ਮਨੋਰੰਜਨ ਭਰਪੂਰ ਪੀਰੀਅਡ ਫ਼ਿਲਮ ਹੈ ‘ਯਾਰਾ ਵੇ’ – ਨਿਰਦੇਸ਼ਕ ਰਾਕੇਸ਼ ਮਹਿਤਾ
(ਪੰ:ਸ) ਫ਼ਿਲਮ “ਯਾਰਾ ਵੇ” ਵਿੱਚ ਕੀ ਖਾਸੀਅਤ ਹੈ ਦੀ ਗੱਲ ਕਰਨ ਤੋਂ ਪਹਿਲਾਂ ਗੱਲ ਇਹ ਕਿ ਫ਼ਿਲਮ ਸਿਰਫ ਕਹਾਣੀ ਦੇ ਵਿੱਚ ਹੀ ਨਹੀਂ ਹੁੰਦੀ, ਬਲਕਿ ਉਸ ਨੂੰ ਵੱਡੇ ਪਰਦੇ ਤੇ ਕਿਵੇਂ ਉਤਾਰਿਆ ਜਾਵੇਗਾ ਇਸ ਤੇ ਵੀ ਬਹੁਤ ਨਿਰਭਰ ਕਰਦੀ ਹੈ।ਦੂਰ ਅੰਦੇਸ਼ ਵਿਜ਼ਨ ਵਾਲੇ ਖੂਬਸੂਰਤ ਫ਼ਿਲਮ ਨਿਰਦੇਸ਼ਨ ਅਤੇ ਕਲਾਤਮਕ ਸਿਨਮੈਟੋਗਰਾਫ਼ੀ ਦੇ ਨਾਲ ਨਾਲ ਸੈੱਟ ਤੋਂ ਲੈ ਕੇ ਕਲਾਕਾਰਾਂ ਦੇ ਕਾਸਟਿਊਮਜ਼, ਉਨ੍ਹਾਂ ਦੇ ਸੰਵਾਦ ਅਦਾਇਗੀ ਦੇ ਅੰਦਾਜ਼, ਚਿਹਰਿਆਂ ਦੇ ਹਾਵ-ਭਾਵ ਤੱਕ ਅਤੇ ਸ਼ਰੀਰਕ ਭਾਸ਼ਾ ਆਦਿ ਬਹੁਤ ਕੁਝ ਇੱਕ ਫਿਲਮ ਨੂੰ ਸਾਰਥਕ ਬਨਾਉਣ ਲਈ ਜਰੂਰੀ ਹੁੰਦਾ ਹੈ, ਖ਼ਾਸਕਰ ਉਸ ਟਾਇਮ ਜਦੋਂ ਇੱਕ ਫਿਲਮਕਾਰ ਕਿਸੇ ਖਾਸ ਸਮੇਂ ਦੀ ਕਹਾਣੀ ਦਰਸ਼ਾਉਣ ਦਾ ਯਤਨ ਕਰ ਰਿਹਾ ਹੋਵੇ। ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਕਿਸੇ ਵੀ ਸਮੇਂ ਕਾਲ ਨੂੰ ਦਿਖਾਉਣ ‘ਚ ਸਫਲ ਰਹੀਆਂ ਹਨ ਅਤੇ ਹੁਣ ਅਜਿਹੀ ਹੀ ਇੱਕ ਪੀਰੀਅਡ ਡਰਾਮਾ ਫ਼ਿਲਮ ‘ਯਾਰਾ ਵੇ’ਲੈ ਕੇ ਆ ਰਹੇ ਹਨ ਨਿਰਦੇਸ਼ਕ ਰਾਕੇਸ਼ ਮਹਿਤਾ ।
ਗਾਇਕ/ਨਾਇਕ ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘਬੀਰ ਬੋਲੀ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ । ਉਨ੍ਹਾਂ ਨਾਲ ਹੀਰੋਈਨ ਮੋਨਿਕਾ ਗਿੱਲ ਦਿਖਾਈ ਦਵੇਗੀ। ਗੋਰਡਨ ਬ੍ਰਿਜ਼ ਪ੍ਰਾ. ਲਿ. ਦੇ ਬੱਲੀ ਸਿੰਘ ਕੱਕੜ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ ਜਦਕਿ ਫ਼੍ਰੇਸ਼ਲੀ ਗਰਾਉਂਡ ਐਂਟਰਟੇਨਮੈਂਟ ਪ੍ਰਾ. ਲਿ.ਇਸਦੇ ਸਹਿ ਨਿਰਮਾਤਾ ਹਨ। ਮੁਨੀਸ਼ ਸਾਹਨੀ ਦਾ ਓਮਜੀ ਗਰੁੱਪ ਇਸ ਫਿਲਮ ਦਾ ਡਿਸਟ੍ਰੀਬਿਊਟਰ ਹੈ।
‘ਯਾਰਾ ਵੇ’ ਮਾਸੂਮ ਉਮਰ ਵਿੱਚ ਸ਼ੁਰੂ ਹੋਈ ਦੋਸਤੀ ਤੇ ਅਧਾਰਿਤ ਫ਼ਿਲਮ ਹੈ ਜੋ ਜ਼ਿੰਦਗੀ ਭਰ ਸੱਚੀ ਅਤੇ ਪਵਿੱਤਰ ਰਹਿੰਦੀ ਹੈ। ਇਹ ਪ੍ਰੇਮ ਦੇ ਉਨ੍ਹਾਂ ਰਿਸ਼ਤਿਆਂ ਅਤੇ ਬੰਧਨਾਂ ਨੂੰ ਵੀ ਦਰਸਾਏਗੀ ਜੋ ਅਸੀਂ ਆਪਣੀ ਜ਼ਿੰਦਗੀ ਚ ਹਢਾਂਉਂਦੇ ਹਾਂ। ਫ਼ਿਲਮ ਵਿੱਚ ਇਮੋਸ਼ਨ, ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਖੂਬਸੂਰਤ ਸੁਮੇਲ ਹੈ। ਇਹ ਉਸ ਸਮੇਂ ਦੀ ਕਹਾਣੀ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੋਨੋਂ ਹੀ ਦੇਸ਼ ਦੇ ਬਟਵਾਰੇ ਦੀ ਅੱਗ ਨੂੰ ਝੱਲ ਰਹੇ ਸਨ।
