Pollywood

ਫ਼ਿਲਮ ਸਮੀਖਿਆ ‘ਤਾਰਾ ਮੀਰਾ’… ਦਿਸ਼ਾਹੀਨ ਸੁਨੇਹੇ ਵਾਲੀ ਭੰਡਗਿਰੀ ਹੈ ਫ਼ਿਲਮ “ਤਾਰਾ ਮੀਰਾ”

Written by Daljit Arora

ਜੱਟਾਂ ਨੇ ਭਈਆਂ ਨੂੰ ਪੰਜਾਬ ਚੋਂ ਬਾਹਰ ਕੱਢਣਾ ਹੈ ਜਾਂ ਉਨ੍ਹਾਂ ਨਾਲ ਕੁੜਮਾਚਾਰੀ ਪਾਉਣੀ ਹੈ, ਇਨਾਂ ਦੋਵਾਂ ਚੋਂ ਕਿਹੜਾ ਸਾਰਥਕ ਸੰਦੇਸ਼ ਹੈ ਇਹ ਤੁਸੀ ਆਪ ਹੀ ਸੋਚ ਸਕਦੇ ਹੋ? ਕਿਆ ਆਫ਼ਬੀਟ ਕਹਾਣੀ ਰਚੀ ਗਈ ਹੈ ਪੰਜਾਬੀ ਸਿਨੇਮਾ ਦਾ ਘੇਰਾ ਵਿਸ਼ਾਲ ਕਰਨ ਲਈ, ਠੋਕੋ ਪੁੱਠੇ ਹੱਥ ਨਾਲ ਤਾੜੀ ! ਪੰਜਾਬੀ ਦਰਸ਼ਕਾਂ ਨੂੰ ਐਨਾ ਕਿਉਂ ਅੰਡਰਐਸਟੀਮੇਟ ਕਰ ਰਹੇ ਹਾਂ ਆਪਾਂ, ਕਿ ਜੋ ਵੀ ਬਣਾਓਗੇ, ਕਬੂਲ ਲੈਣਗੇ, ਯਾਰ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਚਲ ਰਹੀਆਂ “ਵਾਰ” ਅਤੇ “ਜੋਕਰ” ਵਰਗੀਆਂ ਬਾਲੀਵੁੱਡ ਅਤੇ ਹਾਲੀਵੁੱਡ ਫ਼ਿਲਮਾਂ ਨੂੰ ਛੱਡ ਕੇ ਕਿਹੜਾ ਬੰਦਾ ਤਾਰਾ ਮੀਰਾ ਦੇ 200/250 ਬਰਬਾਦ ਕਰੇਗਾ ਅਤੇ ਜੇ ਉਨ੍ਹਾਂ ਫ਼ਿਲਮਾਂ ਨੂੰ ਵੇਖਣ ਤੋਂ ਬਾਅਦ ਇਹੋ ਜਿਹੀ ਫ਼ਿਲਮ ਵੇਖ ਲਓ ਤਾਂ ਸਿਰ ਫਟਣਾ ਲਾਜ਼ਮੀ ਹੈ, ਮੇਰਾ ਇਹ ਗੱਲ ਕਰਨ ਦਾ ਮਕਸਦ ਉਨ੍ਹਾਂ ਫ਼ਿਲਮਾਂ ਨਾਲ ਪੰਜਾਬੀ ਫ਼ਿਲਮਾਂ ਦੀ ਤੁਲਨਾ ਕਰਨਾ ਨਹੀਂ ਪਰ ਫ਼ਿਲਮ ਮੇਕਰਾਂ ਦੀ ਸੋਚ ਨਾਲ ਜ਼ਰੂਰ ਹੈ ਕਿਉਂਕਿ ਸਿਨੇਮਾ ਤਾਂ ਸਿਨੇਮਾ ਹੈ ਭਾਸ਼ਾ ਭਾਵੇਂ ਕੋਈ ਵੀ ਹੋਵੇ। ਸੋਚਣ ਵਾਲੀ ਗੱਲ ਹੈ ਕਿ ਅੱਜ ਦਾ ਸਿਨੇਮਾ ਅਤੇ ਸਾਡੇ ਯੂਥ ਦੀ ਸਿਨੇਮਾ ਪ੍ਰਤੀ ਸੋਚ ਕਿੱਥੇ ਸਟੈਂਡ ਕਰ ਰਹੀ ਹੈ ਅਤੇ ਅਸੀ ਕੀ ਬਣਾ ਬਣਾ ਪਰੋਸ ਰਹੇ ਹਾਂ?


5/6 ਕਰੋੜ ਥੋੜਾ ਵੀ ਨਹੀਂ ਹੁੰਦਾ ਪੰਜਾਬੀ ਫ਼ਿਲਮ ਲਈ ਇੰਨੇ ਵਿਚ ਹੀ ਬਣੀਆਂ ਕਈ ਹਿੰਦੀ ਫ਼ਿਲਮਾਂ ਵੀ ਮੇਕਰਾਂ ਦੀ ਉਸਾਰੂ ਸੋਚ ਨਾਲ ਹਿੱਟ ਹੁੰਦੀਆਂ ਵੇਖੀਆਂ ਨੇ ਅਤੇ ਕਿਸਮਤ, ਅਰਦਾਸ ਕਰਾਂ, ਹਰਜੀਤਾ ਅਤੇ ਸੁਰਖੀ ਬਿੰਦੀ ਵਰਗੀਆਂ ਤਾਜ਼ੀਆਂ ਤਾਜ਼ੀਆਂ ਯਾਦਗਰੀ ਪੰਜਾਬੀ ਫ਼ਿਲਮਾਂ ਵੀ ਨੇ ਸਾਡੇ ਕੋਲ ਫੇਰ ਆਪਾਂ ਬਾਰ ਬਾਰ ਪਿਛਾਂਹ ਵੱਲ ਹੀ ਕਿਉਂ ਪੈਰ ਘਸੀਟਦੇ ਹਾਂ ?
ਜੇ ਆਮ ਦਰਸ਼ਕ ਵਰਗ ਪੰਜਾਬੀ ਸਿਨੇਮਾ ਵੱਲ ਮੁੜਿਆ ਹੀ ਹੈ ਤਾਂ ਥੋੜਾ ਬਹੁਤ ਖਿਆਲ ਸਾਨੂੰ ਫ਼ਿਲਮ ਮੇਕਰਾਂ ਨੂੰ ਵੀ ਕਰ ਹੀ ਲੈਣਾ ਚਾਹੀਦਾ ਹੈ, ਸਿਰਫ ਵੱਡੇ ਐਕਟਰਾਂ ਦੀ ਭੀੜ ਇੱਕਠੀ ਕਰ ਕੇ ਉਨਾਂ ਕੋਲੋਂ ਭੰਡਗਿਰੀ ਕਰਵਾਉਣ ਨਾਲ ਕਿੰਨੀਆਂ ਕੁ ਫ਼ਿਲਮਾਂ ਹਿੱਟ ਕਰਵਾ ਲਾਂਗੇ ਆਪਾਂ। ਆਖਰ ਫ਼ਿਲਮ ਦੀ ਕਹਾਣੀ ਨਾਮ ਦੀ ਵੀ ਕੋਈ ਸ਼ੈਅ ਜੁੜੀ ਹੈ ਸਿਨੇਮਾ ਨਾਲ।
ਰਣਜੀਤ ਬਾਵਾ ਦੀ ਤਾਂ ਹੀਰੋ ਵਜੋਂ ਕਿਸਮਤ ਹੀ ਖਰਾਬ ਲਗਦੀ ਹੈ ਕਿਉਂਕਿ ਅਜੇ ਤੱਕ ਉਸ ਨੂੰ ਕੋਈ ਵੀ ਝੱਜ ਦੀ ਫ਼ਿਲਮ ਨਹੀਂ ਮਿਲੀ, ਬੇਹਤਰ ਹੈ ਰਣਜੀਤ ਬਾਵਾ ਆਪਣੀ ਗਾਇਕੀ ਵੱਲ ਜ਼ਿਆਦਾ ਧਿਆਨ ਦੇਵੇ ਜਾਂ ਫੇਰ ਗਾਇਕੀ ਵਿਚ ਬਣੀ ਅਪਣੀ ਵਧੀਆ ਇਮੇਜ਼ ਨੂੰ ਬਰਕਰਾਰ ਰੱਖਦਿਆਂ ਗੰਭੀਰਤਾ ਨਾਲ ਫ਼ਿਲਮਾਂ ਸਾਈਨ ਕਰੇ, ਹਰ ਵੇਲੇ ਮਜਾਹੀਆ ਹੀ ਬਣੇ ਰਹਿਣਾ ਠੀਕ ਨਹੀਂ, ਫ਼ਿਲਮ ਵਿਚ ਥੋੜੀ ਹੀਰੋਗਿਰੀ ਵੀ ਝਲਕਣੀ ਚਾਹੀਦੀ ਹੈ।
ਫ਼ਿਲਮਾਂ ਦੇ ਬਾਕੀ ਐਕਟਰਾਂ ਬਾਰੇ ਤਾਂ ਮੈ ਇਹੀ ਕਹਾਂਗਾ ਕੇ ਬੇਸ਼ਕ ਸਾਰੇ ਵਧੀਆ ਹਨ ਅਤੇ ਫ਼ਿਲਮ ਦੇ ਕੁਝ ਦ੍ਰਿਸ਼ਾਂ ਤੇ ਕੁਦਰਤਨ ਹਾਸਾ ਵੀ ਆਉਂਦਾ ਹੈ ਪਰ ਇਕ ਫ਼ਿਲਮ ਦੀ ਵਧੀਆ ਸੰਪੂਰਨਤਾ ਲਈ ਇੰਨਾਂ ਹੀ ਕਾਫੀ ਨਹੀ। ਬਾਕੀ ਕਿਸ ਕਿਸ ਐਕਟਰ ਨੇ ਆਪਣੇ ਸਟੇਟਸ ਮੁਤਾਬਕ ਢੁਕਵਾਂ ਕੰਮ ਕੀਤਾ ਹੈ ਆਪ ਸੋਚਣ ਅਤੇ ਜਿਹੜੇ ਐਕਟਰ ਓਵਰ ਐਕਟ ਕਰਦੇ ਹਨ, ਉਨ੍ਹਾਂ ਤੇ ਕੰਟਰੋਲ ਨਿਰਦੇਸ਼ਕ ਦੀ ਸੂਝਬੂਝ ਅਤੇ ਗਟਸ ਰੱਖਦੀ ਕਮਾਂਡ ਤੇ ਨਿਰਭਰ ਹੁੰਦੈ।
ਕਹਾਣੀ ਦੀ ਤਾਰੀਫ਼ ਮੈ ਪਹਿਲਾਂ ਹੀ ਕਰ ਚੁੱਕਾ ਹਾਂ, ਕਿ ਆਖੀਰ ਤੱਕ ਸਮਝ ਨਹੀਂ ਆਈ ਕਿ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਫ਼ਿਲਮ, ਕਿ ਜੱਟਾਂ ਤੇ ਭਈਆਂ ਦਾ ਆਪਸ ਵਿਚ ਵਿਵਾਦ ਖੜਾ ਕਰਵਾਉਣਾ, ਜੋ ਕੋਈ ਵੀ ਰੂਪ ਧਾਰਨ ਕਰ ਸਕਦਾ ਹੈ ਜਾਂ ਫ਼ਿਰ ਆਪਸ ਵਿਚ ਕੁੜਮਾਚਾਰੀ ? ਕੁੱਝ ਲੋੜੋ ਵੱਧ ਹੀ ਸਮਾਜਿਕ ਵਿਗਿਆਨ ਪੜ੍ਹਾ ਗਿਆ ਸ਼ਾਇਦ ਫ਼ਿਲਮ ਲੇਖਕ। ਪੰਜਾਬ ਅਤੇ ਖਾਸਕਰ ਜੱਟ ਕੌਮ ਮੁਤਾਬਕ ਕਹਾਣੀ ਥੌੜੀ-ਬਹੁਤ ਤਾਂ ਪਰੈਕਟੀਕਲ ਹੋਣੀ ਹੀ ਚਾਹੀਦੀ ਹੈ !
