ਫ਼ਿਲਮ ਸਮੀਖਿਆ
ਵੈਸੇ ਤਾਂ ਬੇਤੁੱਕੇ ਲਫ਼ਜ਼ ਤੋਂ ਬਾਅਦ ਕੁਝ ਹੋਰ ਲਿਖਣ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਪਰ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਕਿ ਅੰਗਰੇਜ਼ ਅਤੇ ਲਵ ਪੰਜਾਬ ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲਾ ਤਜ਼ੁਰਬੇਕਾਰ ਫ਼ਿਲਮ ਨਿਰਮਾਣ ਘਰ , ਜੇ “ਭੱਜੋ ਵੀਰੋ ਵੇ” ਜਿਹੇ ਬੇਤੁੱਕੇ ਮਨਘੜਤ ਵਿਸ਼ੇ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਕਰ, ਆਪਣਾ ਅਤੇ ਪੰਜਾਬੀ ਸਿਨੇਮਾ ਦਾ ਮਿਆਰ ਡੇਗਣ ਦੀ ਰਾਹੇ ਪੈ ਜਾਵੇ ਤਾਂ ਸੋਚਣ ਵਾਲੀ ਗੱਲ ਹੈ|
ਦੋਸਤੋ ਇੱਕ ਗੱਲ ਪੱਕੀ ਹੈ ਕਿ ਪੰਜਾਬੀ ਫ਼ਿਲਮਾਂ ਦੇ ਸਿਰਫ ਉਹੀ ਵਿਸ਼ੇ ਕਾਮਯਾਬ ਹੋਏ ਹਨ ਜਾਂ ਹੋਣਗੇ ਜਿੰਨਾ ਦਾ ਸਬੰਧ ਆਮ ਪੰਜਾਬੀਆਂ , ਇੱਥੋਂ ਦੇ ਸੱਭਿਆਚਾਰ ਜਾਂ ਆਲੇ ਦੁਆਲੇ ਦੀਆਂ ਅਸਲ ਸਮਾਜਿਕ ਪ੍ਸਥਿਤੀਆਂ ਨਾਲ ਹੋਵੇਗਾ, ਹਾਂ 10/20 ਪ੍ਤੀਸ਼ਤ ਸਿਨੇਮਾ ਲਿਬਰਟੀ ਲੈਣੀ ਤਾਂ ਜਾਇਜ਼ ਹੈ ਪਰ ਜੇ ਇਸ ਤੋਂ ਵੱਧ ਡਰਾਮਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਲੋਕਾਂ ਕੋਲ ਬਾਲੀਵੁੱਡ ਅਤੇ ਸਾੳੂਥ ਦੀਆਂ ਫ਼ਿਲਮਾਂ ਦੇ ਭੰਡਾਰ ਦਾ ਵਿਕਲਪ ਹਰ ਵੇਲੇ ਮੌਜੂਦ ਹੈ|
