Articles & Interviews

ਆਮ ਇਨਸਾਨ ਦੇ ਸੰਘਰਸ਼ ਦੀ ਕਹਾਣੀ ਹੈ ਹਰਜੀਤਾ – ਐਮੀ ਵਿਰਕ

Written by Daljit Arora

ਵਿਸ਼ੇਸ਼ ਮੁਲਾਕਾਤ   

ਛੈਲ-ਛਬੀਲਾ ਸੋਹਣਾ ਗੱਭਰੂ ਪੋਚਵੀਂ ਬੰਨਦਾ ਪੱਗ,as copy
ਸਿੱਧਾ-ਸਾਦਾ ਜੱਟ ਪੰਜਾਬੀ, ਜਾਂਦਾ ਦਿਲ ਨੂੰ ਠੱਗ।
ਰੱਬ ਨੇ ਕਲਾ ਅਦੁੱਤੀ ਬਖ਼ਸ਼ੀ `ਤੇ ਮਿਲੀ ਵਿਰਸੇ ਵਿਚ ਸਰਦਾਰੀ,
ਗਾਇਕੀ ਅਤੇ ਅਦਾਕਾਰੀ ਵਿਚ ਐਮੀ ਵਿਰਕ ਪੈਂਦਾ ਹੈ ਭਾਰੀ।
`ਯਾਰਾਂ ਦੀ ਨੰ: ਵੰਨ ਯਾਰੀ` ਨੂੰ ਸਭ ਨੇ ਬਹੁਤ ਸਲਾਹਿਆ,
ਮੇਜ਼ਬਾਨ ਜਦ ਬਣਕੇ ਉਹ `ਪਿਟਾਰਾ` ਚੈਨਲ `ਤੇ ਆਇਆ।
ਦੀਪ ਗਿੱਲ ਨੇ ਕੀਤੀ ਉਸ ਨਾਲ ‘ਹਰਜੀਤਾ’ ਬਾਰੇ ਮੁਲਾਕਾਤ,
`ਪੰਜਾਬੀ ਸਕਰੀਨ` ਦੇ ਰਾਹੀਂ ਪਾਈਏ, ਆਓ ਉਸਦੀ ਜ਼ਿੰਦਗੀ `ਤੇ ਇਕ ਝਾਤ।

ਨਿਰਮਾਤਾ ਨਿਕ ਬਹਿਲ, ਮੁਨੀਸ਼ ਸਾਹਨੀ, ਭੂਸ਼ਨ ਕੇ ਚੋਪੜਾ ਅਤੇ ਭਗਵੰਤ ਵਿਰਕ ਵੱਲੋਂ ਤਿਆਰ ਕੀਤੀ ਗਈ ਫ਼ਿਲਮ `ਹਰਜੀਤਾ` ਦੀ ਰਿਲੀਜ਼ ਨੂੰ ਲੈ ਕੇ `ਪੰਜਾਬੀ ਸਕਰੀਨ` ਅਦਾਰੇ ਦੀ ਚੰਡੀਗੜ੍ਹ ਤੋਂ ਵਿਸ਼ੇਸ਼ ਫ਼ਿਲਮ ਜਰਨਲਿਸਟ ਦੀਪ ਗਿੱਲ ਪਾਂਘਲੀਆ ਨਾਲ ਫ਼ਿਲਮ ਦੇ ਹੀਰੋ ਗਾਇਕ ਅਤੇ ਅਦਾਕਾਰ ਐਮੀ ਵਿਰਕ ਨਾਲ ਇਕ ਖਾਸ ਮੁਲਾਕਾਤ ਹੋਈ, ਪੇਸ਼ ਹਨ ਇਸ ਦੇ ਕੁਝ ਵਿਸ਼ੇਸ਼ ਦਿਲਚਸਪ ਅੰਸ਼!
ਸਤਿ ਸ੍ਰੀ ਅਕਾਲ ਐਮੀ ਜੀ। ਸਭ ਤੋਂ ਪਹਿਲਾਂ ਮੈਂ ਅਦਾਰਾ `ਪੰਜਾਬੀ ਸਕਰੀਨ` ਵੱਲੋਂ, ਆਪਣੇ ਸਾਰੇ ਪਾਠਕਾਂ ਤੇ ਮੇਰੇ ਵੱਲੋਂ ਤੁਹਾਡੀ 18 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ `ਹਰਜੀਤਾ` ਲਈ ਸ਼ੁਭ ਕਾਮਨਾਵਾਂ ਦਿੰਦੀ ਹਾਂ।
ਸਤਿ ਸ੍ਰੀ ਅਕਾਲ ਜੀ। ਬਹੁਤ-ਬਹੁਤ ਮਿਹਰਬਾਨੀ।

