Articles & Interviews

ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੀ ਸਾਡਾ ਮੁੱਖ ਮਕਸਦ- ਰੁਪਾਲੀ ਗੁਪਤਾ

Written by Daljit Arora
‘ਸਾਡੀਆਂ ਬਣਾਈਆਂ ਫ਼ਿਲਮਾਂ ਵੇਖ ਕੇ ਦਰਸ਼ਕ ਖੁਸ਼ ਹੋਵੇ ਤੇ ਉਹ ਆਪਣਾ ਭਰਪੂਰ ਮਨੋਰੰਜਨ ਕਰੇ, ਤਾਂ ਹੀ ਸਾਡਾ ਫ਼ਿਲਮ ਬਣਾਉਣ ਦਾ ਮਕਸਦ ਕਾਮਯਾਬ ਹੁੰਦਾ ਹੈ’ ਇਹ ਕਹਿਣਾ ਹੈ ਪ੍ਰਸਿੱਧ ਫ਼ਿਲਮ ਨਿਰਮਾਤਰੀ ਰੁਪਾਲੀ ਗੁਪਤਾ ਦਾ। ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਅਧੀਨ ‘ਮਿਸਟਰ ਐਂਡ ਮਿਸਿਜ਼ 420’ ਦਾ ਨਿਰਮਾਣ ਕਰ ਚੁੱਕੀ ਰੁਪਾਲੀ ਗੁਪਤਾ ਹੁਣ ਇਸੇ ਹੀ ਫ਼ਿਲਮ ਦਾ ਸੀਕਵਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ’ ਦਾ ਨਿਰਮਾਣ ਕਰ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਇਸ ਫ਼ਿਲਮ ਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਫ਼ਿਲਮ ਤੇ ਹੋਰ ਗੱਲਬਾਤ ਨੂੰ ਲੈ ਕੇ ਪੇਸ਼ ਹੈ ਇਹ ਖਾਸ ਇੰਟਰਵਿਊ:-
ਰੁਪਾਲੀ ਜੀ, ਮੂਲ ਰੂਪ ‘ਚ ਤੁਹਾਡਾ ਕੀ ਕੰਮ ਹੈ ?
ਮੇਰੇ ਪਤੀ ਦੀਪਕ ਗੁਪਤਾ ਕਾਰੋਬਾਰੀ ਹਨ ਅਤੇ ਮੈਂ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਪ੍ਰੋਡਕਸ਼ਨ ਹਾਊਸ ਦੀ ਕਮਾਨ ਸੰਭਾਲੀ ਹੋਈ ਹੈ।IMG-20171230-WA0005
ਫ਼ਿਲਮ ਪ੍ਰੋਡਿਊਸ ਕਰਨ ਦਾ ਵਿਚਾਰ ਕਿਵੇਂ ਆਇਆ ?
ਮੈਂ ਸ਼ੁਰੂ ਤੋਂ ਹੀ ਕਲਾ ਅਤੇ ਕਲਚਰ ਨਾਲ ਜੁੜੀ ਹੋਈ ਸੀ। ਕਈ ਯੂਥ ਫੈਸਟੀਵਲ ‘ਚ ਹਿੱਸਾ ਲਿਆ। ਪ੍ਰਿੰਟ ਐਡ ਦੇ ਸ਼ੂਟ ਕੀਤੇ ਤਾਂ ਉਦੋਂ ਤੋਂ ਹੀ ਮੇਰਾ ਰੁਝਾਨ ਇਸ ਵੱਲ ਸੀ। ਵਿਆਹ ਤੋਂ ਬਾਅਦ ਪਤੀ ਦੀਪਕ ਗੁਪਤਾ ਨੂੰ ਫ਼ਿਲਮ ਪ੍ਰੋਡਿਊਸ ਕਰਨ ਬਾਰੇ ਕਿਹਾ ਤਾਂ ਉਨ੍ਹਾਂ ਨੇ ਤਾਂ ਹਾਂ ਕਰ ਦਿੱਤੀ ਪਰ ਇਸਦਾ ਸਾਰਾ ਕੰਮ-ਕਾਜ ਮੈਂ ਖ਼ੁਦ ਦੇਖਿਆ। ਪਹਿਲੀ ਸ਼ੋਰਟ ਹਿੰਦੀ ਫ਼ਿਲਮ ‘ਡ੍ਰੀਮ ਮੈਨ’ ਬਣਾਈ, ਜੋ ਕਾਫ਼ੀ ਫ਼ਿਲਮ ਫੈਸਟੀਵਲ ਵਿਚ ਗਈ। ਉਸ ਤੋਂ ਬਾਅਦ 2014 ‘ਚ ‘ਮਿਸਟਰ ਐਂਡ ਮਿਸਿਜ਼ 420’ ਦਾ ਨਿਰਮਾਣ ਕੀਤਾ।
ਕੀ ਤਜ਼ਰਬਾ ਰਿਹਾ ਫ਼ਿਲਮ ਪ੍ਰੋਡਿਊਸ ਕਰਨ ਦਾ ?
ਪਹਿਲੀ ਹਿੰਦੀ ਫ਼ਿਲਮ ਤੋਂ ਅਸੀਂ ਸਿਰਫ਼ ਇਹ ਸਿੱਖਿਆ ਕਿ ਫ਼ਿਲਮ ਬਣਦੀ ਕਿਵੇਂ ਹੈ ? ਤੇ ਸਾਡਾ ਇਹ ਤਜ਼ਰਬਾ ਸਾਡੀ ਪਹਿਲੀ ਪੰਜਾਬੀ ਫੀਚਰ ਫ਼ਿਲਮ ‘ਚ ਕੰਮ ਆਇਆ। ‘ਮਿਸਟਰ ਐਂਡ ਮਿਸਿਜ਼ 420’ ਬਣਾਉਣਾ ਸਾਡੇ ਲਈ ਬਹੁਤ ਵਧੀਆ ਰਿਹਾ। ਜਿੱਥੇ ਇਸ ਫ਼ਿਲਮ ਨੇ ਸਫ਼ਲਤਾ ਦੇ ਨਵੇਂ ਆਯਾਮ ਤੈਅ ਕੀਤੇ, ਉਥੇ ਹੀ ਦਰਸ਼ਕਾਂ ਨੇ ਵੀ ਇਸ ਨੂੰ ਖ਼ੂਬ ਸਰਾਹਿਆ। ਸਾਨੂੰ ਖੁਸ਼ੀ ਹੈ ਕਿ ਅਸੀਂ ਇਕ ਸਫ਼ਲ ਫ਼ਿਲਮ ਬਣਾਉਣ ‘ਚ ਸਫ਼ਲ ਹੋਏ।
ਹੁਣ ਤੁਸੀਂ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ’ ਬਣਾ ਰਹੇ ਹੋ ? ਕੀ ਵੱਖਰਾ ਹੈ ਪਹਿਲੀ ਫ਼ਿਲਮ ਨਾਲੋਂ ਇਸ ਵਿਚ ?
ਪਹਿਲੇ ਪਾਰਟ ਦੀ ਅਪਾਰ ਸਫ਼ਲਤਾ ਤੋਂ ਬਾਅਦ ਸਾਡੇ ਦਿਮਾਗ ਵਿਚ ਸੀ ਕਿ ਇਸ ਦਾ ਸੀਕਵਲ ਬਣਾਇਆ ਜਾਵੇ ਪਰ ਫ਼ਿਲਮ ਦੇ ਰਾਈਟਰ ਤੇ ਸਾਡੇ ਆਰਟਿਸਟ ਬਿਜ਼ੀ ਸਨ। ਸੋ ਅਸੀਂ ਹੁਣ ਇਸ ਦਾ ਸੀਕਵਲ ਬਣਾ ਰਹੇ ਹਾਂ, ਇਸ ਦੇ ਕੁਝ ਕਲਾਕਾਰਾਂ ਵਿਚ ਤਬਦੀਲੀ ਕੀਤੀ ਹੈ। ਇਸ ਦਾ ਕਾਨਸੈਪਟ ਪਹਿਲੀ ਫ਼ਿਲਮ ਨਾਲ ਮਿਲਦਾ-ਜੁਲਦਾ ਹੈ। ਇਸ ਫ਼ਿਲਮ ‘ਚ ਖਾਸ ਸਸਪੈਂਸ ਵੀ ਹੈ, ਜੋ ਫ਼ਿਲਮ ਦੇ ਟ੍ਰੇਲਰ ਦੌਰਾਨ ਪਤਾ ਲੱਗ ਜਾਵੇਗਾ। ਸਾਨੂੰ ਪੂਰੀ ਉਮੀਦ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ‘ਤੇ ਖ਼ਰੀ ਉਤਰੇਗੀ। ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ।
