Articles & Interviews

ਸਿੱਖੀ ਸਰੂਪ ਵਿਚ ਪਾਲੀਵੁੱਡ ਦਾ ਚਮਕਦਾ ਸਿਤਾਰਾ ਮਲਕੀਤ ਰੌਣੀ

Written by Daljit Arora

`ਪੰਜਾਬੀ ਸਕਰੀਨ` ਅਦਾਰੇ ਦੀ ਚਿਰੋਕਣੀ ਚੱਲ ਰਹੀ ਲੜੀ ਤਹਿਤ ਅਸੀਂ ਸਮੇਂ-ਸਮੇਂ `ਤੇ ਉਨ੍ਹਾਂ ਕਲਾਕਾਰਾਂ ਨੂੰ ਪਾਠਕਾਂ ਦੇ ਰੂ-ਬੁਰੂ ਕਰਵਾਉਂਦੇ ਰਹਿੰਦੇ ਹਾਂ, ਜੋ ਸਿੱਖੀ ਸਰੂਪ ਵਿਚ ਰਹਿੰਦਿਆਂ ਆਪਣੇ ਕਿੱਤੇ ਵਿਚ ਸਫ਼ਲ ਹੋ ਕੇ ਸਿੱਖ ਕੌਮ ਤੇ ਸਮਾਜ ਦੀ ਸ਼ਾਨ ਬਣੇ ਹੋਏ ਹਨ।
ਪੰਜਾਬੀ ਸਕਰੀਨ ਅਦਾਰਾ ਅੱਜ ਤੁਹਾਨੂੰ ਅਜਿਹੇ ਹੀ ਇਕ ਕਲਾਕਾਰ ਨਾਲ ਮਿਲਾਉਣ ਜਾ ਰਿਹਾ ਹੈ, ਜਿਸ ਨੂੰ ਆਪਣੇ ਆਪ `ਤੇ ਤਾਂ ਮਾਣ ਤਾਂ ਹੈ ਹੀ ਪਰ ਸਾਡਾ ਅਦਾਰਾ ਵੀ ਉਨ੍ਹਾਂ `ਤੇ ਮਾਣ ਕਰਦਾ ਹੈ ਅਤੇ ਇਹ ਮਾਣ ਉਨ੍ਹਾਂ ਨੂੰ ਜਾਂਦਾ ਹੈ ਬਤੌਰ ਸਾਬਤ ਸੂਰਤ ਸਿੱਖ ਹੋ ਕੇ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਫ਼ਿਲਮ ਇੰਡਸਟਰੀ ਵਿਚ ਇਕ ਐਕਟਰ ਦੇ ਤੌਰ ਤੇ ਕੰਮ ਕਰਨ ਲਈ। ਮਲਕੀਤ ਰੌਣੀ ਦਾ ਕਹਿਣਾ ਹੂ ਕਿ ਉਹ ਸਾਬਤ-ਸੂਰਤ ਸਿੱਖੀ ਨੂੰ ਬਰਕਰਾਰ ਰੱਖਦੇ ਹੌਏ ਇਸ ਖਿੱਤੇ ਵਿਚ ਵਿੱਚਰ ਰਹੇ ਹਨ ਤੇ ਇਹ ਸਭ ਪ੍ਰਮਾਤਮਾ ਦੀ ਬਖ਼ਸ਼ਿਸ਼ ਨਾਲ ਹੀ ਸੰਭਵ ਹੋ ਸਕਿਆ ਹੈ।
ਮਲਕੀਤ ਰੌਣੀ ਕਿਸੇ ਰਸਮੀਂ ਤਾਰੁਫ਼ ਦੇ ਮੋਹਤਾਜ ਨਹੀਂ, ਉਨ੍ਹਾਂ ਦਾ ਚਿਹਰਾ ਹੀ ਉਨ੍ਹਾਂ ਦੀ ਜਾਣ-ਪਛਾਣ ਹੈ। ਕਲਾ ਖੇਤਰ ਨੇ ਮਲਕੀਤ ਰੌਣੀ ਨੂੰ ਸਮਝਦਾਰ-ਸਿਆਣੇ ਬਾਪੂ ਦੀ ਪਛਾਣ ਦਿੱਤੀ ਹੈ, ਇਸ ਲਈ ਨੌਜਵਾਨ ਮੁੰਡੇ-ਕੁੜੀਆਂ ਮਲਕੀਤ ਰੌਣੀ ਨੂੰ ਬਾਪੂ ਜੀ ਕਹਿ ਕੇ ਸਤਿਕਾਰ ਦਿੰਦੇ ਹਨ। ਅਨੇਕਾਂ ਪੰਜਾਬੀ ਵੀਡੀਓ ਐਲਬਮ, ਲਘੂ ਫ਼ਿਲਮਾਂ ਅਤੇ ਫੀਚਰ ਫ਼ਿਲਮਾਂ ਵਿਚ ਆਪਣੀ ਦਿਲ ਨੂੰ ਛੂਹ ਲੈਣ ਵਾਲੀ ਅਦਾਕਾਰੀ ਕਰਨ ਵਾਲੇ ਇਸ ਕਲਾਕਾਰ ਦੀ `ਪੰਜਾਬੀ ਸਕਰੀਨ` ਅਦਾਰੇ ਦੀ ਐਸੋਸੀਏਟ ਐਡੀਟਰ ਗੁਰਜੀਤ ਢਿੱਲੋਂ ਨਾਲ ਸੰਖੇਪ ਗੱਲਬਾਤ ਹੋਈ ਜੋ ਅਸੀਂ ਆਪਣੇ ਪਾਠਕਾਂ ਹਿੱਤ ਪੇਸ਼ ਕਰ ਰਹੇ ਹਾਂ।

2018-04-04-PHOTO-00000008
ਮਲਕੀਤ ਰੌਣੀ ਜੀ, ਸਭ ਤੋਂ ਪਹਿਲਾਂ ਆਪਣੇ ਜਨਮ ਸਥਾਨ, ਮਾਤਾ ਪਿਤਾ ਅਤੇ ਘਰ ਪਰਿਵਾਰ ਬਾਰੇ ਕੁਝ ਦੱਸੋ ?
ਮੇਰਾ ਜਨਮ ਚਮਕੌਰ ਸਾਹਿਬ ਦੇ ਨੇੜੇ ਪਿੰਡ ਰੌਣੀ ਖੁਰਦ, ਜ਼ਿਲ੍ਹਾ ਰੋਪੜ ਦਾ ਹੈ। ਮੇਰੇ ਪਿਤਾ ਸਵ: ਸ੍ਰ: ਗੁਰਚਰਨ ਸਿੰਘ ਹਨ ਅਤੇ ਮਾਤਾ ਸ਼੍ਰੀ ਮਤੀ ਭੁਪਿੰਦਰ ਕੌਰ ਹਨ। ਅਸੀਂ ਤਿੰਨ ਭੈਣ ਭਰਾ ਹਾਂ। ਮੇਰੀ ਵੱਡੀ ਭੈਣ ਕੁਲਵਿੰਦਰ ਕੌਰ ਤੇ ਛੋਟਾ ਭਰਾ ਤੇਜਿੰਦਰ ਸਿੰਘ ਹੈ, ਜੋ ਕਿ ਪਿੰਡ ਦਾ ਨੰਬਰਦਾਰ ਹੈ। ਮੇਰੀ ਪਤਨੀ ਦਾ ਨਾਂਅ ਹੈ ਗੁਰਪ੍ਰੀਤ ਕੌਰ ਤੇ ਇਕ ਬੇਟੀ ਹੈ ਨਵਨੀਤ ਕੌਰ, ਜੋ ਕਿ ਵਿਦੇਸ਼ ਵਿਚ ਕੰਪਿਊਟਰ ਪੋ੍ਰਗਰਾਮਿੰਗ ਦੀ ਪੜ੍ਹਾਈ ਕਰ ਰਹੀ ਹੈ। ਮੈਂ ਆਪਣੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਨਾਨਕੇ ਪਿੰਡ ਤੋਂ ਤੇ ਬਾਰਵੀਂ ਦਾਦਕੇ ਪਿੰਡ ਖੰਟ ਮਾਨਪੁਰ ਤੋਂ ਕੀਤੀ। ਗ੍ਰੈਜੂਏਸ਼ਨ ਬੇਲਾ ਕਾਲਜ ਤੋਂ ਪੂਰੀ ਕੀਤੀ। ਫਿਰ ਮੈਂ ਥੀਏਟਰ ਦੀ ਐਮ .ਏ. `ਪੰਜਾਬੀ ਯੂਨੀਵਰਸਿਟੀ ਪਟਿਆਲਾ` ਤੋਂ ਕਰਨ ਲਈ ਗਿਆ ਸੀ, ਪਰ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ, ਜਿਸ ਕਰਕੇ ਮੈਂ ਅੱਗੋਂ ਪੜ੍ਹਾਈ ਨਹੀਂ ਕੀਤੀ।

ਅਦਾਕਾਰੀ ਖੇਤਰ ਵਿਚ ਕਿਵੇਂ ਆਉਣਾ ਹੋਇਆ ?
ਮੈਂ ਇਕ ਵਾਰ ਜਦੋਂ ਸਕੂਲ `ਚ ਹੀ ਪੜ੍ਹਦਾ ਸੀ ਤਾਂ ਥੀਏਟਰ ਦੇ ਬਾਬਾ ਬੋਹੜ ਭਾਜੀ ਗੁਰਸ਼ਰਨ ਸਿੰਘ ਜੀ ਦਾ ਨਾਟਕ ਦੇਖਿਆ। ਮੈਂ ਉਨ੍ਹਾਂ ਦੇ ਨਾਟਕ ਤੋਂ ਬਹੁਤ ਪ੍ਰਭਾਵਿਤ ਹੋਇਆ, ਉਦੋਂ ਹੀ ਮਨ ਵਿਚ ਰੀਝ ਜਾਗ ਗਈ ਕਿ ਥੀਏਟਰ ਕਰਨਾ ਹੈ, ਜਿਸ ਲਈ ਮੈਂ ਭਾਜੀ ਗੁਰਸ਼ਰਨ ਜੀ ਨੂੰ ਕਿਹਾ ਵੀ ਤੇ ਫਿਰ ਸੱਤਵੀਂ `ਚ ਪੜ੍ਹਦਿਆਂ ਹੀ ਉਨ੍ਹਾਂ ਨਾਲ ਨਾਟਕ ਕਰਨੇ ਸ਼ੁਰੂ ਕਰ ਦਿੱਤੇ। ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਨੇ ਮੇਰੀ ਬਹੁਤ ਮਦਦ ਕੀਤੀ।
ਇਸ ਖੇਤਰ ਵਿਚ ਆਪਣੇ ਸ਼ੁਰੂਆਤੀ ਕੰਮਾਂ ਬਾਰੇ ਜਾਣਕਾਰੀ ਦਿਓ ?
ਥੀਏਟਰ ਤੋਂ ਮੇਰੀ ਸ਼ੁਰੂਆਤ ਹੋਈ, ਕਾਫ਼ੀ ਨਾਟਕ ਕੀਤੇ। ਅਦਾਕਾਰ ਕੁਮਾਰ ਪਵਨਦੀਪ, ਰਾਣਾ ਰਣਬੀਰ, ਸੰਜੂ ਸੋਲੰਕੀ, ਲੱਖਾ ਲਹਿਰੀ, ਬਲਵੰਤ ਬਰਾੜ, ਅਵਤਾਰ ਸਿੰਘ (ਨਿਰਦੇਸ਼ਕ ਮਿੱਟੀ ਨਾ ਫਰੋਲ ਜੋਗੀਆ), ਅਸੀਂ ਸਾਰੇ ਥੀਏਟਰ ਕਰਦੇ ਸਾਂ। ਫੇਰ ਮੈਂ ਈ. ਟੀ. ਸੀ. ਪੰਜਾਬੀ, ਜੀ ਪੰਜਾਬੀ, ਦੂਰਦਰਸ਼ਨ `ਤੇ ਕਾਫ਼ੀ ਸੀਰੀਅਲ ਕੀਤੇ। ਜਿਨ੍ਹਾਂ ਵਿੱਚੋਂ ਸਰਹੱਦ, ਮਨ ਜੀਤੇ ਜਗੁ ਜੀਤ, ਚੰਡੀਗੜ੍ਹ ਕੈਂਪਸ, ਕਿੱਕਰਾਂ ਦੇ ਫੁੱਲ, ਸੌਦੇ ਦਿਲਾਂ ਦੇ, ਕੌੜਾ ਸੱਚ, ਵਿਛੋੜਾ, ਵਿਚੋਲੇ ਆਦਿ ਕੀਤਾ। ਲੜੀਵਾਰ `ਅੱਖੀਆਂ ਤੋਂ ਦੂਰ ਜਾਈਂ ਨਾ`, ਕੱਚ ਦੀਆਂ ਵੰਗਾਂ` ਇੱਥੇ ਅਤੇ ਬਾਹਰ ਵੀ ਕਾਫ਼ੀ ਪ੍ਰਸਿੱਧ ਹੋਏ, ਜਿਸ ਤੋਂ ਮੈਨੂੰ ਵਿਦੇਸ਼ਾਂ `ਚ ਪਹਚਾਣ ਮਿਲਣੀ ਸ਼ੁਰੂ ਹੋ ਗਈ। ਫੇਰ ਸੋਨੀ ਟੀ. ਵੀ. ਲਈ ਇਕ ਸੀਰੀਅਲ ਜੋ ਪੰਜਾਬੀ ਬੈਕਗਰਾਊਂਡ ਨਾਲ ਸਬੰਧਤ ਸੀ, ਕੀਤਾ। ਇਸ ਵਿਚ ਰਜ਼ਾ ਮੁਰਾਦ ਮੁੱਖ ਭੂਮਿਕਾ ਵਿਚ ਸਨ ਤੇ ਮੈਂ ਉਨ੍ਹਾਂ ਦੇ ਭਰਾ ਦਾ ਕਿਰਦਾਰ ਨਿਭਾਇਆ। ਇਸ ਲੜੀਵਾਰ ਵਿਚ ਸ਼ਵਿੰਦਰ ਮਾਹਲ ਤੇ ਹੋਰ ਵੀ ਕਈ ਨਾਮੀਂ ਅਦਾਕਾਰ ਸਨ। ਇਸ ਸੀਰੀਅਲ ਦੀ ਸ਼ੂਟਿੰਗ ਲਈ ਮੈਨੂੰ ਮੁੁੰਬਈ ਜਾਣਾ ਪੈਂਦਾ ਸੀ। ਫੇਰ ਮੈਂ ਤੇ ਸ਼ਵਿੰਦਰ ਮਾਹਲ ਨੇ ਉੱਥੇ ਕਿਰਾਏ `ਤੇ ਫਲੈਟ ਲੈ ਲਿਆ, ਕਿਉਂ ਕਿ ਸ਼ੂਟਿੰਗ ਹੋਣ ਕਰਕੇ ਜ਼ਿਆਦਾ ਮੁੰਬਈ ਹੀ ਰਹਿਣਾ ਪੈਂਦਾ ਸੀ। ਮੈਂ 8-10 ਸਾਲ ਮੁੰਬਈ ਰਿਹਾ ਪਰ ਫੇਰ ਪੰਜਾਬੀ ਫ਼ਿਲਮਾਂ ਦਾ ਦਾਇਰਾ ਵਿਸ਼ਾਲ ਹੋਣ ਕਾਰਨ ਮੈਂ ਵਾਪਸ ਪੰਜਾਬ ਆ ਗਿਆ।

