‘ਐਮੀ ਵਿਰਕ’ ਅਤੇ ‘ਮੋਨਿਕਾ ਗਿੱਲ’ ਆਪਣੀ ਆਉਣ ਵਾਲੀ ਫ਼ਿਲਮ ਨਾਲ ਲੋਕਾਂ ਨੂੰ ਹਸਾ-ਹਸਾ ਕੇ ਲੋਟ ਪੋਟ ਕਰਨਗੇ ।
‘ਐਮੀ ਵਿਰਕ’ ਇਕ ਅਜਿਹਾ ਨਾਮ ਹੈ, ਜਿਸ ਨੇ ਸਫ਼ਲਤਾ ਨੂੰ ਆਪਣੇ ਅੰਦਾਜ਼ ਵਿਚ ਇਕ ਨਵੀਂ ਪਰਿਭਾਸ਼ਾ ਦਿੱਤੀ। ਇਕ ਸੋਲੋ ਗੀਤ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਆਪਣੀ ਪਹਿਲੀ ਹੀ ਫ਼ਿਲਮ ਨਾਲ ਅਦਾਕਾਰੀ ਦੇ ਨਵੇਂ ਮਿਆਰ ਰਚਣ ਵਾਲੇ ਇਸ ਨੌਜਵਾਨ ਸੁਪਰ ਸਟਾਰ ਨੇ ਕਾਫ਼ੀ ਲੰਬਾ ਸਫ਼ਰ ਤੈਅ ਕਰ ਲਿਆ ਹੈ। ‘ਨਿੱਕਾ ਜ਼ੈਲਦਾਰ’, ‘ਬੰਬੂਕਾਟ’, ‘ਅੰਗਰੇਜ਼’, ‘ਅਰਦਾਸ’, ਜਿਹੀਆਂ ਫ਼ਿਲਮਾਂ ਨਾਲ ਆਪਣੀ ਸਫ਼ਲਤਾ ਨੂੰ ਬਰਕਰਾਰ ਰੱਖਣ ਤੋਂ ਬਾਅਦ ‘ਐਮੀ ਵਿਰਕ’ ਹੁਣ ਆਪਣੀ ਝੋਲੀ ਵਿਚ ਇਕ ਹੋਰ ਸਫ਼ਲ ਫਿਲਮ ਪਾਉਣ ਨੂੰ ਤਿਆਰ ਹੈ ਜਿਸ ਦਾ ਨਾਮ ਹੈ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਜਿਸ ਵਿਚ ਉਸ ਨਾਲ ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ‘ਮੋਨਿਕਾ ਗਿੱਲ’ ਹੈ।
ਇਹ ਪੂਰੀ ਫ਼ਿਲਮ ਇਕ ਅਜਿਹੇ ਇਨਸਾਨ ਦੇ ਬਾਰੇ ਹੈ ਜੋ ਇੰਗਲੈਂਡ ਜਾਣਾ ਚਾਹੁੰਦਾ ਹੈ ਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ, ਇਹ ਦਰਸਾਉਂਦੀ ਹੈ ‘ਸਤਿ ਸ਼੍ਰੀ ਅਕਾਲ ਇੰਗਲੈਂਡ’।
‘ਐਮੀ ਵਿਰਕ’ ਅਤੇ ‘ਮੋਨਿਕਾ ਗਿੱਲ’ ਤੋਂ ਬਿਨਾਂ ‘ਸਰਦਾਰ ਸੋਹੀ’ ਅਤੇ ‘ਕਰਮਜੀਤ ਅਨਮੋਲ’ ਵੀ ਇਸ ਫ਼ਿਲਮ ਵਿਚ ਆਪਣੇ ਹੁਨਰ ਦੇ ਜੌਹਰ ਦਿਖਾਉਣਗੇ। ਇਸ ਫ਼ਿਲਮ ਦੀ ਡਾਇਰੈਕਸ਼ਨ, ਸਕ੍ਰੀਨਪਲੇਅ, ਕਹਾਣੀ ਸਭ ‘ਵਿਕਰਮ ਪ੍ਰਧਾਨ’ ਵੱਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੀ ਪ੍ਰੋਡਕਸ਼ਨ ‘ਅਜਿਸ ਓਫ ਕੁਔਸਮੀਡਿਆ ਐਂਟਰਟੇਂਨਮੈਂਟ’, ‘ਸਿਜ਼ਜਲਿੰਗ ਪ੍ਰੋਡਕਸ਼ਨਸ’ ਅਤੇ ‘ਮਾਹੀ ਪ੍ਰੋਡਕਸ਼ਨਸ’ ਅਤੇ ਐਗਜੀਕਿਊਟਿਵ ਪ੍ਰੋਡਿਊਸਰ ‘ਸ਼੍ਰੀ ਦੇਵੀ ਸ਼ੈਟੀ ਵਾਘ’ ਨੇ ਮਿਲ ਕੇ ਕੀਤੀ ਹੈ। ਖ਼ੂਬਸੂਰਤ ਸੰਗੀਤ ਅਤੇ ਬੈਕਗਰਾਉਂਡ ਸਕੋਰ ਦਿੱਤਾ ਗਿਆ ਹੈ ‘ਜਤਿੰਦਰ ਸ਼ਾਹ’ ਵੱਲੋਂ।ਮਿਊਜ਼ਿਕ ਨੂੰ ਰਿਲੀਜ਼ ਕੀਤਾ ਹੈ ‘ਸਾਗਾ ਮਿਊਜ਼ਿਕ’ ਨੇ।
ਫ਼ਿਲਮ ਦੇ ਸਾਰੇ ਗੀਤ ‘ਵਿੰਦਰ ਨੱਥੂ ਮਾਜਰਾ’, ‘ਮਨਿੰਦਰ ਕੈਲੇ’, ‘ਹਰਮਨ, ਅਤੇ ‘ਹੈਪੀ ਰਾਏਕੋਟੀ’ ਨੇ ਲਿਖੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ‘ਕਰਮਜੀਤ ਅਨਮੋਲ’, ‘ਐਮੀ ਵਿਰਕ’, ‘ਨੂਰਾਂ ਸਿਸਟਰਸ’, ‘ਗੁਰਲੇਜ਼ ਅਖਤਰ’ ਅਤੇ ‘ਗੁਰਸ਼ਬਦ’ ਨੇ।
ਇਸ ਫਿਲਮ ‘ਚ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ‘ਐਮੀ ਵਿਰਕ’ ਨੇ ਕਿਹਾ, ਭਾਵੇਂ ਮੈਂ ਪਹਿਲਾਂ ਵੀ ਕਮੇਡੀ ਫ਼ਿਲਮਾਂ ਚ ਕੰਮ ਕੀਤਾ ਹੈ ਪਰ ‘ਸਤਿ ਸ਼੍ਰੀ ਅਕਾਲ ਇੰਗਲੈਂਡ ‘ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸਾਰੇ ਮਜ਼ਾਕ ਬਹੁਤ ਸੁਭਾਵਿਕ ਹਨ, ਇਸ ਲਈ ਕੋਈ ਵੀ ਮਿਹਨਤ ਨਹੀਂ ਕਰਨੀ ਪਈ। ਮੈਨੂੰ ਪੂਰਾ ਯਕੀਨ ਹੈ ਕਿ ਦਰਸ਼ਕ ਵੀ ਇਹ ਮਹਿਸੂਸ ਕਰਨਗੇ ਤੇ ਤੁਰੰਤ ਹਰ ਕਿਰਦਾਰ ਨਾਲ ਜੁੜਨਗੇ।