ਤੁਸੀਂ ਵੀ ਇਸ ਫ਼ਿਲਮ ‘ਚ ਅਦਾਕਾਰੀ ਕੀਤੀ ਹੈ, ਉਸ ਬਾਰੇ ਦੱਸੋ ?IMG-20171230-WA0003
ਮੈਂ ਪਹਿਲੀ ਫ਼ਿਲਮ ‘ਚ ਹੀ ਅਦਾਕਾਰੀ ਕਰਨਾ ਚਾਹੁੰਦੀ ਸੀ ਪਰ ਉਸ ਵਿਚ ਮੇਰੇ ਮੁਤਾਬਕ ਕੋਈ ਕਿਰਦਾਰ ਹੀ ਨਹੀਂ ਸੀ। ਹੁਣ ਇਸਦੇ ਸੀਕਵਲ ਵਿਚ ਮੈਂ ਦਲਜੀਤ ਕੌਰ ਨਾਂਅ ਦਾ ਕਿਰਦਾਰ ਨਿਭਾ ਰਹੀ ਹਾਂ, ਜੋ ਗੁਰਪ੍ਰੀਤ ਘੁੱਗੀ ਦੀ ਘਰਵਾਲੀ ਬਣੀ ਹੈ। ਦਲਜੀਤ ਬੜੀ ਹੀ ਲੜਾਕੂ ਕਿਸਮ ਦੀ ਔਰਤ ਹੈ। ਮੈਨੂੰ ਇਹ ਕਿਰਦਾਰ ਕਰਕੇ ਬਹੁਤ ਵਧੀਆ ਲੱਗਾ।
ਆਪਣੇ ਪਰਿਵਾਰ ਬਾਰੇ ਕੁਝ ਦੱਸੋ ?
ਮੇਰੇ ਪਤੀ ਦੀਪਕ ਗੁਪਤਾ ਹਮੇਸ਼ਾ ਮੈਨੂੰ ਸਪੋਰਟ ਕਰਦੇ ਹਨ। ਬੇਸ਼ੱਕ ਉਨ੍ਹਾਂ ਦੀ ਫ਼ਿਲਮਾਂ ਪ੍ਰਤੀ ਰੁਚੀ ਘੱਟ ਹੈ ਪਰ ਫੇਰ ਵੀ ਉਨ੍ਹਾਂ ਮੇਰੇ ਕਹਿਣ ‘ਤੇ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ। ਮੇਰਾ ਇਕ ਬੇਟਾ ਸ਼ਾਹਰੀਅਰ ਤੇ ਬੇਟੀ ਰੁਹਾਬ ਹੈ।
ਕਿਸ ਤਰ੍ਹਾਂ ਦੀ ਫ਼ਿਲਮ ਬਣਾਉਣ ਨੂੰ ਤਰਜ਼ੀਹ ਦਿੰਦੇ ਹੋ ?
ਫ਼ਿਲਮ ਬਣਾ ਕੇ ਸਿਰਫ਼ ਪੈਸੇ ਕਮਾਉਣਾ ਹੀ ਸਾਡਾ ਮਕਸਦ ਨਹੀਂ ਹੈ। ਅਸੀਂ ਉਸ ਤਰ੍ਹਾਂ ਦੀ ਫ਼ਿਲਮ ਬਣਾਉਣਾ ਚਾਹੁੰਦੇ ਹਾਂ, ਜਿਸ ਨੂੰ ਦਰਸ਼ਕ ਸਾਲਾਂ-ਬੱਧੀ ਯਾਦ ਰੱਖਣ। ਅਸੀਂ ਵਿਸ਼ਾ ਵੀ ਅਜਿਹਾ ਚੁਣਦੇ ਹਾਂ ਜੋ ਦਰਸ਼ਕਾਂ ਦਾ ਮਨੋਰੰਜਨ ਕਰੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦਰਸ਼ਕ ਦੋ-ਢਾਈ ਘੰਟੇ ਫ਼ਿਲਮ ਵੇਖ ਕੇ ਨਿਰਾਸ਼ ਨਾ ਹੋਣ।
-ਲਖਨ ਪਾਲ, ਜਲੰਧਰ।

Comments & Suggestions

Comments & Suggestions

About the author

Daljit Arora