ਤੁਹਾਨੂੰ ਆਪਣੇ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਮਿਲਿਆ ?
ਮੇਰੇ ਲਈ ਇਸ ਖੇਤਰ ਵਿਚ ਆਉਣਾ ਬਹੁਤ ਔਖਾ ਸੀ। ਮੇਰੇ ਪਿਤਾ ਜੀ ਅਤੇ ਦਾਦਾ ਜੀ ਆਰਮੀ `ਚ ਸਨ। ਸੰਨ 1965, 1971 ਤੇ ਹੋਰ ਵੀ ਹੋਣ ਵਾਲੀਆਂ ਸਾਰੀਆਂ ਜੰਗਾਂ ਮੇਰੇ ਪਰਿਵਾਰ ਵਿੱਚੋਂ ਕਿਸੇ ਨਾ ਕਿਸੇ ਨੇ ਲੜ੍ਹੀਆਂ ਸਨ। ਸੋ ਅਸੀਂ ਦੋ ਭਰਾ ਹੋਣ ਕਰਕੇ ਮੇਰੇ ਪਿਤਾ ਜੀ ਵੀ ਚਾਹੁੰਦੇ ਸਨ ਕਿ ਸਾਡੇ ਦੋਵਾਂ ਵਿੱਚੋਂ ਇਕ ਆਰਮੀ `ਚ ਭਰਤੀ ਹੋ ਜਾਵੇ, ਜਿਸ ਲਈ ਮੇਰੇ ਪਿਤਾ ਜੀ ਮੈਨੂੰ ਭਰਤੀ ਲਈ ਲੈ ਕੇ ਵੀ ਗਏ ਤੇ ਮੇਰਾ ਡਾਕਟਰੀ ਮੁਆਇਨਾ ਵੀ ਹੋਇਆ ਪਰ ਜਦੋਂ ਮੇਰੇ ਪਿਤਾ ਜੀ ਨੂੰ ਪਤਾ ਲੱਗਾ ਕਿ ਆਰਮੀ `ਚ ਭਰਤੀ ਹੋਣ ਲਈ 10 ਹਜ਼ਾਰ ਰਿਸ਼ਵਤ ਮੰਗ ਰਹੇ ਹਨ, ਤਾਂ ਪਿਤਾ ਜੀ ਨੇ ਮਨ੍ਹਾ ਕਰ ਦਿੱਤਾ। ਉਹ ਨਹੀਂ ਚਾਹੁੰਦੇ ਸਨ ਕਿ ਸਾਡੇ `ਚੋਂ ਕੋਈ ਏਦਾਂ ਗਲਤ ਤਰੀਕੇ ਨਾਲ ਆਰਮੀ `ਚ ਜਾਵੇ। ਫਿਰ ਮੈਂ ਅਦਾਕਾਰੀ ਖੇਤਰ ਨੂੰ ਹੀ ਅਪਣਾ ਲਿਆ, ਕਿਉਂ ਮੈਂ ਚਾਹੁੰਦਾ ਵੀ ਇਹੀ ਸੀ। ਸ਼ੁਰੂ ਵਿਚ ਤਾਂ ਘਰਦਿਆਂ ਨੂੰ ਇਹ ਸਭ ਠੀਕ ਨਾ ਲੱਗਾ, ਪਰ ਜਦੋਂ ਪਛਾਣ ਬਣਨ ਲੱਗੀ ਤਾਂ ਸਭ ਠੀਕ ਹੋ ਗਿਆ।

ਸਾਬਤ-ਸੂਰਤ ਸਿੱਖ ਹੋਣ ਕਰੇ ਫ਼ਿਲਮ ਇੰਡਸਟਰੀ `ਚ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਵੇ ?
ਪੰਜਾਬ `ਚ ਤਾਂ ਨਹੀਂ ਪਰ ਮੁੰਬਈ `ਚ ਕੁਝ ਮੁਸ਼ਕਲਾਂ ਜ਼ਰੂਰ ਆਈਆਂ ਪਰ ਮੈਂ ਕਿਸੇ ਵੀ ਕੀਮਤ `ਤੇ ਆਪਣੀ ਪਛਾਣ ਨਹੀਂ ਬਦਲੀ,
ਕਿਉਂ ਕਿ ਸਰਦਾਰੀ ਸਾਡੀ ਪਛਾਣ ਹੈ, ਕੁਝ ਕਰੈਕਟਰ ਤਾਂ ਮੈਨੂੰਂ ਪੰਜਾਬੀ ਫ਼ਿਲਮਾਂ `ਚ ਵੀ ਛੱਡਣੇ ਪਏ।

