Pollywood Punjabi Screen News

19 ਮਈ ਨੂੰ ਰਿਲੀਜ਼ ਹੋਵੇਗੀ ‘ਗਿੱਲ ਸਾਹਬ ਸਕੂਟਰ ਵਾਲੇ’, ਸਰਦਾਰ ਸੋਹੀ ਬਣੇ ਹੀਰੋ !

Written by Daljit Arora

ਸਿਨਮਾ ਸਿਰਫ਼ ਹਾਸੇ ਮਜ਼ਾਕ ਜਾਂ ਮਾਰਧਾੜ ਤੱਕ ਹੀ ਸੀਮਤ ਨਹੀਂ ਬਲਕਿ ਸਮਾਜ ਦੇ ਅਹਿਮ ਮੁੱਦਿਆਂ ਨੂੰ ਉਭਾਰਨ ਦਾ ਵੀ ਚੰਗਾ ਪਲੇਟਫਾਰਮ ਹੈ ਪਰ ਅਫਸੋਸ ਬਹੁਤ ਘੱਟ ਫ਼ਿਲਮਾਂ ਬਣਦੀਆਂ ਹਨ ਜੋ ਸਮਾਜਿਕ ਕੁਰੀਤੀਆਂ ਖਿਲਾਫ਼ ਆਵਾਜ਼ ਉਠਾਉਣ ਦਾ ਹੋਕਾ ਦਿੰਦੀਆਂ ਹਨ। ਬਹੁਤੇ ਨਿਰਮਆਤਾ ਅਜਿਹੇ ਵਿਸ਼ਆਂ ਤੇ ਫ਼ਿਲਮ ਬਣਾਉਣਾ ਆਪਣਾ ਪੈਸਾ ਤੇ ਸਮਾਂ ਖਰਾਬ ਕਰਨਾ ਹੀ ਸਮਝਦੇ ਹਨ ਪ੍ਰੰਤੂ ਕੁਝ ਕੁ ਫ਼ਿਲਮਸਾਜ਼ ਅਜਿਹੇ ਸਿਨਮਾ ਨੂੰ ਪ੍ਰਫੁੱਲਤ ਕਰਨ ਦਾ ਜਨੂੰਨ ਰੱਖਦੇ ਹਨ।
ਅਜਿਹੀ ਹੀ ਸਵੱਲੀ ਤੇ ਉਸਾਰੂ ਸੋਚ ਦੇ ਮਾਲਕ ਹਨ ਰਾਜੀਵ ਦਾਸ। ਰਾਜੀਵ ਦਾਸ ਪਿਛਲੇ ਲੰਮੇ ਸਮੇਂ ਤੋਂ ਛੋਟੇ ਤੇ ਵੱਡੇ ਪਰਦੇ ਤੇ ਕੰਮ ਰਹੇ ਹਨ। ਇੰਨ੍ਹੀਂ ਦਿਨੀਂ ਉਹ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਗਿੱਲ ਸਾਹਬ ਸਕੂਟਰ ਵਾਲੇ’ ਨਾਲ ਖੂਬ ਚਰਚਾ ਵਿਚ ਹਨ। ਰਾਜੀਵ ਦਾਸ ਬਤੌਰ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਇਸ ਫ਼ਿਲਮ ਨਾਲ ਜੁੜੇ ਹੋਏ ਹਨ। ਇਸ ਫ਼ਿਲਮ ਵਿਚ ਪੰਜਾਬੀ ਸਿਨਮੇ ਦੇ ਥੰਮ੍ਹ ਸਰਦਾਰ ਸੋਹੀ ਨੇ ‘ਗਿੱਲ ਸਾਹਬ’ ਦਾ ਲੀਡ ਕਿਰਦਾਰ ਨਿਭਾਇਆ ਹੈ। ਸ੍ਰੀ ਰਾਜੀਵ ਦਾਸ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਫ਼ਿਲਮ ਅੱਜ ਦੇ ਨੌਜਵਾਨਾਂ ਦੀ ਕਹਾਣੀ ਹੈ ਜੋ ਸਮਾਜ ਦੇ ਹਰ ਚੰਗੇ ਮਾੜੇ ਪਹਿਲੂਆਂ ਬਾਰੇ ਦਰਸ਼ਕਾਂ ਨੂੰ ਜਾਗੂਰਕ ਕਰੇਗੀ। ਮੌਜੂਦਾ ਦੌਰ ਵਿਚ ਨੌਜਵਾਨ ਆਪਣੇ ਸੁਨਿਹਰੇ ਭਵਿੱਖ ਦੀ ਤਲਾਸ਼ ਵਿਚ ਵਿਦੇਸ਼ਾ ਵੱਲ ਉਡਾਰੀ ਮਾਰ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਡਿਗਰੀਆਂ-ਡਿਪਲੋਮੇ ਪ੍ਰਾਪਤ ਕਰ ਬੇਰੁਜ਼ਗਾਰੀ ਦੀ ਭੱਠੀ ‘ਚ ਭੁਜ ਰਹੇ ਹਨ। ਮਾਪੇ ਆਪਣੀਆਂ ਨਸਲਾ ਬਚਾਉਣ ਲਈ ਉਪਜਾਊ ਫ਼ਸਲਾਂ ਦੀਆਂ ਕੁੱਖਾਂ ਵੇਚਣ ਲਈ ਮਜਬੂਰ ਹਨ।ਇਸ ਫ਼ਿਲਮ ਵਿਚ ਜਿੱਥੇ ਸਮਾਜਿਕ ਮੈਸਜ ਵੀ ਹੋਵੇਗਾ ਉੱਥੇ ਹਲਕੀ-ਫੁਲਕੀ ਪਰਿਵਾਰਕ ਕਾਮੇਡੀ, ਸੋਹਣਾ ਗੀਤ-ਸੰਗੀਤ ਅਤੇ ਦਿਲਾਂ ਨੂੰ ਝੰਜੋੜਣ ਵਾਲਾ ਇਮੋਸ਼ਨਲ ਡਰਾਮਾ ਵੀ ਹੋਵੇਗਾ।


