ਪੰਜਾਬੀ ਫ਼ਿਲਮ ‘ਅੰਗਰੇਜ’ ਜ਼ਰੀਏ ‘ਮਾੜੋ’ ਦੇ ਰੂਪ ਵਿਚ ਪੰਜਾਬੀ ਪਰਦੇ ‘ਤੇ ਛਾਈ ਬਾਲੀਵੁੱਡ ਅਦਾਕਾਰਾ ਅਦਿੱਤੀ ਸ਼ਰਮਾ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਜੰਮਪਲ ਹੈ ਪਰ ਕਲਾ ਦੇ ਸਫ਼ਰ ਦਾ ਆਗਾਜ਼ ਉਸ ਨੇ ਨਵਾਬਾਂ ਦੇ ਸ਼ਹਿਰ ਲਖਨਊ ਤੋਂ ਕੀਤਾ। ਥੀਏਟਰ ਨਾਲ ਉਸ ਦਾ ਲਗਾਓ ਸਕੂਲ ਕਾਲਜ ਦੇ ਦਿਨਾਂ ਤੋਂ ਹੀ ਸੀ ਪਰ ਸਾਲ 2005 ਵਿਚ ਜ਼ੀ. ਟੀ. ਵੀ. ਵੱਲੋਂ ਕਰਵਾਏ ‘ਇੰਡੀਅਜ਼ ਬੈਸਟ ਸਿਨੇ-ਸਟਾਰ ਕੀ ਖੋਜ’ ਨੇ ਅਦਿੱਤੀ ਲਈ ਬਾਲੀਵੁੱਡ ਦੇ ਰਸਤੇ ਖੋਲ੍ਹ ਦਿੱਤੇ। ਉਸ ਨੇ ਇਕ ਦਰਜਨ ਬਾਲੀਵੁੱਡ ਅਤੇ ਖੇਤਰੀ ਭਾਸ਼ਾਈ ਫ਼ਿਲਮਾਂ ‘ਚ ਕੰਮ ਕੀਤਾ। ਪੰਕਜ ਕਪੂਰ ਵੱਲੋਂ ਨਿਰਦੇਸ਼ਤ ਕੀਤੀ ਹਿੰਦੀ ਫ਼ਿਲਮ ‘ਮੌਸਮ’ ਵਿਚ ਉਸ ਵੱਲੋਂ ਨਿਭਾਏ ਪੰਜਾਬੀ ਕੁੜੀ ‘ਰੱਜੋ’ ਦੇ ਕਿਰਦਾਰ ਦੀ ਬਹੁਤ ਪ੍ਰਸ਼ੰਸ਼ਾ ਹੋਈ ਸੀ। ਇਸ ਫ਼ਿਲਮ ‘ਚ ਉਸ ਨੇ ਸ਼ਾਹਿਦ ਕਪੂਰ ਨਾਲ ਕੰਮ ਕੀਤਾ। ਯਸ਼ਰਾਜ ਫ਼ਿਲਮਜ਼ ਦੀ ‘ਲੇਡੀਜ ਵਰਸਿਜ਼ ਰਿੱਕੀ ਬਹਿਲ’ ‘ਚ ਅਦਿੱਤੀ ਨੇ ਇਕ ਮੁਸਲਮਾਨ ਕੁੜੀ ‘ਸ਼ਾਇਰਾ ਰਸ਼ੀਦ’ ਦਾ ਕਿਰਦਾਰ ਨਿਭਾਇਆ ਸੀ। ਇਹ ਕਿਰਦਾਰ ਵੀ ਉਸਦੀ ਪਹਿਚਾਣ ਬਣਿਆ। ਸੁਭਾਸ਼ ਘਈ ਜਿਹੇ ਵੱਡੇ ਫ਼ਿਲਮਸਾਜ ਨਾਲ ‘ਬਲੈਕ ਐਂਡ ਵਾਈਟ’ ਫ਼ਿਲਮ ਕਰਕੇ ਉਸ ਨੇ ਆਪਣੇ ਕਲਾ-ਗ੍ਰਾਫ਼ ਨੂੰ ਉੱਚਾ ਚੁੱਕਿਆ। ਪਿਛਲੇ ਸਾਲ ਉਸ ਦੀ ਇਕ ਵੱਡੀ ਫ਼ਿਲਮ ‘ਇੱਕੀਸ ਤੋਪੋ ਕੀ ਸਲਾਮੀ’ ਵੀ ਰਿਲੀਜ਼ ਹੋਈ, ਜੋ ਉਸ ਦੀ ਪਛਾਣ ਨੂੰ ਗੂੜ੍ਹਾ ਕਰਦੀ ਹੈ।
