ਬੀਤੇ ਦਿਨੀਂ ਰਿਲੀਜ਼ ਹੋਈ ਸਾਰਥਿਕ ਸਿਨੇਮਾ ਨੂੰ ਸਮਰਪਿਤ ਰਾਣਾ ਰਣਬੀਰ ਨਿਰਦੇਸ਼ਤ ਫ਼ਿਲਮ ‘ਆਸੀਸ’ ਦਾ ਇਕ ਅਹਿਮ ਪੱਖ ਇਹ ਵੀ ਹੈ ਕਿ ਪੰਜਾਬੀ ਫ਼ਿਲਮਾਂ ਦੇ ਦਿੱਗਜ਼ ਸਟਾਰ ਹੀਰੋ ਗਿੱਪੀ ਗਰੇਵਾਲ ਨੇ ਮਹਿਮਾਨ ਭੂਮਿਕਾ ਨਿਭਾਈ। ਗਿੱਪੀ ਗਰੇਵਾਲ ਦੀ ਇਹ ਪਹਿਲ ਕਦਮੀਂ ਸਾਰਥਿਕ ਸਿਨੇਮੇ ਦੀ ਹੌਸਲਾ ਅਫ਼ਜ਼ਾਈ ਲਈ ਇਕ ਵੱਡਾ ਕਦਮ ਹੈ, ਜਿਸ ਨਾਲ ਗਿੱਪੀ ਗਰੇਵਾਲ ਦੀ ਕਮਰਸ਼ੀਅਲ ਸਿਨੇਮਾ ਦੇ ਨਾਲ-ਨਾਲ ਰਿਅਲਸਟਿਕ ਸਿਨੇਮਾ ਵਿਚ ਦਿਲਚਸਪੀ ਅਤੇ ਪੰਜਾਬੀ ਸਿਨੇਮਾ ਨੂੰ ਸਮਰਪਿਤ ਜ਼ਿੰਮੇਵਾਰ ਸ਼ਖ਼ਸੀਅਤ ਸਾਹਮਣੇ ਆਈ ਹੈ। ਕੋਈ ਸਮਾਂ ਸੀ ਜਦੋਂ ਪੁਰਾਤਨ ਪੰਜਾਬੀ ਫ਼ਿਲਮਾਂ ਵਿਚ ਪ੍ਰਿਥਵੀ ਰਾਜ ਕਪੂਰ, ਅਮਿਤਾਬ ਬਚਨ, ਧਰਮਿੰਦਰ, ਰਾਜ ਬੱਬਰ ਅਤੇ ਹੋਰ ਕਈ ਵੱਡੇ ਚਿਹਰਿਆਂ ਨੇ ਮਹਿਮਾਨ ਭੂਮਿਕਾ ਨਿਭਾ ਕੇ ਖੇਤਰੀ ਸਿਨੇਮਾ ਨੂੰ ਪ੍ਰਫੁੱਲਤ ਕਰਨ ਵਿਚ ਅਪਣਾ ਯੋਗਦਾਨ ਪਾਇਆ ਜੇ ਬਾਲੀਵੁੱਡ ਦੀ ਗੱਲ ਕਰੀਏ ਤਾਂ ਕਮਰਸ਼ੀਅਲ ਸਿਨੇਮਾ ਦੇ ਵੱਡੇ ਚਿਹਰੇ ਸ਼ੁਰੂ ਤੋਂ ਲੈ ਕਿ ਅੱਜ ਤੱਕ ਪੈਰਲਰ/ਆਰਟ ਅਤੇ ਰਿਏਲਿਸਟਕ ਸਿਨੇਮਾ ਦਾ ਹਿੱਸਾ ਬਣ ਕੇ ਫ਼ਖਰ ਮਹਿਸੂਸ ਕਰਦੇ ਹਨ ਅਤੇ ਅੱਜ ਪੰਜਾਬ ਦੇ ਸਟਾਰ ਹੀਰੋ ਗਿੱਪੀ ਗਰੇਵਾਲ ਦਾ ਆਸੀਸ ਲਈ ਇਹ ਅਹਿਮ ਯੋਗਦਾਨ ਬਹੁਤ ਸ਼ਲਾਘਾਯੋਗ ਹੈ ਅਤੇ ਆਉਣ ਵਾਲੇ ਸਮੇ ਵਿਚ ਇਹ ਪਹਿਲ ਕਦਮੀਂ ਹੋਰ ਵੱਡੇ ਕਲਾਕਾਰਾਂ ਅਤੇ ਸਾਰਥਕ ਸਿਨੇਮਾ ਲਈ ਮੀਲ ਪੱਥਰ ਸਾਬਤ ਹੋਵੇਗਾ।
ਅਜਿਹੀ ਦਰਿਆ ਦਿਲੀ ਲਈ ਗਿੱਪੀ ਗਰੇਵਾਲ ਨੂੰ ਪੰਜਾਬੀ ਸਕਰੀਨ ਵੱਲੋਂ ਬਹੁਤ-ਬਹੁਤ ਮੁਬਾਰਕਾਂ ਅਤੇ ਉਸ ਦੇ ਕਮਰਸ਼ੀਅਲ ਭਵਿੱਖ ਲਈ
ਸ਼ੁੱਭ ਇੱਛਾਵਾਂ। ਫ਼ਿਲਮ ਆਸੀਸ ਵਾਸਤੇ ਅਜਿਹੀਆਂ ਕੋਸ਼ਿਸ਼ਾਂ ਲਈ ਕਨੇਡਾ ਨਿਵਾਸੀ ਫ਼ਿਲਮ ਨਿਰਮਾਤਾ ਲਵਪ੍ਰੀਤ ਲੱਕੀ ਸੰਧੂ, ਬਲਦੇਵ ਸਿੰਘ ਬਾਠ ਅਤੇ ਰਾਣਾ ਰਣਬੀਰ ਨੂੰ ਦਿਲੋਂ ਮੁਬਾਰਕਾਂ!