ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਮਹਾਰਾਣੀ ਵਿਕਟੋਰੀਆ ਨਾਲ ਉਨ੍ਹਾਂ ਦੇ ਸਬੰਧਾਂ ਦੀ ਦਾਸਤਾਨ ਹੈ ਹਾਲੀਵੁੱਡ ਫ਼ਿਲਮ ਬਾਇਓਪਿਕ ‘ਦਾ ਬਲੈਕ ਪ੍ਰਿੰਸ’
‘ਬਰਿਲਸਟੇਨ ਐਂਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਗਾਇਕ ਸਤਿੰਦਰ ਸਰਤਾਜ ਅਤੇ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਸਟਾਰਰ ਹਾਲੀਵੁੱਡ ਫ਼ਿਲਮ “ਦਾ ਬਲੈਕ ਪ੍ਰਿੰਸ” ਜਿਸ ਨੂੰ ਹਾਲੀਵੁੱਡ ਫ਼ਿਲਮ ਮੇਕਰ ਕਵੀ ਰਾਜ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ, 21 ਜੁਲਾਈ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋ ਰਹੀ ਹੈ।
ਪੰਜਾਬ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਦੇ ਜੀਵਨ, ਬਤੌਰ ਮਹਾਰਾਜਾ ਮੁੜ ਆਪਣੀ ਪਹਿਚਾਣ ਬਣਾਉਣ ਨੂੰ ਲੈ ਕੇ ਕੀਤੇ ਸੰਘਰਸ਼ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਜਿੰਦ ਕੌਰ (ਮਹਾਰਾਣੀ ਜਿੰਦਾ) ਵੱਲੋਂ ਇਸ ਸੰਘਰਸ਼ ਨਾਲ ਜੁੜੀ ਦਾਸਤਾਨ ਨੂੰ ਬਿਆਨ ਕਰਦੀ ਇਸ ਫ਼ਿਲਮ ਬਾਇਓਪਿਕ ਵਿਚ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨੌਜਵਾਨ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਨਿਭਾਇਆ ਹੈ, ਜਦਕਿ ਮਹਾਰਾਣੀ ਜਿੰਦਾ ਦਾ ਕਿਰਦਾਰ ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ, ਜਦਕਿ ਹਾਲੀਵੁੱਡ ਅਦਾਕਾਰ ਜੈਸਨ ਫ਼ਲਿਯੰਗ ਡਾ: ਲੋਗਿਨ ਦੇ ਰੂਪ ਵਿਚ ਅਤੇ ਮਸ਼ਹੂਰ ਇੰਗਲਿਸ਼ ਸਟੇਜ ਸਕ੍ਰੀਨ ਐਕਟ੍ਰੈਸ ਅਮੰਡਾ ਰੂਟ ਮਹਾਰਾਣੀ ਵਿਕਟੋਰੀਆ ਦੇ ਰੂਪ ਵਿਚ ਨਜ਼ਰ ਆਉਣਗੇ। ਫ਼ਿਲਮ ਦੀ ਬਾਕੀ ਕਲਾਕਾਰਾਂ ਵਿਚ ਕੈਥ ਡੂਫੀ, ਡੇਵਿਡ ਐਸੈੱਕਸ ਓਬੀ ਅਤੇ ਕੈਨੇਡੀਅਨ ਐਕਟਰ ਰੁੱਪ ਮੈਗਨ ਦੀ ਵੀ ਵਿਸ਼ੇਸ਼ ਭੂਮਿਕਾ ਹੈ।
ਸੱਚੀ ਕਹਾਣੀ ‘ਤੇ ਅਧਾਰਿਤ ਇਸ ਫ਼ਿਲਮ ਰੂਪੀ ਪੀਰੀਅਡ ਡਰਾਮੇ ਦੇ ਹਰ ਇਕ ਇਤਿਹਾਸਕ ਪਹਿਲੂ ਨੂੰ ਬੜੀ ਹੀ ਬਰੀਕੀ ਨਾਲ ਫ਼ਿਲਮਾਇਆ ਗਿਆ ਹੈ, ਅਜਿਹਾ ਫ਼ਿਲਮ ਦਾ ਟ੍ਰੇਲਰ ਵੇਖ ਕੇ ਪ੍ਰਤੀਤ ਹੁੰਦਾ ਹੈ।
