ਦੋਸਤੋ ਕੱਲ 11 ਮਾਰਚ ਨੂੰ ਪੰਜਾਬੀ ਸਿਨੇ ਦਰਸ਼ਕਾਂ ਲਈ ਜਿੱਥੇ ਦੋ ਵੱਡੀਆਂ ਪੰਜਾਬੀ ਫ਼ਿਲਮਾਂ ‘ਅਰਦਾਸ’ ਅਤੇ ‘ਲਵ ਪੰਜਾਬ’ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀਆਂ ਹਨ, ਉਥੇ ਇਕ ਦੁਵਿਧਾ ਭਰਪੂਰ ਅਤੇ ਦਿਲਚਸਪ ਘਟਨਾਕ੍ਰਮ ਵੀ ਸਾਹਮਣੇ ਆਉਣ ਵਾਲਾ ਹੈ। ਜਿੱਥੇ ਦੋਵਾਂ ਫ਼ਿਲਮ ਟੀਮਾਂ ਵਿਚ ਆਪਣੀ-ਆਪਣੀ ਫ਼ਿਲਮ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ ਅਤੇ ਪ੍ਰਮੋਸ਼ਨ ਵੀ ਜੋਰਾਂ ‘ਤੇ ਹੈ ਉਥੇ ਕਿਤੇ ਨਾ ਕਿਤੇ ਇੱਕੋ ਤਰੀਕ ‘ਤੇ ਰਿਲੀਜ਼ ਨੂੰ ਲੈ ਕੇ ਅੰਦਰੋਂ-ਅੰਦਰ ਪਰੇਸ਼ਾਨੀ ਵੀ ਬਣੀ ਹੋਈ ਹੈ ਹੈ, ਜਿਸ ਨੂੰ ਕਿ ਟਾਲਿਆ ਵੀ ਜਾ ਸਕਦਾ ਸੀ। ਇਹ ਨਹੀਂ ਕਿ ਇਸ ਤੋਂ ਪਹਿਲਾਂ ਕਦੇ ਦੋ ਪੰਜਾਬੀ ਫ਼ਿਲਮਾਂ ਇਕੱਠੀਆਂ ਰਿਲੀਜ਼ ਨਹੀਂ ਹੋਈਆਂ ਪਰ ਇਸ ਵਾਰ ਗੱਲ ਕੁਝ ਖਾਸ ਹੈ।
ਇਕ ਪਾਸੇ ਸਾਡੇ ਸਟਾਰ ਕਲਾਕਾਰ ਗਿੱਪੀ ਗਰੇਵਾਲ ਨੇ ਆਪਣੇ ਨਿਰਦੇਸ਼ਨ ਹੇਠ ਪਹਿਲੀ ਪੰਜਾਬੀ ਫ਼ਿਲਮ ‘ਅਰਦਾਸ’ ਬਣਾਈ ਹੈ ਅਤੇ ਜਿੱਥੇ ਉਹ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਿਹਾ ਹੈ, ਉਥੇ ਓਨਾ ਹੀ ਉਤਸ਼ਾਹ ਫ਼ਿਲਮ ਦੇ ਕਲਾਕਾਰਾਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਸ ਤਰ੍ਹਾਂ ਇਨ੍ਹਾਂ ਸਾਰਿਆਂ ਨੇ ਮਿਲ ਕੇ ਹੁਣ ਤੱਕ ‘ਅਰਦਾਸ’ ਫ਼ਿਲਮ ਦਾ ਪ੍ਰਚਾਰ ਕੀਤਾ ਹੈ, ਸ਼ਾਇਦ ਹੀ ਇਸ ਤੋਂ ਪਹਿਲਾਂ ਕਿਸੇ ਹੋਰ ਫ਼ਿਲਮ ਲਈ ਕੀਤਾ ਹੋਵੇ। ਗਾਇਕ ਐਮੀ ਵਿਰਕ ਜਿਸ ਨੂੰ ਕਿ ਹਾਲ ਹੀ ਵਿਚ ਫ਼ਿਲਮ ‘ਅੰਗਰੇਜ਼’ ਰਾਹੀਂ ਬਤੌਰ ਐਕਟਰ ਪ੍ਰਸਿੱਧੀ ਮਿਲੀ ਹੈ ਅਤੇ ਇਸ ਫ਼ਿਲਮ ਵਿਚ ਉਸ ਦਾ ਪ੍ਰਮੁੱਖ ਕਿਰਦਾਰ ਹੈ, ਦੇ ਨਾਲ-ਨਾਲ ਸਰਦਾਰ ਸੋਹੀ ਅਤੇ ਗੁਰਪ੍ਰੀਤ ਘੁੱਗੀ ਸਮੇਤ ਸਭ ਕਲਾਕਾਰਾਂ ਦੀ ਮਿਹਨਤ ਇਸ ਫ਼ਿਲਮ ਦੇ ਪ੍ਰੋਮੋਜ਼ ਵੇਖ ਕੇ ਸਾਫ਼-ਸਾਫ਼ ਨਜ਼ਰ ਆ ਰਹੀ ਹੈ। ਜੇ ਫ਼ਿਲਮ ਦੇ ਸਬਜੈਕਟ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬ ਨਾਲ ਜੁੜੀਆਂ ਸਮਾਜਿਕ ਬੁਰਾਈਆਂ ਨੂੰ ਬਿਆਨ ਕਰਦਾ ਦਮਦਾਰ ਵਿਸ਼ਾ ਹੈ, ਜਿਸ ਦੀ ਕਿ ਮਨੋਰੰਜਨ ਭਰਪੂਰ ਪੇਸ਼ਕਾਰੀ ਝਲਕ ਰਹੀ ਹੈ। ਜੇ ਕਲਾਕਾਰਾਂ ਦੀ ਚੋਣ ਵੱਲ ਵੇਖੀਏ ਤਾਂ ਗਿੱਪੀ ਦੀ ਸਮਝ ਵਿਚ ਸਿਆਣਪ ਨਜ਼ਰ ਆ ਰਹੀ ਹੈ।
ਦੂਜੇ ਪਾਸੇ ਜੇ ਲਵ ਪੰਜਾਬ ਦੀ ਗੱਲ ਕਰੀਏ ਤਾਂ ਉਸ ਦਾ ਵਿਸ਼ਾ ਵੀ ਕਾਫ਼ੀ ਮਜ਼ਬੂਤ ਲੱਗ ਰਿਹਾ ਹੈ ਅਤੇ ਅਮਰਿੰਦਰ ਗਿੱਲ ਦੀ ਪਿੱਛੇ ਜਿਹੇ ਹਿੱਟ ਹੋਈ ਪੰਜਾਬੀ ਫ਼ਿਲਮ ‘ਅੰਗਰੇਜ਼’ ਦਾ ਨਸ਼ਾ ਵੀ ਅਜੇ ਪੰਜਾਬੀ ਸਿਨੇ ਦਰਸ਼ਕਾਂ ਦੇ ਸਿਰ ‘ਤੇ ਬਰਕਰਾਰ ਹੈ, ਜਿਸ ਨੇ ਕਿ ਅਮਰਿੰਦਰ ਗਿੱਲ ਨੂੰ ਪੰਜਾਬੀ ਸਿਨੇ ਜਗਤ ਦੇ ਮੂਹਰਲੇ ਕਲਾਕਾਰਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਹੈ ਅਤੇ ਨਾਲ ਹੀ ਨਾਲ ਉਸ ਦੀ ਹੀਰੋਇਨ ਸਰਗੁਨ ਮਹਿਤਾ ਅਤੇ ਬਾਕੀ ਕਲਾਕਾਰਾਂ ਦੀ ਅਦਾ-ਅਦਾਇਗੀ ਵੀ ਖੂਬ ਝਲਕ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਰਾਜੀਵ ਢੀਂਗਰਾ ਦਾ ਤਜ਼ਰਬਾ ਵੀ ਬੋਲ ਰਿਹਾ ਹੈ।
ਹੁਣ ਵੇਖਣਾ ਇਹ ਹੈ ਕਿ ਦੋਵਾਂ ਫ਼ਿਲਮਾਂ ‘ਚੋਂ ਕਿਹੜੀ ਦਰਸ਼ਕਾਂ ਦੀ ਜ਼ਿਆਦਾ ਖਿੱਚ ਦਾ ਕਾਰਨ ਬਣਦੀ ਹੈ ਅਤੇ ਵਪਾਰਕ ਪੱਖੋਂ ਵੀ ਕਾਮਯਾਬੀ ਹਾਸਲ ਕਰਦੀ ਹੈ। ਅਸੀਂ ਤਾਂ ‘ਪੰਜਾਬੀ ਸਕਰੀਨ’ ਅਦਾਰੇ ਵੱਲੋਂ ਦੋਵਾਂ ਫ਼ਿਲਮਾਂ ਲਈ ਹੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਪਰ ਇਹ ਹੋਣਾ ਨਹੀਂ ਸੀ ਚਾਹੀਦਾ ਕਿ ਦੋਵਾਂ ਫ਼ਿਲਮਾਂ ਨੂੰ ਇੱਕੋ ਦਿਨ ਰਿਲੀਜ਼ ਕੀਤਾ ਜਾਵੇ। ਕਾਰਨ ਕੋਈ ਵੀ ਹੋਵੇ ਹੁਣ ਇਸ ਸਵਾਲ ਨੂੰ ਛੇੜਨ ਦਾ ਵੀ ਕੋਈ ਫਾਇਦਾ ਨਹੀਂ। ਹਿੰਦੀ ਸਿਨੇਮਾ ਹੋਵੇ ਤਾਂ ਭਾਵੇਂ ਚਾਰ ਫ਼ਿਲਮਾਂ ਇੱਕੋ ਦਿਨ ਰਿਲੀਜ਼ ਹੋਣ ਪਰ ਮਸਲਾ ਇਹ ਹੈ ਕਿ ਸਾਡੇ ਪੰਜਾਬੀ ਸਿਨੇਮਾ ਦੇ ਦਰਸ਼ਕ ਸੀਮਤ ਹਨ ਅਤੇ ਦੋ-ਦੋ ਪੰਜਾਬੀ ਫ਼ਿਲਮਾਂ ਨੂੰ ਇੱਕੋ ਹਫ਼ਤੇ ਵੇਖਣ ਦਾ ਬਜਟ ਵੀ ਹਰ ਪਰਿਵਾਰ ਕੋਲ ਨਹੀਂ ਹੈ। ਨਾਲ ਦੇ ਨਾਲ ਉਸੇ ਦਿਨ ਹਿੰਦੀ ਫ਼ਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਦਰਸ਼ਕਾਂ ਦਾ ਵੰਡਿਆ ਜਾਣਾ ਸੁਭਾਵਿਕ ਹੈ, ਇਸੇ ਲਈ ਦੋਵਾਂ ਫ਼ਿਲਮਾਂ ਲਈ ਨੁਕਸਾਨ ਵਾਲੀ ਸਥਿਤੀ ਵੀ ਬਰਕਰਾਰ ਹੈ। ਕੀ ਫਰਕ ਪੈਣਾ ਸੀ ਜੇ ਸਾਰੇ ਮਿਲ ਕੇ ਦੋਵਾਂ ਫ਼ਿਲਮਾਂ ਦੀ ਰਿਲੀਜ਼ ਅੱਗੇ-ਪਿੱਛੇ ਕਰ ਲੈਂਦੇ। ਸਾਡੀ ਇੰਡਸਟਰੀ ਵਿਚ ਬਹੁਤ ਥੋੜ੍ਹੇ ਲੋਕ ਹਨ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਦਾ ਭਾਰ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ। ਜੇ ਨਿਰਮਾਤਾ-ਨਿਰਦੇਸ਼ਕਾਂ ਵਿਚ ਆਪਸੀ ਕੋਈ ਵਖਰੇਵਾਂ ਸੀ ਵੀ ਤਾਂ ਸੀਨੀਅਰ ਕਲਾਕਾਰ ਇਹ ਮਸਲਾ ਹੱਲ ਕਰਾ ਸਕਦੇ ਸਨ। ਵੈਸੇ ਕੋਈ ਐਡੀ ਵੱਡੀ ਮਨ-ਮੁਟਾਵ ਵਾਲੀ ਗੱਲ ਨਜ਼ਰ ਵੀ ਨਹੀਂ ਆਈ ਦੋਵਾਂ ਵਿਚ। ਇਸ ਲਈ ਇੰਨੇ ਮਹਿੰਗੇ ਬਜਟ ਅਤੇ ਮਿਹਨਤ ਨਾਲ ਬਣੀਆ ਦੋਵਾਂ ਫ਼ਿਲਮਾਂ ਨੂੰ ਇੱਕੋ ਦਿਨ ਰਿਲੀਜ਼ ਕਰਨਾ ਸਮਝ ਤੋਂ ਬਾਹਰ ਹੈ।
ਖ਼ੈਰ! ਹੁਣ ਤਾਂ ਅਸੀਂ ਦੋਵਾਂ ਫ਼ਿਲਮਾਂ ਦੀ ਚੜ੍ਹਤ ਲਈ ਅਰਦਾਸ ਹੀ ਕਰ ਸਕਦੇ ਹਾਂ ਅਤੇ ਫ਼ਿਲਮਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਆਪਣੀਆਂ ਪੰਜਾਬੀ ਫ਼ਿਲਮਾਂ ਨੂੰ ਲੈ ਕੇ ਆਪਣੇ ਅੰਦਰ ਦਿਮਾਗੀ ਪਰੇਸ਼ਾਨੀ ਵਾਲੀ ਸਥਿਤੀ ਨਾ ਪੈਦਾ ਹੋਣ ਦੇਣ।.