ਯਾਨੀਕਿ ਮਲਿਆਲਮ ਫ਼ਿਲਮ ‘ਸ਼ਟਰ’ ਦਾ ਰੀਮੇਕ ਹੈ ਗਿੱਪੀ ਗਰੇਵਾਲ ਦੀ ‘ਲੌਕ’ ! ਅਤੇ ਇਕ ਤਮਿਲ ਫਿਲਮ ਵੀ ਬਣੀ ਫੇਰ !
ਪਹਿਲਾਂ ਤਾਂ ਇਹ ਕਹਿਣਾ ਗਲਤ ਹੈ ਕਿ ਗਿੱਪੀ ਇਸ ਫ਼ਿਲਮ ਦਾ ਹੀਰੋ ਹੈ ਜਦਕਿ ਹੀਰੋ ਸਮੀਪ ਕੰਗ ਹੈ ਜੋ ਕਿ ਇਸ ਫ਼ਿਲਮ ਦਾ ਨਿਰਦੇਸ਼ਕ
ਵੀ ਹੈ ਅਤੇ ਗੀਤਾ ਬਸਰਾ ਇਸ ਦੀ ਹੀਰੋਇਨ ਹੈ ਬਾਕੀ ਸਭ ਗਿੱਪੀ, ਘੁੱਗੀ, ਹਰਪਾਲ, ਕਰਮਜੀਤ ਅਨਮੋਲ ਵਗੈਰਾ ਇੱਕੋ-ਜਿਹੇ ਸਪੋਰਟਿੰਗ ਐਕਟਰ ਨੇ। ਵੈਸੇ ਤਾਂ ਚੰਗਾ ਹੀ ਹੈ ਕਿ ਇਕ ਹੋਰ ਫਲਾਪ ਫ਼ਿਲਮ ਗਿੱਪੀ ਦੇ ਖਾਤੇ ਵਿਚ ਪੈਣ ਤੋਂ ਬੱਚ ਗਈ। ਦੂਜਾ ਇਸ ਫ਼ਿਲਮ ਦਾ ਲੇਖਕ ਕੋਈ ਹੋਰ ਨਾ ਹੋ ਕੇ ਮਲਿਆਲਮ ਪਲੇਅ ਰਾਈਟਰ ‘ਜੋਏ ਮੈਥੀਉ’ ਹੈ , ਹਾਂ ਫ਼ਿਲਮ ਦੇ ਡਾਇਲਾਗ ਲਿਖ ਕੇ ਆਪਣਾ ਨਾਮ ਦੇਣ ਦਾ ਅਧਿਕਾਰ ਸਾਡੇ ਕੋਲ ਜ਼ਰੂਰ ਹੈ ਕਿਉਂਕਿ ਪੰਜਾਬੀ ਵਿਚ ਅਨੁਵਾਦ ਵੀ ਮਿਹਨਤ ਅਤੇ ਸਿਆਣਪ ਭਰਪੂਰ ਕ੍ਰਿਏਟਿਵ ਕੰਮ ਹੈ।
ਬਾਕੀ ਰਹੀ ਗੱਲ ਫ਼ਿਲਮ ਨਿਰਦੇਸ਼ਨ ਦੀ ਤਾਂ ਸਮੀਪ ਕੰਗ ਫਰੇਮ ਟੂ ਫਰੇਮ, ਸੀਨ ਟੂ ਸੀਨ ਕਾਪੀ ਮਾਸਟਰਿੰਗ ਵਿਚ ਪਹਿਲਾਂ ਪ੍ਰਫੈਕਟ ਹੈ, ਕਿਉਂਕਿ ਉਹ ਹਿੰਦੀ ਫ਼ਿਲਮ ‘ਕੁਛ ਤੋ ਗੜਬੜ ਹੈ’ ਦੀ ਡੀਟੋ ਕਾਪੀ ‘ਕੈਰੀ ਆਨ ਜੱਟਾ’ ਜਿਹੀ ਹਿਟ ਫਿਲਮ ਬਣਾ ਕੇ ਨਾਮ ਕਮਾ ਚੁੱਕਾ ਹੈ ਅਤੇ ਇਹ ਖੁਲਾਸਾ ਵੀ ਸਿਰਫ਼ ‘ਪੰਜਾਬੀ ਸਕਰੀਨ’ ਨੇ ਹੀ ਕੀਤਾ ਸੀ। ਖੈਰ ਇਸ ਵਾਰ ਸਮੀਪ ਕੰਗ ਨੂੰ ਪਹਿਲਾਂ ਵਰਗੀ ਕਾਮਯਾਬੀ ਨਹੀਂ ਮਿਲ ਸਕੀ ਕਿਉਂਕਿ ਉਸ ਵੇਲੇ ਪੰਜਾਬੀ ਫਿਲਮਾਂ ਦਾ ਦੌਰ ਅਜੇ ਨਵਾਂ ਨਵਾਂ ਸੀ। ਬਾਕੀ ਵੈਸੇ ਵੀ ਅਜਿਹੀਆਂ ਤਜਰਬਾ-ਨੁਮਾ ਫ਼ਿਲਮਾਂ ਦੀ ਆਦਤ ਨਹੀਂ ਪਈ ਅਜੇ ਪੰਜਾਬੀਆਂ ਨੂੰ ਭਾਵੇਂਕਿ ‘ਲੌਕ’ ਇਕ ਚੰਗੀ ਕੋਸ਼ਿਸ਼ ਹੈ।
ਮਲਿਆਲਮ ਫ਼ਿਲਮ ‘ਸ਼ਟਰ’ 2012 ਵਿਚ ਬਣੀ ਅਤੇ ਇਸ ਦੀ ਕਾਮਯਾਬੀ ਕਾਰਨ ਇਸ ਦਾ ਇਕ ਹੋਰ ਰੀਮੇਕ ਤਮਿਲ ਭਾਸ਼ਾ ਵਿਚ ਵੀ 2015 ਨੂੰ ਬਣਿਆ, ਜਿਸ ਦਾ ਨਾਅ ਸੀ ORU NAAL IRAVIL, ਪਰ ਇਨ੍ਹਾਂ ਇਮਾਨਦਾਰੀ ਵਿਖਾਉਂਦੇ ਹੋਏ ਉਸੇ ਫ਼ਿਲਮ ਲੇਖਕ ਦਾ ਨਾਮ ਦਾ ਹੀ ਦਿੱਤਾ ਜਿਸ ਨੇ ‘ਸ਼ਟਰ’ ਲਿਖੀ ਸੀ, ਸਿਰਫ਼ ਡਾਇਲਾਗ ਰਾਈਟਰ ਦਾ ਨਾਂਅ ਆਪਣਾ ਦਿੱਤਾ,ਆਪਾਂ ਸਾਊਥ ਦੀ ਫ਼ਿਲਮ ਇੰਡਸਟਰੀ ਦੀਆਂ ਉਦਾਹਰਣਾ ਦੇ ਕੇ ਡੀਂਘਾ ਤਾਂ ਬਹੁਤ ਮਾਰਦੇ ਹਾਂ ਪਰ aਹਨਾ ਵਰਗਾ ਕਰੈਕਟਰ ਕਿਥੋਂ ਲਿਆਓਗੇ। ਆਪਾਂ ‘ਕੈਰੀ ਆਨ ਜੱਟਾ’ ਅਤੇ ‘ਲੌਕ’ ਦੋਹਾਂ ਦੀ ਨਕਲ ਵੇਲੇ ਵਿਚ ਅਸਲ ਫ਼ਿਲਮ ਲੇਖਕ ਦਾ ਨਾਂਅ ਹੀ ਉਡਾਤਾ ! ਯਾਰ ਜੇ ਸਾਡੇ ਕੋਲ ਪੰਜਾਬੀ ਫ਼ਿਲਮਾਂ ਲਈ ਕਹਾਣੀਆਂ ਮੁਕ ਗਈਆਂ ਨੇ ਤਾਂ ਰੀਮੇਕ ਵਿਚ ਕੋਈ ਹਰਜ਼ ਨਹੀ ਪਰ ਅਸਲ ਮੇਕਰਾਂ ਨਾਲ ਧੱਕਾ ਤੇ ਨਾ ਕਰੋ..