ਤੁਹਾਡੀਆਂ ਫ਼ਿਲਮਾਂ ਵਿੱਚੋਂ ਕੁਝ ਚੋਣਵੀਆਂ ਫ਼ਿਲਮਾਂ ਦੇ ਨਾਂਅ ?
ਕਬੱਡੀ ਵੰਨਸ ਅਗੇਨ, ਜੱਗ ਜਿਊਂਦਿਆਂ ਦੇ ਮੇਲੇ, ਇਕ ਕੁੜੀ ਪੰਜਾਬ ਦੀ, ਮੁੰਡੇ ਯੂ. ਕੇ. ਦੇ, ਸਿੰਘ ਵਰਸਿਜ਼ ਕੌਰ, ਅਰਦਾਸ, ਬੰਬੂਘਾਟ, ਪੰਜਾਬ 1984, ਮੰਜੇ ਬਿਸਤਰੇ, ਚੰਨਾ ਮੇਰਿਆ, ਸਰਵਣ, ਉਡੀਕ ਭਗਤ ਸਿੰਘ ਦੀ, ਰੱਬ ਦਾ ਰੇਡੀਓ, ਸਾਬ੍ਹ ਬਹਾਦਰ, ਰੌਕੀ ਮੈਂਟਲ, ਲਾਵਾਂ ਫੇਰੇ ਆਦਿ।
ਤੁਸੀਂ ਜ਼ਿਆਦਾਤਰ ਕਿੱਦਾਂ ਦੇ ਕਿਰਦਾਰ ਨਿਭਾਏ ਹਨ ?
ਮੈਂ ਜ਼ਿਆਦਾ ਪੋਜ਼ੀਟਿਵ ਕਿਰਦਾਰ ਹੀ ਕੀਤੇ ਹਨ ਪਰ ਹੁਣ ਅਗਲੀਆਂ ਫ਼ਿਲਮਾਂ ਵਿੱਚੋਂ ਕੁਝ ਵਿਚ ਮੈਂ ਨੈਗੇਟਿਵ ਕਿਰਦਾਰ ਵੀ ਅਦਾ ਕੀਤੇ ਹਨ। ਫ਼ਿਲਮ2018-04-04-PHOTO-00000006 `ਪ੍ਰਾਹੁਣਾ` ਵਿਚ ਮੈਂ ਮੱਝਾਂ ਦੇ ਵਪਾਰੀ ਦਾ ਕਮੇਡੀ ਕਿਰਦਾਰ ਨਿਭਾਇਆ ਹੈ।
ਤੁਹਾਨੂੰ ਕਿੱਦਾਂ ਦੇ ਕਿਰਦਾਰ ਕਰਨੇ ਜ਼ਿਆਦਾ ਪਸੰਦ ਹਨ ?
ਮੈਂ ਚਾਹੁੰਦਾ ਹਾਂ ਕਿ ਮੈਂ ਜੋ ਵੀ ਕਿਰਦਾਰ ਨਿਭਾਵਾਂ, ਉਹ ਅਸਲੀਅਤ ਦੇ ਨੇੜੇ ਢੁੱਕਦੇ ਹੋਣ। ਹਰ ਵਾਰ ਹੋਰ ਚੰਗਾ ਕਰਨ ਦੀ ਕੋਸ਼ਿਸ਼ ਹੁੰਦੀ ਹੈ।