ਜਿੱਥੇ ਇਹ ਫ਼ਿਲਮ ਦੋ ਮੁਲਕਾਂ ਦੇ ਰਾਇਲ ਸੱਭਿਆਚਾਰ ਦੀ ਗੱਲ ਕਰੇਗੀ, ਉੱਥੇ ਮਹਾਰਾਜਾ ਦਲੀਪ ਸਿੰਘ ਵੱਲੋਂ ਯੂ. ਕੇ. ਦੇ ਸ਼ਾਹੀ ਸੱਭਿਆਚਾਰ, ਐਸ਼ੋ-ਅਰਾਮ ਵਾਲੇ ਜੀਵਨ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਆਪਣੇ ਪੰਜਾਬ, ਆਪਣੀਆਂ ਜੜ੍ਹਾਂ, ਆਪਣੀ ਮਾਂ ਜਿੰਦਾ ਨੂੰ ਮਿਲਣ ਅਤੇ ਆਪਣੇ ਰਾਜ ਪਾਠ ਨੂੰ ਮੁੜ ਕੇ ਹਾਸਲ ਕਰਨ ਵਾਲੇ ਆਪਣੇ ਦਲੇਰਾਨਾ ਸੰਘਰਸ਼ ਦੀ ਵਿਲੱਖਣ ਮਿਸਾਲ ਪੇਸ਼ ਕਰੇਗੀ। ਆਪਣੀ 13 ਸਾਲ ਦੀ ਉਮਰ ਵਿਚ ਮਹਾਰਾਜਾ ਦਲੀਪ ਸਿੰਘ ਵੱਲੋਂ ਬਕਿੰਗਮ ਪੈਲਸ (ਲੰਡਨ) ਵਿਖੇ ਸੰਨ 1860 ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਆਪਣੇ ਅਣਮੁੱਲੇ ਕੋਹੇਨੂਰ ਹੀਰੇ ਨੂੰ ਮਹਾਰਾਣੀ ਵਿਕਟੋਰੀਆ ਨੂੰ ਤੋਹਫੇ ਦੇ ਰੂਪ ਵਿਚ ਦਿੱਤੇ ਜਾਣ ਦਾ ਰਾਜ ਵੀ ਇਸ ਫ਼ਿਲਮ ਵਿਚ ਖੁੱਲਣ ਵਾਲਾ ਹੈ।
ਮਹਾਰਾਣੀ ਜਿੰਦਾ ਵੱਲੋਂ ਸਿੱਖ ਰਾਜ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਰਾਹੀਂ ਆਪਣੇ ਸਿੱਖ ਰਾਜ ਨੂੰ ਮੁੜ ਕੇ ਸਥਾਪਿਤ ਕਰਨ ਦੀ ਇੱਛਾ ਨੂੰ ਅੰਗਰੇਜ਼ ਹਕੂਮਤ ਵੱਲੋਂ ਆਪਣੀਆਂ ਸਾਜਿਸ਼ਾਂ ਰਾਹੀਂ ਤਾਰਪੀਡੋ ਕਰਨ, ਮਹਾਰਾਣੀ ਵਿਕਟੋਰੀਆ ਦੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਾਂ ਨੂੰ ਫਰੋਲਦੀ ਇਹ ਇੰਗਲਿਸ਼ ਫ਼ਿਲਮ “ਦਾ ਬਲੈਕ ਪ੍ਰਿੰਸ” ਹਿੰਦੀ, ਪੰਜਾਬੀ ਅਤੇ ਹੋਰ ਵੀ ਖੇਤਰੀ ਭਾਸ਼ਾਵਾਂ ਵਿਚ ਡੱਬ ਕੀਤੀ ਗਈ ਹੈ। ਇਹ ਫ਼ਿਲਮ ਸੱਚਾਈ ਦੇ ਕਿੰਨਾ ਨੇੜੇ ਹੈ ਇਹ ਤਾਂ ਫ਼ਿਲਮ ਵੇਖਣ ਉਪਰੰਤ ਆਲੋਚਕਾਂ ਦੇ ਵਿਚਾਰਾਂ ਤੋਂ ਹੀ ਪਤਾ ਚੱਲੇਗਾ ਪਰ ਫ਼ਿਲਹਾਲ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਾਸਤੇ ਅਤੇ ਪੰਜਾਬੀ ਫ਼ਿਲਮ ਉਦਯੋਗ ਵਾਸਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਦੀ ਫ਼ਿਲਮ ਬਾਇਓਪਿਕ ਹਾਲੀਵੁੱਡ ਫ਼ਿਲਮ ਮੇਕਰਾਂ ਵੱਲੋਂ ਪੇਸ਼ ਕਰ ਕੇ ਸਾਰੀ ਦੁਨੀਆ ਨੂੰ ਵਿਖਾਈ ਜਾ ਰਹੀ ਹੈ। ਯਕੀਨਣ ਹੈ ਕਿ ਇਹ ਫ਼ਿਲਮ ਪਾਲੀਵੁੱਡ ਫ਼ਿਲਮ ਮੇਕਰਾਂ ਲਈ ਨਵੀਆਂ ਇਤਿਹਾਸਕ ਵਿਸ਼ਿਆਂ ਦਾ ਅਧਿਆਏ ਸ਼ੁਰੂ ਕਰੇਗੀ ਅਤੇ ਪੰਜਾਬੀ ਇੰਡਸਟਰੀ ਦੇ ਗ੍ਰਾਫ਼ ਨੂੰ ਅਕਾਸ਼ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਏਗੀ।
