ਸਵਾਲ ? ਪਹਿਲਾਂ ਤੁਸੀਂ ਕਲਾਕਾਰਾਂ ਨਾਲ ਬਤੌਰ ਕੁਲੀਕ ਕੰਮ ਕਰਦੇ ਸੀ, ਹੁਣ ਨਿਰਦੇਸ਼ਕ ਵਜੋਂ ਕਲਾਕਾਰਾਂ ਨਾਲ ਕੰਮ ਕਰ ਰਹੇ ਹੋ। ਨਿਰਦੇਸ਼ਕ ਵਜੋਂ ਕਲਾਕਾਰਾਂ ਨਾਲ ਰਿਸ਼ਤੇ ਦਾ ਤਜ਼ਰਬਾ ਅਤੇ ਬਤੌਰ ਨਿਰਦੇਸ਼ਕ ਹੁਣ ਤੱਕ ਦਾ ਆਪਣਾ ਤਜ਼ਰਬਾ ਚੰਦ ਲਾਈਨਾਂ ਵਿਚ ਸਾਂਝਾ ਕਰੋ।
ਜਵਾਬ:-ਹਾਂ ਹੁਣ ਮੈਂ ਬਤੌਰ ਨਿਰਦੇਸ਼ਕ ਕਲਾਕਾਰਾਂ ਨਾਲ ਬਹੁਤ ਮੇਜਰ ਜ਼ਿੰਮੇਵਾਰੀ ਵਾਲਾ ਕੰੰਮ ਕਰ ਰਿਹਾ ਹਾਂ ਅਤੇ ਮੇਰਾ ਇੰਨਾ ਨਾਲ ਰਿਸ਼ਤਾ ਹੋਰ ਵੀ ਗੂੜ੍ਹਾ ਹੋਇਆ ਹੈ, ਜੋ ਕਿ ਪਹਿਲਾਂ ਨਹੀਂ ਸੀ, ਕਿaੁਂਕਿ ਕਲਾਕਾਰਾਂ ਨਾਲ ਬਤੌਰ ਕਲਾਕਾਰ, ਸਹਿ ਕਲਾਕਾਰ ਅਤੇ ਲੇਖਕ ਬਹੁਤ ਕੰਮ ਕੀਤਾ ਪੰਜਾਬ ਵਿਚ, ਇਸ ਲਈ ਮੇਰਾ ਇਨ੍ਹਾਂ ਨਾਲ ਰਾਬਤਾ ਤਾਂ ਹੈ ਹੀ ਅਤੇ ਇਸ ਤੋਂ ਇਲਾਵਾ ਨਿਰਦੇਸ਼ਨ, ਪ੍ਰੋਡਕਸ਼ਨ, ਲਾਈਟ, ਟੈਕਨੀਕਲ, ਟੀਮ ਅਤੇ ਸਪੋਟ ਬੁਆਏ ਤੱਕ ਸਭ ਨਾਲ ਬੈਠਣਾ ਉਠਣਾ ਰਹਿੰਦਾ ਹੀ ਹੈ। ਹੁਣ ਬਤੌਰ ਨਿਰਦੇਸ਼ਕ ਕਲਾਕਾਰਾਂ ਵਿਚ ਵਿਚਰ ਕੇ, ਉਨ੍ਹਾਂ ਨਾਲ ਵੱਧ ਟਾਈਮ ਬਿਤਾ ਕੇ ਉਨ੍ਹਾਂ ਦੇ ਹੁਨਰ ਦਾ, ਉਨ੍ਹਾਂ ਦੇ ਸੁਭਾਅ ਦਾ ਜ਼ਿਆਦਾ ਪਤਾ ਲੱਗ ਰਿਹਾ, ਉਨ੍ਹਾਂ ਨਾਲ ਮੋਹ ਪਿਆਰ ਦੀਆਂ ਤੰਦਾਂ ਵੀ ਵਧੀਆ ਬਣ ਰਹੀਆਂ ਨੇ। ਰਿਸ਼ਤਾ ਗੂੜ੍ਹਾ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਸੁਭਾਅ ਬਾਰੇ ਉਨ੍ਹਾਂ ਦੇ ਨੈਗੇਟਿਵ ਪੋਜ਼ੇਟਿਵ ਬਾਰੇ, ਉਨ੍ਹਾਂ ਦੇ ਸਬਰ ਬਾਰੇ ਅਤੇ ਆਪਣੇ ਨੈਗੇਟਿਵ ਪੋਜ਼ੇਟਿਵ ਬਾਰੇ ਜ਼ਿਆਦਾ ਪਤਾ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਕ ਨਿਰਦੇਸ਼ਕ ਜ਼ਿਆਦਾ ਆਨੰਦ ਲੈਂਦਾ। ਇਕ ਕਲਾਕਾਰ ਨਾਲੋਂ, ਮੈਨੂੰ ਲੱਗਦਾ ਮੈਂ ਨਿਰਦੇਸ਼ਨ ਲਾਈਨ ਵਿਚ ਆਉਂਦਾ-ਆਉਂਦਾ ਲੇਟ ਹੋ ਗਿਆ, ਇਕ ਦੋ ਸਾਲ ਜੇ ਪਹਿਲਾਂ ਆਇਆ ਹੁੰਦਾ ਤਾਂ ਹੋਰ ਵਧੀਆ ਕੰਮ ਕਰਦਾ, ਖ਼ੈਰ ਜਦੋਂ ਆਈਏ ਦਰੁੱਸਤ ਆਈਏ, ਆਉਣ ਵਾਲੇ ਸਮੇਂ ‘ਚ ਮੈਂ ਆਪਣਾ ਕੰਮ ਹੋਰ ਵਧੀਆ ਢੰਗ ਅਤੇ ਖ਼ੂਬਸੂਰਤੀ ਨਾਲ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਹੁਣ ਮੈਨੂੰ ਹੋਰ ਜ਼ਿਆਦਾ ਬਰੀਕੀਆਂ ਪਤਾ ਲੱਗ ਗਈਆਂ ਨੇ। ਸਿਰਫ਼ ਐਕਸ਼ਨ ਜਾਂ ਕੱਟ ਕਹਿਣਾ ਹੀ ਡਾਇਰੈਕਸ਼ਨ ਨਹੀਂ ਹੁੰਦੀ, ਇਕ ਸੀਨ ਬਣਾ ਲੈਣਾ ਹੀ ਡਾਇਰੈਕਸ਼ਨ ਨਹੀਂ ਹੁੰਦੀ, ਇਸ ਨਾਲ ਹੋਰ ਵੀ ਬਹੁਤ ਕੁਝ ਜੁੜਿਆ ਹੁੰਦਾ ਹੈ, ਜਿਸ ਨੂੰ ਮੈਂ ਨਿਭਾਇਆ ਵੀ ਹੈ ਅਤੇ ਬਹੁਤ ਕੁਝ ਸਿੱਖਿਆ ਵੀ ਹੈ। ਮੈਂ ਆਪਣੇ ਕਲਾਕਾਰਾਂ ਨਾਲ ਕੰਮ ਕਰ ਕੇ ਖੁਸ਼ ਵੀ ਹਾਂ। ਫ਼ਿਲਮ ‘ਆਸੀਸ’ ਦੇ ਨਿਰਦੇਸ਼ਨ ਨਾਲ ਬਹੁਤ ਮਜਬੂਤ ਰਿਸ਼ਤੇ ਬਣੇ ਨੇ ਕਲਾਕਾਰਾਂ ਨਾਲ।