ਫ਼ਿਲਮਾਂ ਵਿਚ ਕਰੈਕਟਰ ਆਰਟਿਸਟਾਂ ਬਾਰੇ ਤੁਹਾਡਾ ਨਜ਼ਰੀਆ ?
ਅੱਜ ਕੱਲ ਫ਼ਿਲਮਾਂ `ਚ ਕਰੈਕਟਰ ਆਰਟਿਸਟਾਂ ਦੀ ਬਹੁਤ ਡਿਮਾਂਡ ਹੈ। ਹੁਣ ਲੋਕ ਇਹ ਵੀ ਵੇਖਦੇ ਹਨ ਕਿ ਫ਼ਿਲਮ ਵਿਚ ਹੀਰੋ-ਹੀਰੋਇਨ ਤੋਂ ਇਲਾਵਾ ਕਰੈਕਟਰ ਆਰਟਿਸਟ ਕਿਹੜੇ ਹਨ। ਫ਼ਿਲਮ ਵਿਚ ਕਰੈਕਟਰ ਆਰਟਿਸਟ ਹੋਣ ਕਰਕੇ ਹੀ ਬਹੁਤ ਸਾਰੇ ਪਰਿਵਾਰ ਫ਼ਿਲਮਾਂ ਵੇਖਣ ਜਾਣ ਲੱਗ ਪਏ ਹਨ, ਨਹੀਂ ਤਾਂ ਪਹਿਲਾਂ ਸਿਰਫ਼ ਨੌਜਵਾਨ ਮੁੰਡੇ-ਕੁੜੀਆਂ ਹੀ ਫ਼ਿਲਮਾਂ ਵੇਖਣ ਸਿਨੇਮਾ ਜਾਂਦੇ ਸਨ।
ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਕੀਤੇ ਕੰਮ ਦਾ ਵੇਰਵਾ ?
ਹਿੰਦੀ ਸੀਰੀਅਲਾਂ ਵਿਚ ਜੁਗਨੀ ਚਲੀ ਜਲੰਧਰ, ਮੀਤ ਮਿਲਾਦੇ ਰੱਬਾ ਤੇ ਹੋਰ ਵੀ ਕਈ ਸੀਰੀਅਲ ਕੀਤੇ। ਫ਼ਿਲਮਾਂ ਵਿਚ ਸਲਮਾਨ ਖ਼ਾਨ ਨਾਲ ਲੰਡਨ ਡਰੀਮਜ਼, ਅਨਿਲ ਕਪੂਰ ਨਾਲ ਨੋ ਪੋ੍ਰਬਲਮ, ਪਰੇਸ਼ ਰਾਵਲ ਨਾਲ ਅਤਿਥੀ ਤੁਮ ਕਬ ਜਾਓਗੇ ਤੋਂ ਇਲਾਵਾ ਸ਼ੂਟਰ, ਜ਼ੁਬਾਨ, ਸੰਤਾ-ਬੰਤਾ, ਕਿਸਾਨ, ਸਰਬਜੀਤ ਆਦਿ ਵੀ ਕੀਤੀਆਂ। ਹਾਲੀਵੁੱਡ ਦੀਆਂ ਦੋ ਫ਼ਿਲਮਾਂ `ਦਾ ਜੀਨੀਅਸ ਆਫ਼ ਬਿਊਟੀ`, `ਸਟਾਰਗੇਟ` ਆਦਿ ਦੀ ਸ਼ੂਟਿੰਗ ਜਪਾਨ ਵਿਚ ਕੀਤੀ।
ਫ਼ਿਲਮਾਂ ਤੋਂ ਇਲਾਵਾ ਹੋਰ ਕੀਤੇ ਕੰਮ ?
ਮੈਂ ਫ਼ਿਲਮਾਂ ਤੋਂ ਇਲਾਵਾ ਪੰਜਾਬੀ-ਹਿੰਦੀ ਸੀਰੀਅਲ, ਲਘੂ-ਫ਼ਿਲਮਾਂ, ਗੀਤ ਆਦਿ ਕੀਤੇ ਹਨ। ਮੈਂ ਦੋ ਲਘੂ ਫ਼ਿਲਮਾਂ `ਧੀਆਂ ਰੌਣਕ ਵਿਹੜੇ ਦੀ` ਤੇ `ਸਾਨੂੰ ਜਿਉਣ ਦਾ ਹੱਕ ਦਿਓ` ਲਿਖੀਆਂ ਤੇ ਨਿਰਦੇਸ਼ਤ ਕੀਤੀਆਂ ਹਨ। ਮੈਂ ਅਲੱਗ-ਅਲੱਗ ਮਸਲਿਆਂ `ਤੇ ਇਕ ਕਿਤਾਬ `ਵਿਰਾਸਤੀ ਪੈੜਾਂ` ਵੀ ਲਿਖੀ ਹੈ।
ਅਦਾਕਾਰੀ ਦੌਰਾਨ ਵਿਦੇਸ਼ ਯਾਤਰਾ ਵੀ ਕੀਤੀ ਹੋਵੇਗੀ ?
ਹਾਂਜੀ ਮੈਂ ਸਿੰਘਾਪੁਰ, ਕਨੇਡਾ, ਅਮਰੀਕਾ, ਮਲੇਸ਼ੀਆ ਆਦਿ ਜਗ੍ਹਾ `ਤੇ ਸ਼ੂਟਿੰਗ ਕਰ ਚੁੱਕਾ ਹਾਂ। ਜਲਦੀ ਹੀ ਆਸਟੇ੍ਰਲੀਆ ਜਾਣ ਦੀ ਤਿਆਰੀ ਹੈ।
ਸਮਾਜਿਕ ਗਤੀਵਿਧੀਆਂ ?
ਸਵਰਨ ਸਿੰਘ ਭੰਗੂ ਨਾਲ ਮਿਲ ਕੇ ਸੰਸਥਾ `ਚੇਤਨਾ ਕਲਾ ਮੰਚ ਚਮਕੌਰ ਸਾਹਿਬ` ਬਣਾਈ। ਪਿਛਲੇ 23-24 ਸਾਲਾਂ ਤੋਂ ਇਸ ਸੰਸਥਾ ਹੇਠ ਪਿੰਡਾਂ, ਕਾਲਜਾਂ ਅਤੇ ਵਿਦੇਸ਼ਾਂ ਵਿਚ ਨਾਟਕ ਕਰਦੇ ਆ ਰਹੇ ਹਾਂ। ਮੈਂ ਕਬੱਡੀ ਦਾ ਖਿਡਾਰੀ ਵੀ ਰਿਹਾ ਹਾਂ। ਪੰਜਾਬ ਲੈਵਲ ਤੱਕ ਕਬੱਡੀ ਖੇਡੀ ਹੈ। ਯੂਥ ਕਲੱਬ ਦਾ ਪ੍ਰਧਾਨ ਵੀ ਰਿਹਾ। `ਆਦਰਸ਼ ਐਜੂਕੇਸ਼ਨਲ ਟਰੱਸਟ` ਵਿਚ ਅਸੀਂ ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰਦੇ ਹਾਂ। ਖੂਨਦਾਨ ਕੈਂਪ ਵੀ ਲਗਾਉਂਦੇ ਹਾਂ।
31842022_1059851917503422_6835292120593465344_nਪੰਜਾਬੀ ਫ਼ਿਲਮਾਂ ਦੇ ਮਿਆਰ ਬਾਰੇ ਕੀ ਕਹੋਗੇ ਅਤੇ ਇਸ ਵਿਚ ਹੋਰ ਕੀ ਵਧੀਆ ਹੋ ਸਕਦਾ ਹੈ ?
ਪੰਜਾਬੀ ਸਿਨੇਮਾ ਨੇ ਬਹੁਤ ਗੋ੍ਰਥ ਕੀਤੀ ਹੈ। ਪੰਜਾਬੀ ਸਿਨੇਮਾ ਨੂੰ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਜਦੋਂ ਵੀ ਪੰਜਾਬੀ ਸਿਨੇਮਾ ਵਿਚ ਇਤਿਹਾਸ ਨਾਲ ਜੁੜੀ ਕੋਈ ਫ਼ਿਲਮ ਬਣੀ ਹੈ ਤਾਂ ਲੋਕਾਂ ਉਸ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਅਜੇ ਵੀ ਕੁਝ ਅਜਿਹੇ ਵਿਸ਼ੇ ਹਨ, ਜਿਨ੍ਹਾਂ ਤੇ ਪੰਜਾਬੀ ਫ਼ਿਲਮਾਂ ਬਣਾਉਣ ਦੀ ਲੋੜ ਹੈ। ਜੇ ਗੈਂਗਸਟਰਾਂ `ਤੇ ਫ਼ਿਲਮਾਂ ਬਣ ਸਕਦੀਆਂ ਹਨ ਤਾਂ ਇੱਥੇ ਸ਼ਰੇਆਮ ਕੁੜੀਆਂ ਦੇ ਮੂੰਹਾਂ `ਤੇ ਤੇਜ਼ਾਬ ਸੁੱਟਣ ਵਰਗੇ ਔਰਤਾਂ ਦੇ ਸ਼ੋਸ਼ਣ ਜਿਹੇ ਵਿਸ਼ੇ ਕਿਉਂ ਨਹੀਂ ਲਏ ਜਾਂਦੇ।
ਪੰਜਾਬੀ ਫ਼ਿਲਮਾਂ ਅਸਲੀਅਤ ਦੇ ਨੇੜੇ ਦੀਆਂ ਹੋਣੀਆਂ ਚਾਹੀਦੀਆਂ ਹਨ। ਜਦੋਂ ਕਿਤੇ ਕੋਈ ਐਕਟਿੰਗ ਦੀਆਂ ਕਲਾਸਾਂ ਲੱਗਦੀਆਂ ਹਨ ਤਾਂ ਮੈਨੂੰ ਬੁਲਾਉਂਦੇ ਹਨ ਕਿ ਆ ਕੇ ਬੱਚਿਆਂ ਨੂੰ ਐਕਟਿੰਗ ਬਾਰੇ ਕੁਝ ਦੱਸੋ ਤਾਂ ਮੈਂ ਉਦੋਂ ਵੀ ਕਹਿੰਨਾ ਹੁੰਦਾ ਕਿ ਸਿਨੇਮਾ ਇਕ ਜਿੰਮੇਵਾਰ ਲੋਕਾਂ ਦਾ ਕੰਮ ਹੈ। ਸਿਨੇਮਾ ਯੁੱਗ ਬਦਲ ਸਕਦਾ ਹੈ। ਪੰਜਾਬ ਦਾ ਸਾਹਿਤ ਬਹੁਤ ਕਮਾਲ ਦਾ ਹੈ। ਅੱਜ ਦੀ ਨੌਜਵਾਨ ਪੀੜੀ ਸਾਹਿਤ ਨਹੀਂ ਪੜ੍ਹਦੀ। ਇਸ ਲਈ ਸਿਨੇਮਾ ਇਕ ਅਜਿਹਾ ਸਾਧਨ ਹੈ, ਜਿਸ ਜ਼ਰੀਏ ਪੰਜਾਬੀ ਸਾਹਿਤ ਨੌਜਵਾਨਾਂ ਤੱਕ ਪਹੁੰਚ ਸਕਦਾ ਹੈ। ਚਾਰ ਸਾਹਿਬਜ਼ਾਦੇ, ਸੱਜਣ ਸਿੰਘ ਰੰਗਰੂਟ,ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਹੋਰ ਅਨੇਕਾਂ ਫ਼ਿਲਮਾਂ ਇਸ ਗੱਲ ਦੀਆਂ ਉਦਾਹਰਣ ਹਨ।
ਲੋਕ ਅੱਜ ਹਿੰਦੀ ਫ਼ਿਲਮਾਂ ਨੂੰ ਛੱਡ ਕੇ ਪੰਜਾਬੀ ਫ਼ਿਲਮਾਂ ਨੂੰ ਤਰਜ਼ੀਹ ਦੇ ਰਹੇ ਹਨ, ਸਾਨੂੰ ਇਸ ਨੂੰ ਸਥਿਰ ਰੱਖਣਾ ਪਵੇਗਾ। ਪੰਜਾਬੀ ਫ਼ਿਲਮਾਂ ਬਣਾਉਣ ਵਾਲਿਆਂ ਵਿਚ ਬਹੁਤਿਆਂ ਦਾ ਪੰਜਾਬੀ ਕਲਚਰ ਨਾਲ ਵਾਹ-ਵਾਸਤਾ ਨਹੀਂ ਹੁੰਦਾ। ਪੰਜਾਬੀ ਫ਼ਿਲਮਾਂ `ਚੋਂ ਆਪਣੇ ਕਲਚਰ ਦੀ ਖੁਸ਼ਬੂ ਆਉਣੀ ਚਾਹੀਦੀ ਹੈ, ਤਾਂ ਜੋ ਉਹ ਦਰਸ਼ਕਾਂ ਨੂੰ ਆਪਣੇ ਨਾਲ ਜੋੜੇ। ਜਿਵੇਂ ਫ਼ਿਲਮ `ਰੱਬ ਦਾ ਰੇਡੀਓ` ਨਨਾਣ-ਭਰਜਾਈ ਵਰਗੇ ਇਕ ਵੱਖਰੇ ਰਿਸ਼ਤੇ `ਤੇ ਬਣੀ ਹੈ।

ਅੱਜ ਕੱਲ੍ਹ ਵੱਖ-ਵੱਖ ਚੈਨਲਾਂ `ਤੇ ਚੱਲ ਰਹੇ ਬੇਤੁੱਕੇ ਪੰਜਾਬੀ ਗਾਣਿਆਂ ਬਾਰੇ ਕੀ ਕਹੋਗੇ ?
ਅਜਿਹੇ ਗਾਣੇ ਬਣਾਉਣ ਵਾਲਿਆਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਅੱਜ ਕੱਲ੍ਹ ਤਾਂ ਇਹੀ ਕੁਝ ਚੱਲਦਾ, ਉਨ੍ਹਾਂ ਦੀ ਇਹ ਗੱਲ ਬਿਲਕੁਲ ਗਲਤ ਹੈ। ਲੋਕ ਚੰਗਾ ਵੀ ਸੁਣਦੇ ਨੇ, ਤੁਸੀਂ ਸੁਣਾਓ ਤਾਂ ਸਹੀ। ਗੀਤਾਂ ਵਿਚ ਅਸ਼ਲੀਲਤਾ ਬਹੁਤ ਮਾੜੀ ਗੱਲ ਹੈ, ਇਸ ਸਭ ਕਰਕੇ ਹੀ ਅੱਜ ਕੱਲ੍ਹ ਲੋਕ ਕਦਰਾਂ-ਕੀਮਤਾਂ ਨਾਲੋਂ ਟੁੱਟਦੇ ਜਾ ਰਹੇ ਨੇ, ਰਿਸ਼ਤੇ ਖੇਰੂੰ-ਖੇਰੂੰ ਹੋ ਰਹੇ ਨੇ।