ਬਾਕੀ ਜੇ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਕੁਝ ਬਚਕਾਨਾ ਗੱਲਾਂ ਨਜ਼ਰ ਆਈਆਂ, ਜਿਨ੍ਹਾਂ ਨੇ ਫ਼ਿਲਮ ਵੇਖੀ, ਨੋਟ ਵੀ ਕੀਤਾ ਹੋਵੇਗਾ ਕਿ ਇਕ ਮਰਦ -ਔਰਤ ਦਾ ਇਕ ਆਮ ਛੋਟੀ ਜਿਹੀ ਸ਼ਟਰ ਦੁਕਾਨ ਵਿਚ 24 ਘੰਟੇ ਬੰਦ ਰਹਿਣਾ ਕਿੱਦਾਂ ਪੋਸੀਬਲ ਹੈ ਇਕ ਤਾਂ ਗਰਮੀ ਦਾ ਮੌਸਮ ਦੂਜਾ ਪੱਖਾ, ਟਾਇਲਟ ਅਤੇ ਪੀਣ ਵਾਲੇ ਪਾਣੀ ਦਾ ਵਿਖਾਉਣਾ ਤਾਂ ਦੂਰ,ਇਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਅਤੇ ਭੁੱਖ ਦਾ ਜ਼ਿਕਰ ਤਾਂ ਫੇਰ ਵੈਸੇ ਹੀ ਦੂਰ ਦੀ ਗੱਲ ਹੋਈ ਨਾ ! ਇੰਨੀਆਂ ਨਲਾਇਕੀਆਂ ਵੇਖ ਕੇ ਬਿਨਾਂ ਕਮੇਡੀ ਤੋਂ ਹੀ ਹਾਸਾ ਆ ਜਾਂਦੈ, ਇਕ ਹੋਰ ਕਿ ਏਕਤਾ ਕਪੂਰ ਦੇ ਸੀਰੀਅਲ ਵਾਗੂੰ 24 ਘੰਟੇ ਗਰਮੀ ਵਿਚ ਰਾਤ-ਦਿਨ ਬੀਤਣ ਤੋਂ ਬਾਅਦ ਫ਼ਿਲਮ ਦੀ ਨਾਇਕਾ ਗੀਤਾ ਬਸਰਾ ਦਾ ਮੇਕਅੱਪ ਉਸੇ ਤਰ੍ਹਾਂ ਟਿਪ-ਟਾਪ ਰਿਹਾ .? ਫ਼ਿਲਮ ਦਾ ਮਿਊਜ਼ਿਕ ਵੀ ਜ਼ੀਰੋ ਪ੍ਰਭਾਵ ਵਾਲਾ ਸੀ, ਜਿਸ ਨੂੰ ਵੇਖ ਕੇ ਲਗਦੈ ਕਿ ਕਿਤੇ ਗਿੱਪੀ ਗਾਇਕੀ ਤੋਂ ਵੀ ਨਾ ਰਹਿ ਜਾਵੇ..ਛੋਟੇ ਵੀਰ ਤੇਰੇ ਨਾਲ ਪਿਆਰ ਕਰਦੇ ਆਂ ਤਾਂ ਹੀ ਕਹਿ ਰਹੇ ਹਾਂ ਥੋੜ੍ਹਾ ਸੰਭਲ ਕੇ, ਬੜੀ ਮਿਹਨਤ ਨਾਲ ਮਿਲੀਆਂ ਨੇ ਇਹ ਮੰਜ਼ਿਲਾਂ, ਜੇ ਸ਼ਰਾਬੀ ਦੀ ਐਕਟਿੰਗ ਕਰਨੀ ਹੈ ਤਾਂ ਅਮਿਤਾਭ, ਧਰਮਿੰਦਰ ਅਤੇ ਦਲੀਪ ਕੁਮਾਰ ਦੀਆਂ ਫ਼ਿਲਮਾਂ ਵੇਖੋ।
ਅਸਲ ਵਿਚ ‘ਲੌਕ’ ਫ਼ਿਲਮ ਬਣਾ ਕੇ ਇਕ ਸਸਤਾ ਅਤੇ ਤਜਰਬਾ-ਨੁਮਾ ਫੈਮਲੀ ਡਰਾਮਾ ਖੇਡਿਆ ਗਿਆ, ਜਿਸ ਵਿਚ ਸਿਰਫ਼ ਗੀਤਾ ਬਸਰਾ ਹੀ ਬਾਹਰ ਦੀ ਲਗੀ ਬਾਕੀ ਤਾਂ ਸਾਰੇ ਰਲ-ਮਿਲ ਕੇ ਫਿਲਮ ਬਣਾਉਣ ਵਾਲੇ ਘਰੇਲੂ ਕਲਾਕਾਰ ਹੀ ਸਨ !
ਅੰਤ ਵਿਚ ਇਹੀ ਕਹਾਂਗਾ ਕਿ ਇੰਨ੍ਹੀ ਸੀਨੀਅਰ ਟੀਮ ਨੂੰ ਜਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਸੀ ਤਾਂ ਕਿ ਕੋਈ ਕਿਸੇ ‘ਤੇ ਉਂਗਲ ਨਾ ਉਠਾਉਂਦਾ, ਬਾਕੀ ਅਸੀਂ ‘ਪੰਜਾਬੀ ਸਕਰੀਨ’ ਅਦਾਰੇ ਵੱਲੋਂ ਪੰਜਾਬੀ ਸਿਨੇਮਾ ਪ੍ਰਤੀ ਅਪਣੀ ਜ਼ਿੰਮੇਵਾਰੀ ਇਸੇ ਤਰ੍ਹਾਂ ਨਿਭਾਉਂਦੇ ਰਹਾਂਗੇ….