Pollywood

ਫ਼ਿਲਮ ਸ਼ੂਟਿੰਗ ਰਿਪੋਰਟ ”ਸਾਡੇ ਆਲੇ”

Written by Daljit Arora

ਮਾਂ ਖੇਡ ਕਬੱਡੀ ਰਾਹੀਂ ਦੋ ਪਰਿਵਾਰਾਂ ‘ਚ ਪਈ ਦੁਸ਼ਮਣੀ ਨੂੰ ਖ਼ਤਮ ਕਰਕੇ ਦੋਸਤੀ ਦਾ ਅਹਿਸਾਸ ਕਰਵਾਉਂਦੀ ਹੈ : ਦੀਪ ਸਿੱਧੂ
ਪੰਜਾਬ ਦੇ ਮਾਣ ਧਰਮਿੰਦਰ ਭਾਅ ਜੀ ਦੇ ਪਰਿਵਾਰ ਦਾ ਇਕ ਮੈਂਬਰ ਬਣ ਕੇ ਬੰਬਈ ਦੇ ਜੁਹੂ ‘ਚ ਰਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਬੁੱਕਲ ‘ਚ ਵੱਸੇ ਪਿੰਡ ਉਦੇਕਰਨ ਦਾ ਜੰਮਪਲ ਦੀਪ ਸਿੱਧੂ ਜੋ ਪਹਿਲਾਂ ਗੁੱਡੂ ਧਨੋਆ ਦੀ ਨਿਰਦੇਸ਼ਨਾ ਹੇਠ ਪੰਜਾਬੀ ਫ਼ਿਲਮ ‘ਰਮਤਾ ਜੋਗੀ”ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਿਆ ਹੈ।
ਮਾਰਚ 2017 ਦੇ ਅਖੀਰਲੇ ਦਿਨਾਂ ‘ਚ ਆਪਣੀ ਭੈਣ ਦੇ ਪਿੰਡ ਬਠਿੰਡਾ ਨੇੜੇ ਬਹਿਮਣ ਦੀਵਾਨਾ ਜਿਸ ਦੀਆਂ ਗਲੀਆਂ ਵਿਚ ਦੀਪ ਸਿੱਧੂ ਨੇ ਆਪਣਾ ਬਚਪਨ ਗੁਜਾਰਿਆ, ਉਥੇ ਹੁਣ ਉਹ ਆਪਣੀ ਆਉਣ ਵਾਲੀ ਫ਼ਿਲਮ ‘ਸਾਡੇ ਆਲੇ’ ਦੀ ਸ਼ੂਟਿੰਗ ਲਈ ਆਇਆ ਹੋਇਆ ਸੀ। ਜਿਸ ਪਿੰਡ ਦੇ ਸਕੂਲ ‘ਚ ਉਸ ਨੇ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਪੜ੍ਹਾਈ ਕੀਤੀ, ਉਸ ਸਕੂਲ ‘ਚ ਅੱਜ ਉਹ ਫ਼ਿਲਮ ਸਟਾਰ ਬਣ ਕੇ ਸ਼ੂਟਿੰਗ ਕਰ ਰਿਹਾ ਸੀ। ਦੀਪ ਸਿੱਧੂ ਦੇ ਪਿੰਡ ਦੇ ਹਾਣੀ ਦੱਸਦੇ ਹਨ ਕਿ ਜਦੋਂ ਉਹ ਸਕੂਲ ‘ਚ ਪੜ੍ਹਦਾ ਸੀ ਤਾਂ ਉਸ ਦੇ ਸਿਰ ‘ਤੇ ਜੂੜਾ ਸੀ ਪਰ ਅੱਜ ਉਹ ਸਟਾਰ ਕਲਾਕਾਰ ਹੈ। ਉਹ ਆਪਣੀ ਭੈਣ ਦੇ ਸਹੁਰੇ ਪਿੰਡ ਸ਼ੂਟਿੰਗ ਕਰ ਰਿਹਾ ਹੈ। ਬਠਿੰਡੇ ਵਾਲੇ ਬਾਈ ਅਤੇ ‘ਕਕਨਜ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਫੀਚਰ ਫ਼ਿਲਮ ‘ਸਾਡੇ ਆਲੇ’ ਦੇ ਜਤਿੰਦਰ ਮੋਹਰ ਹਨ, ਜੋ ਬਹੁਤ ਹੀ ਸੁਲਝੇ ਹੋਏ ਅਤੇ ਪੰਜਾਬੀ ਸਿਨੇਮਾ ਦਾ ਗੂੜ੍ਹ ਗਿਆਨ ਰੱਖਦੇ ਹਨ। ਉਨ੍ਹਾਂ ਨੇ ਮਿੱਟੀ, ਸਿਕੰਦਰ ਅਤੇ ਕਿੱਸਾ ਪੰਜਾਬ ਵਰਗੀਆਂ ਸੰਦੇਸ਼ਪੂਰਨ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।
ਬੀਤੇ ਦਿਨੀਂ ‘ਸਾਡੇ ਆਲੇ’ ਫ਼ਿਲਮ ਦੀ ਸ਼ੂਟਿੰਗ ਬਠਿੰਡਾ ਨੇੜਲੇ ਪਿੰਡ ਬਹਿਮਣ ਦੀਵਾਨਾ ਦੇ ਖੇਤ ਮੈਦਾਨ ‘ਚ ਹੋ ਰਹੀ ਸੀ। ਫ਼ਿਲਮ ਦਾ ਸੈਟ ਅਸਲ ਕਬੱਡੀ ਟੂਰਨਾਮੈਂਟ ਦਾ ਭੁਲੇਖਾ ਪਾਉਂਦਾ ਸੀ। ਲੋਹੜੇ ਦੀ ਗਰਮੀ, ਵੱਟ ਕੱਢਵੀਂ ਧੁੱਪ, ਤਪਦੀ ਧਰਤੀ, ਖੇਡ ਗਰਾਊਂਡ ‘ਚ ਮੋਨੀਟਰ ਅੱਗੇ ਬੈਠ ਕੇ ਨਿਰਦੇਸ਼ਕ ਜਤਿੰਦਰ ਮੋਹਰ, ਕੈਮਰਾਮੈਨ ਕਬੱਡੀ ਖਿਡਾਰੀਆਂ ਨੂੰ ਫ਼ਿਲਮ ਦੇ ਸੀਨ ਸਬੰਧੀ ਨਿਰਦੇਸ਼ ਦੇ ਰਿਹਾ ਹੈ। ਫ਼ਿਲਮ ਦੀ ਮੇਨ ਲੀਡ ‘ਚ ਅਦਾਕਾਰ ਦੀਪ ਸਿੱਧੂ ਅਤੇ ਉਸ ਦੇ ਦੋਸਤ ਦੀ ਭੂਮਿਕਾ ‘ਕੌਮ ਦੇ ਹੀਰੇ’ ‘ਚ ਸ਼ਹੀਦ ਸਤਵੰਤ ਸਿੰਘ ਕਿਰਦਾਰ ਨਿਭਾ ਚੁੱਕਾ ਸੁਖਦੀਪ ਸੁੱਖ ਵੀ ਖੇਡ ਮੈਦਾਨ ‘ਚ ਲਿਸ਼ਕਦੇ ਕਮਾਏ ਸਰੀਰ, ਡੌਲਿਆਂ ‘ਚ ਜਾਨ, ਨੰਗੇ ਪਿੰਡੇ ਕਬੱਡੀ ਪਾਉਣ ਲਈ ਤਿਆਰ ਪਏ ਸਨ।