ਫ਼ਿਲਮ ਦੀ ਪਹਿਲੀ ਝਲਕ ਤੋਂ ਹੀ ਪਤਾ ਲੱਗ ਜਾਵੇਗਾ ਕਿ ਇਸ ਨੂੰ ਬਣਾਉਣ ਵਿੱਚ ਕਾਫੀ ਰਿਸਰਚ ਅਤੇ ਮੇਹਨਤ ਕੀਤੀ ਗਈ ਹੈ ਅਤੇ ਹਰ ਕੰਮ ਬਾਰੀਕੀ ਦਾ ਬਾਖੂਬੀ ਕਰਨ ਦਾ ਖਿਆਲ ਰੱਖਿਆ ਗਿਆ ਹੈ।
ਇਸ ਬਾਰੇ ਚ ਗੱਲ ਕਰਦੇ ਹੋਏ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, “ਜਦੋਂ ਮੈਂ ‘ਯਾਰਾ ਵੇ’ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਮੈਂ ਬਿਲਕੁਲ ਉਸੇ ਸਮੇਂ ਦੀ ਸੱਚਾਈ ਦੇ ਨਾਲ ਹੀ ਫ਼ਿਲਮ ਬਣਾਉਣਾ ਚਾਹੁੰਦਾ ਸੀ। ਲੋਕੇਸ਼ਨਾਂ ਤੋਂ ਲੈਕੇ ਫ਼ਿਲਮ ‘ਚ ਇਸਤੇਮਾਲ ਹੋਈ ਇਕ ਇਕ ਚੀਜ਼, ਜਿਵੇਂ ਕਾਸਟਿਊਮ ਤੱਕ ਸਭ ਦੇ ਚੁਣਾਵ ਵਿੱਚ ਮੈਂ ਖੁਦ ਮੌਜੂਦ ਰਿਹਾ । ”
“ਅਸੀਂ 1940 ਦਾ ਸਮਾਂ ਦਿਖਾਉਣ ਦੇ ਲਈ ਸੈੱਟ ਬਣਾਉਣ ‘ਚ ਬਹੁਤ ਬਾਰੀਕੀ ਨਾਲ ਧਿਆਨ ਦਿੱਤਾ ਹੈ। ਗੰਗਾਨਗਰ ਅਤੇ ਰਾਜਸਥਾਨ ਦੇ ਪਿੰਡਾਂ ਜਿੱਥੇ ਕਿ ਅਕਸਰ ਫਿਲਮਕਾਰ ਜਾਂਦੇ ਹਨ ਵਿੱਚ ਜਾਣ ਦੀ ਬਜਾਏ, ਅਸੀਂ ਉਸ ਸਮੇਂ ਨੂੰ ਦਰਸਾਉਂਦਾ ਇੱਕ ਪੂਰੇ ਪਿੰਡ ਦਾ ਸੈੱਟ ਖੜਾ ਕੀਤਾ, ਜਿਸ ਵਿੱਚ ਉਸ ਸਮੇਂ ਦੇ ਕੱਚੇ ਘਰ ਵੀ ਮੌਜੂਦ ਹਨ। ‘ਯਾਰਾ ਵੇ’ ਦੀ ਕਹਾਣੀ ਸਿਰਫ ਕੁਝ ਕਿਰਦਾਰਾਂ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਲੋਕੇਸ਼ਨਾਂ ਅਤੇ ਇਹ ਪੂਰਾ ਪਿੰਡ ਇਸਦੀ ਕਹਾਣੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਇਹ ਇਕ ਖੂਬਸੂਰਤ ਮਨੋਰੰਜਨ ਭਰਪੂਰ ਪੀਰੀਅਡ ਫ਼ਿਲਮ ਬਣੀ ਹੈ ਅਤੇ ਮੈਂਨੂੰ ਅਜਿਹਾ ਲੱਗਦਾ ਹੈ ਕਿ ਅਸੀਂ ਆਪਣੇ ਵਲੋਂ ਬੈਸਟ ਕੀਤਾ ਹੈ । ਹੁਣ ਫ਼ਿਲਮ ‘ਯਾਰਾ ਵੇ’ 5 ਅਪ੍ਰੈਲ 2019 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ । ਮੈਨੂੰ ਯਕੀਨ ਹੈ ਕਿ ਇਸ ਫ਼ਿਲਮ ਨੂੰ ਦੇਖ ਕੇ ਦਰਸ਼ਕ ਪੁਰਾਣੀਆਂ ਯਾਦਾਂ ਵਿੱਚ ਜਰੂਰ ਗਵਾਚ ਜਾਣਗੇ ।