ਫ਼ਿਲਮਾਂ ਦੇ ਨਾਲ-ਨਾਲ ਅਦਿੱਤੀ ਸ਼ਰਮਾ ਕਈ ਵੱਡੇ ਵਪਾਰਕ ਅਦਾਰਿਆਂ ‘ਤਨਿਸ਼ਕ ਗਹਿਣੇ, ਪੈਰਾਸ਼ੂਟ ਨਾਰੀਅਲ ਤੇਲ, ਫੇਅਰ ਐਂਡ ਲਵਲੀ, ਮੂਵ, ਪੈਰਾਵੇਅਰ, ਆਲਟੋ ਕਾਰ, ਤਾਜ਼ਾ ਟੀ, ਫੌਰਡ ਫੀਗੋ, ਟਾਟਾ ਸਕਾਈ, ਡੈਮਨੋ ਪੀਜ਼ਾ, ਕੌਲਗੇਟ, ਸਟੇਅਫਰੀ ਆਦਿ ਦੀ ਬਰਾਂਡ ਅੰਬੈਸਟਰ ਵੀ ਹੈ ਪਰ’ਅੰਗਰੇਜ’ ਫ਼ਿਲਮ ਦੀ ਜ਼ਬਰਦਸਤ ਕਾਮਯਾਬੀ ਨੇ ਇਸ ਬਾਲੀਵੁੱਡ ਅਦਾਕਾਰਾ ਨੂੰ ਪੰਜਾਬੀ ਦਰਸ਼ਕਾਂ ‘ਚ ਇਕ ਨਵੀਂ ਪਛਾਣ ਦਿੱਤੀ ਹੈ। ਪੰਜਾਬ ਦੇ ਰਵਾਇਤੀ ਪਹਿਰਾਵੇ, ਪੇਂਡੂ ਸਲੀਕੇ ਤੇ ਮਲਵਈ ਬੋਲ-ਚਾਲ ‘ਚ ‘ਮਾੜੋ’ ਦਾ ਕਿਰਦਾਰ ਨਿਭਾਉਂਦਿਆ ਅਦਿੱਤੀ ਸ਼ਰਮਾ ਪੰਜਾਬੀ ਦਰਸ਼ਕਾਂ ਦੇ ਦਿਲਾਂ ‘ਚ ਧੁਰ ਅੰਦਰ ਉਤਰਨ ‘ਚ ਸਫ਼ਲ ਰਹੀ ਹੈ। ਬੀਤੇ ਦਿਨੀਂ ਇਸ ਅਦਾਕਾਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਪੇਸ਼ ਹਨ ਇਸ ਦੇ ਕੁਝ ਅੰਸ਼—
‘ਅੰਗਰੇਜ’ ਫ਼ਿਲਮ ਨੂੰ ਮਿਲੀ ਵੱਡੀ ਸਫ਼ਲਤਾ ਬਾਰੇ ਕੀ ਕਹੋਗੇ ?
ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਫ਼ਿਲਮ ਨੂੰ ਅੈਨਾ ਪਿਆਰ ਦਿੱਤਾ। ਇਸ ਫ਼ਿਲਮ ਦੀ ਸਫ਼ਲਤਾ ਪਿੱਛੇ ਸਾਰੀ ਟੀਮ ਦੀ ਮਿਹਨਤ ਹੈ। ਹਰ ਕਲਾਕਾਰ ਨੇ ਆਪਣਾ ਵਧੀਆ ਯੋਗਦਾਨ ਦਿੱਤਾ ਹੈ। ਕਮੇਡੀ ਵਿਸ਼ੇ ਦੀਆਂ ਫ਼ਿਲਮਾਂ ਵੇਖ-ਵੇਖ ਦਰਸ਼ਕ ਅੱਕ ਚੁੱਕੇ ਸੀ। ‘ਅੰਗਰੇਜ’ ਨੇ ਕਮੇਡੀ ਫ਼ਿਲਮਾਂ ਵਾਲਾ ਟਰੈਂਡ ਤੋੜ ਕੇ ਦਰਸ਼ਕਾਂ ਨੂੰ ਪੰਜਾਬ ਦੇ ਅਸਲ ਕਲਚਰ ਨਾਲ ਜੋੜਿਆ ਹੈ, ਜਿਸ ਤੋਂ ਉਹ ਦੂਰ ਹੁੰਦੇ ਜਾ ਰਹੇ ਸੀ।
ਇਸ ਫ਼ਿਲਮ ਨੂੰ ਸਾਇਨ ਕਰਨ ਸਮੇਂ ਮਨ ਵਿਚ ਕੀ ਸੋਚ-ਵਿਚਾਰ ਸੀ..?
ਜਦ ਮੈਂ ਇਸ ਫ਼ਿਲਮ ਦੀ ਸਕਰਿਪਟ ਪੜ੍ਹੀ ਤਾਂ ਮੈਨੂੰ ਇਹ ਆਮ ਫ਼ਿਲਮਾਂ ਤੋਂ ਬਹੁਤ ਵੱਖਰੀ ਤੇ ਦਿਲਚਸਪ ਲੱਗੀ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਦੁਨੀਆ ਬਹੁਤ ਅਡਵਾਂਸ ਹੈ। ਮੋਬਾਇਲ, ਲੈਪਟਾਪ ਦਾ ਜ਼ਮਾਨਾ ਹੈ। ਹਰ ਬੰਦਾ ਪੂਰੀ ਦੁਨੀਆ ਨਾਲ ਜੁੜਿਆ ਹੋਇਆ ਹੈ। ਅਜਿਹੇ ਦੌਰ ਵਿਚ ਪੰਜਾਬ ਦੇ ਪੁਰਾਣੇ ਦੌਰ ਅਤੇ ਪੁਰਾਣੇ ਕਲਚਰ ਬਾਰੇ ਜਾਣ ਕੇ ਬਹੁਤ ਅਜੀਬ ਤੇ ਦਿਲਚਸਪ ਲੱਗਦਾ ਹੈ। ਸੋ ਮੈਨੂੰ ਇਸ ਕਹਾਣੀ ‘ਚ ਇਕ ਵੱਖਰਾ ਟੇਸਟ ਲੱਗਿਆ। ਇਸ ਫ਼ਿਲਮ ਵਿਚਲਾ ‘ਮਾੜੋ’ ਦਾ ਕਿਰਦਾਰ ਮੇਰੇ ਲਈ ਚੁਣੌਤੀ ਭਰਿਆ ਸੀ। ‘ਮਾੜੋ’ ਜਿਹੇ ਕਿਰਦਾਰ ਜ਼ਿੰਦਗੀ ਦੇ ਬਹੁਤ ਨੇੜੇ ਤੇ ਅਹਿਮ ਹਨ, ਜਿਸ ਨੇ ਮੈਨੂੰ ਇੱਕ ਵੱਖਰੀ ਪਛਾਣ ਦਿੱਤੀ। ਨਿਰਦੇਸ਼ਕ ਸਿਮਰਜੀਤ, ਲੇਖਕ ਅੰਬਰਦੀਪ ਤੇ ਪੂਰੀ ਟੀਮ ਨਾਲ ਇਸ ਫ਼ਿਲਮ ਦੇ ਸੈੱਟ ‘ਤੇ ਸਭ ਦਾ ਬਹੁਤ ਵਧੀਆ ਸਹਿਯੋਗ ਮਿਲਿਆ। ਇਸ ਫ਼ਿਲਮ ਦੀ ਸ਼ੂਟਿੰਗ ਦਾ ਮਾਹੌਲ ਵੀ ਬਹੁਤ ਅਲੱਗ ਸੀ। ਸੱਚਮੁਚ ਬਹੁਤ ਵਧੀਆ ਤਜਰਬਾ ਰਿਹਾ।
ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਪੰਜਾਬੀ ਸਿਨੇਮੇ ਲਈ ਨਵਾਂ ਕੀ ਕਰ ਰਹੇ ਹੋ…?