ਫ਼ਿਲਮ ਦਾ ਕੋਈ ਵੀ ਗੀਤ ਪ੍ਰਭਾਵਸ਼ਾਲੀ ਜਾਂ ਯਾਦ ਰੱਖਣ ਲਾਈਕ ਨਹੀਂ ਜਦਕਿ ਫ਼ਿਲਮ ਦਾ ਹੀਰੋ ਅਤੇ ਇਕ ਨਿਰਮਾਤਾ ਦੋਨੋ ਪ੍ਰਸਿੱਧ ਗਾਇਕ ਹਨ।
ਅੱਧਿਓਂ ਜ਼ਿਆਦਾ ਫ਼ਿਲਮ ਵਿਚ ਸਕਰੀਨ ਉੱਤੇ ਸ਼ਰਾਬ ਨਾ ਪੀਣ ਨਾਲ ਸਬੰਧਤ ਕੈਪਸ਼ਨ ਚਿਪਕਾਈ ਰੱਖਣਾ ਸ਼ਾਇਦ ਪੰਜਾਬੀ ਫ਼ਿਲਮਾਂ ਲਈ ਮਾਣ ਵਾਲੀ ਗੱਲ ਹੋਵੇ, ਕਿਉਂਕਿ ਕੋਈ ਗਾਣਾ ਹੋਵੇ ਜਾਂ ਫ਼ਿਲਮ ਦਾ ਸੀਨ, ਸ਼ਰਾਬ ਵਿਖਾਉਣ ਤੋਂ ਬਿਨਾਂ ਅਧੂਰੀ ਜਿਹੀ ਲਗਦੀ ਹੈ ਸਾਨੂੰ ਪੰਜਾਬੀ ਫ਼ਿਲਮ, ਹੱਦ ਹੈ ਯਾਰ…!
ਇਕ ਹੋਰ ਬਹੁਤ ਜ਼ਰੂਰੀ ਗੱਲ ਕਰਨ ਤੋਂ ਪਹਿਲਾਂ ਮਾਫੀ ਪਰ ਫ਼ਿਲਮਾਂ ਦਾ ਕਾਰੋਬਾਰ ਸ਼ੋਅਬਿਜ਼ ਕਹਾਂਉਂਦਾ ਹੈ ਅਤੇ ਇਸ ਵਿਚ ਕੰਮ ਕਰਨ ਵਾਲੇ ਐਕਟਰਾਂ ਨੂੰ ਸਿਤਾਰੇ ਇਸੇ ਕਰ ਕੇ ਕਿਹਾ ਜਾਂਦਾ ਹੈ ਕਿ ਸਭ ਨਾਲੋ ਅਲਗ ਚਮਕਦੇ ਹਨ। ਫ਼ਿਲਮ ਵਿਚਲੇ ਹੀਰੋ ਅਤੇ ਹੀਰੋਈਨ ਦੋ ਅਜਿਹੇ ਕਿਰਦਾਰ ਹੁੰਦੇ ਹਨ ਜਿੰਨਾਂ ਤੋਂ ਦਰਸ਼ਕ ਸਭ ਤੋਂ ਵੱਧ ਆਕਰਸ਼ਤ ਹੁੰਦੇ ਹਨ, ਚਾਹੇ ਉਨ੍ਹਾਂ ਦੀ ਦਿੱਖ ਹੋਵੇ ਜਾਂ ਅਦਾਕਾਰੀ ਅਤੇ ਇਸੇ ਲਈ ਲੋਕ ਆਪਣੇ ਚਹੇਤੇ ਐਕਟਰਾਂ ਨੂੰ ਵੇਖਣ ਲਈ ਪੈਸੇ ਖਰਚ ਕੇ ਸਿਨੇਮਾ ਘਰਾਂ ਵਿਚ ਜਾਂਦੇ ਹਨ।
ਉਪਰੋਤਕ ਗੱਲ ਦਾ ਖਿਆਲ ਲੀਡ ਐਕਟਰਾਂ ਨੂੰ ਖੁੱਦ ਵੀ ਕਰਨਾ ਪੈਂਦਾ ਹੈ ਖਾਸ ਤੌਰ ਤੇ ਜਿੱਥੇ ਉਨਾਂ ਦੀ ਲੁਕ ਦਾ ਸਵਾਲ ਹੋਵੇ ਕਿ ਸਕਰੀਨ ਤੇ ਕੋਈ ਕਮੀ ਪੇਸ਼ੀ ਨਾ ਨਜ਼ਰ ਆਵੇ ਪਰ ਇਸ ਫ਼ਿਲਮ ਦੀ ਲੀਡ ਅਦਾਕਾਰਾ/ ਹੀਰੋਈਨ ਦੀ ਜੋ ਕਮੀ ਪੇਸ਼ੀ ਸੀ ਉਸ ਦਾ ਅੰਦਾਜ਼ਾ ਉਸ ਨੂੰ ਖੁਦ ਵੀ ਲੱਗ ਗਿਆ ਹੋਣਾ। ਫ਼ਿਲਮ ਨਿਰਦੇਸ਼ਕ ਜਾਂ ਤਾਂ ਉਸ ਦੀ ਚੋਣ ਹਰ ਪੱਖ ਵੇਖ ਕੇ ਕਰਦਾ ਜਾਂ ਫੇਰ ਦ੍ਰਿਸ਼ ਫ਼ਿਲਮਾਉਣ ਲੱਗਿਆਂ ਸਿਆਣਪ ਤੋਂ ਕੰਮ ਲੈਂਦਾ। ਜੇ ਫ਼ਿਲਮ ਦੇ ਬਜਟ ਚੋਂ ਥੋੜਾ ਖਰਚਾ ਹੀਰੋਈਨ ਦੇ ਥਲੜੇ ਹਿੱਸੇ ਦੇ ਦੰਦ ਰਿਪੇਅਰ ਕਰਵਾਉਣ ਤੇ ਵੀ ਕਰ ਦਿੱਤਾ ਜਾਂਦਾ ਤਾਂ ਉਸ ਦੀ ਖੂਬਸੂਰਤੀ ਵਿਚ ਹੋਰ ਵੀ ਵਾਧਾ ਹੋ ਜਾਣਾ ਸੀ ! ਭਾਵੇਂ ਕਿ ਕਿ ਹਰ ਚਿਹਰਾ ਕੁਦਰਤ ਦੀ ਦੇਣ ਹੈ ਪਰ ਵੱਡੀ ਸਕਰੀਨ ਤੇ ਪੇਸ਼ ਕਰਨ ਤੋਂ ਪਹਿਲਾਂ ਪੇਸ਼ੇ ਮੁਤਾਬਕ ਉਸ ਨੂੰ ਸਵਾਰਨਾ ਸਾਡੀ ਜਿੰਮੇਵਾਰੀ ਬਣਦੀ ਹੈ, ਇਸੇ ਫ਼ਿਲਮੀ ਰਵਾਇਤ ਦਾ ਨਾਮ ਸ਼ਾਇਦ ਸਕਰੀਨ ਟੈਸਟ ਹੈ।
ਬਾਕੀ ਫ਼ਿਲਮ ਦੀ ਟੀਮ ਦੇ ਸਾਰੇ ਨਾਵਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਕੇ ਸ਼ੋਸ਼ਲ ਮੀਡੀਆਂ ਤੇ ਸਭ ਕੁਝ ਉਪਲਬਧ ਹੈ ਪਰ ਕਹਾਣੀਕਾਰ ਅਤੇ ਨਿਰਦੇਸ਼ਕ ਰਾਜੀਵ ਢੀਂਗਰਾ ਆਪਣੀ ਦੂਜੀ ਫਲਾਪ ਫ਼ਿਲਮ ਦਾ ਧਿਆਨ ਧਰ ਕੇ ਅੱਗੋਂ ਤੋਂ ਹੋਰ ਮੇਹਨਤ ਅਤੇ ਗੰਭੀਰਤਾ ਤੋਂ ਕੰਮ ਲੈਣ ਕਿਉਂਕਿ ਤਾਰਾ ਮੀਰਾ ਜਿਹੇ ਪਿਆਰੇ ਅਤੇੇ ਖੂਬਸੂਰਤ ਫੁੱਲ ਦੀ ਕੋਮਲਤਾ ਇਸ ਫ਼ਿਲਮ ਵਿਚ ਨਜ਼ਰ ਆਉਣੀ ਬਹੁਤ ਜ਼ਰੂਰੀ ਸੀ ਜਿਸ ਦਾ ਬਹੁਤ ਬੇਸਬਰੀ ਨਾਲ ਸਭ ਨੂੰ ਇੰਤਜ਼ਾਰ ਵੀ ਸੀ! ਪਰ ਅਫਸੋਸ ਕਿ…

Comments & Suggestions

Comments & Suggestions

About the author

Daljit Arora