28 ਸਤੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ ਪ੍ਰਾਹੁਣਾ
28 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਦਾ ਟੇ੍ਲਰ 5 ਸਤੰਬਰ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਨਿਰੋਲ ਰੂਪ ਵਿਚ ਪਰਿਵਾਰਿਕ ਫ਼ਿਲਮ ਹੈ। ਦਰਸ਼ਕ ਸਿਰਫ਼ ਇਸ ਫ਼ਿਲਮ ਨੂੰ ਦੇਖਣਗੇ ਹੀ ਨਹੀਂ, ਸਗੋਂ ਮਹਿਸੂਸ ਵੀ ਕਰਨਗੇ, ਇਹ ਕਹਿਣਾ ਹੈ ‘ਪ੍ਰਾਹੁਣਾ’ ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ ਦਾ। ਨਿਰਮਾਤਾ ਮੋਹਿਤ ਬਨਵੈਤ ਅਤੇ ਮੰਨੀ ਧਾਲੀਵਾਲ (ਦਾਰਾ ਫ਼ਿਲਮਜ਼ ਐਂਟਰਟੇਨਮੈਂਟ) ਨੇ ਮਿਲ ਕੇ ਇਹ ਫ਼ਿਲਮ ਪੋ੍ਡਿਊਸ ਕੀਤੀ ਹੈ। ਇਸ ਦੇ ਸਹਿ ਨਿਰਮਾਤਾ ‘ਸੈਵਨ ਕਲਰ ਮੋਸ਼ਨ ਪਿਕਚਰਸ’ ਤੇ ‘ਰੋਡਸਾਈਡ ਪਿਕਚਰਸ’ ਹਨ।
ਨਿਰਮਾਤਾ ਮੋਹਿਤ ਬਨਵੈਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫ਼ਿਲਮ ਨੂੰ ਅੰਮਿ੍ਤਰਾਜ ਚੱਢਾ ਅਤੇ ਮੈਂ ਦੋਵਾਂ ਨੇ ਰਲ ਕੇ ਨਿਰਦੇਸ਼ਤ ਕੀਤਾ ਹੈ। ਬਤੌਰ ਨਿਰਮਾਤਾ ਮੋਹਿਤ ਬਨਵੈਤ ਅਤੇ ਮੰਨੀ ਧਾਲੀਵਾਲ ਦੀ ਇਹ ਦੂਜੀ ਫੀਚਰ ਫ਼ਿਲਮ ਹੈ। ਮੋਹਿਤ ਬਨਵੈਤ ਪਹਿਲਾਂ ‘ਵਨਸ ਅਪਾਨ ਏ ਟਾਈਮ ਇਨ ਅੰਮਿ੍ਤਸਰ’ ਬਣਾ ਚੁੱਕੇ ਹਨ ਅਤੇ ਮੰਨੀ ਧਾਲੀਵਾਲ ਫ਼ਿਲਮ ‘ਦੁੱਲਾ ਭੱਟੀ’ ਬਣਾ ਚੁੱਕੇ ਹਨ। ਇਸ ਫ਼ਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਸੁਖਰਾਜ ਸਿੰਘ ਨੇ ਲਿਖੇ ਹਨ। ਸੰਵਾਦ ਸੁਖਰਾਜ ਸਿੰਘ, ਅਮਨ ਸਿੱਧੂ ਤੇ ਟਾਟਾ ਬੈਨੀਪਾਲ ਦੇ ਹਨ।
ਇਸ ਫ਼ਿਲਮ ਦਾ ਹੀਰੋ ਕੁਲਵਿੰਦਰ ਬਿੱਲਾ ਹੈ। ਪੰਜਾਬੀ ਗਾਇਕੀ ’ਚ ਚੋਖਾ ਨਾਮਣਾ ਖੱਟ ਚੁੱਕੇ ਕੁਲਵਿੰਦਰ ਬਿੱਲਾ ਦੀ ਬਤੌਰ ਹੀਰੋ ਇਹ ਪਹਿਲੀ ਫ਼ਿਲਮ ਹੈ। ਖ਼ੂਬਸੂਰਤ ਪੰਜਾਬੀ ਮੁਟਿਆਰ ਵਾਮਿਕਾ ਗੱਬੀ ਇਸ ਫ਼ਿਲਮ ਦੀ ਹੀਰੋਇਨ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਦੀ ਲੰਮੀ-ਚੌੜੀ ਸਟਾਰਕਾਸਟ ਵਿਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਅਕਸ਼ਿਤਾ, ਨਵਦੀਪ ਕਲੇਰ ਆਦਿ ਕਲਾਕਾਰਾਂ ਦੇ ਨਾਂਅ ਸ਼ਾਮਲ ਹਨ।
ਇਸ ਫ਼ਿਲਮ ਦਾ ਸੰਗੀਤ ਮਿਸਟਰ ਵਾਓ, ਮਿਊਜ਼ਿਕ ਨਸ਼ਾ ਅਤੇ ਦਾ ਬੋਸ ਨੇ ਤਿਆਰ ਕੀਤਾ ਹੈ। ਗੀਤ ਧਰਮਵੀਰ ਭੰਗੂ, ਦੀਪ ਖੰਡਆਰਾ ਤੇ ਰਿੱਕੀ ਮਾਨ ਦੇ ਲਿਖੇ ਹਨ। ਫ਼ਿਲਮ ਦਾ ਟਾਈਟਲ ਗੀਤ ਗੁਰਨਾਮ ਭੁੱਲਰ ਨੇ ਗਾਇਆ ਹੈ।