ਆਪਣੇ ਪਿਛੋਕੜ੍ਹ ਬਾਰੇ ਕੁਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰੋ ?
ਮੇਰਾ ਪਿੰਡ ਲੁਹਾਰਮਾਜਰਾ, ਤਹਿਸੀਲ ਨਾਭਾ ਤੇ ਜ਼ਿਲ੍ਹਾ ਪਟਿਆਲਾ `ਚ ਪੈਂਦਾ ਹੈ। ਮੈਂ ਪਿੰਡ ਹੀ ਜੰਮਿਆ-ਪਲਿਆ ਹਾਂ।

ਤੁਸੀਂ ਪੜ੍ਹਾਈ ਕਿੱਥੋਂ ਕੀਤੀ ?
ਮੈਂ 10ਵੀਂ ਆਪਣੇ ਨਾਲ ਦੇ ਪਿੰਡੋਂ ਕੀਤੀ। 11ਵੀਂ-12ਵੀਂ ਨਾਭੇ ਤੋਂ ਅਤੇ ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਤੇ ਹੁਣ ਚੰਡੀਗੜ੍ਹ `ਚ ਹੀ ਰਹਿ ਰਿਹਾ ਹਾਂ।

ਸੰਗੀਤਕ ਅਤੇ ਅਦਾਕਾਰੀ ਦੀ ਸਿੱਖਿਆ ਕਿੱਥੋਂ ਲਈ ?
ਮੈਨੂੰ ਗਾਉਣ ਅਤੇ ਅਦਾਕਾਰੀ ਦੀ ਦਾਤ ਰੱਬ ਵੱਲੋਂ ਮਿਲੀ ਹੈ। ਮੈਂ ਕਿਤੋਂ ਵੀ ਕੋਈ ਟੇ੍ਰਨਿੰਗ ਨਹੀਂ ਲਈ। ਸਭ ਕੁਦਰਤ ਦੀ ਬਖ਼ਸ਼ਿਸ਼ ਹੈ। ਮੈਂ ਅਦਾਕਾਰੀ ਸਹਿਜ-ਸੁਭਾਅ ਹੀ ਕਰਦਾ ਹਾਂ।

ਕਲਾਕਾਰੀ ਦੇ ਖੇਤਰ ਵਿਚ ਆਉਣਾ ਤੁਹਾਡਾ ਸੁਪਨਾ ਸੀ ਜਾਂ ਇਹ ਵੀ ਕੁਦਰਤਨ ?
ਮੇਰਾ ਸ਼ੌਕ ਮੈਨੂੰ ਗਾਇਕੀ ਤੇ ਉਸ ਤੋਂ ਬਾਅਦ ਅਦਾਕਾਰੀ ਵੱਲ ਲੈ ਗਿਆ।

ਅਮਨਿੰਦਰਪਾਲ ਸਿੰਘ ਤੋਂ ਐਮੀ ਵਿਰਕ ਤੱਕ ਦੇ ਸਫ਼ਰ ਬਾਰੇ ਕੀ ਕਹੋਗੇ ?
ਮੈਂ ਇਹ ਸਫ਼ਰ ਸ਼ੌਕ ਤੋਂ ਸ਼ੁਰੂ ਕੀਤਾ ਸੀ। ਹੌਲੀ-ਹੌਲੀ ਇਕ ਐਲਬਮ, ਫੇਰ ਸਿੰਗਲ ਟਰੈਕ ਤੋਂ ਹੁੰਦਾ ਹੋਇਆ, ਇਕ ਫ਼ਿਲਮ `ਚ ਗੈਸਟ ਰੋਲ ਕਰਨ ਤੇ ਫਿਰ ਲੀਡ ਰੋਲ ਵਿਚ ਫ਼ਿਲਮਾਂ ਕਰਨ ਲੱਗਾ। ਇਹ ਸਭ ਬਹੁਤ ਹੀ ਸਹਿਜਤਾ ਨਾਲ ਆਪਣੇ-ਆਪ ਹੀ ਕਦੋਂ ਹੋ ਗਿਆ, ਮੈਂ ਅਮਨਿੰਦਰਪਾਲ ਸਿੰਘ ਕਦੋਂ ਐਮੀ ਵਿਰਕ ਬਣ ਗਿਆਂ, ਮੈਨੂੰ ਵੀ ਪਤਾ ਨਹੀਂ ਲੱਗਿਆ।

