ਅਕਸਰ ਤੁਸੀਂ ਵਿਆਹ ਸ਼ਾਦੀਆਂ ਵਿਚ ਵੇਖਿਆ ਹੋਣਾ ਕਿ ਜੀਜੇ ਬਹੁਤ ਬਖੇੜਾ ਖੜ੍ਹਾ ਕਰ ਦਿੰਦੇ ਹਨ, ਕਦੀ ਕਿਸੇ ਗੱਲ ਨੂੰ ਲੈ ਕੇ ਤੇ ਕਦੀ ਕਿਸੇ ਗੱਲ ਤੋਂ ਰੁੱਸ ਜਾਂਦੇ ਹਨ ਅਤੇ ਫਿਰ ਵਿਆਹ ਵਾਲੇ ਘਰ ਨੂੰ ਉਨ੍ਹਾਂ ਨੂੰ ਮਨਾਉਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਹੁੰਦਾ ਹੈ ਵਿਆਹ। ਗੱਲ ਕਰੇ ਰਹੇ ਹਾਂ ਇਸੇ ਹੀ ਪ੍ਰਕਾਰ ਦੀ ਫ਼ਿਲਮ ‘ਲਾਂਵਾਂ ਫੇਰੇ’ ਦੀ, ਜੋ ਆਉਂਦੀ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਹਰਬੀ ਸੰਘਾ, ਨਿਸ਼ਾ ਬਾਨੋ, ਦਿਲਰਾਜ ਉਦੈ ਅਤੇਸਿਮਰਨ ਸਹਿਜਪਾਲ ਆਦਿ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਨਿਰਦੇਸ਼ਕ ਸਮੀਪ ਕੰਗ ਦੀ ‘ਲਾਂਵਾਂ ਫੇਰੇ’ ਕਮੇਡੀ ਭਰਪੂਰ ਫ਼ਿਲਮ ਹੈ। ਇਸ ਫ਼ਿਲਮ ਦੀ ਕਹਾਣੀ ਉੱਘੇ ਲੇਖਕ ਪਾਲੀ ਭੁਪਿੰਦਰ ਨੇ ਲਿਖੀ ਹੈ। ਫ਼ਿਲਮ ਦੇ ਨਿਰਮਾਤਾ ਕਰਮਜੀਤ ਅਨਮੋਲ, ਰਾਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਹਨ। ਰੌਸ਼ਨ ਪ੍ਰਿੰਸ ਇਸ ਫ਼ਿਲਮ ਵਿਚ ਹਨੀ ਨਾਮ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸ ਦੇ ਵਿਆਹ ਨੂੰ ਲੈ ਕੇ ਕਈ ਪੰਗੇ ਪੈਂਦੇ ਹਨ ਪਰ ਆਖਰ ਉਸ ਦਾ ਵਿਆਹ ਹੁੰਦਾ ਹੈ ਜਾਂ ਨਹੀਂ ਇਹ ਤਾਂ 16 ਫਰਵਰੀ ਨੂੰ ਹੀ ਪਤਾ ਲੱਗੇਗਾ। ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਮੋਰੇਸ਼ੀਅਸ ‘ਚ ਕੀਤੀ ਗਈ ਹੈ। ਫ਼ਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ, ਲਾਡੀ ਗਿੱਲ, ਗੈਗ ਸਟੂਡੀਓ ਤੇ ਜੱਗੀ ਸਿੰਘ ਨੇ ਦਿੱਤਾ ਹੈ। ਗੀਤ ਹੈਪੀ ਰਾਏਕੋਟੀ, ਜੱਗੀ ਸਿੰਘ ਨੇ ਲਿਖੇ ਹਨ, ਜਿਸ ਨੂੰ ਅਵਾਜ਼ ਵੱਖ-ਵੱਖ ਗਾਇਕਾਂ ਨੇ ਦਿੱਤੀ ਹੈ।
ਇਸ ਫ਼ਿਲਮ ਸਬੰਧੀ ਜਦੋਂ ਨਿਰਮਾਤਾ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕਰੀਬੀ ਦੋਸਤ ਰੰਜੀਵ ਸਿੰਘਲਾ ਦਾ ਵਿਚਾਰ ਸੀ ਕਿ ਆਪਾਂ ਮਿਲ ਕੇ ਫ਼ਿਲਮ ਬਣਾਈਏ ਤੇ ਫਿਰ ਅਸੀਂ ‘ਲਾਂਵਾਂ ਫੇਰੇ’ ਦਾ ਇਹ ਕਨਸੈਪਟ ਚੁਣਿਆ। ਸਮੀਪ ਕੰਗ ਨੇ ਇਸ ਫ਼ਿਲਮ ਨੂੰ ਬਹੁਤ ਵਧੀਆ ਢੰਗ ਨਾਲ ਬਣਾਇਆ ਹੈ। ਮੈਂ ਆਪ ਖ਼ੁਦ ਇਸ ਫ਼ਿਲਮ ‘ਚ ਜੀਜੇ ਨਛੱਤਰ ਸਿੰਘ ਬੈਨੀਪਾਲ ਦਾ ਕਿਰਦਾਰ ਨਿਭਾਇਆ ਹੈ। ਮੈਨੂੰ ਉਮੀਦ ਹੈ ਦਰਸ਼ਕ ਇਸ ਫ਼ਿਲਮ ਨੂੰ ਖ਼ੂਬ ਪਸੰਦ ਕਰਨਗੇ। 16 ਫਰਵਰੀ ਨੂੰ ਇਹ ਫ਼ਿਲਮ ‘ਓਮ ਜੀ ਗਰੁੱਪ’ ਦੇ ਮੁਨੀਸ਼ ਸਾਹਨੀ ਵੱਲੋਂ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾਵੇਗੀ।