ਨਿਰਮਾਤਾ-ਨਿਰਦੇਸ਼ਕ ਅਦਿਿਤਆ ਸੂਦ ਦੀ ਹਮੇਸ਼ਾ ਇਹ ਖੂਬੀ ਰਹੀ ਹੈ ਕਿ ਉਹ ਪੰਜਾਬੀ ਸਿਨੇਮਾ ਵਿਚ ਤਾਜ਼ਗੀ ਲਿਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਚਾਹੇ ਗੱਲ ਫ਼ਿਲਮ ਦੇ ਵਿਸ਼ੇ ਦੀ ਹੋਵੇ ਜਾਂ ਕਲਾਕਾਰਾਂ ਦੀ, ਹੱਟ ਕੇ ਫ਼ਿਲਮਾਂ ਬਨਾਉਣ ਦਾ ਜੌਖਮ ਉਠਾਉਣ ਤੋਂ ਵੀ ਉਸ ਨੇ ਕਦੇ ਗੁਰੇਜ਼ ਨਹੀਂ ਕੀਤਾ।
12 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ “ਪੰਜਾਬੀ ਆ ਗਏ ਓਏ” ਦੇ ਟਾਈਟਲ ਅਤੇ ਪੋਸਟਰ ਤੋਂ ਇਸ ਫ਼ਿਲਮ ਵਿਚਲੇ ਤਾਜ਼ਾ ਵਿਸ਼ੇ ਦਾ ਅੰਦਾਜ਼ਾ ਲਾਇਆ ਜਾਣਾ ਸੁਭਾਵਿਕ ਹੈ, ਜਿੱਥੇ ਪ੍ਰਿੰਸ ਕੰਵਲਜੀਤ ਸਿੰਘ ਵਰਗੇ ਦਿੱਗਜ ਕਲਾਕਾਰ ਅਤੇ ਸਿੰਗਾ ਵਰਗੇ ਖਾੜਕੂ ਗਾਇਕ ਦੇ ਨਾਲ-ਨਾਲ ਬਾਲ ਕਲਾਕਾਰਾਂ ਦੇ ਤਾਜ਼ਾ ਚਿਹਰੇ ਵੀ ਨਜ਼ਰ ਆ ਰਹੇ ਹੋਣ।
ਜੇ ਅਦਿਿਤਆ ਸੂਦ ਦੀਆਂ ਪੰਜਾਬੀ ਸਿਨੇਮਾ ਲਈ ਅਜਿਹੀਆਂ ਪਹਿਲੀਆਂ ਕੋਸ਼ਿਸ਼ਾਂ ਦੀ ਗੱਲ ਕਰੀਏ ਤਾਂ 2013 ਵਿਚ ‘ਓਏ ਹੋਏ ਪਿਆਰ ਹੋ ਗਿਆ’, ਜਿਸ ਵਿਚ ਉਸ ਵੱਲੋਂ ਪ੍ਰਸਿੱਧ ਗਾਇਕ ਸ਼ੈਰੀ ਮਾਣ ਨੂੰ ਬਤੌਰ ਲੀਡ ਐਕਟਰ ਪੇਸ਼ ਕੀਤਾ ਗਿਆ,ਫਿਰ 2019 ਵਿਚ ਇਕ ਸਾਰਥਕ ਸਿਨੇਮਾ ਦੀ ਗਵਾਹੀ ਭਰਦੀ ਫਿਲਮ ‘ਤੇਰੀ ਮੇਰੀ ਜੋੜੀ’ ਵਿਚ ਲੀਡ ਕਲਾਕਾਰ ਕਿੰਗ ਬੀ.ਚੌਹਾਨ ਦੇ ਨਾਲ-ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ‘ਸਵਰਗੀ ਸਿੱਧੂ ਮੂਸੇਵਾਲਾ’ ਨੂੰ ਪਹਿਲੀ ਵਾਰ ਵੱਡੇ ਪਰਦੇ ਤੇ ਲਿਆਂਦਾ ਅਤੇ ਪਿਛਲੇ ਵਰੇ੍ਹ 2024 ਵਿਚ ਚਰਚਿਤ ਫ਼ਿਲਮ ‘ਸੈਕਟਰ-17’ ਦੇ ਇਕ ਹੋਰ ਵੱਖਰੇ ਵਿਸ਼ੇ ਰਾਹੀਂ ਪ੍ਰਿੰਸ ਕੰਵਲਜੀਤ ਸਿੰਘ ਦੀ ਦਮਦਾਰ ਅਦਾਕਾਰੀ ਦਾ ਨਵਾਂ ਰੂਪ ਸਾਹਮਣੇ ਲਿਆਂਦਾ ਗਿਆ।