ਇੰਡੋ ਕੀਵੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਪਹਿਲੀ ਵਾਰ ਸਰਦਾਰ ਸੋਹੀ ਟਾਈਟਲ ਕਿਰਦਾਰ ਵਿਚ ਨਜ਼ਰ ਆਉਣਗੇ ਅਤੇ ਅਮਰਿੰਦਰ ਬੌਬੀ ਤੇ ਅਮਰੀਨ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਜੋੜੀ ਤੋਂ ਇਲਾਵਾ ਹੌਬੀ ਧਾਲੀਵਾਲ, ਬਲਬੀਰ ਬੋਪਾਰਾਏ, ਅਦਿੱਤੀ ਆਰਿਆ, ਹੈਪੀ ਗੌਸਲ, ਸਾਜਨ ਕਪੂਰ ਅਤੇ ਕੇ.ਕੇ. ਗਿੱਲ ਨੇ ਅਹਿਮ ਕਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨਪਲੇਅ ਰਾਜੀਵ ਦਾਸ ਤੇ ਕੇ.ਕੇ. ਗਿੱਲ ਨੇ ਲਿਖਿਆ ਹੈ।ਅਮਰਿੰਦਰ ਬੌਬੀ, ਬਲਬੀਰ ਬੋਪਾਰਾਏ, ਮੈਂਡੀ ਸੰਧੂ, ਦੀਪ ਅਟਵਾਲ ਅਤੇ ਤਰੰਨੁਮ ਮਲਿਕ ਨੇ ਇਸ ਫ਼ਿਲਮ ‘ਚ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜੀਵ ਦਾਸ ਅਤੇ ਕੇ.ਕੇ.ਗਿੱਲ ਹਨ ਜਦਕਿ ਜੇ.ਪੀ ਪਰਦੇਸੀ ਸਹਿ ਨਿਰਮਾਤਾ ਹਨ। ਜ਼ਿਕਰਯੋਗ ਹੈ ਕਿ 19 ਮਈ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋ ਰਹੀ ਇਹ ਫ਼ਿਲਮ ਅੱਜ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਪਰਾਲਾ ਹੈ ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜਿਸ ਵਿਚ ਮਾਵਾਂ ਦੇ ਜਵਾਨ ਪੁੱਤ ਨਿੱਤ ਦਿਨ ਡੁੱਬਦੇ ਜਾ ਰਹੇ ਹਨ। ਇਸ ਕਰਕੇ ਇਹ ਫ਼ਿਲਮ ‘ਇਕ ਯੁੱਧ ਨਸ਼ਿਆਂ ਵਿਰੱਧ’ ਦਾ ਆਗਾਜ਼ ਕਰੇਗੀ।

-Surjit Jassal Barnala (Punjabi Screen)

Comments & Suggestions

Comments & Suggestions

About the author

Daljit Arora