‘ਮੋਨਿਕਾ ਗਿੱਲ’ ਨੇ ਕਿਹਾ, ਮੈਂ ਆਪਣੇ ਹਰ ਰੋਲ ਨੂੰ ਇਕ ਚੁਣੌਤੀ ਦੀ ਤਰ੍ਹਾਂ ਹੀ ਲੈਨੀ ਹਾਂ। ਮੈਂ ‘ਵਿਕਰਮ ਸਰ’ ਦੀ ਬਹੁਤ ਹੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਕਿਰਦਾਰ ਲਈ ਚੁਣਿਆ। ਅਸੀਂ ਸਭ ਨੇ ਬਹੁਤ ਹੀ ਮਿਹਨਤ ਕੀਤੀ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਹ ਮਿਹਨਤ ਦੇਖਣਗੇ ਤੇ ਬਹੁਤ ਪਸੰਦ ਕਰਨਗੇ।
ਫ਼ਿਲਮ ਦੇ ਡਾਇਰੈਕਟਰ ‘ਵਿਕਰਮ ਪ੍ਰਧਾਨ’ ਆਪਣੀ ਪਾਲੀਵੁਡ ਪਾਰੀ ਲਈ ਬਹੁਤ ਖੁਸ਼ ਹਨ ਤੇ ਉਨ੍ਹਾਂ ਨੇ ਕਿਹਾ, ਫ਼ਿਲਮ ਬਣਾਉਣਾ ਇਕ ਪੂਰੀ ਟੀਮ ਦਾ ਕੰਮ ਹੈ ਅਤੇ ਇਸ ਪੂਰੀ ਟੀਮ ਨਾਲ ਖਾਸ ਕਰਕੇ ‘ਐਮੀ ਵਿਰਕ’ ਜੀ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਮਜੇਦਾਰ ਰਿਹਾ।
ਫ਼ਿਲਮ ਦੇ ਪ੍ਰੋਡਿਊਸਰ ‘ਸ਼ਗੁਨ ਵਾਘ’ ਜਿਨ੍ਹਾਂ ਨੇ ਪਹਿਲਾਂ ਬਾਲੀਵੁੱਡ ਵਿਚ ‘ਅਮਿਤਾਭ ਬੱਚਨ’ ਅਤੇ ‘ਸੰਜੇ ਦੱਤ’ ਨਾਲ ਕਈ ਪ੍ਰੋਜੈਕਟਸ ਨੂੰ ਸੰਭਾਲਿਆ ਹੈ ਅਤੇ ‘ਜੋੜੀ ਨੰ.੧’, ‘ਕੁਰੂਕਸ਼ੇਤਰ’ ਅਤੇ ‘ਵਿਰੁੱਧ’ ਵਰਗੀਆਂ ਕਈ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ, ਮੈਂ ਹਮੇਸ਼ਾਂ ਤੋਂ ਹੀ ਪਾਲੀਵੁਡ ਵਿਚ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ‘ਐਮੀ ਵਿਰਕ’ ਅਤੇ ‘ਮੋਨਿਕਾ ਗਿੱਲ’ ਦੀ ਕੈਮਿਸਟ੍ਰੀ ਨੂੰ ਪਸੰਦ ਕਰਨਗੇ। ਇਹ ਫ਼ਿਲਮ ਪੰਜਾਬ ਵਿਚ ਕਮੇਡੀ ਨੂੰ ਨਵੇਂ ਅਰਥ ਦਵੇਗੀ।
ਦੁਨੀਆ ਭਰ ਵਿਚ ਫ਼ਿਲਮ ਨੂੰ ਡਿਸਟ੍ਰੀਬਿਊਟ ਕੀਤਾ ਹੈ ‘ਮੁਨੀਸ਼ ਸਾਹਨੀ’ ਦੀ ਕੰਪਨੀ ‘ਓਮ.ਜੀ. ਗਰੁੱਪ’ ਨੇ। ਇਹ ਫ਼ਿਲਮ ‘੮ ਦਸੰਬਰ’ ਨੂੰ ਰਿਲੀਜ਼ ਹੋਵੇਗੀ।