Pollywood

9 ਅਗਸਤ ਨੂੰ ਸਿਨੇਮਾ-ਘਰਾਂ ਵਿਚ ਮਿਲਣਗੇ ‘ਰੋਜ਼,ਰੋਜ਼ੀ ਤੇ ਗੁਲਾਬ’

Written by Daljit Arora

(ਪੰਜਾਬੀ ਸਕਰੀਨ): ਗੱਲ ਕਰਦੇ ਹਾਂ ਜੀ 9 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫਿਲਮ “ਰੋਜ਼, ਰੋਜ਼ੀ ਤੇ ਗੁਲਾਬ” ਦੀ, ਜਿਸਨੂੰ ਪੇਸ਼ ਕਰ ਰਹੇ ਹਨ-ਓਮਜੀ ਸਿਨੇ ਵਰਲਡ ਅਤੇ ਡਾਇਮੰਡ ਸਟਾਰ ਵਰਲਡਵਾਈਡ।
ਮਨਵੀਰ ਬਰਾੜ ਨਿਰਦੇਸ਼ਤ ਅਤੇ ਪ੍ਰੀਤ ਸੰਘੇੜੀ ਲਿਖਤ ਇਸ ਫ਼ਿਲਮ ਦੀ ਲੀਡ ਭੂਮਿਕਾ ਵਿਚ ਹਨ ਗੁਰਨਾਮ ਭੁੱਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹਿਆ।
ਇਸ ਤੋਂ ਇਲਾਵਾ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਅੰਮ੍ਰਿਤ ਐਂਬੀ, ਅਨੀਤਾ ਸ਼ਬਦੀਸ਼, ਨੂਰ ਅਤੇ ਸ਼ਰਨ ‘ਟੋਕਰਾ ਟੀ.ਵੀ’ ਆਦਿ ਵੀ ਨਜ਼ਰ ਆਉਣਗੇ।

ਜੇ ਗੱਲ ਫ਼ਿਲਮ ਦੇ ਗੀਤ-ਸੰਗੀਤ ਦੀ ਕਰੀਏ ਤਾਂ ਇਸ ਦੇ ਗੀਤ ਗੁਰਨਾਮ ਭੁੱਲਰ ਨੇ ਹੀ ਲਿਖ਼ੇ ਅਤੇ ਗਾਏ ਹਨ। ਇਹਨਾਂ ਗੀਤਾਂ ਨੂੰ ਸੰਗੀਤ ਦਿੱਤਾ ਹੈ ਵੀ.ਰੈਕਸ ਮਿਊਜ਼ਿਕ, ਡੈਡੀ ਬੀਟਸ, ਜੀ.ਗੁਰੀ, ਗੌਰਵ ਦੇਵ ਅਤੇ ਕਾਰਤਿਕ ਦੇਵ ਨੇ।
ਫ਼ਿਲਮ ਦੇ ਰਿਲੀਜ਼ ਹੋ ਚੁੱਕੇ ਛੇ ਗੀਤਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਦਾ ਢੇਰ ਸਾਰਾ ਪਿਆਰ ਮਿਲ ਰਿਹਾ ਹੈ, ਜਿਸ ਦਾ ਅੰਦਾਜ਼ਾ ਯੂਟਿਊਬ ‘ਤੇ ਇਹਨਾਂ ਦੇ ਲੱਖਾਂ ਵਿਊਜ਼ ਤੋਂ ਲਾਇਆ ਜਾ ਸਕਦਾ ਹੈ।

ਫ਼ਿਲਮ ਦਾ ਪਹਿਲਾ ਗੀਤ “ਗੱਭਰੂ ਗੁਲਾਬ ਵਰਗਾ” ਇਕ ਸ਼ਿੰਗਾਰ ਰਸ ਗੀਤ ਹੈ, ਜਿਸ ਵਿਚ ਨਾਇਕ-ਨਾਇਕਾ ਦੀ ਖ਼ੂਬਸੂਰਤ ਜੋੜੀ ਦੀ ਤਾਰੀਫ ਗੀਤ ਵਿਚਲੇ ਸੋਹਣੇ ਅਤੇ ਢੁੱਕਵੇਂ ਸ਼ਬਦਾਂ ਨਾਲ ਕੀਤੀ ਗਈ ਹੈ।ਗੀਤਕਾਰ ਵੱਲੋਂ ਦੋਨਾਂ ਦੀ ਖ਼ੂਬਸੂਰਤੀ ਨੂੰ ਵੱਖੋ-ਵੱਖ ਢੰਗ ਨਾਲ ਬਾਖ਼ੂਬੀ ਬਿਆਨ ਕੀਤਾ ਹੈ।

ਦੂਜਾ ਗੀਤ ‘ਪਿਆਰ ਇਸ਼ਕ ਮੁਹੱਬਤ’ ਵਿਚ ਨਾਇਕ ਵੱਲੋਂ ਆਪਣੀ ਪ੍ਰੇਮਿਕਾ ਲਈ ਪਿਆਰ ਭਰੇ ਅਲਫ਼ਾਜ਼ ਕੁੱਝ ਇਸ ਤਰ੍ਹਾਂ ਪੇਸ਼ ਕੀਤੇ ਗਏ ਹਨ ਕਿ ਪਿਆਰ ਮੁਹੱਬਤ ਲਈ ਗਾਏ ਜਾਣ ਵਾਲੇ ਗੀਤਾਂ ਤੋਂ ਵੀ ਉਪਰਲੇ ਜਜ਼ਬਾਤ, ਸ਼ਾਇਰ ਦੀ ਲਾਜਵਾਬ ਲਿਖ਼ਤ ਦਾ ਨਮੂਨਾ ਪੇਸ਼ ਕਰਦੇ ਹਨ ।

ਫ਼ਿਲਮ ਦਾ ਤੀਸਰਾ ਗੀਤ “ਹੀਰ ਦੀ ਅੰਮੀ”, ਜਿਸ ਵਿਚ ਗੁਰਨਾਮ ਭੁੱਲਰ ਨੇ ਆਪਣੇ ਬੋਲ ਲਿਖਤ, ਟਿਊਨ, ਆਵਾਜ਼ ਅਤੇ ਹਾਵ ਭਾਵ ਰਾਹੀਂ ਆਪਣੇ ਮਹਿਬੂਬ ਨੂੰ ਮਿਲਣ ਉਪਰੰਤ ਦਾ ਖ਼ੂਬਸੂਰਤ ਖ਼ਿਆਲ ਜ਼ਾਹਿਰ ਕੀਤਾ ਹੈ, ਜੋ ਫ਼ਿਲਮ ਵਿਚਲੇ ਉਸਦੇ ਕਿਰਦਾਰ ਦਾ ਆਪਣੀ ਪ੍ਰੇਮਿਕਾ ਪ੍ਰਤੀ ਸਤਿਕਾਰ ਤੇ ਤਾਂਘ ਦਾ ਪ੍ਰਤੀਕ ਹੈ।

ਫਿਲਮ ਦਾ ਚੌਥਾ ਗੀਤ ‘ਤੇਰੇ ਵਰਗਾ ਇਸ਼ਕ’ ਸੱਚੇ ਇਸ਼ਕ ਪ੍ਰਤੀ ਇਬਾਦਤ ਅਤੇ ਜਜ਼ਬਾਤਾਂ ਨੂੰ ਪੇਸ਼ ਕਰਦਾ ਇਕ ਵਿਰਾਗ-ਰਸ ਦਾ ਗੀਤ ਹੈ। ਜਿਸਨੂੰ ਗੁਰਨਾਮ ਭੁੱਲਰ ਨੇ ਗਾਇਆ ਅਤੇ ਕੰਪੋਜ਼ ਕੀਤਾ ਹੈ। ਕਿਸੇ ਵੀ ਫਿਲਮ ਦਾ ਉਦਾਸ ਗੀਤ ਵੀ ਫਿਲਮ ਸੰਗੀਤ ਦਾ ਪਿੱਲਰ ਮੰਨਿਆ ਜਾਂਦਾ ਹੈ।