ਦੀਪ ਸਿੱਧੂ ਨੇ ਦੱਸਿਆ ਕਿ ਉਸ ਨੇ ਕਦੇ ਵੀ ਕਬੱਡੀ ਖੇਡ ਤਾਂ ਭਾਵੇਂ ਨਹੀਂ ਖੇਡੀ ਪਰ ਪਿਛਲੇ ਦਿਨਾਂ ਤੋਂ ਕਬੱਡੀ ਦਾ ਅਭਿਆਸ ਕਰ ਰਿਹਾ ਹੈ। ਖੇਡ ਪ੍ਰੇਮੀ ਖੇਡ ਮੈਦਾਨ ਦੇ ਬਾਹਰ ਕੜਕਦੀ ਧੁੱਪ ‘ਚ ਖੜੇ ਸਟਾਰ ਕਲਾਕਾਰਾਂ ਵਿੱਚੋਂ ਪਾਈਆਂ ਜਾ ਰਹੀਆਂ ਕਬੱਡੀਆਂ ਦਾ ਆਨੰਦ ਮਾਣ ਰਹੇ ਸਨ। ਕਬੱਡੀ ਦੇ ਮੈਚ ਨੂੰ ਦੋ ਕੈਮਰਿਆਂ ਰਾਹੀਂ ਫ਼ਿਲਮਾਇਆ ਜਾ ਰਿਹਾ ਸੀ। ਕਬੱਡੀ ਮੈਚ ‘ਚ ਦੀਪ ਸਿੱਧੂ, ਸੁਖਦੀਪ ਸੁੱਖ ਤੋਂ ਇਲਾਵਾ ਕਬੱਡੀ ਕੁਮੈਂਟੇਟਰ ਦੀ ਭੂਮਿਕਾ ‘ਚ ਬਲਵਿੰਦਰ ਬੁਲਟ ਕਮੈਂਟਰੀ ਰਾਹੀਂ ਖਿਡਾਰੀਆਂ ‘ਚ ਜੋਸ਼ ਭਰ ਰਿਹਾ ਸੀ। ਰੈਫਰੀ ਦੇ ਰੋਲ ‘ਚ ਸੰਦੀਪ ਸੰਧੂ ਹਰ ਰੇਡ ਪਾਉਂਦੇ ਰੇਡਰ ਜਾਂ ਜਾਫੀ ਨੂੰ ਨੰਬਰ ਕਲਾਬਾਜੀਆਂ ਰਾਹੀਂ ਖੇਡ ਪ੍ਰੇਮੀਆਂ ਨੂੰ ਲੋਟ-ਪੋਟ ਕਰਕੇ ਦੇ ਰਿਹਾ ਸੀ। ਮੰਚ ‘ਤੇ ਦੀਪ ਸਿੱਧੂ ਦੇ ਗਰਾਂਈ ਅਤੇ ਬਹਿਮਣ ਦੀਵਾਨਾ ਦੇ ਪਤਵੰਤੇ ਸੱਜਣ ਸਜੇ ਬੈਠੇ ਸਨ। ਦੀਪ ਸਿੱਧੂ ਦਾ ਭਰਾ ਬਤੌਰ ਨਿਰਮਾਤਾ ਮਨਦੀਪ ਸਿੰਘ, ਖੇਡ ਮੈਦਾਨ ‘ਚ ਕਬੱਡੀ ਟੀਮ ‘ਚ ਸ਼ਾਮਲ ਸੀ। ਉਸ ਦੇ ਸਾਥੀ ਸੁਖਮਿੰਦਰ ਸਿੰਘ ਅਤੇ ਮਨਦੀਪ ਸਿੱਧੂ ਪੂਰਨ ਸਹਿਯੋਗ ਦੇ ਰਹੇ ਸਨ। ਕਬੱਡੀ ਦੀ ਹਰ ਰੇਡ, ਹਰ ਜੱਫੇ ਨੂੰ ਫ਼ਿਲਮ ਸੀਨ ਨਾ ਹੋ ਕੇ ਅਸਲ ਕਬੱਡੀ ਦੇ ਮੈਚ ਅਨੁਸਾਰ ਜਤਿੰਦਰ ਮੋਹਰ ਫ਼ਿਲਮਾ ਰਹੇ ਸਨ। ਜਿੰਨਾ ਚਿਰ ਉਸ ਨੂੰ ਪੂਰਨ ਤਸੱਲੀ ਨਾ ਹੁੰਦੀ ਉਹ ਸੀਨ ਓਕੇ ਨਾ ਕਰਦਾ, ਕਿਉਂਕਿ ਉਹ ਚੈਲੇਂਜ ਫ਼ਿਲਮਾਂ ਹੀ ਕਰਦਾ ਹੈ, ਮਨੋਰੰਜਨ ਦੇ ਨਾਲ-ਨਾਲ ਸਮਾਜ ਪ੍ਰਤੀ ਸਾਰਥਿਕ ਸੁਨੇਹਾ ਦੇਣਾ ਉਹ ਫਰਜ਼ ਸਮਝਦਾ ਹੈ। ਜਤਿੰਦਰ ਮੋਹਰ ਦੀ ਨਿਰਦੇਸ਼ਨਾ ‘ਚ ਆਈਆਂ ਸਾਰੀਆਂ ਹੀ ਫ਼ਿਲਮਾਂ ਦੂਜੀਆਂ ਫ਼ਿਲਮਾਂ ਨਾਲੋਂ ਹੱਟ ਕੇ ਸਮਾਜ ‘ਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦੀਆਂ ਹਨ। ਉਹ ਆਪਣੀਆਂ ਫ਼ਿਲਮਾਂ ਜ਼ਰੀਏ ਸਮਾਜ ਵਿਰੋਧੀ ਅਨਸਰਾਂ, ਨਸ਼ਿਆਂ ਦੇ ਸੌਦਾਗਰ, ਰਾਜਨੀਤੀ ‘ਚ ਭ੍ਰਿਸ਼ਟਾਚਾਰ ਫੈਲਾ ਰਹੇ ਲੀਡਰ ਅਤੇ ਕਾਨੂੰਨ ਤੋੜਨ ਵਾਲੇ ਗੁੰਡਿਆਂ ਦੀ ਉਸ ਨੇ ਆਪਣੀਆਂ ਫ਼ਿਲਮਾਂ ‘ਚ ਗੱਲ ਕੀਤੀ। ‘ਸਾਡੇ ਆਲੇ’ ਫ਼ਿਲਮ ਬਾਰੇ ਜਤਿੰਦਰ ਮੋਹਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਰਾਹੀਂ ਮਾਂ-ਖੇਡ ਕਬੱਡੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਕਿਵੇਂ ਆਪਸੀ ਦੁਸ਼ਮਣੀ ਨੂੰ ਮਿਟਾ ਕੇ ਕਬੱਡੀ ਦੋਸਤੀ ‘ਚ ਬਦਲ ਕੇ ਦੋ ਪਰਿਵਾਰਾਂ ਦੀ ਦੁਸ਼ਮਣੀ ਮਿਟਾ ਕੇ ਜੱਫੀਆਂ ਪਵਾਉਂਦੀ ਹੈ।
‘ਸਾਡੇ ਆਲੇ’ ਫ਼ਿਲਮ ਦੀ ਕਹਾਣੀ ਪਿੰਡ ਦੇ ਐਸੇ ਦੋ ਪਰਿਵਾਰਾਂ ਦੀ ਕਹਾਣੀ ਹੈ, ਜੋ ਇਕ ਦੂਜੇ ਦੇ ਦੁਸ਼ਮਣ ਹਨ। ਪਿੰਡਾਂ ‘ਚ ਜੇਕਰ ਪਿਆਰ -ਮੁਹੱਬਤ ਹੈ ਤਾਂ ਨਫ਼ਰਤ ਤੇ ਦੁਸ਼ਮਣੀਆਂ ਵੀ ਹਨ, ਪਰ ਅਖ਼ੀਰ ਤੇ ਗੱਲ ਤਾਂ ਪਿਆਰ ਨਾਲ ਬਣਦੀ ਹੈ। ਮਾਂ-ਖੇਡ ਕਬੱਡੀ ਖੇਡਦੇ ਇਕ ਦੂਜੇ ਦੇ ਦੁਸ਼ਮਣ ਪਰਿਵਾਰ ਦੋਸਤ ਬਣ ਜਾਂਦੇ ਹਨ। ਇਸ ਫ਼ਿਲਮ ਦੇ ਅਦਾਕਾਰ ਗੁੱਗੂ ਗਿੱਲ ਅਹਿਮ ਕਿਰਦਾਰ ਨਿਭਾ ਰਹੇ ਹਨ। ਅੱਜ ਦੇ ਸੀਨ ‘ਚ ਉਹ ਕਬੱਡੀ ਖੇਡ ਰਹੇ ਆਪਣੇ ਬੇਟੇ ਦੀਪ ਸਿੱਧੂ ਨੂੰ ਹੱਲਾ ਸ਼ੇਰੀ ਦੇਣ ਆਇਆ ਹੈ ਪਰ ਕਬੱਡੀ ਦੁਸ਼ਮਣ ਪਰਿਵਾਰ ਦੇ ਮੁੰਡੇ ਨੂੰ ਖੇਡਦਿਆਂ ਦੇਖ ਕੇ ਦੁਸ਼ਮਣੀ ਭੁੱਲ ਕੇ ਦੋਸਤੀ ਪਵਾ ਦਿੰਦੀ ਹੈ। ਗੁੱਗੂ ਗਿੱਲ ਨੇ ਦੱਸਿਆ ਕਿ ਇਸ ਫ਼ਿਲਮ ‘ਚ ਉਹ ਪਿੰਡ ਦਾ ਆਗੂ ਹੈ। ਉਸ ਦੇ ਪਰਿਵਾਰ ਦੇ ਪਿੰਡ ਦੇ ਦੂਜੇ ਪਰਿਵਾਰ ਨਾਲ ਦੁਸ਼ਮਣੀ ਹੈ ਪਰ ਕਬੱਡੀ ਮੇਲੇ ਕਰਾ ਦਿੰਦੀ ਹੈ। ਅਦਾਕਾਰ ਗੁੱਗੂ ਗਿੱਲ ਦੀ ਆਮਦ ਤੇ ਨੌਜਵਾਨ ਤੋਂ ਲੈ ਕੇ ਹਰ ਉਮਰ ਵਰਗ ਗੁੱਗੂ ਦੀ ਅਦਾਕਾਰੀ ਤੋਂ ਪ੍ਰਭਾਵਿਤ ਵਿਅਕਤੀ ਉਸਨੂੰ ਨੇੜਿਓਂ ਦੇਖਣਾ ਚਾਹੁੰਦੇ ਸੀ। ਜਦੋਂ ਕਿ ਗੁੱਗੂ ਗਿੱਲ ਨੇ ਸ਼ੂਟਿੰਗ ਤੋਂ ਇਲਾਵਾ ਆਪਣੀਆਂ ਹਿੱਟ ਫ਼ਿਲਮਾਂ ਦੇ ਡਾਇਲਾਗ ਸੁਣਾ ਕੇ ਦਰਸ਼ਕਾਂ ਦਾ ਥਕੇਵਾਂ ਲਾਹਿਆ। ਦੋ ਦਿਨ ਖੇਡ ਮੈਦਾਨ ‘ਚ ਪਾਈਆਂ ਕਬੱਡੀ ਦੀਆਂ ਰੇਡਾਂ ਕਾਰਨ ਦੀਪ ਸਿੱਧੂ ਦੇ ਪੈਰਾਂ ‘ਚ ਛਾਲੇ ਪੈ ਗਏ, ਦਰਦ ਹੋਣ ਲੱਗਿਆ, ਪਰ ਉਨ੍ਹਾਂ ਦਰਦ ਦੀ ਪ੍ਰਵਾਹ ਨਾ ਕਰਦੇ ਨੰਗੇ ਪਿੰਡ ਗਰਮੀ ਦੀ ਤਪਸ਼ ਹੰਢਾਉਂਦਿਆਂ ਵੱਡਾ ਜੇਰਾ ਕਰਕੇ ਪੈਰਾਂ ‘ਚ ਪਏ ਛਾਲਿਆਂ ਦੀ ਪ੍ਰਵਾਹ ਨਾ ਕਰਦਿਆਂ ਇਕ ਵਧੀਆ ਕਲਾਕਾਰ ਹੋਣ ਦਾ ਸਬੂਤ ਦਿੱਤਾ ਅਤੇ ਦਰਸ਼ਕਾਂ ਨੂੰ ਦਰਸਾ ਦਿੱਤਾ ਕਿ ਸਟਾਰਡਮ ਦਾ ਰੁਤਬਾ ਸੌਖਿਆਂ ਨਹੀਂ ਮਿਲਦਾ, ਤਪੱਸਿਆ ਕਰਨੀ ਪੈਂਦੀ ਹੈ, ਦੋ ਦਿਨ ਚੱਲੇ ਖੇਡ ਮੈਦਾਨ ਕਬੱਡੀ ਮੈਚ ਦੌਰਾਨ ਦੀਪ ਸਿੱਧੂ, ਸੁਖਦੀਪ ਸੁੱਖ ਨੇ ਪੈਰਾਂ ‘ਚ ਪਏ ਛਾਲਿਆਂ ਦੀ ਪ੍ਰਵਾਹ ਨਾ ਕਰਦਿਆਂ ਫਿਲਮ ਦਾ ਹਰ ਸੀਨ ਯਾਦਗਾਰੀ ਬਣਾ ਦਿੱਤਾ। ਫ਼ਿਲਮ ਦੀ ਸ਼ੂਟਿੰਗ ਦੇਖਣ ਵਾਲੇ ਦਰਸ਼ਕ ਇਹ ਗੱਲ ਕਹਿੰਦੇ ਸੁਣੇ ਗਏ ਕਿ ਯਾਰ ਫ਼ਿਲਮ ਦੇਖ ਕੇ ਉਹ ਗੱਲ ਨੀ ਬਣੀ ਕਹਿ ਕੇ ਹੀ ਨਹੀਂ ਸਾਰਨਾ ਚਾਹੀਦਾ। ਫ਼ਿਲਮ ਕਲਾਕਾਰ ਹਰ ਸਮੇਂ ਹਰ ਰੋਲ ਲਈ ਤਿਆਰ-ਬਰ -ਤਿਆਰ ਰਹਿੰਦੇ ਹਨ। ਸੁਖਦੀਪ ਸੁੱਖ ਅਤੇ ਦੀਪ ਸਿੱਧੂ ਨੇ ਆਪਣੇ ਦਿਲੋਂ ਚਾਹੁਣ ਵਾਲਿਆਂ ਨੂੰ ਆਪਣੇ ਨਾਲ ਫੋਟੋ ਖਿਚਵਾ ਕੇ ਵੀ ਬਾਗੋ ਬਾਗ ਕਰ ਦਿੱਤਾ। ਇੰਝ ਲੱਗਿਆ ਜਿਵੇਂ ਇਹ ਫ਼ਿਲਮ ਦਾ ਸੈਟ ਨਹੀਂ ਸੀ ਬਲਕਿ ਅਸਲ ਕਬੱਡੀ ਖੇਡ ਮੇਲਾ ਸੀ। ਸੁਖਦੀਪ ਸੁੱਖ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਉਹ ਬਿੱਕਰ ਖੇਡੂ ਨੌਜਵਾਨ ਦੀ ਭੂਮਿਕਾ ‘ਚ ਹੈ। ‘ਸਾਡੇ ਆਲੇ’ ਜ਼ਿੰਦਗੀ ਦੇ ਜਸ਼ਨ ਦੀ ਕਹਾਣੀ ਹੈ। ਰਿਸ਼ਤੇ ਨਾਤਿਆਂ ਦੇ ਜਸ਼ਨ ਦੀ ਕਹਾਣੀ ਸ਼ੁਰੂਆਤੀ ਦੌਰ ‘ਚ ਹੋਰ ਤੇ ਅਖੀਰ ਤੇ ਸ਼ਰੀਕੇ ਭਾਈਚਾਰੇ ਨੂੰ ਮੇਲ ਕੇ ਅਹਿਸਾਸ ਕਰਵਾਉਂਦੀ ਹੈ। ਦੁਸ਼ਮਣੀਆਂ ‘ਚ ਕੁਝ ਨਹੀਂ ਪਿਆ, ਪਿਆਰ ਜ਼ਿੰਦਗੀ ਹੈ। ਸੁਖਦੀਪ ਸੁੱਖ ਇਸ ਫਿਲਮ ਤੋਂ ਇਲਾਵਾ ਪਿੰਡ ਵਾਜਾਂ ਮਾਰਦਾ, ਰੁਪਿੰਦਰ ਗਾਂਧੀ-2, ਫ਼ਿਲਮਾਂ ਵੀ ਕਰ ਚੁੱਕਾ ਹੈ। ਦੀਪ ਸਿੱਧੂ ਉੱਘੇ ਸ਼ਾਇਰ, ਗੀਤਕਾਰ, ਨਿਰਦੇਸ਼ਕ ਅਮਰਦੀਪ ਗਿੱਲ ਦੀ ਨਿਰਦੇਸ਼ਨਾ ‘ਚ ਫ਼ਿਲਮ ‘ਜੋਰਾ 10 ਨੰਬਰੀ’ ਵੀ ਕਰ ਰਿਹਾ ਹੈ।

Comments & Suggestions

Comments & Suggestions

About the author

Daljit Arora