ਹੁਣ ਗੱਲ ਫ਼ਿਲਮ ਦੇ ਵਿਸ਼ੇ ਦੀ ਤਾਂ ਦੱਸੋ ਕਿ ਪੰਜਾਬ ਦਾ ਕਿਹੜਾ ਇਹੋ ਜਿਹਾ ਪਿੰਡ ਰਿਹਾ ਹੋਵੇਗਾ ਜਿੱਥੇ ਇੱਕੋ ਘਰ ਵਿਚ ਤਿੰਨ ਭਰਾ ਛੜੇ ਤੇ ਇਕ ਕੁਆਰਾ ਅਤੇ ਜੇ ਅਾਸਪਾਸ ਕਿਸੇ ਵੀ ਪਿੰਡ ਦੀ ਕੁੜੀ ਘਰੋਂ ਭੱਜ ਜਾਵੇ ਤਾਂ ਬਾਰ ਬਾਰ ਇਸੇ ਘਰ ਪੁਲਿਸ ਆ ਕੇ ਕਿਸੇ ਨਾ ਕਿਸੇ ਜੀਅ ਨੂੰ ਇਹ ਕਹਿ ਕੇ ਚੁੱਕ ਲਵੇ ਕਿ ਸ਼ਾਇਦ ਇੰਨਾਂ ਚੋਂ ਹੀ ਕਿਸੇ ਦਾ ਕਾਰਾ ਹੋਵੇ, ਜਦਕਿ ਇਸ ਘਰ ਦਾ ਕੋਈ ਵੀ ਜੀਅ ਫ਼ਿਲਮ ਵਿਚ ਮਾੜਾ ਅਨਸਰ ਨਹੀਂ ਵਿਖਾਇਆ ਗਿਆ, ਉਲਟਾ ਉਨਾਂ ਦਾ ਸਾਰੇ ਪਿੰਡ ਵਾਲਿਆਂ ਨਾਲ ਸੱਥਾਂ ਤੇ ਬੈਹਣ-ਉਠਣ ਹੈ, ਮਤਲਬ ਕਿ ਪਿੰਡ ਦੀ ਕੋਈ ਪੰਚਾਇਤ ਵੀ ਨਹੀਂ ਸੀ ਜੋ ਪੁਲਿਸ ਕੋਲ ੳੁਨਾਂ ਦੀ ਗਵਾਹੀ ਭਰ ਸਕੇ , ਖੈਰ ਬਾਅਦ ਵਿਚ ਇਹ ਕੰਮ ਬਾਹਰੋਂ ਆਈ ਹੀਰੋਇਨ ਤੋਂ ਲਿਆ ਗਿਆ, ਮੇਰੇ ਖਿਆਲ ਮੁਤਾਬਕ ਇਹ ਫ਼ਿਲਮ ਦਾ ਸਭ ਤੋਂ ਵਾਹਯਾਤ ਹਿੱਸਾ ਸੀ, (ਕਿੳੁਂਕਿ ਬੇਲੋੜੇ ਵਿਖਾਏ ਗਏ ਪਰਾਣੇ ਸਮੇਂ ਵਾਲੇ ਪੰਜਾਬ ਕੋਈ ਵੀ ਛੜਿਆਂ ਦਾ ਅਜਿਹਾ ਕਿੱਸਾ ਨਹੀਂ ਸੁਣਿਆ ਗਿਆ ਅੱਜ ਤੱਕ ਅਤੇ ਨਾ ਹੀ ਇੱਕੋ ਇਲਾਕੇ ਚੋਂ ਬਾਰ ਬਾਰ ਕੁੜੀਆਂ ਭੱਜਣ ਵਾਲਾ ਸਿਲਸਲਾ)| ਹੋਰ ਕੁਝ ਨਹੀਂ ਤਾਂ ਛੜਿਆਂ ਨੂੰ ਅਧਾਰ ਬਣਾ ਕੇ ਲਿਖੀ ਗਈ ਮਨਘੜਤ ਫ਼ਿਲਮ ਦਾ ਨਾਂਅ ਹੀ “ਛੜੇ” ਰੱਖ ਲੈਂਦੇ , ਪਹਿਲਾਂ ਫ਼ਿਲਮ ਦਾ ਨਾਂਅ ਕਾਰ ਰਿਬਨਾਂ ਵਾਲੀ ਸੀ ਸ਼ਾਇਦ ਇਸ ਕਰ ਕੇ ਬਦਲ ਦਿੱਤਾ ਗਿਆ ਕਿ ਵਿਆਹ-ਸ਼ਾਦੀਆਂ ਵਾਲੇ ਵਿਸ਼ੇ ਦਾ ਭੁਲੇਖਾ ਨਾ ਪੈ ਜਾਵੇ ਜੋਕਿ ਹੁਣ ਠੁੱਸ ਹੁੰਦੇ ਨਜ਼ਰ ਆ ਰਹੇ ਹਨ, ਨਾਮ ਬਦਲਣਾ ਤਾਂ ਸਿਆਣਪ ਸੀ ਪਰ “ਭੱਜੋ ਵੀਰੋ ਵੇ” ਵੀ ਕੋਈ ਪ੍ਭਾਵਸ਼ਾਲੀ ਨਾਂਅ ਨਹੀ| ਖੈਰ ਫ਼ਿਲਮ ਦੀ ਬਾਕੀ ਗੱਲ ਤੋਂ ਪਹਿਲਾਂ ਇਕ ਹੋਰ ਗੱਲ ਕਿ ਜਦੋਂ ਕੋਈ ਵੀ ਕਹਾਣੀਕਾਰ ਅਤੇ ਨਿਰਦੇਸ਼ਕ ਫ਼ਿਲਮ ਦੇ ਪਹਿਲੇ ਦੱਸਾਂ/ਪੰਦਰਾਂ ਮਿੰਟਾਂ ਵਿਚ ਫ਼ਿਲਮ ਤੇ ਅਾਪਣੀ ਪਕੜ ਨਹੀਂ ਬਣਾ ਪਾੳੁਂਦਾ ਤਾਂ ਸਮਝੋ ਫ਼ਿਲਮ ਗਈ ਅਤੇ ਇਸ ਫ਼ਿਲਮ ਦੇ ਪਹਿਲੇ ਹਿੱਸੇ ਵਿਚ ਤਾਂ ਤੁਸੀਂ ਅਰਾਮ ਨਾਲ ਸੋ ਵੀ ਸਕਦੇ ਹੋ ਅਤੇ ਦੂਜੇ ਹਿੱਸੇ ਨੂੰ ਫੇਰ ਬਿਨਾ ਸਿਰ-ਪੈਰ ਵਾਲੀ ਪਟਕਥਾ ਨਾਲ ਜੋੜਿਆ ਗਿਆ, ਛੜੇ ਭਰਾਵਾਂ ਦਾ ਇਕ ਮਾਮਾ ਵੀ ਹੈ ਅਤੇ ਹੀਰੋ ਨੂੰ ਆਪਣੇ ਵਿਆਹ ਲਈ ਮਾਮੇ ਨੂੰ ਲੱਭ ਕੇ ਲਿਆੳੁਣਾ ਬਹੁਤ ਜ਼ਰੂਰੀ ਹੈ, ਕਿੳੁਂਕਿ ਕੇ ਕੁੜੀ ਦੇ ਪਿਉ ਦੀ ਸ਼ਰਤ ਹੈ, ਖੈਰ ਮਾਮਾ ਤਾਂ ਲੱਭ ਜਾਂਦਾ ਹੈ, ਪਰ ਰਾਜਸਥਾਨ ਦਾ ਨਾਮੀਂ ਬਦਮਾਸ਼ ਅਤੇ ਡਾਕੂ, ਜਿਸ ਨੂੰ ਕਿ ਲੇਖਕ ਦੇ ਕਾਲਪਨਿਕ/ਖਿਆਲੀ ਘੋੜਿਆਂ ਦੇ ਅੱਗੇ ਲੱਗ, ਫ਼ਿਲਮ ਵਿਚ ਬਿਨਾ ਠੋਸ ਵਜਾ ਬੰਦੂਕਾਂ ਅਤੇ ਘੋੜਿਆਂ ਦੀ ਦਗੜ – ਦਗੜ ਕਰਨੀ ਪਈ ਪਰ ਗੁੱਗੂ ਗਿੱਲ ਦੇ ਆਪਣੇ ਅੰਦਾਜ਼ ਨਾਲ ਫ਼ਿਲਮ ਕੁਝ ਪਲਾਂ ਲਈ ਸੰਭਲਦੀ ਜ਼ਰੂਰ ਹੈ, ਪਰ ਫੇਰ ਬਚਕਾਨਾ ਕਹਾਣੀ ਕਾਰਨ ਹਾਸੋਹੀਣੀ ਸਥਿਤੀ ਬਣ ਕੇ ਰਹਿ ਜਾਂਦੀ ਹੈ| ਗੁੱਗੂ ਗਿੱਲ ਹੋਰਾਂ ਕੋਲੋਂ ਕਰਵਾਇਆ ਗਿਆ ਕਿਰਦਾਰ ੳੁਨਾਂ ਦੀ ਅਸਲ ਐਕਸ਼ਨ ਵਾਲੀ ਛਵੀ ਵਾਲਾ ਨਾ ਹੋ ਕੇ ੳੁਨਾਂ ਤੇ ਬਦੋਬਦੀ ਥੋਪਿਆ ਐਕਸ਼ਨ ਲੱਗ ਰਿਹਾ ਸੀ, ਜਿਸ ਕਾਰਨ ਫ਼ਿਲਮ ਦਾ ਇਹ ਹਿੱਸਾ ਵੀ ਨਕਲੀ ਨਕਲੀ ਲੱਗਿਆ ਖੈਰ
ਨਿਰਦੇਸ਼ਕ ਅਤੇ ਕਹਾਣੀਕਾਰ ਵੱਲੋਂ ਖੇਡਿਆ ਗਿਆ ਮਨਘੜਤ ਪੀਰੀਅਡ ਡਰਾਮਾ ਜਿਸ ਨੂੰ ਕਾਮੇਡੀ ਰੂਪ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਜ਼ਨ ਕਲੀਅਰ ਨਾ ਹੋਣ ਕਾਰਨ ਗੱਲ ਬਣੀ ਨਹੀਂ ,ਕਿ ਆਪਾਂ ਆਖਰਕਾਰ ਵਿਖਾਉਣਾ ਕੀ ਚਾਹੁੰਦੇ ਹਾਂ ਫ਼ਿਲਮ ਵਿਚ ? ਵੈਸੇ ਵੀ ਪੀਰੀਅਡ ਫ਼ਿਲਮ ਹਮੇਸ਼ਾ ਕਿਸੇ ਵਿਸ਼ੇਸ਼ ਅਤੇ ਠੋਸ ਵਿਸ਼ੇ ਨੂੰ ਲੈ ਕੇ ਹੀ ਬਣਾਈ ਜਾਂਦੀ ਹੈ, ਫ਼ਿਲਮ ਲਿਖਣ-ਬਨਾਉਣ ਵਾਲੇ ਦਾ ਤਾਂ ਪਤਾ ਨਹੀਂ ਪਰ ਫ਼ਿਲਮ ਦੇਖਦਾ ਸੂਝਵਾਨ ਦਰਸ਼ਕ ਜ਼ਰੂਰ ੳੁਲਝਦਾ ਹੈ ਕਿ ਕਿਹੜੀ ਗੱਲੋਂ ਬਿਨਾ ਸਿਰ ਪੈਰ ਵਾਲੀ ਫ਼ਿਲਮ ਤੇ ਸਮਾਂ ਨਸ਼ਟ ਕਰ ਰਿਹਾ ਹੈ ?
ਜੇ ਫ਼ਿਲਮ ਦੇ ਅੈਕਟਰਾਂ ਦੀ ਗੱਲ ਕਰੀਏ ਤਾਂ ਹੀਰੋਇਨ ਸਿੰਮੀ ਚਾਹਲ, ਨਿਰਮਲ ਰਿਸ਼ੀ ਅਤੇ ਹੋਬੀ ਧਾਲੀਵਾਲ ਵਰਗੇ ਮੰਝੇ ਹੋਏ ਕਲਾਕਾਰਾਂ
ਕੋਲ ਫ਼ਿਲਮ ਵਿਚ ਕਰਨ ਲਈ ਕੁਝ ਨਹੀਂ ਸੀ, ਜਿਸ ਨਾਲ ੳੁਨਾਂ ਦੀ ਕੋਈ ਪ੍ਫੋਰਮੈਂਸ ਸਾਹਮਣੇ ਆੳੁਂਦੀ, ਸਿਰਫ ਹੀਰੋ , ਗੁੱਗੂ ਗਿੱਲ ਅਤੇ ਇਕ-ਦੋ ਹੋਰ ਕਰੈਕਟਰ ਹੀ ੳੁਭਰਦੇ ਹਨ| ਹਰਦੀਪ ਗਿੱਲ ਦਾ ਕਰੈਕਟਰ ਵੇਖ ਕੇ ਪਹਿਲਾਂ ਤਾਂ ਇਹ ਲੱਗਾ ਕਿ ਸ਼ਾਇਦ ਕੋਈ ਮੈਂਟਲੀ ਅਪਸੈਟ ਟਾਈਪ ਬੰਦਾ ਦਿਖਾਇਆ ਹੋਵੇਗਾ, ਜਿਸ ਨੂੰ ਬਾਰ ਬਾਰ ਆਪਣੇ ਆਸਪਾਸ ਆਪਣੀ ਪਤਨੀ ਅਤੇ ਬੱਚੇ ਨਜ਼ਰ ਆੳੁਂਦੇ ਹਨ ਅਤੇ ਜੇ ਅਜਿਹਾ ਕੁਝ ਫ਼ਿਲਮ ਵਿਚ ਅੈਸਟੈਬਲਿਸ਼ ਹੀ ਨਹੀਂ ਹੋਣਾ ਸੀ ਤਾਂ ਉਹਦੇ ਕੋਲੋਂ ਇਹ ਸ਼ਦਾਅਪੁਣੇ ਵਾਲਾ ਰੋਲ ਕਿਉ ਕਰਵਾਇਆ ਗਿਆ, ਸਮਝ ਤੋਂ ਬਾਹਰ ਹੈ ਪਰ ਜੋ ਵੀ ਹੈ ਅੈਕਟਿੰਗ ਵਧੀਆ ਸੀ ਹਰਦੀਪ ਦੀ| ਫ਼ਿਲਮ ਦੇ ਹੀਰੋ ਨੂੰ ਆਪਣੀ ਡਾਇਲਾਗ ਡਲਿਵਰੀ ਬਹੁਤ ਸੁਧਾਰਣ ਦੀ ਲੋੜ ਹੈ|
ਆਖਰ ਤੇ ਇਕ ਗੱਲ ਹੋਰ ਕਿ ਪੰਜਾਬ ਦਾ ਇੰਨਾ ਅਮੀਰ ਸੱਭਿਆਚਾਰ ਹੁੰਦਿਆਂ ਇਹੋ ਜਿਹੇ ਬੇਤੁੱਕੇ ਜਿਹੇ ਵਿਸ਼ੇ ਵਾਲੀਆਂ ਫ਼ਿਲਮਾਂ , ਬਾਰ ਬਾਰ ਪੁਰਾਣੇ ਡਾਂਡੇ -ਟੀਂਡੇ, ਤੇ ਕਦੇ ਲਾਟੂ ਪਿੱਛੇ ਵਿਆਹ ਰੁੱਕ ਜਾਂਦਾ, ਕਦੇ ਕਿਸੇ ਦੇ ਮਾਮੇ ਕਰ ਕੇ, ਬੱਸ ਕਰੀਏ ਹੁਣ, ਕੋਈ ਉਸਾਰੂ ਫ਼ਿਲਮਾਂ ਬਨਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜਿਸ ਨਾਲ ਕਿ ਫ਼ਿਲਮਾਂ ਅਤੇ ਪੰਜਾਬੀ ਸਿਨੇਮਾ ਦੀ ਅਮੀਰ ਲੁੱਕ ਉਭਰ ਕੇ ਸਾਹਮਣੇ ਆਵੇ| ਅੰਗਰੇਜ਼ ਅਤੇ ਲਵ ਪੰਜਾਬ ਇੰਨਾਂ ਦੀਆਂ ਆਪਣੀਆਂ ਹੀ ਵਧੀਆ ਉਦਾਹਰਣਾਂ ਹਨI