ਗੱਲ ਫਿਲਮ ਦੇ ਪੰਜਵੇਂ ਗੀਤ ‘ਬੋਲੀਆਂ’ ਦੀ ਕਰੀਏ ਤਾਂ ਇਸ ਦਾ ਟਾਇਟਲ ਆਪਣੇ ਆਪ ਵਿਚ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ। ਜਿਸ ਦਾ ਖੂਬਸੂਰਤ ਫਿਲਮਾਂਕਨ ਤੁਹਾਨੂੰ ਇਸ ਗੀਤ ਵਿਚ ਵੇਖਣ ਨੂੰ ਮਿਲਦਾ ਹੈ। ਗੁਰਨਾਮ ਭੁੱਲਰ ਵੱਲੋਂ ਸੁਰੀਲੀਆਂ ਦੋਗਾਣਾ ਆਵਾਜ਼ਾਂ ਨਾਲ ਕੰਪੋਜ਼ ਕੀਤੀਆਂ ਇਨ੍ਹਾਂ ਬੋਲੀਆਂ ਵਿਚ ਫਿਲਮ ਵਿਚਲੀਆਂ ਕਲਾਕਾਰ ਜੋੜੀਆਂ ਨੂੰ ਗਿੱਧੇ-ਭੰਗੜੇ ਨਾਲ ਆਨੰਦ ਮਾਣਦੇ ਹੋਏ ਵੇਖ ਸਕਦੇ ਹੋ।

ਇਸ ਦੇ ਨਾਲ ਹੀ ਫਿਲਮ ਦਾ ਛੇਂਵਾਂ ਗੀਤ ‘ਘੁੰਡ’ ਵੀ ਸਾਡੇ ਪੁਰਾਤਣ ਰੀਤੀ ਰਿਵਾਜਾਂ ਦਾ ਹੀ ਪ੍ਰਤੀਕ ਹੈ, ਜਿਸ ਦੀ ਘੁੰਡ ਚੁਕਾਈ ਤਾਜ਼ਾ ਤਾਜ਼ਾ ਹੋਈ ਹੈ। ਇਸ ਸ਼ਾਨਦਾਰ ਸਿਨੇਮੈਟੋਗਰਾਫੀ ਵਾਲੇ ਗੀਤ ਵਿਚ ਵੀ ਪੁਰਾਤਨ ਦੋਗਾਣਾ ਸਟੇਜ ਗਾਇਕੀ ਦਾ ਰੰਗ ਝਲਕਦਾ ਹੈ। ਇਹ ਦੋਗਾਣਾ  ਗੀਤ ਵੀ ਗੁਰਨਾਮ ਭੁੱਲਰ ਦਾ ਹੀ ਕੰਪੋਜ਼ ਕੀਤਾ ਹੈ,ਜਿਸ ਵਿਚ ਨਾਇਕ ਅਤੇ ਨਾਇਕਾਵਾਂ ਭੰਗੜੇ ਦੇ ਰੰਗ ਵਿਚ ਰੰਗੇ ਹੋਏ ਹਨ।

ਸੋ ਕੁੱਲ ਮਿਲਾ ਕੇ ਫ਼ਿਲਮ ਦਾ ਸਾਰਾ ਸੰਗੀਤ ਹੀ ਬਾ-ਕਮਾਲ ਹੈ, ਜੋ ਯਕੀਨਨ ਹੀ ਫ਼ਿਲਮ ਦੀ ਕਾਮਯਾਬੀ ਦਾ ਸਬੱਬ ਬਣਦਾ ਦਿਸ ਰਿਹਾ ਹੈ।

ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ਦੁਨੀਆਂ ਦੇ ਬਾਕੀ ਸਿਨੇਮਾ ਘਰਾਂ ਵਿਚ ਕਾਮਯਾਬੀ ਨਾਲ ਰਿਲੀਜ਼ ਹੋਣ ਉਪਰੰਤ  ਓਮਜੀ ਗਰੁੱਪ ਵੱਲੋਂ ਹੁਣ ਭਾਰਤ ਵਿਚ ਰਿਲੀਜ਼ ਕੀਤੀ ਜਾ ਰਹੀ ਹੈ, ਜਿਸਦਾ ਸ਼ਾਨਦਾਰ ਟ੍ਰੇਲਰ ਤੁਸੀਂ ਯੂਟਿਊਬ ‘ਤੇ ਵੇਖ ਸਕਦੇ ਹੋ।
ਫ਼ਿਲਮ ਦੇ ਇਸ ਟ੍ਰੇਲਰ ਦੀ ਖੂਬਸੂਰਤ ਪੇਸ਼ਕਾਰੀ ਚੋਂ ਫ਼ਿਲਮ ਦੀ ਵੱਖਰੀ ਅਤੇ ਰੋਮਾਂਚਕ ਕਹਾਣੀ ਦੀ ਝਲਕ ਦਿਖਾਈ ਦਿੰਦੀ ਹੈ।
ਟ੍ਰੇਲਰ ਵਿਚਲੇ ਦ੍ਰਿਸ਼ਾਂ ਤੋਂ ਫ਼ਿਲਮ ਵਿਚ ਕਾਮੇਡੀ ਦੇ ਨਾਲ-ਨਾਲ ਨਾਇਕ ਦੇ ਵਿਆਹ ਦਾ ਦਿਲਚਸਪ ਕਿੱਸਾ ਦਰਸ਼ਕਾਂ ਦੀ ਫ਼ਿਲ਼ਮ ਪ੍ਰਤੀ ਉਤਸੁਕਤਾ ਵਧਾਉਂਦਾ ਹੈ ਕਿ ਆਖਿਰ ਕੌਣ ਹੋਵੇਗੀ ਗੁਰਨਾਲ ਭੁੱਲਰ ਦੇ ਖਿਆਲਾਂ ਦੀ ਰਾਣੀ। ਕਿੰਨੀ ਮਜ਼ੇਦਾਰ ਗੱਲ ਹੈ ਕਿ ਵਿਆਹ ਵਾਲੇ ਕਾਰਡ ‘ਤੇ ਕੁੜੀ ਦਾ ਨਾਮ ਤਾਂ ਹੈ ਪਰ ਕੁੜੀ ਦਾ ਪਤਾ ਨਹੀਂ।
ਗੱਲ ਹੋਰ ਵੀ ਨਜ਼ਾਰੇਦਾਰ ਓਦੋਂ ਹੁੰਦੀ ਨਜ਼ਰ ਆਉਂਦੀ ਹੈ ਜਦੋਂ ਇਕ ਦੀ ਥਾਂ ਦੋ-ਦੋ ਕੁੜੀਆਂ ਦਾ ਪੰਗਾ ਖੜਾ ਹੋ ਜਾਂਦਾ ਹੈ ਅਤੇ ਇਸ ਦਾ ਸਿੱਟਾ ਕੀ ਨਿਕਲਦਾ ਹੈ ਇਸ ਲਈ ਤੁਹਾਨੂੰ ਕਰਨਾ ਪਵੇਗਾ 9 ਅਗਸਤ ਤੱਕ ਇੰਤਜ਼ਾਰ।

ਪੰਜਾਬੀ ਸਕਰੀਨ ਵੱਲੋਂ ਫ਼ਿਲਮ ਦੀ ਸਾਰੀ ਟੀਮ ਨੂੰ ਮੁਬਾਰਕਾਂ ਅਤੇ ਕਾਮਯਾਬੀ ਲਈ ਸ਼ੁਭ-ਇਛਾਵਾਂ।
-ਨੌਸ਼ੀਨ ਸਿੰਘ

Comments & Suggestions

Comments & Suggestions

About the author

Daljit Arora