ਗਾਇਕੀ ਜਾਂ ਅਦਾਕਾਰੀ ਦੋਵਾਂ ਵਿੱਚੋਂ ਕਿਸ ਖੇਤਰ `ਚ ਕੰਮ ਕਰਕੇ ਤੁਹਾਡੇ ਅੰਦਰਲਾ ਕਲਾਕਾਰ ਸੰਤੁਸ਼ਟ ਹੈ ?
ਫ਼ਿਲਮਾਂ ਵਿਚ ਅਦਾਕਾਰੀ ਕਰਕੇ, ਕਿਉਂ ਕਿ ਫ਼ਿਲਮਾਂ ਵਿਚ ਅਦਾਕਾਰੀ ਦੇ ਨਾਲ ਗਾਇਕੀ, ਸੰਗੀਤ ਸਭ ਕੁਝ ਆ ਜਾਂਦਾ ਤੇ ਦੋਵੇਂ ਕੰਮ ਇੱਕੋ ਪਲੇਟਫਾਰਮ `ਤੇ ਇੱਕੋ ਸਮੇਂ ਕਰਨ ਨੂੰ ਮਿਲ ਜਾਂਦੇ ਹਨ।

ਤੁਹਾਡਾ ਕੋਈ ਮਨਪਸੰਦ ਗੀਤ ਜਾਂ ਫ਼ਿਲਮ ਵਿਚਲਾ ਕਿਰਦਾਰ ?
ਸਾਰੇ ਗੀਤ ਤੇ ਸਾਰੀਆਂ ਫ਼ਿਲਮਾਂ ਵਿਚ ਨਿਭਾਏ ਕਿਰਦਾਰ ਮੇਰੇ ਦਿਲ ਦੇ ਨੇੜੇ ਹਨ।

ਹੁਣ ਗੱਲ ਕਰਦੇ ਹਾਂ ਤੁਹਾਡੀ ਆਉਣ ਵਾਲੀ ਫ਼ਿਲਮ `ਹਰਜੀਤਾ` ਬਾਰੇ। ਇਸ ਫ਼ਿਲਮ ਲਈ ਤੁਸੀਂ ਕਾਫ਼ੀ ਮਿਹਨਤ ਕੀਤੀ ਲੱਗਦੀ ਹੈ etਅਤੇ ਆਪਣਾ ਭਾਰ ਵੀ ਘਟਾਇਆ, ਉਹ ਵੀ ਛੇ ਮਹੀਨੇ `ਚ। ਕਿੰਨਾ ਕੁ ਔਖਾ ਲੱਗਿਆ ?
ਮੈਂ ਛੇ ਮਹੀਨੇ `ਚ 22 ਕਿੱਲੋ ਭਾਰ ਘਟਾਇਆ ਪਰ ਇਹ ਬਹੁਤ ਸੌਖਾ ਕੰਮ ਹੈ। ਬਸ ਰੋਟੀ ਖਾਣੀ ਬੰਦ ਕਰਨੀ ਹੈ ਤੇ ਐਕਸਰਸਾਈਜ਼ ਕਰਨੀ ਹੈ। ਜਦੋਂ ਭਾਰ ਘੱਟ ਜਾਂਦਾ, ਤੁਸੀਂ ਹੌਲੇ ਫੁੱਲ ਹੋ ਜਾਂਦੇ ਹੋ, ਚੁਸਤ-ਫੁਰਤ ਹੋ ਜਾਂਦੇ ਹੋ, ਇਸ ਲਈ ਆਪਣੇ ਸਰੀਰ ਲਈ ਕੁਝ ਚੰਗੀਆਂ ਆਦਤਾਂ ਸ਼ੌਕ ਨਾਲ ਅਪਣਾ ਲੈਣੀਆਂ ਚਾਹੀਦੀਆਂ, ਨਾਲੇ ਆਪਾਂ ਕਿਸੇ ਲਈ ਥੋੜ੍ਹਾ ਕਰਨਾ, ਆਪਣੇ ਲਈ ਹੀ ਤਾਂ ਕਰਨਾ ਹੈ। ਸੋ ਮੈਨੂੰ ਬਿਲਕੁਲ ਔਖਾ ਕੰਮ ਨਹੀਂ ਲੱਗਿਆ ਭਾਰ ਘਟਾਉਣਾ। ਸਾਰਿਆਂ ਨੂੰ ਭਾਰ ਘਟਾਉਣਾ ਚਾਹੀਦਾ ਫਿੱਟ ਹੋਣ ਲਈ।

