ਬੀਤੀ 3 ਨਵੰਬਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਸਰਦਾਰ ਮੁਹੰਮਦ’ ਬੜੀ ਮਿਹਨਤ ਅਤੇ ਸੂਝ-ਬੂਝ ਨਾਲ ਬਣਾਈ ਗਈ ਮਜਬੂਤ ਪਕੜ ਵਾਲੀ ਪਰਿਵਾਰ ਨਾਲ ਦੇਖਣਯੋਗ ਫ਼ਿਲਮ ਹੈ, ਜਿਸ ਲਈ ਪਹਿਲਾਂ ਤਾਂ ਨਿਰਦੇਸ਼ਕ ਹੈਰੀ ਭੱਟੀ, ਨਿਰਮਾਤਾ ਮਨਪੀ੍ਰਤ ਜੋਹਲ, ‘ਵਿਹਲੀ ਜਨਤਾ’ ਦੀ ਸਾਰੀ ਟੀਮ ਅਤੇ ਫ਼ਿਲਮ ਦੇ ਸਾਰੇ ਐਕਟਰ ਵਧਾਈ ਦੇ ਪਾਤਰ ਹਨ। ਹੁਣ ਜੇ ਫ਼ਿਲਮ ਦੇ ਵੱਖ-ਵੱਖ ਪਹਿਲੂਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕਹਾਣੀ ਬਾਰੇ ਜ਼ਿਕਰ ਕਰਨਾ ਬਣਦਾ ਹੈ ਜੋ ਕਿ ਫ਼ਿਲਮ ਦੇ ਹੀਰੋ ਤਰਸੇਮ ਜੱਸੜ ਨੇ ਖ਼ੁਦ ਹੀ ਲਿਖੀ ਹੈ ਅਤੇ ਸਕਰੀਨ ਪਲੇਅ ਤੇ ਸੰਵਾਦ ਵੀ ਉੁਸ ਦੇ ਹੀ ਲਿਖੇ ਹਨ, ਭਾਵੇਂ ਕਿ ਇਹ ਅਸਲੀਅਤ ‘ਤੇ ਅਧਾਰਿਤ ਫ਼ਿਲਮ ਹੈ, ਜਿਸ ਦਾ ਕਿ ਫ਼ਿਲਮ ਦੇ ਆਖਰ ਵਿਚ ਖੁਲਾਸਾ ਵੀ ਕੀਤਾ ਗਿਆ ਹੈ ਪਰ ਇਸ ਨੂੰ ਮਜਬੂਤ ਪਕੜ ਵਾਲੀ ਫ਼ਿਲਮੀ ਕਹਾਣੀ ਦਾ ਰੂਪ ਦੇਣਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਤਰਸੇਮ ਜੱਸੜ ਨੇ ਵਧੀਆ ਗਾਇਕੀ, ਸੁਭਾਵਕ, ਕੁਦਰਤਨ ਐਂਕਟਿੰਗ ਦੇ ਨਾਲ ਨਾਲ ਇਹ ਕੰਮ ਵੀ ਬਾਖੂਬੀ ਸਿਰੇ ਚੜਾਇਆ।
ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਨੂੰ ਦ੍ਰਿਸ਼ਾਂ ਦਾ ਰੂਪ ਦੇ ਕੇ ਉੁਨਾਂ ਨਾਲ ਨਿਆਂ ਕਰਦੇ ਹੋਏ ਪਰਦੇ ‘ਤੇ ਉੁਤਾਰਨਾ ਤੇ ਫ਼ਿਲਮ ਸੰਵਾਦਾਂ ਨੂੰ ਅਦਾਕਾਰਾਂ ਕੋਲੋ ਪ੍ਰਭਾਵਸ਼ਾਲੀ ਤਰੀਕੇ ਨਾਲ ਬੁਲਵਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰਨਾ ਕਿਸੇ ਸੁਲਝੇ ਹੋਏ ਨਿਰਦੇਸ਼ਕ ਦਾ ਹੀ ਕੰਮ ਹੋ ਸਕਦਾ ਹੈ ਜੋ ਕਿ ਹੈਰੀ ਭੱਟੀ ਨੇ ਬਾਕਮਾਲ ਕਰ ਵਿਖਾਇਆ।