‘ਅੰਗਰੇਜ’ ਤੋਂ ਬਾਅਦ ਕਈ ਫ਼ਿਲਮਾਂ ਦੇ ਆਫ਼ਰਜ਼ ਆਏ ਹਨ। ‘ਅੰਗਰੇਜ’ ਵਰਗੀ ਹੀ ਕੋਈ ਵਧੀਆ ਸਕਰਿਪਟ ਜਾਂ ਪ੍ਰਭਾਵਸ਼ਾਲੀ ਕਿਰਦਾਰ ਹੋਇਆ ਤਾਂ ਜ਼ਰੂਰ ਕਰਾਂਗੀ। ਜਲਦਬਾਜੀ ਬਿਲਕੁਲ ਨਹੀਂ ਕਰਾਂਗੀ।
‘ਅੰਗਰੇਜ’ ਫ਼ਿਲਮ ਨਾਲ ਜੁੜੀ ਕੋਈ ਅਭੁੱਲ ਯਾਦ..?
ਇਸ ਫ਼ਿਲਮ ਦਾ ਸ਼ੂਟਿੰਗ ਮਹੌਲ ਬਹੁਤ ਹੀ ਵਧੀਆ ਸੀ, ਸਾਰੇ ਇਕ ਦੂਜੇ ਨੂੰ ਬੜੇ ਪਿਆਰ ਨਾਲ ਪੇਸ਼ ਆਉਂਦੇ ਸੀ। ਨਿਰਦੇਸ਼ਕ ਸਿਮਰਜੀਤ, ਲੇਖਕ ਅੰਬਰਦੀਪ, ਅਮਰਿੰਦਰ ਜੀ, ਸਰਦਾਰ ਸੋਹੀ ਜੀ ਤੇ ਪੂਰੀ ਟੀਮ ਦਾ ਬਹੁਤ ਵਧੀਆ ਸਹਿਯੋਗ ਮਿਲਿਆ। ਪੰਜਾਬੀਆਂ ਦਾ ਸੁਭਾਅ, ਖਾਤਰਦਾਰੀ ਬਹੁਤ ਪਸੰਦ ਆਈ, ਜੋ ਕਦੇ ਨਹੀਂ ਭੁੱਲਾਂਗੀ।
ਬਾਲੀਵੁੱਡ ਫ਼ਿਲਮਾਂ ‘ਚ ਨਵਾਂ ਕੀ ਕਰ ਰਹੇ ਹੋ..?
ਬਾਲੀਵੁੱਡ ‘ਚ ਮੈਂ ਕਈ ਫ਼ਿਲਮਾਂ ਕੀਤੀਆਂ ਹਨ। ਨੀਰਜ਼ ਪਾਂਡੇ ਜੀ ਦੀ ਇਕ ਫ਼ਿਲਮ ‘ਸਾਤ ਉਚੱਕੇ’ ਬਹੁਤ ਜਲਦੀ ਰਿਲੀਜ਼ ਹੋਵੇਗੀ। ਕੁਝ ਹੋਰ ਵੀ ਫ਼ਿਲਮਾਂ ਸੈੱਟ ‘ਤੇ ਹਨ, ਜਿਨ੍ਹਾਂ ਬਾਰੇ ਅਜੇ ਦੱਸ ਨਹੀਂ ਸਕਦੀ।
ਪਰਿਵਾਰ ਵੱਲੋਂ ਇਸ ਖੇਤਰ ‘ਚ ਸਹਿਯੋਗ ਮਿਲਿਆ ?
ਮੇਰੇ ਪਰਿਵਾਰ ਵੱਲੋਂ ਮੈਨੂੰ ਕਦਮ ਕਦਮ ‘ਤੇ ਪੂਰਾ ਸਹਿਯੋਗ ਮਿਲਿਆ ਹੈ। ਜੇ ਇਹ ਸਹਿਯੋਗ ਨਾ ਮਿਲਦਾ, ਮੈਂ ਕਦੇ ਮੁੰਬਈ ਨਹੀਂ ਆ ਸਕਦੀ ਸੀ। ਮੈਂ ਅੱਜ ਜੋ ਵੀ ਮੁਕਾਮ ਹਾਸਲ ਕੀਤੇ ਹਨ, ਉਸ ਵਿਚ ਮੇਰੇ ਪੂਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ।
-੦- ਸੁਰਜੀਤ ਜੱਸਲ (ਫ਼ਿਲਮ ਜਰਨਲਿਸਟ)