ਇਹ ਫ਼ਿਲਮ ਹਾਕੀ ਖੇਡ ਨਾਲ ਜੁੜੀ ਹੈ, ਕੀ ਤੁਸੀਂ ਹਾਕੀ ਖੇਡਣਾ ਸਿੱਖਿਆ ?
ਹਾਂਜੀ 3 ਕੁ ਮਹੀਨੇ ਲਾਏ ਮੈਂ ਚੰਡੀਗੜ੍ਹ ਦੇ 42 ਸਟੇਡੀਅਮ `ਹਾਕੀ ਕਲੱਬ` `ਚ ਅਤੇ ਮੈਂ ਰਵਿੰਦਰ ਸਰ ਤੋਂ ਕੋਚਿੰਗ ਲਈ।

ਤੁਹਾਡੀ ਫ਼ਿਲਮ `ਹਰਜੀਤਾ` ਹਰਜੀਤ ਸਿੰਘ ਨਾਮ ਦੇ ਹਾਕੀ ਪਲੇਅਰ ਦੀ ਕਹਾਣੀ ਹੈ। ਇਕ ਆਮ ਫ਼ਿਲਮ ਨਾਲੋਂ ਬਾਇਓਪਿਕ ਫ਼ਿਲਮ ਵਿਚ ਕੰਮ ਕਰਨਾ ਕਿਵੇਂ ਲੱਗਿਆ ?
ਆਮ ਫ਼ਿਲਮਾਂ ਵਿਚ ਕਾਫ਼ੀ ਖੁੱਲ੍ਹ ਹੁੰਦੀ ਹੈ। ਆਪਣੀ ਮਰਜ਼ੀ ਨਾਲ ਕਿਤੇ ਵੀ ਕੋਈ ਡਾਇਲਾਗ਼ ਜਾਂ ਹਾਸਾ-ਠੱਠਾ ਪਾ ਸਕਦੇ ਹਾਂ ਪਰ ਇਸ ਫ਼ਿਲਮ ਦਾ ਕਿਰਦਾਰ ਬਹੁਤ ਸੰਜੀਦਾ ਹੈ, ਘੱਟ ਬੋਲਦਾ ਹੈ ਤੇ ਉਸ ਕਿਰਦਾਰ ਨਾਲ ਇਨਸਾਫ਼ ਕਰਨ ਲਈ ਉਸ ਨੂੰ ਮਜਬੂਤੀ ਨਾਲ ਫੜ੍ਹ ਕੇ ਰੱਖਣਾ ਹੁੰਦਾ। ਬੇਵਜ੍ਹਾ ਕੋਈ ਗੀਤ ਜਾਂ ਡਾਇਲਾਗ਼ ਨਹੀਂ ਪਾ ਸਕਦੇ। ਇਸ ਲਈ ਬਾਇਓਪਿਕ ਵਿਚ ਲਿਮੀਟੇਸ਼ਨਜ਼ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਇਹ ਆਮ ਫ਼ਿਲਮ ਨਾਲੋਂ ਕਾਫ਼ੀ ਔਖਾ ਕੰਮ ਹੈ।

