ਬਹੁਤ ਘੱਟ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਬਹੁ-ਪੱਖੀ ਸ਼ਖਸੀਅਤ ਦਾ ਨਾਂਅ ਦਿੱਤਾ ਜਾ ਸਕੇ। ਆਮ ਤੌਰ ’ਤੇ ਕਿਸੇ ਇਕ ਖੇਤਰ ਕਲਾ ’ਚ ਪ੍ਰਮੁੱਖ ਵਿਅਕਤੀ ਖ਼ੁਦ ਦੀ ਤੁਲਨਾ ਮਹਾਨ ਸ਼ਖ਼ਸੀਅਤਾਂ ਨਾਲ ਕਰਨ ਲੱਗਦੇ ਹਨ ਪਰ ਇਸ ਬਹੁਰੰਗੀ ਸਮਾਜ ’ਚ ਕੁਝ ਐਸੀਆਂ ਅਜ਼ੀਜ਼ ਸ਼ਖ਼ਸੀਅਤਾਂ ਵੀ ਹਨ, ਜੋ ਕਈ ਕਲਾਵਾਂ ਦਾ ਸੁਮੇਲ ਹੁੰਦਿਆਂ ਹੋਇਆਂ ਵੀ ਖ਼ੁਦ ਦੀ ਤੁਲਨਾ ਹਮੇਸ਼ਾ ਇਕ ਆਮ ਵਿਅਕਤੀ ਨਾਲ ਕਰਦੀਆਂ ਹਨ। ਅਜਿਹੀਆਂ ਅਜ਼ੀਜ਼ ਸ਼ਖਸੀਅਤਾਂ ਵਿੱਚੋਂ ਹੀ ਹੈ ਕਰਮਜੀਤ ਅਨਮੋਲ। ਗਾਇਕੀ, ਕਮੇਡੀ ਤੇ ਅਦਾਕਾਰੀ ਦਾ ਸੁਮੇਲ ਕਰਮਜੀਤ ਅਨਮੋਲ ਦੇ ਨਾਂਅ ਤੋ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਵੇਗਾ ਜੋ ਜਾਣੂ ਨਾ ਹੋਵੇ। ਆਪਣੇ ਨਾਂਅ ਵਾਂਗ ਹੀ ਇਹ ਅਨਮੋਲ ਕਲਾਕਾਰ ਲਗਾਤਾਰ ਵੱਖ-ਵੱਖ ਖੇਤਰਾਂ ’ਚ ਆਪਣੀ ਕਾਬਲੀਅਤ ਸਦਕਾ ਪੰਜਾਬੀ ਸਿਨੇਮਾ ’ਚ ਡੂੰਘੀ ਛਾਪ ਛੱਡ ਰਿਹਾ ਹੈ।
ਸੰਗਰੂਰ ਜ਼ਿਲੇ੍ਹ ਦੇ ਪਿੰਡ ਗੰਢੂਆ ਵਿਖੇ ਪਿਤਾ ਸਾਧੂ ਸਿੰਘ ਦੇ ਘਰ ਮਾਤਾ ਸਵ: ਮੂਰਤ ਕੌਰ ਦੀ ਕੱੁਖੋਂ ਜਨਮੇ ਅਨਮੋਲ ਨੇ ਮੁਢਲੀ ਪੜ੍ਹਾਈ ਪਿੰਡੋਂ ਹੀ ਪ੍ਰਾਪਤ ਕੀਤੀ ਅਤੇ ਅਗਲੇਰੀ ਪੜ੍ਹਾਈ ਸੁਨਾਮ ਤੋਂ ਕੀਤੀ। ਗਾਇਕੀ ਤੇ ਐਕਟਿੰਗ ਦੇ ਖੇਤਰ ਵਿਚ ਜੋਰ ਅਜ਼ਮਾਈ ਉਸ ਨੇ ਪੜਾਈ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ। ਅਨਮੋਲ ਨੇ ਗਾਇਕੀ ਦੀਆ ਬਾਰੀਕੀਆਂ ਸਿੱਖਣ ਲਈ ਸ੍ਰੀ ਸੁਲੱਖਣ ਨਿਰਾਲਾ ਨੂੰ ਉਸਤਾਦ ਧਾਰਿਆ। ਗਾਇਕੀ ਦੀ ਬਕਾਇਦਾ ਤਾਲੀਮ ਹਾਸਲ ਕਰਕੇ ਉਸ ਨੇ 1995 ਵਿਚ ਕੈਸਟ “ਆਸ਼ਕ ਭਾਜੀ” ਆਪਣੇ ਸਰੋਤਿਆਂ ਦੀ ਝੋਲੀ ਪਾਈ, ਜੋ ਕਾਫ਼ੀ ਸਫਲ ਰਹੀ। ਉਸ ਤੋਂ ਬਾਅਦ ‘ਰੋ-ਰੋ ਨੈਣਾਂ ਨੇ’, ‘ਚੂੜੇ ਵਾਲੀ ਬਾਂਹ’, ‘ਸ਼ੌਂਕ ਪਾਬੰਦੀ’ ਆਦਿ ਕੈਸਟਾਂ ਰਾਹੀਂ ਗਾਇਕੀ ਵਿਚ ਨਾਂਅ ਸਥਾਪਿਤ ਕੀਤਾ। ਕਰਮਜੀਤ ਅਨਮੋਲ ਦੀਆ ਆਡੀੳ ਕੈਸਟਾਂ ਨੇ ਦਿਨਾਂ ਵਿਚ ਹੀ ਉਸ ਦਾ ਨਾਂਅ ਗਾਇਕੀ ਦੇ ਅੰਬਰਾਂ ’ਤੇ ਚਮਕਾ ਦਿੱਤਾ। ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਦੇ ਕਥਨ ਅਨੁਸਾਰ ਉਸ ਨੇ ਜਿਨ੍ਹਾਂ ਵੀ ਸੰਗੀਤਕ ਖੇਤਰ ਵਿਚ ਗਾਇਆ ਹੈ, ਇਕ ਮੀਲ ਪੱਥਰ ਸਾਬਤ ਹੋਇਆ ਹੈ। ਕਰਮਜੀਤ ਅਨਮੋਲ ਜਿੱਥੇ ਵਧੀਆ ਗਾਇਕ ਹੈ, ਉੱਥੇ ਉਸ ਤੋਂ ਵੀ ਜ਼ਿਆਦਾ ਵਧੀਆ ਕਮੇਡੀਅਨ ਹੈ, ਵੱਖ-ਵੱਖ ਕਮੇਡੀ ਵੀਡਿਓਜ਼ ਅਤੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੁੰਦੇ ਪ੍ਰੋਗਰਾਮ ਐਮ. ਐਚ. ਵੰਨ ਦੇ ਕਮੇਡੀ ਸ਼ੋਅ ਹੱਸਦੇ ਹਸਾਉਂਦੇ ਰਹੋ, ਜੁਗਨੂੰ ਕਹਿੰਦਾ ਹੈ, ਜੁਗਨੂੰ ਮਸਤ ਮਸਤ, ਜੁਗਨੂੰ ਹਾਜਰ ਹੋ, ਤਵਾ ਡੋਟ ਕਾਮ ਰਾਹੀਂ ਆਪਣੀ ਇਸ ਕਲਾ ਦਾ ਮੁਜ਼ਾਹਰਾ ਵੀ ਲਗਾਤਾਰ ਕੀਤਾ।
ਇਨ੍ਹੀਂ ਦਿਨੀਂ ਕਰਮਜੀਤ ਅਨਮੋਲ ਫ਼ਿਲਮਾਂ ਵਿਚ ਜਾਨਦਾਰ ਅਦਾਕਾਰੀ ਰਾਹੀਂ ਕਾਫ਼ੀ ਨਾਂਅ ਕਮਾ ਰਹੇ ਹਨ। ਇਕ ਮੁਲਾਕਾਤ ਦੌਰਾਨ ਅਨਮੋਲ ਨੇ ਦੱਸਿਆ ਕਿ ਉਹ ਫ਼ਿਲਮ ਦੀ ਚੋਣ ਕਰਦੇ ਸਮੇਂ ਇਕ ਵਧੀਆ ਕਹਾਣੀ, ਟੀਮ ਅਤੇ ਵਧੀਆ ਕਰੈਕਟਰ ਨੂੰ ਦੇਖ ਕੇ ਹੀ ਫ਼ਿਲਮ ਸਾਇਨ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਫ਼ਿਲਮਾਂ ਦੇ ਵਧੀਆ ਵਿਸ਼ਿਆਂ ’ਤੇ ਕੰਮ ਕਰਨਾ ਪਸੰਦ ਕਰਦਾ ਹੈ। ਅਨਮੋਲ ਨੇ ਹੁਣ ਤੱਕ ਕੋਣ ਕਿਸੇ ਦਾ ਵੈਲੀ, ਲਾਈਲੱਗ, ਮਿੱਟੀ ਚੱਕ ਜਵਾਨਾ, ਦੇਵ ਡੀ, ਬੈੱਸਟ ਇਜ਼ ਬੈੱਸਟ, ਹਾਲੀਵੁੱਡ ਫਿਲਮਾਂ, ਕੈਰੀ ਆਨ ਜੱਟਾ, ਵੇਖ ਬਰਾਤਾਂ ਚੱਲੀਆਂ, ਜੱਟ ਇਨ ਮੂਡ, ਜਿਹਨੇ ਮੇਰਾ ਦਿਲ ਲੁੱਟਿਆ , ਪੰਜਾਬ ਬੋਲਦਾ, ਜੱਟ ਏਅਰਵੇਜ਼, ਲੱਕੀ ਦੀ ਅਨਲੱਕੀ ਸਟੋਰੀ, ਗੋਰਿਆਂ ਨੂੰ ਦਫ਼ਾ ਕਰੋ, ਮੰਜੇ ਬਿਸਤਰੇ, ਚੰਨਾ ਮੇਰਿਆ, ਅਰਦਾਸ, ਨਿੱਕਾ ਜੈਲਦਾਰ, ਬਾਈਲਾਰਸ, ਸਰਦਾਰ ਮੁਹੰਮਦ ਤੋਂ ਇਲਾਵਾ ਅਨੇਕਾਂ ਹੋਰ ਪੰਜਾਬੀ ਦੀਆਂ ਵੱਡੇ ਬਜਟ ਦੀਆਂ ਫ਼ਿਲਮਾਂ ’ਚ ਦਮਦਾਰ ਭੂਮਿਕਾ ਅਦਾ ਕੀਤੀ ਹੈ।
ਕਰਮਜੀਤ ਅਨਮੋਲ ਆਪਣੀ ਨਿਵੇਕਲੀ ਅਦਾਕਾਰੀ ਸਦਕਾ ਫ਼ਿਲਮ ‘ਅਰਦਾਸ’ ’ਚ ਲਾਲੇ ਦਾ ਰੋਲ, ‘ਮੰਜੇ ਬਿਸਤਰੇ’ ’ਚ ਹਲਵਾਈ ਦੇ ਰੋਲ ਸਦਕਾ ਦਰਸ਼ਕਾਂ ’ਚ ਕਾਫ਼ੀ ਹਰਮਨ ਪਿਆਰਾ ਰਿਹਾ। ਹਾਲ ਹੀ ਵਿਚ ਕਰਮਜੀਤ ਅਨਮੋਲ ਦੀ ਲੰਮੇ ਸਮੇਂ ਦੀ ਘਾਲਣਾ ਤੋਂ ਬਾਅਦ ਸਖ਼ਤ ਮਿਹਨਤ ਨਾਲ ਬਤੌਰ ਨਿਰਮਾਤਾ ਰਿਲੀਜ਼ ਹੋਈ ਪਹਿਲੀ ਪੰਜਾਬੀ ਫਿਲਮ ‘ਲਾਵਾਂ ਫੇਰੇ’ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ, ਜੋ ਸੁਪਰ ਹਿੱਟ ਰਹੀ ਅਤੇ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ਦੇ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿਚ ਖਿੱਚਣ ਲਈ ਕਾਮਯਾਬ ਰਹੀ। ਅਨਮੋਲ ਇਸ ਦੀ ਕਾਮਯਾਬੀ ਪਿੱਛੇ ਫ਼ਿਲਮ ਦੀ ਪੂਰੀ ਟੀਮ ਅਤੇ ਪਰਿਵਾਰਿਕ ਕਹਾਣੀ ਦਾ ਪੂਰਾ ਹੱਥ ਮੰਨਦਾ ਹੈ ਤੇ ਉਹ ਦਰਸ਼ਕਾਂ ਵੱਲੋਂ ਦਿੱਤੇ ਮਣਾਂ-ਮੂੰਹੀਂ ਪਿਆਰ ਤੋਂ ਬੇਹੱਦ ਖੁਸ਼ ਹਨ। ਆਉਣ ਵਾਲਾ ਸਮਾਂ ਅਨਮੋਲ ਲਈ ਰੁਝੇਵਿਆਂ ਭਰਿਆ ਹੈ। ਅੱਜ ਕੱਲ ਅਨਮੋਲ ਕਈ ਫ਼ਿਲਮਾਂ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਮਿਸਟਰ ਐਂਡ ਮਿਸਿਜ਼ 420 ਅਗੇਨ, ਸੂਬੇਦਾਰ ਜੋਗਿੰਦਰ ਸਿੰਘ, ਲਾਟੂ, ਕੈਰੀ ਆਨ ਜੱਟਾ 2 ਅਤੇ ਪ੍ਰਾਹੁਣਾ ਆਦਿ ਹਨ। ਜੋ ਜਲਦੀ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਦੀਆਂ ਨਜ਼ਰ ਆਉਣਗੀਆਂ। ਜਲਦੀ ਹੀ ਕਰਮਜੀਤ ਅਨਮੋਲ ਬਤੌਰ ਨਿਰਮਾਤਾ ਵਧੀਆ ਕਹਾਣੀ ਨੂੰ ਲੈ ਕੇ ਫ਼ਿਲਮ ਬਣਾਉਣ ਦੀ ਤਿਆਰੀ ਵਿਚ ਹਨ।
– ਜੌਹਰੀ ਮਿੱਤਲ
# 9876220422