ਟੇ੍ਲਰ ਅਤੇ ਸੰਗੀਤ ਸਮੀਖਿਆ
ਪਾਲੀਵੁੱਡ ਵਿਚ ਐਕਸ਼ਨ ਹੀਰੋ ਵਜੋਂ ਸਥਾਪਤ ਹੋ ਚੁੱਕੇ ਦੇਵ ਖਰੌੜ ਫ਼ਿਲਮ ‘ਰੁਪਿੰਦਰ ਗਾਂਧੀ’ ਭਾਗ ਪਹਿਲਾ, ਦੂਜਾ ਅਤੇ ‘ਡਾਕੂਆ ਦਾ ਮੁੰਡਾ’ ਨਾਲ ਨੌਜਵਾਨਾਂ ਦੇ ਦਿਲਾਂ ’ਤੇ ਰਾਜ ਕਰਨ ਉਪਰੰਤ ਆਪਣੀ ਇਕ ਹੋਰ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ ‘ਜਿੰਦੜੀ’ ਰਾਹੀਂ ਸਿਨੇ-ਦਰਸ਼ਕਾਂ ਦੇ ਰੂ-ਬੁਰੂ ਹੋਣ ਜਾ ਰਿਹਾ ਹੈ।
ਜੇ ਇਸ ਫ਼ਿਲਮ ਦੇ ਟ੍ਰੇਲਰ ਅਤੇ ਰਿਲੀਜ਼ ਹੋਏ ਗੀਤਾਂ ਦੀ ਸਮੀਖਿਆ ਕੀਤੀ ਜਾਏ ਤਾਂ ਇਕ ਗੱਲ ਬੜੀ ਸਪਸ਼ੱਟ ਹੈ ਕਿ ਫ਼ਿਲਮ ਬੜੇ ਹੀ ਮਜਬੂਤ ਵਿਸ਼ੇ ਨਾਲ ਜੁੜੀ ਹੋਈ ਲੱਗ ਰਹੀ ਹੈ ਅਤੇ ਇਸ ਬਾਰੇ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਨਾਲ ਅਸੀਂ ਗੱਲ ਵੀ ਕਰ ਚੁੱਕੇ ਹਾਂ। ਜਿਵੇਂ ਕਿ ਫ਼ਿਲਮ ਦੇ ਟ੍ਰੇਲਰ ਵਿਚ ਵੀ ਕਲੀਅਰ ਕੀਤਾ ਗਿਆ ਹੈ ਕਿ ਇਹ ਫ਼ਿਲਮ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਹੈ ਅਤੇ ਕਿਤੇ ਨਾ ਕਿਤੇ ਇਸ ਕਹਾਣੀ ਦਾ ਸਬੰਧ ਔਰਤਾਂ ਨਾਲ ਹੁੰਦੇ ਰੇਪ-ਨੁਮਾ ਅੱਤਿਆਚਾਰ, ਸਮਾਜ ਵਿਚ ਫੈਲੀਆਂ ਊਣਤਾਈਆਂ, ਸਿਆਸੀ ਭਿ੍ਸ਼ਟਾਚਾਰ ਦੇ ਦਬ-ਦਬਾਅ ਕਾਰਨ ਵਿਗੜੇ ਹੋਏ ਸਿਸਟਮ ਤੋਂ ਪਰੇਸ਼ਾਨ ਆਮ ਆਦਮੀ ਅਤੇ ਵਿਦਿਆਰਥੀ ਵਰਗ ਨਾਲ ਜੁੜਿਆ ਲੱਗਦਾ ਹੈ। ਇਸ ਫ਼ਿਲਮ ਦੇ ਐਕਸ਼ਨ ਭਰਪੂਰ ਦਿ੍ਸ਼ਾਂ ਅਤੇ ਮੰਝੇ ਹੋਏ ਬਾਲੀਵੁੱਡ ਅਤੇ ਪਾਲੀਵੁੱਡ ਕਲਾਕਾਰਾਂ ਵੱਲੋਂ ਬੋਲੇ ਜਾ ਰਹੇ ਮਜਬੂਤ ਸੰਵਾਦਾਂ ਤੋਂ ਜਿੱਥੇ ਇਹ ਫ਼ਿਲਮ ਇਕ ਰੀਅਲ ਐਕਟਰਾਂ ਦੀ ਫ਼ਿਲਮ ਲੱਗ ਰਹੀ ਹੈ, ਉੱਥੇ ਕਹਾਣੀਕਾਰ ਅਤੇ ਨਿਰਦੇਸ਼ਕ ਦੀ ਸਿਆਣਪ ਵੀ ਝਲਕ ਰਹੀ ਹੈ, ਜੋਕਿ ਕਿ ਜ਼ਰੂਰ ਹੀ ਇਸ ਵਾਰ ਫਿਰ ਫ਼ਿਲਮ ਦੇ ਹੀਰੋ ਦੇਵ ਖਰੌੜ ਦੀ ਬਤੌਰ ਐਕਸ਼ਨ ਹੀਰੋ ਇਮੇਜ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਏਗੀ।
ਫ਼ਿਲਮ ਵਿਚ ਐਕਸ਼ਨ ਦੇ ਨਾਲ-ਨਾਲ ਹੋਰ ਰੋਚਕ ਦਿ੍ਸ਼ ਵੀ ਦਰਸ਼ਕਾਂ ਨੂੰ ਇਸ ਫ਼ਿਲਮ ਵੱਲ ਆਕਰਸ਼ਤ ਕਰਨ ਵਿਚ ਸਹਾਈ ਹੋ ਰਹੇ ਹਨ, ਖਾਸ ਕਰ ਕੇ ਬਾਲੀਵੁੱਡ ਐਕਟਰ ਪ੍ਰੇਮ ਚੋਪੜਾ ਦੀ ਵੇਸ਼-ਭੂਸ਼ਾ ਕੋਈ ਵੱਖਰੀ ਕਹਾਣੀ ਬਿਆਨਦੀ ਨਜ਼ਰ ਆ ਰਹੀ ਹੈ।
ਫ਼ਿਲਮ ਵਿਚ ਕਿਤੇ ਇਕ ਅੱਧਾ ਮਾੜਾ ਸੰਵਾਦ ਵੀ ਸੁਣਨ ਨੂੰ ਮਿਲਿਆ ਹੈ, ਜਿਸ ਬਾਰੇ ‘ਪੰਜਾਬੀ ਸਕਰੀਨ’ ਅਦਾਰਾ ਹਮੇਸ਼ਾ ਕਹਿੰਦਾ ਆ ਰਿਹਾ ਹੈ ਕਿ ਬੇਸ਼ੱਕ ਅਜਿਹੇ ਸ਼ਬਦ ਪੰਜਾਬੀਆਂ ਦੇ ਮੂੰਹ ’ਤੇ ਚੜੇ ਹੋਏ ਹਨ ਪਰ ਪਰਿਵਾਰਕ ਦਰਸ਼ਕਾਂ ਨੂੰ ਧਿਆਨ ਵਿਚ ਰੱਖਦੇ ਇਨ੍ਹਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਹੁਣ ਜੇ ਗੱਲ ਫ਼ਿਲਮ ਦੇ ਸੰਗੀਤ ਦੀ ਕੀਤੀ ਜਾਏ ਤਾਂ ਲੱਗਦਾ ਹੈ ਕਿ ਇਸ ਵਿਚ ਵੀ ਫ਼ਿਲਮ ਟੀਮ ਨੇ ਕਹਾਣੀ ਦੀ ਮੰਗ ਮੁਤਾਬਕ ਬੈਕਗਰਾਉਂਡ ਸਕੋਰ ਦੇ ਨਾਲ-ਨਾਲ ਫ਼ਿਲਮੀ ਗੀਤ ਵੀ ਨੌਜਵਾਨ ਸੰਗੀਤ ਪ੍ਰੇਮੀਆਂ ਨੂੰ ਵੀ ਧਿਆਨ ਵਿਚ ਰੱਖ ਕੇ ਹਨ ਬਣਾਏ ਹਨ, ਕਿਉਂਕਿ ਇਸ ਫ਼ਿਲਮ ਦੇ ਰਿਲੀਜ਼ ਹੋਏ ਗਾਣੇ ‘ਕਾਲਾ ਸ਼ਾਹ ਕਾਲਾ’ ਅਤੇ ‘ਛੱਬੀ-ਛੁੱਬੀ ਦੇ ਪਰਚੇ’ ਇਸ ਦੀ ਗਵਾਹੀ ਭਰ ਰਹੇ ਹਨ।
‘ਜੀ.ਡੀ. ਪ੍ਰੋਡਕਸ਼ਨ’ ਦੇ ਬੈਨਰ ਹੇਠ 2 ਨਵੰਬਰ ਨੂੰ ‘ਐਕਸੀਲੈਂਟ ਫ਼ਿਲਮਸ’ ਵੱਲੋਂ ਬਤੌਰ ਡਿਸਟ੍ਰੀਬਿਊਟਰ ਸਿਨੇਮਾਂ ਘਰਾਂ ’ਚ ਉਤਾਰੀ ਜਾ ਰਹੀ ਫ਼ਿਲਮ ‘ਜਿੰਦੜੀ’ ਦੇ ਨਿਰਮਾਤਾ ਹਨ ਜੀ.ਡੀ. ਸਿੰਘ ਅਤੇ ਸਹਿ ਨਿਰਮਾਤਾ ਹਨ ਸੁਖਮਿੰਦਰ ਧਾਲੀਵਾਲ। ਆਸ਼ੀਸ਼ ਭਾਟੀਆ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਖ਼ੁਦ ਦੇਵ ਖਰੌੜ ਨੇ ਲਿਖੀ ਹੈ ਜਦਕਿ ਸੰਵਾਦ ਅਤੇ ਸਕਰੀਨ ਪਲੇਅ ਇੰਦਰਪਾਲ ਦਾ ਹੈ।
ਫ਼ਿਲਮ ਵਿਚ ਪ੍ਰਮੁੱਖ ਭੂਮਿਕਾਵਾਂ ਵਿਚ ਦੇਵ ਖਰੌੜ ਤੋਂ ਇਲਾਵਾ ਦਿ੍ਸ਼ਟੀ ਗਰੇਵਾਲ, ਗੁੱਗੂ ਗਿੱਲ, ਪ੍ਰੇਮ ਚੋਪੜਾ, ਵਿਕਟਰ ਜੋਹਨ, ਕਰਨ ਧਾਲੀਵਾਲ, ਦੀਪ ਢਿੱਲੋਂ, ਹੋਬੀ ਧਾਲੀਵਾਲ, ਗੁਰਪ੍ਰੀਤ ਸੰਧੂ ਅਤੇ ਪ੍ਰਭ ਗਰੇਵਾਲ ਆਦਿ ਆਪਣੀ ਪੁਖਤਾ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕਰਨਗੇ। ਫ਼ਿਲਮ ਦਾ ਸੰਗੀਤ ਸੰਗੀਤਕਾਰ ਗੁਰਮੀਤ ਸਿੰਘ, ਨਿਕ ਡੀ ਅਤੇ ਸੰਤੋਸ਼ ਕਟਾਰੀਆ ਨੇ ਦਿੱਤਾ ਹੈ, ਜਦਕਿ ਬੈਕਗਰਾਉਂਡ ਸਕੋਰ ਸਾਹਿਲ ਵਿਆਸ ਦਾ ਹੈ।