ਆਉਣ ਵਾਲੇ ਨਵੇਂ ਪੋ੍ਰਜੈਕਟ ?
ਪੰਜਾਬੀ ਫ਼ਿਲਮਾਂ ਦਾਣਾ-ਪਾਣੀ, ਆਸੀਸ, ਪ੍ਰਾਹੁਣਾ, ਢੋਲ ਰੱਤੀ ।

ਕੋਈ ਖਾਸ ਖੁਸ਼ੀ ਦੇ ਪਲ, ਜੋ ਪੰਜਾਬੀ ਸਕਰੀਨ ਦੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੋ ?
ਮੇਰੇ ਲਈ ਖਾਸ ਖੁਸ਼ੀ ਦੇ ਪਲ ਉਹ ਹੁੰਦੇ ਹਨ, ਜਦੋਂ ਕੋਈ ਪੰਜਾਬੀ ਫ਼ਿਲਮ ਰਿਲੀਜ਼ ਹੁੰਦੀ ਹੈ। ਚਾਹੇ ਉਸ ਫ਼ਿਲਮ ਵਿਚ ਮੈਂ ਹੋਵਾਂ ਜਾਂ ਨਾ ਹੋਵਾਂ ਪਰ ਮੈਂ ਫ਼ਿਲਮ ਰਿਲੀਜ਼ ਵਾਲੇ ਦਿਨ ਆਪਣੇ ਇਲਾਕੇ ਵਿਚ ਲੱਡੂ ਜ਼ਰੂਰ ਵੰਡਦਾ ਹੈ। ਫ੍ਰੀ ਟਿਕਟਾਂ ਦੇ ਕੇ ਲੋਕਾਂ ਨੂੰ ਫ਼ਿਲਮ ਵਿਖਾਈਦੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਵਿਚ ਪੰਜਾਬੀ ਫ਼ਿਲਮਾਂ ਥੀਏਟਰ ਵਿਚ ਜਾ ਕੇ ਵੇਖਣ ਪ੍ਰਤੀ ਰੁਚੀ ਪੈਦਾ ਹੋਵੇ। ਹਰ ਪੰਜਾਬੀ ਫ਼ਿਲਮ ਨੂੰ ਪ੍ਰਮੋਟ ਕਰੀਦਾ ਹੈ।

ਇਸ ਖੇਤਰ ਵਿਚ ਆਉਣ ਵਾਲੇ ਸਿੱਖ ਨੌਜਵਾਨਾਂ ਨੂੰ ਕੋਈ ਸੰਦੇਸ਼ ?
ਜ਼ਿੰਦਗੀ ਸਭ ਨੂੰ ਇਕ ਮੌਕਾ ਜ਼ਰੂਰ ਦਿੰਦੀ ਹੈ। ਅਦਾਕਾਰੀ ਖੇਤਰ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਜਦੋਂ ਵੀ ਇਸ ਖੇਤਰ ਵਿਚ ਆਓ, ਬਕਾਇਦਾ ਸਿੱਖ ਕੇ ਆਓ ਤਾਂ ਕਿ ਤੁਹਾਨੂੰ ਘੱਟ ਸੰਘਰਸ਼ ਕਰਨਾ ਪਵੇ। ਸਿੱਖ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਜੇ ਤੁਹਾਡੇ ਮਨ ਵਿਚ ਜਜ਼ਬਾ ਹੈ ਕੁਝ ਕਰਨ ਦਾ, ਆਪਣੀ ਪਹਿਚਾਣ ਬਣਾਉਣ ਦਾ ਤਾਂ ਜ਼ਰੂਰੀ ਨਹੀਂ ਕਿ ਵਾਲ ਜਾਂ ਦਾੜ੍ਹੀ ਕਟਵਾ ਕੇ ਹੀ ਹੋ ਸਕਦਾ ਹੈ। ਸਾਬਤ-ਸੂਰਤ ਸਿੱਖ ਰਹਿ ਕੇ ਵੀ ਇਸ ਖੇਤਰ ਵਿਚ ਆਪਣਾ ਨਾਂਅ ਬਣਾ ਸਕਦੇ ਹੋ ਅਤੇ ਜਸਪਾਲ ਭੱਟੀ ਇਕ ਵੱਡੀ ਉਦਹਾਰਣ ਹੈ।

Comments & Suggestions

Comments & Suggestions

About the author

Daljit Arora