ਫ਼ਿਲਮ ਦੂਰਬੀਨ ਦਾ ਟਾਈਟਲ ਵੇਖ ਕੇ ਲੱਗਦਾ ਸੀ ਕਿ ਫ਼ਿਲਮ ਵੀ ਪੰਜਾਬੀ ਸਿਨੇਮਾ ਦੀ ਕੋਈ ਦੂਰਅੰਦੇਸ਼ ਗੱਲ ਕਰੇਗੀ ਪਰ ‘ਪੁੱਟਿਆ ਪਹਾੜ ਤੇ ਨਿਕਲਿਆ ਚੂਆ’ ਵਾਲੀ ਕਹਾਵਤ ਸਿੱਧ ਹੋਈ ਫ਼ਿਲਮ ਵੇਖ ਕੇ।ਫ਼ਿਲਮ ਵਿਚ ਵਿਖਾਇਆ ਗਿਆ ਹੈ ਕਿ ਪੰਜਾਬ ਦਾ ਇਕ ਪੂਰੇ ਦਾ ਪੂਰਾ ਪਿੰਡ ਸ਼ਰਾਬ ਘਰੇ ਕੱਢ ਕੇ ਵੇਚਣ ਦੇ ਕਾਰੋਬਾਰ ਵਿਚ ਖੁੱਬਾ ਹੋਇਆ ਹੈ। ਪਿੰਡ ਦਾ ਸਰਪੰਚ-ਸਰਪੰਚਣੀ ਇਸ ਕਾਰੋਬਾਰ ਦੇ ਮੁੱਖ ਕਰਤਾ ਧਰਤਾ ਹਨ। ਫ਼ਿਲਮ ਦਾ ਇਕ ਹੀਰੋ ਨਿੰਜਾ ਵੀ ਇਹੋ ਕਾਰੋਬਾਰ ਕਰਦਾ ਹੈ, ਇੱਥੋਂ ਤੱਕ ਕੇ ਪਿੰਡ ਦੇ ਸਭ ਬੱਚੇ ਬੁੱਢੇ, ਅੋਰਤਾਂ ਤੇ ਜਵਾਨ ਸਭ ਝੂਠ ਬੋਲਣ ਦੇ ਮਾਹਿਰ ਹਨ ਅਤੇ ਪੁਲਿਸ ਦੇ ਪਿੰਡ ਵਿਚ ਬਾਰ ਬਾਰ ਰੇਡ ਕਰਨ ਤੋਂ ਬਾਅਦ ਵੀ ਸਬੂਤ ਨਾ ਮਿਲਣ ਕਾਰਨ ਪੁਲਿਸ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਉਂਦੀ। ਫ਼ਿਲਮ ਦੀ ਚਲਦੀ ਇਸ ਕਹਾਣੀ ਦੇ ਨਾਲ ਨਾਲ ਫਿੱਲਰ ਵਜੋਂ ਦੋ ਪ੍ਰੇਮ ਕਹਾਣੀਆਂ ਵੀ ਚਲਦੀਆਂ ਹਨ ਇਕ ਗਾਇਕ-ਹੀਰੋ ਨਿੰਜੇ ਦੀ ਅਤੇ ਦੂਜੀ ਹੀਰੋ ਜੱਸ ਬਾਜਵਾ ਦੀ, ਜੋਕਿ ਪੁਲਿਸ ਇੰਸਪੈਕਟਰ ਹੁੰਦਿਆਂ ਹੋਇਆਂ ਸਕੂਲ ਮਾਸਟਰ ਦੇ ਭੇਸ ਵਿਚ ਪਿੰਡ ਵਿਚ ਇਕ ਗੁਪਤ ਮਿਸ਼ਨ ਤੇ ਆਉਂਦਾ ਹੈ ਤਾਂ ਜੋ ਸ਼ਰਾਬ ਦੇ ਕਾਰੋਬਾਰੀਆਂ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਜਾ ਸਕੇ ਪਰ ਉਹ ਆਪ ਹੀ ਪਿੰਡ ਦੀ ਇਕ ਕੁੜੀ ਦੇ ਇਸ਼ਕ ਵਿਚ ਗ੍ਰਿਫ਼ਤਾਰ ਹੋ ਜਾਂਦਾ ਹੈ।ਖੈਰ ! ਇਸ ਚੋਰ ਸਿਪਾਹੀ ਵਾਲੀ ਖੇਡ ਦੇ ਅੰਤ ਵਿਚ ਪੁਲਿਸ ਦੀ ਸਖ਼ਤੀ ਅਤੇ ਕੁਝ ਸਮਝਾਉਣ-ਬੁਝਾਉਣ ਤੇ ਸਾਰਾ ਪਿੰਡ ਦੇਸੀ ਸ਼ਾਰਬ ਕੱਢਣ ਦਾ ਕਾਰੋਬਾਰ ਛੱਡਣ ਨੂੰ ਤਿਆਰ ਹੋ ਜਾਂਦਾ ਹੈ ਉਹ ਵੀ ਪੁਲਿਸ ਅੱਗੇ ਗੋਡੇ ਟੇਕਣ ਦੀ ਬਜਾਏ ਆਪਣੀਆਂ ਸ਼ਰਤਾਂ ਮਨਵਾ ਕੇ ਅਤੇ ਆਪਣੇ ਆਪ ਨੂੰ ਸਹੀ ਦੱਸ ਕੇ ਕਿ ਸਰਕਾਰਾਂ ਨੇ ਸਾਡੀਆਂ ਕਿਸਾਨਾ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ, ਸਾਡੇ ਹੱਕ ਸਾਨੂੰ ਨਹੀਂ ਦਿੱਤੇ ਅਸੀ ਭੁੱਖੇ ਮਰਨ ਲੱਗ ਪਏ ਅਤੇ ਆਪਣਾ ਪਰਿਵਾਰ ਪਾਲਣ ਲਈ ਸ਼ਰਾਬ ਕੱਢ ਕੇ ਵੇਚਣ ਦਾ ਸਹਾਰਾ ਲਿਆ। ਪੁਲਿਸ ਵੀ ਪਿੰਡ ਵਾਲਿਆਂ ਦੀਆਂ ਸ਼ਰਾਬ ਵੇਚਣ ਪੱਖੀਂ ਦਲੀਲਾਂ ਨਾਲ ਸਹਿਮਤ ਹੋ ਕਿ ਪਿੰਡ ਵਾਲਿਆਂ ਦੀ ਸਰਕਾਰ ਪ੍ਰਤੀ ਨਰਾਜ਼ਗੀ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਾਅਦੇ ਨਾਲ ਸਭ ਨੂੰ ਇਸ ਗੈਰਕਾਨੂੰਨੀ ਧੰਦੇ ਦੀਆਂ ਸਾਰੀਆਂ ਗਲਤੀਆਂ ਦੀ ਮਾਫੀ ਦੇ ਦੈਂਦੀ ਹੈ, ਜਦ ਕਿ ਇਸੇ ਪਿੰਡ ਦੀ ਸ਼ਰਾਬ ਨਾਲ ਹਜ਼ਾਰਾਂ ਮੌਤਾਂ ਵੀ ਹੋ ਚੁੱਕੀਆਂ ਹੁੰਦੀਆਂ ਹਨ ਜੋ ਕਿ ਫ਼ਿਲਮ ਵਿਚ ਸਾਫ ਸਾਫ ਦੱਸਿਆ ਗਿਆ ਹੈ। ਅੰਤ ਪਿੰਡ ਵਾਲਿਆਂ ਅਤੇ ਪੰਜਾਬ ਪੁਲਿਸ ਵਾਲਿਆਂ ਦੇ ਹਾਸੇ ਠੱਠਿਆਂ ਨਾਲ ਫ਼ਿਲਮ ਦੀ ਸਮਾਪਤੀ ਹੁੰਦੀ ਹੈ ਅਤੇ ਅੱਗੋਂ ਤੋਂ ਇਹ ਦੇਸੀ ਸ਼ਰਾਬ ਆਪ ਵੀ ਨਾ ਪੀਣ ਦੀ ਸੌਂਹ ਖਾਣ ਵਾਲੇ ਪਿੰਡ ਦੇ ਮੋਹਰੀ ਫ਼ਿਲਮੀ ਕਿਰਦਾਰ ਫਿਰ ਤੋਂ ਸ਼ਰਾਬ ਦੀਆਂ ਬੋਤਲਾ ਮੂੰਹ ਨੂੰ ਲਾਈ ਆਪਣੇ ਸੰਦੇਸ਼ਮਈ ਵਿਸੇ ਦਾ ਆਪੇ ਹੀ ਜਲੂਸ ਕੱਢਦੇ ਦਿਸੇ।
ਇਹ ਤਾਂ ਸੀ ਸੰਖੇਪ ਕਹਾਣੀ ਵਿਚਲੇ ਟੋਟਕੇ ਅਤੇ ਹੁਣ ਬੰਦਾ ਇੰਨ੍ਹਾਂ ਫ਼ਿਲਮ ਬਨਾਉਣ ਵਾਲਿਆਂ ਨੂੰ ਪੁੱਛੇ ਕਿ ਇਸ ਕਹਾਣੀ ਵਿਚ ਤੁਸੀ ਸਾਰੇ ਪਿੰਡ ਨੂੰ ਸ਼ਰਾਬੀ, ਸ਼ਰਾਬ ਕੱਢਣ ਅਤੇ ਵੇਚਣ ਦੇ ਤਰੀਕਿਆਂ ਜਿਹੇ ਗੈਰ ਕਾਨੂੰਨੀ ਕਾਰੋਬਾਰ ਵਿਚ ਫਸਿਆ, ਪਿੰਡ ਦੀਆਂ ਜਨਾਨੀਆਂ, ਬੱਚੇ, ਜਵਾਨ ਅਤੇ ਬਜ਼ੁਰਗਾਂ ਕੋਲੋਂ ਹਰ ਵੇਲੇ ਝੂਠ ਬੋਲਣ ਦੀ ਆਦਤ ਅਤੇ ਪਿੰਡ ਦੀ ਕੱਢੀ ਸ਼ਰਾਬ ਨਾਲ ਮਾਰੇ ਗਏ ਹਜ਼ਾਰਾਂ ਲੋਕਾਂ ਦੇ ਕਾਤਲ ਸਾਬਤ ਕਰ ਕਿ ਪੰਜਾਬ ਦੀ ਕਿਹੜੀ ਬਹਾਦੁਰੀ ਅਤੇ ਕਿਹੜਾ ਨਿਵੇਕਲਾ ਵਿਸ਼ਾ ਦਰਸ਼ਕਾਂ ਅੱਗੇ ਰੱਖਿਆ, ਜਿਸ ਲਈ ਲੋਕ ਪਰਿਵਾਰਾਂ ਸਮੇਤ ਤੁਹਾਡੀ ਫ਼ਿਲਮ ਵੇਖਣ ਲਈ ਸਿਨਮਾ ਘਰਾਂ ਵਿਚ ਜਾਣ ਅਤੇ ਕੀ ਸਬੰਧ ਸੀ ਫ਼ਿਲਮ ਦੇ ਖੂਬਸੂਰਤ ਟਾਈਟਲ “ਦੂਰਬੀਨ” ਦਾ ਫ਼ਿਲਮ ਨਾਲ ? ਸਿਰਫ ਐਨਾ ਕਿ ਬੰਦਾ ਟੀਸੀ ਤੇ ਚੜ੍ਹ ਕੇ ਦੂਰਬੀਨ ਨਾਲ ਦੂਰੋਂ ਆਉਂਦੀ ਪੁਲਿਸ ਨੂੰ ਵੇਖ ਸਕੇ ਅਤੇ ਸ਼ਰਾਬ ਲੁਕਾਉਣ ਲਈ ਪਿੰਡ ਵਾਲਿਆਂ ਨੂੰ ਸੁਨੇਹਾ ਦੇ ਸਕੇ। ਇਹਦੇ ਨਾਲ ਨਾਲ ਤੁਸੀ ਪੰਜਾਬ ਪੁਲਿਸ ਨੂੰ ਵੀ ਇੰਨੀ ਨਿਕੰਮੀ ਸਾਬਤ ਕਰ ਦਿੱਤਾ ਕਿ ਉਹ ਇਕ ਪਿੰਡ ਚੋਂ ਸ਼ਰਾਬ ਕੱਢਣ-ਵੇਚਣ ਵਾਲਿਆਂ ਨੂੰ ਵੀ ਨਹੀਂ ਫੜ ਸਕਦੀ, ਉਸ ਲਈ ਵੀ ਪੁਲਿਸ ਨੂੰ ਆਪਣਾ ਇਕ ਥਾਣੇਦਾਰ ਛੋਟੇ ਜਿਹੇ ਪਿੰਡ ਵਿਚ ਭੇਸ ਬਦਲਵਾ ਕੇ ਭੇਜਣਾ ਪੇਂਦਾ ਅਤੇ ਉਸ ਨੂੰ ਵਿਖਾਇਆ ਵੀ ਇਸ ਤਰ੍ਹਾਂ ਗਿਆ ਜਿਵੇਂ ਕੋਈ ਅੱਤਵਾਦੀ ਫੜਣ ਵਾਲੇ ਗੁੱਪਤ ਮਿਸ਼ਨ ਲਈ ਭੇਜਣ ਦਾ ਡਰਾਮਾ ਬਾਲੀਵੁੱਡ ਫ਼ਿਲਮਾਂ ਵਾਲੇ ਕਰਦੇ ਹਨ।
ਹੋਰ ਤਾਂ ਹੋਰ ਨਿਰਦੇਸ਼ਕ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੰਜਾਬ ਪੁਲਿਸ ਦੇ ਡੀ.ਐਸ.ਪੀ ਦੇ ਮੋਢਿਆਂ ਤੇ ਪੀ.ਪੀ.ਐੱਸ ਦਾ ਬੈਚ ਹੁੰਦੈ ਨਾ ਕਿ ਆਈ.ਪੀ.ਐਸ ਦਾ, ਕਹਿਣ ਦਾ ਮਤਲਭ ਕਿ ਫ਼ਿਲਮ ਦੇ ਪਹਿਲੇ ਸੀਨ ਤੋਂ ਹੀ ਗਲਤੀਆਂ ਸ਼ੁਰੂ। ਵੈਸੇ ਅੱਜ ਦੀ ਪੰਜਾਬ ਪੁਲਿਸ ਅਤੇ ਸਰਕਾਰਾਂ ਸਮੈਕ-ਹੋਰੋਈਨ ਜਿਹੇ ਨਸ਼ਿਆਂ ਦੀ ਵਿਕਰੀ ਅਤੇ ਸੇਵਨ ਤੋਂ ਪਰੇਸ਼ਾਨ ਹਨ ਅਤੇ ਉਹਦਾ ਹਲ ਲੱਭ ਰਹੀਆਂ ਹਨ ਅਤੇ ਆਪਾਂ 30/35 ਸਾਲ ਪਿਛਲੇ ਵਿਆਹਾਂ ਚੋਂ ਨਿਕਲ ਕੇ ਦੇਸੀ ਸ਼ਰਾਬ ਕੱਢਣ-ਵੇਚਣ ਦੇ ਪੁਰਾਣੇ ਨੁਖਸੇ ਸਿਖਾਉਣ-ਵਿਖਾਉਣ ਵਾਲੀਆ ਫ਼ਿਲਮਾਂ ਬਨਾਉਣ ਵੱਲ ਤੁਰ ਪਏ ਹਾਂ, ਹੱਦ ਹੋ ਗਈ ਫ਼ਿਲਮ ਮੇਕਿੰਗ ਦੀ, ਕੋਈ ਤਾਂ ਰਚਨਾਤਮਕ ਕਹਾਣੀ ਤੇ ਕੰਮ ਕਰ ਲੋ, ਜੇ ਕਰੋੜਾਂ ਲਾ ਕੇ ਫ਼ਿਲਮਾਂ ਬਣਾ ਹੀ ਰਹੇ ਹੋ ਤਾਂ। ਜਿਹੜੀ ਮਾੜੀ ਸ਼ਰਾਬ ਪੀ ਕੇ ਹਜ਼ਾਰਾਂ ਲੋਕ ਮਰ ਚੁੱਕੇ ਹੋਣ, ਉਸ ਦੇ ਵੇਚਣ-ਕੱਢਣ ਵਾਲਿਆਂ ਨੂੰ ਕੀ ਪੰਜਾਬ ਪੁਲਿਸ ਛੱਡ ਦੇਂਦੀ ਹੈ, ਇਹ ਕਿਹੜੇ ਕਾਨੂੰਨ ਦੀ ਕਿਤਾਬ ਪੜ੍ਹ ਕੇ ਬਣਾਈ ਗਈ ਫ਼ਿਲਮ ਹੈ ਦੂਰਬੀਨ ਅਤੇ ਪੰਜਾਬ ਦੇ ਕਿਹੜੇ ਨਿਵੇਕਲੇ ਪਿੰਡ ਦੀ ਬਾਇਓਪਿਕ ਹੈ ਮੇਰੀ ਤਾਂ ਸਮਝ ਤੋਂ ਬਾਹਰ ਹੈ। ਬਾਕੀ ਫ਼ਿਲਮ ਦੇ ਖੂਬਸੂਰਤ ਹੀਰੋ-ਹੀਰੋਈਨਾਂ ਨਾ ਮਾਤਰ ਕਿਰਦਾਰਾਂ ਵਾਲੇ ਹੀ ਜਾਪੇ ਜਿਵੇਂ ਚਰਿੱਤਰ ਕਲਾਕਾਰ ਹੋਣ। ਕਿਸੇ ਵੀ ਫ਼ਿਲਮ ਦਾ ਆਖਰੀ ਹਿੱਸਾ ਹਮੇਸ਼ਾ ਹੀਰੋ ਦੀ ਸਕਾਰਆਤਮਕਤਾ ਦੇ ਆਲੇ ਦੁਆਲੇ ਘੁਮਾ ਕੇ ਫ਼ਿਲਮ ਦਾ ਅੰਤ ਉਸ ਦੀ ਹੀਰੋਗਿਰੀ ਸਥਾਪਿਤ ਕਰਨ ਨਾਲ ਹੀ ਜ਼ਿਆਦਾ ਵਧੀਆ ਲਗਦੈ। ਫ਼ਿਲ਼ਮ ਦਾ ਸੰਗੀਤ ਵੀ ਬਹੁਤਾ ਚੇਤੇ ਰਹਿਣ ਵਾਲਾ ਨਹੀ। ਭਾਂਵੇ ਕੇ ਸਭ ਐਕਟਰਾਂ ਨੇ ਵਧੀਆ ਅਦਾਕਾਰੀ ਕੀਤੀ ਪਰ ਜਦੋਂ ਫ਼ਿਲਮ ਵਿਸ਼ੇ ਵਜੋਂ ਰਹਿ ਜਾਏ ਤਾਂ ਕੁੱਝ ਵੀ ਯਾਦ ਨਹੀਂ ਰਹਿੰਦਾ।
ਧੰਨਵਾਦ
ਦਲਜੀਤ ਅਰੋੜਾ