(ਪੰ:ਸ:) ਮੈਨੂੰ ਹਮੇਸ਼ਾ ਨਵੇਂ ਰਾਹ ਤਲਾਸ਼ਣ ਦੀ ਤਾਂਘ ਰਹੀ ਹੈ, ਜਿਸ ਵਿੱਚੋਂ ਕਦੀ ਪੰਜਾਬੀ ਫ਼ਿਲਮ ‘ਜੀ ਆਇਆਂ ਨੂੰ’ ਨਿਕਲੀ ਸੀ ਅਤੇ ਹੁਣ ਜਦੋਂ ਪੰਜਾਬੀ ਸੰਗੀਤ ਜਗਤ ਵਿੱਚੋਂਂ ਪੂਰੀ ਐਲਬਮ ਦਾ ਰੁਝਾਣ ਤਕਰੀਬਨ ਖ਼ਤਮ ਹੋ ਚੁੱਕਾ ਹੈ, ਇਸ ਦਰਮਿਆਨ ਐੱਚ. ਐੱਮ. ਰਿਕਾਰਡਜ਼ ‘ਤੇ 8 ਗੀਤਾਂ ਨਾਲ ਪੂਰੀ ਐਲਬਮ ‘ਸਤਰੰਗੀ ਪੀਂਘ 3 ਜਿੰਦੜੀਏ’ 27 ਸਤੰਬਰ ਨੂੰ ਸੀ. ਡੀ. ਦੀ ਸ਼ਕਲ ਵਿਚ ਰਿਲੀਜ਼ ਕਰਨ ਜਾ ਰਹੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੀ ਨਵੀਂ ਆ ਰਹੀ ਐਲਬਮ ‘ਸਤਰੰਗੀ ਪੀਂਘ 3’ ਦਾ ਪੋਸਟਰ ਜਾਰੀ ਕਰਨ ਮੌਕੇ ਕੀਤਾ।
ਇਸ ਮੌਕੇ ਹਰਭਜਨ ਮਾਨ ਨੇ ਪੰਜਾਬੀ ਸੰਗੀਤ ਨਾਲ ਜੁੜੇ ਆਪਣੇ ਤਕਰੀਬਨ ਤਿੰਨ ਦਹਾਕਿਆਂ ਦੇ ਸਫ਼ਰ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਸੰਗੀਤ ਤਵਿਆਂ, ਕੈਸੇਟਾਂ ਅਤੇ ਸੀ. ਡੀ. ਦੀ ਸ਼ਕਲ ਵਿਚ ਆਉਂਦਾ ਸੀ, ਤਾਂ ਉਸ ਨਾਲ ਸਰੋਤਿਆਂ ਦੀ ਇਕ ਜਜ਼ਬਾਤੀ ਸਾਂਝ ਸੀ, ਜਿਹੜੀ ਕਿ ਹੁਣ ਇਨ੍ਹਾਂ ਦੇ ਰੁਝਾਣ ਬੰਦ ਹੋਣ ਨਾਲ ਮਨਫੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਸਤਰੰਗੀ ਪੀਂਘ 3’ ਜਿੱਥੇ ਸਰੋਤੇ ਅਤੇ ਗਾਇਕ ਵਿਚਲੀ ਜਜ਼ਬਾਤੀ ਸਾਂਝ ਨੂੰ ਮੁੜ ਜੋੜੇਗੀ, ਉੱਥੇ ਪੰਜਾਬੀ ਲੋਕ ਸੰਗੀਤ ਦੇ ਵੱਖ-ਵੱਖ ਲੋਕ-ਰੰਗਾਂ ਤੋਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਐਲਬਮ ਨੂੰ ਪੇਸ਼ ਕਰ ਰਹੀ ਐੱਚ. ਐਮ. ਰਿਕਾਰਡਜ਼ ਇਕ ਮਿਸ਼ਨ ਵਜੋਂ ਸ਼ੁਰੂ ਹੋਇਆ ਹੈ, ਜਿਸ ਦਾ ਮੰਤਵ ਸਾਫ਼-ਸੁਥਰੇ ਅਤੇ ਉਸ ਵਿਸ਼ਾ-ਵਸਤੂ ਨੂੰ ਸਾਹਮਣੇ ਲਿਆਉਣਾ ਹੈ ਜਿਸ ਵਿਚ ਮਨੁੱਖਤਾ ਦੇ ਸੱਚੇ ਸੁੱਚੇ ਜਜ਼ਬਾਤ ਸ਼ਾਮਿਲ ਹੋਣ। ਉਨ੍ਹਾਂ ਦੱਸਿਆ ਕਿ ਇਸ ਐਲਬਮ ਵਿਚ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਬਾਬੂ ਸਿੰਘ ਮਾਨ ਹੁਰਾਂ ਦੇ ਲਿਖੇ ਗੀਤਾਂ ਨੂੰ ਗੁਰਮੀਤ ਸਿੰਘ ਅਤੇ ਟਾਈਗਰ ਸਟਾਈਲ ਨੇ ਸੰਗੀਤਬੱਧ ਕੀਤਾ ਹੈ।
ਇਸ ਮੌਕੇ ਪੰਜਾਬੀ ਦੇ ਸਿਰਮੌਰ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਇਸ ਪੋਸਟਰ ਦੇ ਰਿਲੀਜ਼ ਮੌਕੇ ਉਨ੍ਹਾਂ ਨੂੰ ਇਕ ਦਿਲੀ ਸਕੂਨ ਮਹਿਸੂਸ ਹੋ ਰਿਹਾ ਹੈ ਕਿ ਅੱਜ ਗਾਇਕੀ ਦੇ ਅਜੋਕੇ ਸਿੰਗਲ ਟਰੈਕ ਦੇ ਜ਼ਮਾਨੇ ਵਿਚ ਇਕ ਪੂਰੀ ਐਲਬਮ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸੰਗੀਤ ਰੂਹਾਂ ਤੋਂ ਸੱਖਣਾ ਹੋ ਕੇ ਅਤੇ ਵਿਰਸੇ ਨੂੰ ਵਿੱਸਰ ਕੇ ਬੇਰੰਗ ਹੁੰਦਾ ਜਾ ਰਿਹਾ ਸੀ, ਉਸ ਵਿਚ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੀ ‘ਸਤਰੰਗੀ ਪੀਂਘ’ ਦੇ ਰੰਗ ਮੁੜ ਤੋਂ ਭਰਣਗੇ ਅਤੇ ਸੰਗੀਤ ਜਗਤ ਨੂੰ ਇਕ ਨਵਾਂ ਮੋੜ ਦੇਣਗੇ।