ਗੱਲ ਫ਼ਿਲਮ ‘ਪੰਜਾਬੀ ਆ ਗਏ ਓ’ ਦੀ ਤਾਂ ਇਸ ਨਿਵੇਕਲੇ ਵਿਸ਼ੇ ਵਾਲੀ ਫ਼ਿਲਮ ਵਿਚ ਪ੍ਰਿੰਸ ਕੰਵਲਜੀਤ ਸਿੰਘ ਅਤੇ ਸਿੰਗਾ ਤੋਂ ਇਲਾਵਾ ਜਿੱਥੇ ਬਾਲ ਕਲਾਕਾਰ ਆਪਣੇ-ਆਪਣੇ ਅੀਭਨੈ ਦਾ ਜੌਹਰ ਵਿਖਾਉਂਦੇ ਨਜ਼ਰ ਆਉਣਗੇ, ਓਥੇ ਲੀਡ ਭੂਮਿਕਾ ਵਿਚ ਟਵਿੰਕਲ ਅਰੋੜਾ ਪੰਜਾਬੀ ਸਿਨੇਮਾ ਦੀਆਂ ਹੀਰੋਈਨਾਂ ਵਿਚ ਸ਼ਾਮਲ ਹੋਣ ਜਾ ਰਹੀ ਹੈ।
ਅਦਿਿਤਆ ਸੂਦ ਵੱਲੋਂ ਲਿਖਤ ਅਤੇ ਨਿਰਦੇਸ਼ਿਤ ਇਸ ਫ਼ਿਲਮ ਦਾ ਨਿਰਮਾਣ ਅਦਿਿਤਆ ਗਰੁੱਪ ਵੱਲੋਂ ਨਿਰਮਾਤਾ ਹਨਮਨ ਸੂਦ ਨੇ ਕੀਤਾ ਹੈ। ਕ੍ਰਿਏਟਿਵ ਡਾਇਰੈਕਟ ਓਜਾਇਤ ਸੂਦ, ਡੀ.ਓ.ਪੀ ਅਸ਼ਪਾਕ ਸ਼ੇਖ, ਕਲਾ ਨਿਰਦੇਸ਼ਕ ਹਰਜੀਤ ਬੱਗਾ, ਐਕਸ਼ਨ ਡਾਇਰੈਕਟ ਮੋਨੂ ਕੰਬੋਜ, ਲਾਈਨ ਨਿਰਮਾਤਾ ਅਜੇ ਸੂਦ ਅਤੇ ਐਗਜ਼ੂਕਿਊਟਿਵ ਪ੍ਰੋਡਿਊਸਰ ਸ਼ੁਭਮ ਚੰਦਰਚੂੜ ਹਨ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ,ਕੈਵਿਨ ਰੌਏ ਅਤੇ ਕ੍ਰੋਵਨੇ ਨੇ ਦਿੱਤਾ ਹੈ।
ਪੰਜਾਬ ਸਕਰੀਨ ਵੱਲੋਂ ਅਦਿਿਤਆ ਸੂਦ ਸਮੇਤ ਸਾਰੀ ਫ਼ਿਲਮ ਟੀਮ ਨੂੰ ਸ਼ੁੱਭ ਇੱਛਾਵਾਂ।ਦੁਆ ਕਰਦੇ ਹਾਂ ਕਿ ਫ਼ਿਲਮ “ਪੰਜਾਬੀ ਆ ਗਏ ਓਏ’ ਸੁਪਰ-ਡੁਪਰ ਕਾਮਯਾਬੀ ਹਾਸਲ ਕਰਕੇ ਪੰਜਾਬੀ ਸਿਨੇਮਾ ਦਾ ਮਾਣ ਵਧਾਏ ਅਤੇ ਅਸੀਂ ਸਾਰੇ ਰਲ ਕੇ ਕਹੀਏ..
“ਪੰਜਾਬੀ ਆ ਗਏ ਓਏ”-“ਪੰਜਾਬੀ ਛਾ ਗਏ ਓਏ” !