ਪਿੱਛੇ ਜਿਹੇ ਹਾਕੀ ਨਾਲ ਸਬੰਧਿਤ ਫ਼ਿਲਮ ਆਈ ਸੀ `ਖਿੱਦੋ ਖੂੰਡੀ`, ਜੋ ਕਿ ਦਰਸ਼ਕਾਂ ਦੇ ਦਿਲ `ਤੇ ਅਸਰ ਨਹੀਂ ਕਰ ਸਕੀ ? ਕੀ ਤੁਹਾਡੀ ਫ਼ਿਲਮ `ਤੇ ਇਸ ਦਾ ਕੋਈ ਅਸਰ ਪੈ ਸਕਦਾ। ਕੀ ਤੁਹਾਡੀ ਫ਼ਿਲਮ ਦਰਸ਼ਕਾਂ ਦੇ ਦਿਲਾਂ `ਚ ਹਾਕੀ ਪ੍ਰਤੀ ਪਿਆਰ ਦੀ ਹਿੱਟ ਮਾਰ ਸਕੇਗੀ ?
ਹਰ ਫ਼ਿਲਮ ਨੇ ਆਪਣਾ ਕੰਮ ਕਰਨਾ ਹੁੰਦਾ ਹੈ। ਸਾਡੀ ਇਸ ਫ਼ਿਲਮ `ਤੇ ਕਿਸੇ ਫ਼ਿਲਮ ਦਾ ਅਸਰ ਨਹੀਂ ਪੈਣਾ, ਕਿਉਂ ਕਿ `ਹਰਜੀਤਾ` ਇਕ ਆਮ ਇਨਸਾਨ ਦੇ ਸੰਘਰਸ਼ ਦੀ ਕਹਾਣੀ ਹੈ, ਜੋ ਕਿ ਸਾਧਨਾਂ ਦੀ ਘਾਟ ਦੇ ਬਾਵਜੂਦ ਵੀ ਆਪਣਾ ਮੁਕਾਮ ਹਾਸਲ ਕਰਦਾ ਹੈ। ਇਸ ਫ਼ਿਲਮ ਵਿਚ ਹਾਕੀ ਦੇ ਨਾਲ ਇਕ ਦ੍ਰਿੜ ਇਰਾਦੇ ਵਾਲੇ ਸ਼ਖ਼ਸ ਦਾ ਸੰਘਰਸ਼ਮਈ ਜੀਵਨ ਹੈ ਅਤੇ ਇਹ ਫ਼ਿਲਮ ਬਹੁਤ ਮਹਿੰਗੀ ਬਣੀ ਹੈ। ਬਹੁਤ ਮਿਹਨਤ ਵੀ ਕੀਤੀ ਹੈ ਸਾਰੀ ਟੀਮ ਨੇ ਤੇ ਜ਼ਰੂਰ ਬਹੁਤ ਵਧੀਆ ਹੁੰਗਾਰਾ ਇਸ ਫ਼ਿਲਮ ਨੂੰ ਮਿਲੇਗਾ।

`ਹਰਜੀਤਾ` ਦੇ ਮਿਊਜ਼ਿਕ ਤੇ ਸਟਾਰਕਾਸਟ ਬਾਰੇ ਕੁਝ ਜਾਣਕਾਰੀ ਦਿਓ ?
ਇਹ ਫ਼ਿਲਮ ਜਗਦੀਪ ਸਿੰਘ ਸਿੱਧੂ ਵੀਰੇ ਨੇ ਲਿਖੀ ਹੈ ਵਿਜੈ ਕੁਮਾਰ ਅਰੋੜਾ ਜੀ ਨੇ ਡਾਇਰੈਕਟ ਕੀਤੀ ਹੈ । ਇਸ ਵਿਚ ਜ਼ਿਆਦਾ ਮਿਊਜ਼ਿਕ ਨਹੀਂ, ਤਿੰਨ ਜਾਂ ਚਾਰ ਗਾਣੇ ਨੇ, ਜਿਨ੍ਹਾਂ ਦਾ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਬਾਇਓਪਿਕ ਕਰਕੇ ਸੰਗੀਤ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ। ਬੈਕਗਰਾਊਂਡ ਮਿਊਜ਼ਿਕ ਵਧੀਆ ਹੈ। ਮੇਰੇ ਤੋਂ ਇਲਾਵਾ ਸਾਵਨ ਰੂਪੋਵਾਲੀ, ਸਮੀਪ ਸਿੰਘ, ਪੰਕਜ ਤ੍ਰਿਪਾਠੀ, ਰਾਜ ਝਿੰਜਰ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਦੂ, ਸੁੱਖੀ ਚਾਹਲ ਅਤੇ ਜਰਨੈਲ ਸਿੰਘ ਆਦਿ ਨੇ ਫ਼ਿਲਮ ਵਿਚ ਅਦਾਕਾਰੀ ਕੀਤੀ ਹੈ।

`ਪਿਟਾਰਾ ਚੈਨਲ` `ਤੇ ਤੁਹਾਡਾ ਸ਼ੋਅ `ਯਾਰਾਂ ਦੀ ਨੰਬਰ 1 ਯਾਰੀ` ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ? ਗਾਇਕੀ, ਅਦਾਕਾਰੀ ਤੋਂ ਵੱਲ ਮੇਜ਼ਬਾਨੀ ਵੱਲ, ਕਿਵੇਂ ?
`ਪਿਟਾਰਾ ਚੈਨਲ` ਦੇ ਮਾਲਕ ਰਾਕੇਸ਼ ਬਾਂਸਲ ਜੀ ਮੇਰੇ ਦੋਸਤ ਹਨ ਤੇ ਉਨ੍ਹਾਂ ਦੇ ਕਹਿਣ `ਤੇ ਮੈਂ ਇਸ ਸ਼ੋਅ ਦੀ ਮੇਜ਼ਬਾਨੀ ਸਵੀਕਾਰ ਕੀਤੀ। ਬਾਕੀ ਮੈਂ ਵਿਹਲਾ ਨਹੀਂ ਬੈਠਦਾ ਤੇ ਮੇਰੀ ਇਹ ਆਦਤ ਵੀ ਮੇਜ਼ਬਾਨੀ ਕਰਨ ਦਾ ਸਬੱਬ ਹੋ ਸਕਦੀ ਹੈ।

ਤੁਹਾਡੇ ਆਉਣ ਵਾਲੇ ਰੁਝੇਵੇਂ ?
ਜਲਦੀ ਹੀ ਮੇਰਾ ਇਕ ਸਿੰਗਲ ਟਰੈਕ ਆ ਰਿਹਾ ਹੈ ਤੇ ਉਸ ਤੋਂ ਬਾਅਦ ਇਕ ਫ਼ਿਲਮ ਆ ਰਹੀ ਹੈ `ਕਿਸਮਤ`।

ਵਿਹਲੇ ਸਮੇਂ ਨੂੰ ਕਿਵੇਂ ਬਿਤਾਉਂਦੇ ਹੋ ?
ਵਿਹਲੇ ਸਮੇਂ ਜਿੰਮ ਜਾਈਦਾ ਹੈ ਤੇ ਨੀਂਦਰਾਂ ਪੂਰੀਆਂ ਕਰੀਦੀਆਂ ਹਨ।

ਐਮੀ ਵਿਰਕ ਦੀ ਕੋਈ ਅਜਿਹੀ ਆਦਤ, ਜੋ ਖ਼ੁਦ ਐਮੀ ਵਿਰਕ ਨੂੰ ਪਸੰਦ ਨਹੀਂ ?
(ਕੁਝ ਸੋਚਣ ਤੋਂ ਬਾਅਦ) ਆਲਸ ! ਮੈਂ ਕਦੀ-ਕਦੀ ਉੱਠਣ ਵਿਚ ਆਲਸ ਕਰ ਜਾਂਦਾ ਹਾਂ ਕਿ ਥੋੜ੍ਹਾ ਹੋਰ ਸੌਂ ਲਵੋ।

ਅਜੋਕੇ ਪੰਜਾਬੀ ਸੰਗੀਤ ਬਾਰੇ ਕੁਝ ਕਹੋਗੇ ?
ਜੇ ਚੰਗਾ ਗਾਇਆ ਜਾਏਗਾ ਤਾਂ ਜ਼ਰੂਰ ਸੁਣਿਆ ਵੀ ਜਾਏਗਾ।

ਪੰਜਾਬੀ ਫ਼ਿਲਮ ਉਦਯੋਗ ਅੱਜ ਕੱਲ੍ਹ ਚੰਗੇ ਦੌਰ ਵਿਚ ਹੈ। ਜੇ ਪੰਜਾਬੀ ਸਿਨੇਮਾ ਦੀ ਦੱਖਣ ਫ਼ਿਲਮ ਉਦਯੋਗ ਨਾਲ ਤੁਲਨਾ ਕਰੀਏ ਤਾਂ ਕੋਈ ਸੁਝਾਅ ਜੋ ਤੁਸੀਂ ਦੇਣਾ ਚਾਹੋ ?
ਮੈਂ ਬਹੁਤ ਨਵਾਂ ਹਾਂ ਇੰਡਸਟਰੀ ਵਿਚ, ਇਸ ਲਈ ਮੈਂ ਕੋਈ ਸੁਝਾਅ ਨਹੀਂ ਦੇ ਸਕਦਾ। ਬਾਕੀ ਸਾਰੀ ਇੰਡਸਟਰੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬਹੁਤ ਸਿਆਣੀ ਹੈ। ਸਾਊਥ ਦੀ ਇੰਡਸਟਰੀ ਕਾਫ਼ੀ ਵੱਡੀ ਹੈ। ਆਪਣੀ ਇੰਡਸਟਰੀ ਛੋਟੀ ਹੈ ਪਰ ਵਧੀਆ ਚੱਲ ਰਹੀ ਹੈ।

ਸਮਾਜਿਕ ਗਤੀਵਿਧੀਆਂ, ਜਿਨ੍ਹਾਂ `ਚ ਤੁਸੀਂ ਹਿੱਸਾ ਲੈਂਦੇ ਹੋਵੇ ?
ਵੈਸੇ ਤਾਂ ਮੈਂ ਪੱਕੇ ਤੌਰ `ਤੇ ਕਿਸੇ ਗਤੀਵਿਧੀ ਨਾਲ ਨਹੀਂ ਜੁੜਿਆ ਪਰ ਜੇ ਕੋਈ ਲੋੜਵੰਦ ਮੇਰੇ ਧਿਆਨ `ਚ ਆਵੇ ਤਾਂ ਉਸਦੀ ਯੋਗ ਮਦਦ ਕਰ ਦੇਈਦੀ ਹੈ।

ਸਫ਼ਲਤਾ ਲਈ ਕੋਈ ਕੁਰਬਾਨੀ ?WhatsApp Image 2018-05-07 at 12.40.55.jpeg
ਅਜਿਹੀ ਸਫ਼ਲਤਾ ਕੀ ਕਰਨੀ ਹੈ ਜੋ ਕੁਝ ਗਵਾ ਕੇ ਮਿਲੇ। ਸਫ਼ਲਤਾ ਆਪਣਿਆਂ ਨਾਲ ਹੀ ਚੰਗੀ ਲੱਗਦੀ ਹੈ।
`ਪੰਜਾਬੀ ਸਕਰੀਨ ਮੈਗਜ਼ੀਨ` ਬਾਰੇ ਕੁਝ ਕਹਿਣਾ ਚਾਹੋਗੇ ਤੇ ਕੋਈ ਸੁਨੇਹਾ ਜੋ ਤੁਸੀਂ `ਪੰਜਾਬੀ ਸਕਰੀਨ` ਦੇ ਪਾਠਕਾਂ ਨੂੰ ਦੇਣਾ ਚਾਹੋ ?
ਸਾਰਿਆਂ ਨੂੰ ਮੇਰਾ ਇਹੀ ਸੁਨੇਹਾ ਹੈ ਕਿ ਚੰਗਾ ਸੁਣੋ, ਚੰਗਾ ਵੇਖੋ। ਚੰਗੀ ਚੀਜ਼ ਨੂੰ ਪੂਰਾ ਹੁੰਗਾਰਾ ਦਿਓ। `ਪੰਜਾਬੀ ਸਕਰੀਨ` ਦੇ ਉਪਰਾਲੇ ਵਧੀਆ ਹੁੰਦੇ ਹਨ।

ਧੰਨਵਾਦ ਐਮੀ ਜੀ, `ਹਰਜੀਤਾ` ਲਈ ਇਕ ਵਾਰ ਫੇਰ ਤੋਂ `ਪੰਜਾਬੀ ਸਕਰੀਨ` ਵੱਲੋਂ ਸ਼ੁਭ ਕਾਮਨਾਵਾਂ!
ਧੰਨਵਾਦ ਜੀ।

– ਦੀਪ ਗਿੱਲ ਪਾਂਘਲੀਆਂ।

Comments & Suggestions

Comments & Suggestions

About the author

Daljit Arora