ਹਰ ਸ਼ੁੱਕਰਵਾਰ ਬਾਲੀਵੁੱਡ ਦੀਆਂ 5/6 ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ, ਚੱਲਣ ਜਾਂ ਨਾ ਪਰ ਹਰ ਇਕ ਦਾ ਨਵਾਂ ਵਿਸ਼ਾ ਵੇਖਣ ਨੂੰ ਮਿਲਦਾ ਹੈ ਪਰ ਇੱਥੇ ਸਭ
ਭੇਡ ਚਾਲ|
ਖੈਰ ਇਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਸਸਤੇ ਜਿਹੇ ਨਿਰਮਾਣ ਵਾਲੀ ਫ਼ਿਲਮ ਹੈ ਜਿਸ ਵਿਚ ਕੋਈ ਵੀ ਮਹਿੰਗਾ ਕਲਾਕਾਰ ਨਹੀਂ ਹੈ, ਪੈਸੇ ਤਾਂ ਪੂਰੇ ਹੋ ਹੀ ਜਾਣਗੇ, ਕੁਝ ਅਮਰਿੰਦਰ ਗਿੱਲ ਦੇ ਨਿਰਮਾਣ ਘਰ ਕਰ ਕੇ ਤੇ ਬਾਕੀ ਫ਼ਿਲਮ ਬਾਰੇ ਝੂਠ-ਸੱਚ ਅਤੇ ਥੋਕ ਦੇ ਭਾਅ ਹਾਸਲ ਕੀਤੇ ਸਟਾਰਾਂ ਦੇ ਭੁਲੇਖੇ ਵੀ ਤਾਂ ਲੋਕ ਫ਼ਿਲਮ ਵੇਖਣ ਚਲੇ ਹੀ ਜਾਂਦੇ ਹਨ|
ਵੈਸੇ ਮੈਂ ਦੂਜੇ ਦਿਨ ਐਤਵਾਰ ਨੂੰ ਫ਼ਿਲਮ ਵੇਖੀ ਤਾਂ ਕੁੱਲ 28 ਬੰਦੇ ਸੀ ਸਿਨੇ ਪੋਲਿਸ ਵਿਚ, ਜਿਸ ਵਿੱਚੋਂ 11 ਜੋੜੇ, ਜਿਨਾਂ ਨੂੰ ਫ਼ਿਲਮ ਵੇਖਣ ਨਾਲ ਬਹੁਤਾ ਮਤਲਬ ਨਹੀਂ ਹੁੰਦਾ, ਬਾਕੀ ਕੁਲੈਕਸ਼ਨ ਦਾ ਅੰਦਾਜ਼ਾ ਆਪ ਹੀ ਲਾ ਲੋ ਤਾਂ ਬੇਹਤਰ ਹੈ|
ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਦੇ ਪੱਕੇ ਸਟਾਈਲ ਵਾਲਾ ਹੀ ਸੀ ਪਰ ਰਿਬਨਾਂ ਵਾਲੀ ਕਾਰ ਵਾਲਾ ਗਾਣਾ ਸੋਹਣਾ ਸੀ|
ਫ਼ਿਲਮ ਘੱਟ ਬਜਟ ਵਿਚ ਬਣੇ ਇਹ ਤਾਂ ਚੰਗੀ ਗੱਲ ਹੈ ਪਰ ਘੱਟ ਸਮਝ ਨਾਲ ਬਣੇ ਇਹ ਤਾਂ……