ਕੱਲ ਲੁਧਿਆਣਾ ਵਿਖੇ ਲੋਧੀ ਕਲੱਬ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ 22 ਜੂਨ ਨੂੰ ਰਿਲੀਜ਼ ਹੋਣ ਵਾਲੀ ਰਾਣਾ ਰਣਬੀਰ ਨਿਰਦੇਸ਼ਤ ਫ਼ਿਲਮ ‘ਆਸੀਸ’ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ । ਅਮਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਵਿਚ ਫ਼ਿਲਮ ਨਿਰਮਾਤਾ ਬਲਦੇਵ ਸਿੰਘ ਬਾਠ (ਬਸੰਤ ਮੋਟਰਜ਼) ਨੇ ਕਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਇਸ ਪ੍ਰੋਗਰਾਮ ਦੀ ਮਹਿਮਾਨ ਨਿਵਾਜੀ ਕੀਤੀ। ਪ੍ਰੋਗਰਾਮ ਦੇ ਸੰਚਾਲਕ ਉੱਘੇ ਪੰਜਾਬੀ ਸ਼ਾਇਰ ਜਸਵੰਤ ਸਿੰਘ ਜਫ਼ਰ ਨੇ ਬੜੇ ਪ੍ਰਭਾਵਸ਼ਾਲੀ ਅਤੇ ਰੌਚਕ ਢੰਗ ਨਾਲ ਆਏ ਹੋਏ ਮਹਿਮਾਨਾਂ ਨੂੰ ਫ਼ਿਲਮ ਬਾਰੇ ਸੰਜੀਦਾ ਅਤੇ ਖੁਸ਼ਨੁਮਾ ਗੱਲਾਂਬਾਤਾਂ ਨਾਲ ਮੁਤਾਸਿਰ ਕੀਤਾ। ਸਮਾਰੋਹ ਵਿਚ ਮੌਜੂਦ ਇਸ ਫ਼ਿਲਮ ਦੀ ਨਿਰਦੇਸ਼ਨ ਟੀਮ ਨਾਲ ਬਤੌਰ ਟੈਕਨੀਕਲ ਹੈਡ ਜੁੜੇ ਨਵਤੇਜ ਸੰਧੂ ਨੇ ਫ਼ਿਲਮ ਵਿਚਲੇ ਕਲਾਕਾਰਾਂ ਨੂੰ ਮਹਿਮਾਨਾਂ ਦੇ ਰੂ-ਬੁ -ਰੂ ਕਰਵਾਇਆ। ਫ਼ਿਲਮ ਨਿਰਮਾਤਾ ਬਲਦੇਵ ਸਿੰਘ ਬਾਠ ਜੋ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਪੰਜਾਬ ਵਿਚ ਮੌਜੂਦ ਨਹੀਂ ਸਨ, ਉਹ ਸਮਾਰੋਹ ਵਿਚ ਹਾਜ਼ਰ ਇਸ ਫਿਲਮ ਦੇ ਕਲਾਕਾਰਾਂ ਸਰਦਾਰ ਸੋਹੀ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਅਵਰਿੰਦਰ ਕੌਰ, ਜੋਤ ਅਰੋੜਾ, ਪ੍ਰਿਆ ਲਖਨਪਾਲ ਆਦਿ ਨੂੰ ਅਤੇ ਬਾਕੀ ਟੈਕਨੀਕਲ ਟੀਮ ਐਗਜ਼ੀਕਿਊਟਵ ਪ੍ਰੋਡਿਊਸਰ ਪ੍ਰਦੀਪ ਸੰਧੂ, ਡਾਇਰੈਕਸ਼ਨ ਟੀਮ ਨਵਤੇਜ ਸੰਧੂ, ਜੀਵਾ, ਜਸਲੀਨ ਤੇ ਚਾਰੂ ਸੇਠੀ ਨੂੰ ਪਹਿਲੀ ਵਾਰ ਮਿਲ ਕੇ ਬਹੁਤ ਖੁਸ਼ ਹੋਏ। ਸਮਾਰੋਹ ਵਿਚ ਸ਼ਾਮਲ ਫ਼ਿਲਮ ਟੀਮ ਤੋਂ ਇਲਾਵਾ ਹੋਰ ਉੱਘੀਆਂ ਵਪਾਰਕ ਅਤੇ ਸਾਹਿਤਕ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਣ ਉਪਰੰਤ ਫ਼ਿਲਮ ਨਿਰਮਾਤਾ ਸ੍ਰ: ਬਲਦੇਵ ਸਿੰਘ ਬਾਠ ਨੇ ਆਪਣੇ ਇਸ ਫ਼ਿਲਮ ਬਨਾਉਣ ਬਾਰੇ ਮਨੋਰਥ ਨੂੰ ਸਪੱਸ਼ਟ ਕਰਦਿਆਂ ਸਭ ਤੋਂ ਪਹਿਲਾਂ ਤਾਂ ਫ਼ਿਲਮ ਨਿਰਦੇਸ਼ਕ ਰਾਣਾ ਰਣਬੀਰ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਰਾਣਾ ਰਣਬੀਰ ਅਤੇ ਕੋ-ਪ੍ਰੋਡਿਊਸਰ ਲਵਪ੍ਰੀਤ ਲੱਕੀ ਸੰਧੂ ਵਰਗੀਆਂ ਸੁਲਝੀਆਂ ਹੋਈਆਂ, ਤਜਰਬੇਕਾਰ ਅਤੇ ਪੰਜਾਬੀ ਸਿਨੇਮਾ ਨੂੰ ਸਮਰਪਿਤ ਸ਼ਖਸੀਅਤਾਂ ਸਦਕਾ ਹੀ ਫ਼ਿਲਮ ਦੇ ਨਿਰਮਾਣ ਵਿਚ ਦਾਖਲ ਹੋਣ ਦਾ ਮਨ ਬਣਿਆ। ਦੂਜੀ ਵਿਸ਼ੇਸ਼ ਗੱਲ ਉਨ੍ਹਾਂ ਇਹ ਕਹੀ ਕਿ ਅਸੀਂ ਕੋਈ ਕਮਰਸ਼ੀਅਲ ਐਂਗਲ ਸੋਚ ਕੇ ਇਹ ਫ਼ਿਲਮ ਨਹੀਂ ਬਣਾਈ, ਸਾਡਾ ਮਕਸਦ ਤਾਂ ਮੌਜੂਦਾ ਸਮਾਜ ਅਤੇ ਵਿਸ਼ੇਸ਼ਕਰ ਅਜੋਕੀ ਪੀੜੀ ਨੂੰ ਉਨ੍ਹਾਂ ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਂਦਾ ਹੈ ਜੋ ਕਿ ਕਿਸੇ ਨਾ ਕਿਸੇ ਕਾਰਨ ਸਾਡੀ ਜ਼ਿੰਦਗੀ ‘ਚੋਂ ਮਨਫੀ ਹੁੰਦੇ ਜਾ ਰਹੇ ਹਨ। ਅਸੀਂ ਇਸ ਫ਼ਿਲਮ ਵਿਚਲੀ ਟੀਮ ਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਫ਼ਿਲਮਾਂ ਅਤੇ ਸਮਾਜਿਕ ਤੌਰ ਤੇ ਇਹ ਰਿਸ਼ਤਾ ਇਸੇ ਤਰ੍ਹਾਂ ਕਾਇਮ ਰਹੇਗਾ। ਸਮਾਰੋਹ ਵਿਚ ਮੌਜੂਦ ਫ਼ਿਲਮ ਕਲਾਕਾਰ ਸ੍ਰ: ਸੋਹੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ ਅਤੇ ਮਲਕੀਤ ਰੌਣੀ ਨੇ ਫ਼ਿਲਮ ‘ਆਸੀਸ’ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ। ਇਸ ਫ਼ਿਲਮ ਦੇ ਚੱਲਦਿਆਂ ਅਸੀਂ ਵੀ ਕਿਤੇ ਨਾ ਕਿਤੇ ਉਨ੍ਹਾਂ ਸਮਾਜਿਕ ਰਿਸ਼ਤਿਆਂ ਦੀ ਖੁਸ਼ਬੂ ਨੂੰ ਮਹਿਸੂਸ ਕੀਤਾ ਜੋ ਕਿ ਅਸੀਂ ਆਪਣੀ ਰੋਜ਼ਾਨਾ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਆਪਣੇ ਤੋਂ ਦੂਰ ਕਰੀਂ ਬੈਠੇ ਸਾਂ। ਇਸ ਫ਼ਿਲਮ ਕਰਕੇ ਸਾਨੂੰ ਵੀ ਭਵਿੱਖ ਵਿਚ ਐਸੇ ਰਿਸ਼ਤਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜੀ ਰੱਖਣ ਦੀ ਨਸੀਹਤ ਮਿਲੀ। ਆਖਰ ਇਹ ਸਮਾਰੋਹ ਫ਼ਿਲਮ ਕਲਾਕਾਰਾਂ, ਤਕਨੀਕੀ ਟੀਮ, ਮਹਿਮਾਨਾਂ, ਸੁਲਝੀਆਂ ਸ਼ਖ਼ਸੀਅਤਾਂ ਅਤੇ ਮੀਡੀਆ ਦੀ ਹਾਜ਼ਰੀ ਵਿਚ ਸ਼ਰਨ ਆਰਟਸ ਵਲੋਂ ਬਣਾਏ ਫ਼ਿਲਮ ਆਸੀਸ ਦੇ ਪਹਿਲੇ ਪੋਸਟਰ ਦੀ ਘੁੰਡ ਚੁਕਾਈ ਉਪਰੰਤ ਸਮਾਰੋਹ ਵਿਚ ਹਾਜ਼ਰ ਹਰ ਸ਼ਖ਼ਸ ਪਾਸੋਂ ਵਾਹ-ਵਾਹ ਖੱਟਣ ਤੋਂ ਬਾਅਦ ਨਿਰਮਾਤਾ ਬਲਦੇਵ ਸਿੰਘ ਬਾਠ ਦੀ ਫ਼ਿਲਮ ਅਤੇ ਸਮਾਜ ਪ੍ਰਤੀ ਆਪਣੇ ਨਿੱਜੀ ਤਜ਼ਰਬੇ, ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਵਾਰਤਾਲਾਪ ਦੇ ਨਾਲ ਸਮਾਪਤ ਹੋਇਆ।ਇਸ ਸਮਾਰੋਹ ਦੌਰਾਨ ਕਲਾਕਾਰ ਗੁਰਪ੍ਰੀਤ ਵਲੋਂ ਬਣਾਈ ਫ਼ਲਿਮ ‘ਆਸੀਸ ਦੀ ਇਕ ਸ਼ਾਨਦਾਰ ਪੇਟਿੰਗ ਦੀ ਘੁੰਡ ਚੁਕਾਈ ਵੀ ਕੀਤੀ ਗਈ ।