ਕਿਸੇ ਵੀ ਫ਼ਿਲਮ ਦਾ ਸੰਗੀਤ ਫ਼ਿਲਮ ਦੀ ਰੀੜ ਦੀ ਹੱਡੀ ਹੁੰਦਾ ਹੈ ਅਤੇ ਉਸ ਦਾ ਬੈਕਰਾਉਂਡ ਮਿਊਜ਼ਿਕ ਉਸ ਦੇ ਮਣਕੇ ਅਤੇ ਇਸ ਗੱਲ ‘ਤੇ ਸੰਗੀਤ ਪੱਖੋਂ ਖ਼ਰੇ ਉਤਰਨ ਦੀ ਵਾਹ ਲਗਾਈ ਸੰਗੀਤਕਾਰ ਆਰ ਗੁਰੂ ਨੇ, ਜਦ ਕਿ ਫ਼ਿਲਮ ‘ਰੱਬ ਦਾ ਰੇਡੀਓ’ ‘ਚ ਪਿੱਠਵਰਤੀ ਸੰਗੀਤ ਦੇਣ ਵਾਲੇ ਪ੍ਰਸਿੱਧ ਸੰਗੀਤਕਾਰ ਜੈਦੇਵ ਕੁਮਾਰ ਨੇ ਇਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਬੈਕਰਾਉਂਡ ਸਕੋਰ ਦੀ ਵੀ ਆਪਣੀ ਹੀ ਮਹੱਤਤਾ ਹੁੰਦੀ ਹੈ ਖਾਸ ਤੌਰ ‘ਤੇ ਜਦੋਂ ਪੀਰੀਅਡ ਫ਼ਿਲਮ ਹੋਵੇ, ਇਹ ਸੰਗੀਤ ਦੇਣਾ ਵੀ ਹਰ ਕਿਸੇ ਦੇ ਵੱਸ ਦਾ ਨਹੀਂ ਹੁੰਦਾ, ਇਸ ਕੰਮ ਲਈ ਜੈਦੇਵ ਵਰਗੇ ਪੁਰਾਣੇ, ਸੁਲਝੇ ਅਤੇ ਤਜਰਬੇਕਾਰ ਸੰਗੀਤਕਾਰ ਦੀ ਚੋਣ ਬਿਲਕੁੱਲ ਸਹੀ ਸਾਬਤ ਹੋਈ। ਫ਼ਿਲਮ ਦੇ ਗੀਤਕਾਰ ਤਰਸੇਮ ਜੱਸੜ, ਕੁਲਬੀਰ ਝਿੰਜਰ, ਨਰਿੰਦਰ ਬਾਠ ਅਤੇ ਗਾਇਕ ਤਰਸੇਮ ਜੱਸੜ, ਕੁਲਬੀਰ ਝਿੰਜਰ ਸੰਗੀਤ ਨੂੰ ਸੁਰੀਲਾ ਅਤੇ ਮਿਠਾਸ ਭਰਪੂਰ ਬਣਾਉਣ ਲਈ ਵੀ ਪ੍ਰਸ਼ੰਸਾ ਦੇ ਹੱਕਦਾਰ ਹਨ।
ਹੁਣ ਗੱਲ ਫ਼ਿਲਮ ਦੀ ਕਾਸਟਿੰਗ ਦੀ ਤਾਂ ਇਹ ਚੋਣ ਵੀ ਪੀਰੀਅਡ ਫ਼ਿਲਮ ਮੁਤਾਬਕ ਬਿਲਕੁੱਲ ਫਿੱਟ ਸੀ, ਜੇ ਨਵਿਆਂ ‘ਚੋਂ ਗੱਲ ਕਰੀਏ ਤਾਂ ਐਕਟਿੰਗ ਦੇ ਮਾਮਲੇ ‘ਚ ਰਾਹੁਲ ਜੁਗਰਾਲ ਬਾਜੀ ਮਾਰ ਗਿਆ। ਨੀਟਾ ਮਹਿੰਦਰਾ ਦੀ ਨਿਪੁੰਨ ਅਦਾਕਾਰੀ ਨੇ ਹੋਰ ਨਿਰਮਾਤਾਵਾਂ ਨੂੰ ਇਹ ਸੋਚਣ ਲਈ ਜਰੂਰ ਮਜਬੂਰ ਕੀਤਾ ਹੋਵੇਗਾ ਕਿ ਜੇ ਮਾਂ /ਪਤਨੀ ਜਾਂ ਕੋਈ ਹੋਰ ਦਮਦਾਰ ਕਰੈਕਟਰ ਰੋਲ ਹੋਵੇ ਤਾਂ ਇਸੇ ਅਦਾਕਾਰਾ ਨੂੰ ਹੀ ਦਿੱਤਾ ਜਾਵੇ। ਬਾਕੀ ਐਵਰਗਰੀਨ ਐਕਟਰ ਸਰਦਾਰ ਸੋਹੀ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦੁਰ ਤਾਂ ਵਿਸ਼ੇਸ਼ ਆਕਰਸ਼ਨ ਹਨ ਹੀ, ਇਨਾਂ ਤੋਂ ਇਲਾਵਾ ਜਿੱਥੇ ਨੀਟੂ ਪੰਧੇਰ, ਹਰਸ਼ਜੋਤ ਕੋਰ, ਮਨਜੀਤ ਸਿੰਘ, ਅਮਨਦੀਪ ਕੌਰ ਅਤੇ ਹੋਰ ਸਾਥੀ ਕਲਾਕਾਰਾਂ ਨੇ ਆਪਣੇ-ਆਪਣੇ ਰੋਲ ਪੂਰੀ ਤਨਦੇਹੀ ਨਾਲ ਨਿਭਾਏ, ਉੱਥੇ ਵਿਸ਼ੇਸ਼ ਜ਼ਿਕਰਯੋਗ ਅਦਾਕਾਰਾ ਜਤਿੰਦਰ ਕੌਰ ਦੀ ਦਿਲਾਂ ਨੂੰ ਜਜ਼ਬਾਤੀ ਕਰ ਦੇਣ ਵਾਲੀ ਅਦਾਕਾਰੀ ਲਈ ਤਾਰੀਫ ਸ਼ਬਦ ਤਾਂ ਬਹੁਤ ਛੋਟਾ ਪੈ ਜਾਏਗਾ, ਪੰਜਾਬੀ ਸਿਨੇਮਾ, ਥਿਏਟਰ ਅਤੇ ਟੈਲੀਵਿਜ਼ਨ ਦੀ ਰੂਹ ਇਸ ਅਦਾਕਾਰਾ ਦੀ ਸਰਾਹਣਾ ਲਈ ਸ਼ਾਇਦ ਨਵੇਂ ਸ਼ਬਦ ਖੋਜਣ ਦੀ ਲੋੜ ਹੈ।
ਕਿਸੇ ਵੀ ਪੀਰੀਅਡ ਫ਼ਿਲਮ ਦੀਆਂ ਲੋਕੇਸ਼ਨਾਂ ਅਤੇ ਉੁਸ ਸਮੇ ਦੇ ਵਸਤਰਾਂ ਦੀ ਖੋਜ, ਚੋਣ ਅਤੇ ਬਨਾਵਟ ਦਾ ਜੇ ਪੂਰੀ ਤਰਾਂ ਖਿਆਲ ਨਾ ਰੱਖਿਆ ਜਾਵੇ ਤਾਂ ਵੀ ਗੱਲ ਅਧੂਰੀ ਲੱਗਦੀ, ਪਰ ਇੱਥੇ ਵੀ ਆਰਟ/ਕੋਸਟਿਊਮ ਟੀਮ, ਨਿਰਮਾਤਾ ਮਨਪ੍ਰੀਤ ਜੋਹਲ ਅਤੇ ‘ਵਿਹਲੀ ਜਨਤਾ’ ਦੀ ਟੀਮ ਖਰੀ ਉੁਤਰੀ, ਕਿਉਂ ਕਿ ਸਾਰੀਆਂ ਸਿਆਣਪਾਂ ਦੀ ਗੱਲ ਪੈਸੇ ਖਰਚਣ ਨਾਲ ਹੀ ਮੁੱਕਦੀ ਹੈ। ਸੋ ਇਸ ਫ਼ਿਲਮ ਵਿਚ ਲੋੜ ਅਨੁਸਾਰ ਹਰ ਜਗਾ ਪੈਸੇ ਵੀ ਖਰਚੇ ਗਏ ਪਰ ਫ਼ਿਲਮ ਨੂੰ ਫੇਰ ਵੀ ਬੇਲੋੜੀ ਮਹਿੰਗੀ ਵੀ ਨਹੀਂ ਬਣਾਇਆ ਗਿਆ ਅਤੇ ਇਸੇ ਵਿਚ ਹੀ ਹਰ ਪੰਜਾਬੀ ਫ਼ਿਲਮ ਦੇ ਨਿਰਮਾਤਾ ਦੀ ਭਲਾਈ ਹੈ, ਜੇ ਉਸ ਨੇ ਪੰਜਾਬੀ ਫ਼ਿਲਮਾਂ ‘ਚੋਂ ਪੈਸੇ ਕਮਾਉਣੇ ਨੇ ਤਾਂ।
ਭਾਵੇਂਕਿ ਇਸ ਫ਼ਿਲਮ ਦੇ ਵਿਸ਼ੇ ਨਾਲ ਮਿਲਦੀਆਂ-ਜੁਲਦੀਆਂ ਦੋ ਪੰਜਾਬੀ ਫ਼ਿਲਮਾਂ ‘ਰਹੇ ਚੜਦੀ ਕਲਾ ਪੰਜਾਬ ਦੀ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ਤੋਂ ਇਲਾਵਾ ਹਿੰਦੀ ਫ਼ਿਲਮਾਂ, ਜਿਨਾਂ ਵਿਚ 47 ਦੀ ਵੰਡ ਸਮੇਂ ਦੰਗਿਆਂ ‘ਚ ਅਸਲ ਮਾਪਿਆਂ ਤੋਂ ਵੱਖ ਹੋਏ ਬੱਚਿਆਂ ਨੂੰ ਆਪਣੇ ਬਾਰੇ ਪਤਾ ਲੱਗਣ ‘ਤੇ ਪਿਛੋਕੜ ਦੀ ਭਾਲ ਦੀ ਕੋਸ਼ਿਸ਼ ਜਿਹੇ ਕਿੱਸਿਆਂ ‘ਤੇ ਆ ਵੀ ਚੁੱਕੀਆਂ ਹਨ ਪਰ ਫੇਰ ਵੀ ਨਿਰਮਾਤਾ-ਨਿਰਦੇਸ਼ਕ ਵੱਲੋਂ ‘ਸਰਦਾਰ ਮੁਹੰਮਦ’ ਨੂੰ ਜਿਸ ਕਾਮਯਾਬ ਤਰੀਕੇ ਦੀ ਪੇਸ਼ਕਾਰੀ ਅਤੇ ਧਰਮ ਜਾਤਾਂ ਦੇ ਬੰਧਨਾਂ ਤੋਂ ਉੁੱਪਰ ਉੱਠ, ਸਿਆਸੀ ਲੂੰਬੜ ਚਾਲਾਂ ਤੋ ਬੱਚ ਕੇ ਮਾਨਵਤਾ ਦਾ ਰਾਹ ਅਪਨਾਉਣ ਦਾ ਸੰਦੇਸ਼ ਦੇਣ ਵਾਲੀ ਖ਼ੂਬਸੂਰਤ ਪਰਿਵਾਰਕ ਫ਼ਿਲਮ, ਜਿਸ ਵਿਚ ਫਿਲਮ ਦੀ ਕਹਾਣੀ ਨੂੰ ਇੱਧਰ ਉੱਧਰ ਦੁੜਾਉਣ ਦੀ ਬਜਾਏ ਸਿਰਫ਼ ਅਸਲ ਮੁੱਦੇ ਨੂੰ ਹੀ ਧੁਰਾ ਬਣਾ ਕੇ ਪੇਸ਼ ਕੀਤਾ ਗਿਆ, ਸਲਾਹੁਣਯੋਗ ਹੈ। ਪ੍ਰਸਿੱਧ ਡਿਸਟ੍ਰੀਬਿਊੂਸ਼ਨ ਕੰਪਨੀ ਓਮ ਜੀ ਸਿਨੇ ਵਰਲਡ ਦੇ ਐਮ. ਡੀ. ਮੁਨੀਸ਼ ਸਾਹਨੀ ਵੱਲੋਂ ਬੜੇ ਸੋਹਣੇ ਢੰਗ ਨਾਲ ਇਸ ਫ਼ਿਲਮ ਨੂੰ ਪੰਜਾਬੀ ਸਿਨੇਮਾ ਦਰਸ਼ਕਾਂ ਦੇ ਰੁ-ਬੁਰੂ ਕਰਵਾਇਆ ਗਿਆ ਅਤੇ ਇਹ ਫ਼ਿਲਮ ਆਪਣੇ ਆਪ ਵਿਚ ਇਕ ਮਿਸਾਲ ਬਣੀ, ਜਿਸ ਲਈ ਸਾਰੀ ਟੀਮ ਨੂੰ ‘ਪੰਜਾਬੀ ਸਕਰੀਨ’ ਵੱਲੋਂ ਚਾਰ ਤਾਰਿਆਂ ਨਾਲ ਮੁਬਾਰਕਾਂ। ਪ੍ਰਮਾਤਮਾ ਕਰੇ ਇਹ ਫ਼ਿਲਮ ਖ਼ੂਬ ਚੱਲੇ ਅਤੇ ਨਿਰਮਾਤਾ ਅਜਿਹੀਆਂ ਸ਼ਾਨਦਾਰ ਫ਼ਿਲਮਾਂ ਬਣਾਉੁਂਦੇ ਰਹਿਣ।