਰਸ਼ਤ ਟਰੀਟਮੈਂਟ ਹੋਣੀ ਚਾਹੀਦੀ ਹੈ ਕਿ ਲੋਕ ਆਪਣੇ ਮੁੰਹੋਂ ਫ਼ਿਲਮ ਵੇਖਣ ਦੀ ਹਾਮੀ ਭਰਨ, ਕਹਾਣੀ ਅਤੇ ਨਿਰਦੇਸ਼ਨ ਵੀ ਕਿ੍ਏਟਿਵਿਟੀ ਭਰਪੂਰ ਹੋਵੇ , ਨਾ ਕਿ ਪਹਿਲਾਂ ਤੋਂ ਵੇਖੀਆਂ ਪੰਜਾਬੀ-ਹਿੰਦੀ ਫ਼ਿਲਮਾਂ ਦੇ ਹਿੱਸਆਂ ਚੋਂ ਜੋੜ ਤੋੜ/ਕਾਪੀ ਪੇਸਟ ਕਰ ਕੇ ਫ਼ਿਲਮ ਦੀ ਕਹਾਣੀ ਘੜੀ ਜਾਵੇ, ਜਿੱਥੋ ਫ਼ਿਲਮ ਸ਼ੁਰੂ ਹੁੰਦਿਆਂ ਹੀ ਐਂਡ ਦਾ ਅੰਦਾਜ਼ਾ ਲੱਗ ਜਾਏ, ਜਿਵੇਂ ਕਿ ਇਸ ਫ਼ਿਲਮ ਦੀ ਕਹਾਣੀ ਦੇ ਪਹਿਲੇ ਹਿੱਸੇ ਨੂੰ ਫ਼ਿਲਮ ਅੰਗਰੇਜ ਜਾਂ ਇਸੇ ਤਰਾਂ ਦੇ ਹੋਰ ਪੁਰਾਤਣ ਵਿਆਹ ਵਾਲੇ ਮਾਹੌਲ ਵਾਲੀਆਂ ਫ਼ਿਲਮਾਂ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਫ਼ਿਲਮ ਦਾ ਵਿਸ਼ਾ ਉਹੀ ਪੁਰਾਣਾ ਕਿ ਪਿਓ-ਦਾਦਾ ਕਿਸੇ ਖੇਡ ਨਾਲ ਜੁੜਿਆ ਵੱਡਾ ਖਿਡਾਰੀ ਸੀ ਅਤੇ ਕਈ ਹਲਾਤਾਂ ਕਾਰਨ ਆਪਣੇ ਮੁਕਾਮ ਤੇ ਨਹੀਂ ਪੁੱਜ ਸਕਿਆ ਅਤੇ ਹੁਣ ਇਸ ਦੀ ਪੂਰਤੀ ਆਪਣੀ ਔਲਾਦ ਤੋਂ ਚਾਹੁੰਦਾ ਹੈ, ਕਿੰਨੀਆਂ ਫ਼ਿਲਮਾਂ ਵਿਚ ਵੇਖ ਚੁਕੇ ਹਾਂ ਇਹ ਡਰਾਮਾਂ ? ਕੁਝ ਤਾਂ ਨਵਾਂ ਕਰਨ ਦੀ ਕੋਸ਼ਿਸ਼ ਕਰੋ ਯਾਰ। ਪਿਛਲੇ ਦਿਨਾਂ ਤੋਂ ਲਾਗਾਤਾਰ ਵੱਡੀਆਂ ਕਹੀਆਂ ਜਾਣ ਵਾਲੀਆਂ ਫ਼ਿਲਮਾਂ ਦੇ ਬਹੁਤਾ ਕਾਮਯਾਬ ਨਾ ਹੋਣ ਤੋਂ ਆਂਪਾਂ ਇਹ ਤਾਂ ਜਾਣ ਹੀ ਗਏ ਹੋਵਾਂਗੇ ਕਿ ਦਰਸ਼ਕ ਵੀ ਬਹੁਤ ਸਿਆਣਾ ਹੋ ਚੁਕਾ ਹੈ, ਮਜਬੂਤ ਸਬੈਜੈਕਟ ਅਤੇ ਨਿਰਦੇਸ਼ਨ ਤੋਂ ਬਿਨਾਂ ਵੱਡੇ ਤੋਂ ਵੱਡੇ ਕਲਾਕਾਰ ਦੀ ਮੇਹਨਤ ਵੀ ਕਿਸੇ ਕੰਮ ਨਹੀਂ ਆਉਂਦੀ, ਸਗੋ ਇਮੇਜ ਹੀ ਖਰਾਬ ਹੁੰਦੀ ਹੈ। ਇਸ ਲਈ ਦਰਸ਼ਕਾਂ ਤੇ ਇਹ ਦੋਸ਼ ਵੀ ਹੁਣ ਨਹੀਂ ਮੜਆ ਜਾ ਸਕਦਾ ਕੇ ਦਰਸ਼ਕ ਚੰਗੀਆਂ ਕਹਾਣੀਆਂ ਵਾਲੀਆਂ ਫ਼ਿਲਮਾਂ ਵੱਲ ਨਹੀ ਮੁੜਿਆ, ਜੇ ਅਜਿਹਾ ਹੁੰਦਾ ਤਾਂ ਅੰਗਰੇਜ, ਅਰਦਾਸ, ਰੱਬ ਦਾ ਰੇਡਿਓ 1, ਲਵ ਪੰਜਾਬ ਅਤੇ ਬੰਬੂਕਾਟ ਜਿਹੀਆਂ ਫ਼ਿਲਮਾਂ ਹਿੱਟ ਨਾ ਹੁੰਦੀਆਂ। ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਵੀ ਲੱਭਣ ਦੀ ਲੋੜ ਹੈ, ਸੋ ਕਿ੍ਪਾ ਕਰਕੇ ਫ਼ਿਲਮ ਦੀ ਕਹਾਣੀ ਨੂੰ ਹੀਰੋ ਬਨਾਓ ਅਤੇ ਫ਼ਿਲਮ ਦਾ ਹੀਰੋ ਵੀ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਇਹ ਵੇਖਣ/ਸਮਝਣ ਦੀ ਕੋਸ਼ਿਸ਼ ਕਰੇ ਕਿ ਸਬਜੈਕਟ/ਕਹਾਣੀ , ਉਸ ਦਾ ਕਿਰਦਾਰ ਅਤੇ ਟਾਈਟਲ ਉਸ ਉਪਰ ਪੂਰੀ ਤਰਾਂ ਢੁੱਕਦਾ ਵੀ ਹੈ ਕੇ ਨਹੀਂ !
ਜਿੱਥੋਂ ਤੱਕ ਇਸ ਫ਼ਿਲਮ ਦਾ ਸਵਾਲ ਹੈ ਮੈ ਨਹੀਂ ਕਹਿੰਦਾ ਕਿ ਨਿਰਮਾਤਾਵਾਂ ਦੇ ਐਫਰਟ ਮਾੜੇ ਸਨ, ਉਨਾਂ ਨੇ ਚੌਖਾ ਪੈਸਾ ਖਰਚ ਕੇ ਫ਼ਿਲਮ ਬਣਾਈ ਹੈ, ਫ਼ਿਲਮਾਕਣ ਵੀ ਮਾੜਾ ਨਹੀ ਕਿਹਾ ਜਾ ਸਕਦਾ ਤੇ ਸੰਵਾਦ ਵੀ ਪ੍ਭਾਵਸ਼ਾਲੀ ਅਤੇ ਸੁਨੇਹਾ ਭਰਪੂਰ ਹਨ। ਕੁਝ ਸੀਨ ਦਿਲਚਸਪ ਵੀ ਹਨ, ਸਾਰਿਆਂ ਦੀ ਐਕਟਿੰਗ ਵੀ ਕਮਾਲ ਦੀ ਹੈ ਅਤੇ ਕਰੈਕਟ ਐਕਟਰਾਂ ਚੋਂ ਬਨਿੰਦਰ ਬੰਨੀ ਨੇ ਭਾਂਵੇ ਕਿਤੇ ਕਿਤੇ ਆਪਣਾ ਤੋਤਲਾਪਣ ਛੱਡਿਆ ਪਰ ਫੇਰ ਵੀ ਨੰਬਰ ਲੈ ਗਿਆ। ਹਰਿੰਦਰ ਭੁੱਲਰ ਨੂੰ ਵੀ ਸ਼ਾਇਦ ਪਹਿਲੀ ਵਾਰ ਆਪਣੇ ਅੰਦਰ ਦੀ ਕਲਾ ਉਜਾਗਰ ਕਰਨ ਦਾ ਸਹੀ ਮੌਕਾ ਮਿਲਿਆ ਹੈ, ਹਰੀਸ਼ ਵਰਮਾ ਦੀ ਐਕਟਿੰਗ ਦਾ ਤਾਂ ਪਹਿਲਾਂ ਹੀ ਕੋਈ ਤੋੜ ਨਹੀ ਸਾਡੇ ਕੋਲ, ਪਰ ਗੱਲ ਫੇਰ ਕਹਾਣੀ ਰੂਪੀ ਮਜਬੂਤ ਧੁਰੇ ਅਤੇ ਟਰੀਟਮੈਂਟ ਤੇ ਹੀ ਮੁਕਦੀ ਹੈ ਜਿਸ ਦੀ ਇਸ ਫ਼ਿਲਮ ਵਿਚ ਕਮੀ ਰਹੀ ਅਤੇ ਫ਼ਿਲਮ ਦੀ ਗਤੀ ਵੀ ਜ਼ਿਗ-ਜ਼ੈਗ ਸੀ, ਖੈਰ ਇਸ ਫ਼ਿਲਮ ਦਾ ਗਾਣਾ “ਝਾਂਜਰਾਂ ਮੰਗਵਾਈਆਂ ਮੁਲਤਾਨ” ਨਾਢੂ ਖਾਂ ਦਾ ਚੇਤਾ ਕਰਵਾਉਂਦਾ ਰਹੇਗਾ।
ਇਹ ਤਾਂ ਸੀ ਫ਼ਿਲਮ ਪ੍ਤੀ ਸਾਡਾ ਆਲੋਚਕ ਤਰਕ,
ਹੁਣ ਜੇ ਕੋਈ ਫ਼ਿਲਮ ਦੇਖਣਾ ਚਾਹੁੰਦਾ ਹੈ ਤਾਂ ਬਿਨਾ ਕਿਸੇ ਦੀ ਸੁਣੇ-ਵੇਖੇ ਆਪਣੇ ਮੰਨ ਨਾਲ ਫੈਸਲਾ ਕਰ ਕੇ ਫ਼ਿਲਮ ਵੇਖੇ ਤਾਂ ਸ਼ਾਇਦ ਉਸ ਨੂੰ ਕੋਈ ਹਿਰਖ ਨਹੀ ਹੋਵੇਗਾ । ਬਾਕੀ ਫ਼ਿਲਮ ਨੂੰ ਸਭ ਦੀ ਆਸ ਮੁਤਾਬਕ ਪਹਿਲੇ ਦਿਨ ਜੋ ਹੁੰਗਾਰਾ ਮਿਲਣਾ ਚਾਹੀਦਾ ਸੀ ਨਹੀ ਮਿਲ ਸਕਿਆ, ਇਸ ਦਾ ਸਾਨੂੰ ਵੀ ਅਫਸੋਸ ਹੈ। ਹੁਣ ਪੂਰੇ ਹਫਤੇ ਤੱਕ ਨਿਰਮਾਤਾਵਾਂ ਲਈ ਇਹ ਫ਼ਿਲਮ ਕੀ ਕਮਾ ਪਾਉਂਦੀ ਹੈ ਬਾਅਦ ਵਿਚ ਹੀ ਪਤਾ ਲੱਗੇਗਾ।
-ਦਲਜੀਤ ਅਰੋੜਾ