ਸਤਿੰਦਰ ਸਰਤਾਜ ਵੱਲੋਂ ਇਕ ਫ਼ਿਲਮ ਦਾ ਵੀਡੀਓ ਗੀਤ ‘ਵਾਰ ਹਰੀ ਸਿੰਘ ਨਲੂਆ’ ਰਿਲੀਜ਼ ਕੀਤਾ ਗਿਆ! ਇਸ ਮਹਿਫ਼ਲ ਦੌਰਾਨ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾ ਰਹੇ ਸਤਿੰਦਰ ਸਰਤਾਜ ਨੇ ਫ਼ਿਲਮ ਦੀ ਕਹਾਣੀ ਬਾਰੇ ਆਏ ਹੋਏ ਦਰਸ਼ਕਾਂ ਨੂੰ ਦੱਸਿਆ! ਇਸ ਸੰਗੀਤਮਈ ਮਹਿਫਲ ਦੇ ਵਿਚ ਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਗਾ, ਪੰਜਾਬ ਪੁਲਿਸ ਦੇ ਕਮਿਸ਼ਨਰ ਐੱਸ. ਐੱਸ. ਸ਼੍ਰੀ-ਵਾਸਤਵ ਜੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ !
G.I.Rendezvou ਦੇ ਕੋਡੀਨੇਟਰ ਡਾਕਟਰ ਗੁਰਬਿਲਾਸ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਅੱਜ ਦੀ ਸ਼ਾਮ ਸਰਤਾਜ ਜੀ ਦੇ ਆਉਣ ਨਾਲ ਹੋਰ ਵੀ ਚਾਰ ਚੰਦ ਲੱਗ ਗਏ ਹਨ ! ਇਸ ਮੌਕੇ ‘ਤੇ ਡਾਕਟਰ ਗੁਰਬਿਲਾਸ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਇਸ ਮਹਿਫ਼ਲ ਵਿਚ ਆਉਣ ‘ਤੇ ਧੰਨਵਾਦ ਵੀ ਕੀਤਾ ! ਇਸ ਮੌਕੇ ‘ਤੇ ਫੌਰ. ਐੱਸ. ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਜਗਦੀਸ਼ ਸਿੰਘ, ਅਸਿਸਟ ਸ਼ੈਸ਼ਨ ਜੱਜ ਪੁਨੀਤ ਸ਼ਰਮਾ, ਅਸਿਸਟ ਕਮਿਸ਼ਨਰ ਸ਼੍ਰੀ ਵਿਕਾਸ ਹੀਰਾ, ਅਮਿਤਾਬ ਜੈਰਥ, ਡਾਕਟਰ ਰਵਿੰਦਰ ਸਿੰਘ ਮਲਹੋਤਰਾ, ਰਵਿੰਦਰ ਸਿੰਘ ਰੋਬਿਨ, ਡਾਕਟਰ ਐਚ. ਬੀ. ਸਿੰਘ ਮਿਗਲਾਨੀ , ਡਾਕਟਰ ਇੰਦਰਬੀਰ ਸਿੰਘ ਨਿੱਜਰ, ਡਾਕਟਰ ਰਾਜਬੀਰ ਸਿੰਘ, ਡਾਕਟਰ ਪ੍ਰੀਤਮ ਸਿੰਘ ,ਡਾਕਟਰ ਰਾਣਾ ਰਣਜੀਤ ਸਿੰਘ ,ਡਾਕਟਰ ਗੁਰਲਾਲ ਸਿੰਘ, ਡਾਕਟਰ ਅਸ਼ੀਸ਼ ਖੰਨਾ, ਡਾਕਟਰ ਬੁੱਟਰ, ਐੱਸ ਕੇ ਭੰਡਾਰੀ, ਸੀ ਏ ਮਨਦੀਪ ਸਿੰਘ ਤੋਂ ਇਲਾਵਾ ਬਹੁਤ ਸਾਰੇ ਉੱਚ-ਅਧਿਕਾਰੀ ਤੇ ਪਤਵੰਤੇ ਸੱਜਣ ਮੌਜੂਦ ਸਨ ।
ਸਾਰੀ ਟੀਮ ਨੂੰ ‘ਪੰਜਾਬੀ ਸਕਰੀਨ’ ਅਦਾਰੇ ਵੱਲੋਂ ਸ਼ੁੱਭ ਕਾਮਨਾਵਾਂ !