ਮੈਨੂੰ ਲਗਦੈ ਪੰਕਜ ਬੱਤਰਾ ਸਾਹਬ ਦੀਆਂ ਫ਼ਿਲਮਾਂ ਚਲਦੀਆਂ ਤਾਂ ਹੈ ਨਹੀਂ ਪਰ ਪੈਸੇ ਸਬਸਿਡੀ ਤੋਂ ਜ਼ਰੂਰ ਪੂਰੇ ਹੋ ਜਾਂਦੇ ਨੇ, ਇਸੇ ਲਈ ਸਬਜੈਕਟ ਨੂੰ ਘੁਮਾ ਫਿਰਾ ਕੇ ਸਡਸਿਡੀ ਵਾਲੀ ਜਗਾ ਖੜਿਆ ਜਾਂਦਾ ਹੈ, ਚਲੋ ਉਹ ਵੀ ਮਾੜੀ ਗੱਲ ਨਹੀਂ ਵਪਾਰ ਨੂੰ ਮੁੱਖ ਰੱਖਦਿਆਂ ਪਰ ਕਹਾਣੀ ਤਾਂ ਕੋਈ ਚੱਜ ਦੀ ਕਹਾਣੀ ਘੜੋ, ਸੁਪਰ ਫਲਾਪ ਫ਼ਿਲਮ “ਹਾਈ ਐਂਡ ਯਾਰੀਆਂ” ਵਾਂਗ ਇਸ ਵਾਰ ਵੀ ਸਿਰਾ ਹੀ ਲਾਇਆ ਪਿਆ ਕਹਾਣੀ ਅਤੇ ਫ਼ਿਲਮ ਨਿਰਦੇਸ਼ਨ ਦਾ, ਉਪਰੋਂ ਹੀਰੋ ਪਰਮੀਸ਼ ਵਰਮਾ, ਧੱਕੇ ਨਾਲ ਮਾੜੀ ਮੋਟੀ ਗਾਇਕੀ ਤਾਂ ਹੋ ਜਾਂਦੀ ਹੈ ਪਰ ਅਦਾਕਾਰੀ ਥੋੜਾ ਔਖਾ ਕੰਮ ਹੈ, ਸਮਝਣ ਦੀ ਲੋੜ ਹੈ, ਦੋ ਘੰਟੇ ਸਕਰੀਨ ਤੇ ਰਹਿਣਾ ਪੈਂਦਾ। ਪਤਾ ਨਹੀਂ ਕਿਉਂ ਇਹ ਲੋਕ ਸਿਨੇਮਾ ਨੂੰ ਮਜ਼ਾਕ ਬਣਾਈ ਬੈਠੇ ਨੇ। ਗੱਲ ਲਵ ਸਟੋਰੀ ਅਤੇ ਐਡੇ ਪਿਆਰੇ ਤੇ ਜਜ਼ਬਾਤੀ ਜਿਹੇ ਫ਼ਿਲਮ ਦੇ ਨਾਮ “ਜਿੰਦੇ ਮੇਰੀਏ” ਤੋਂ ਸ਼ੁਰੂ ਕਰ ਕੇ, ਫ਼ਿਲਮ ‘ਚ ਭਰੇ ਇਕ ਤੋਂ ਇਕ ਵਾਅਹਯਾਤ, ਕਾਪੀ ਪੇਸਟ, ਅਤੇ ਬਨਾਉੁਟੀ ਜਿਹੇ ਸੀਨਾਂ ਨਾਲ ਜੋੜ ਕੇ ਫ਼ਿਲਮ ਦਾ ਬੇੜਾ ਗਰਕ ਕੀਤਾ ਪੂਰੀ ਤਰਾਂ।
ਜੇ ਕਿਸੇ ਨੇ 2016 ‘ਚ ਆਈ ਹਨੀ ਸਿੰਘ ਦੀ ਫ਼ਿਲਮ “ਜੋਰਾਵਰ” ਵੇਖੀ ਹੋਵੇ ਤਾਂ ਅੰਦਾਜਾ ਲਗਜੂਗਾ ਕਿ ਉਸੇ ਤਰਾਂ ਫ਼ਿਲਮ ਦਾ ਦੂਜਾ ਹਿੱਸਾ ਵਿਦੇਸ਼ ਵਿਚ ਫ਼ਿਲਮਾਇਆ ਗਿਆ ਹੈ ਜਿੱਥੇ ਪੰਜਾਬੀ ਚਿੱਟੇ ਦੀ ਸਮਗਲਿੰਗ ਕਰਦੇ ਨੇ, ਗੋਰਿਆਂ ਨੂੰ ਗੁੰਡੇ ਬਣਾ ਕੇ ਪਾਲਦੇ ਨੇ, ਗੈਂਗਸਟਰ-ਬੌਸ ਬਣ ਕੇ ਸ਼ਰੇਆਮ ਗੋਲੀਆਂ ਚਲਾ ਚਲਾ ਬੰਦੇ ਮਾਰੀ ਜਾਂਦੇ ਨੇ, ਅਤੇ ਇਹੋ ਸ਼ਾਨ ਪੰਜਾਬੀਆਂ ਦੀ ਇਸ ਫ਼ਿਲਮ ਵਿਚ ਬਣਾਈ ਗਈ ਹੈ ਕਿ ਯੂ.ਕੇ ਵਿਚ ਅਸੀਂ ਪੰਜਾਬੀ ਗੁੰਡਾਗਰਦੀ ਕਰਦੇ, ਸਮੈਕ ਵੇਚਦੇ ਤੇ ਕਤਲ ਕਰਦੇ ਹਾਂ, ਗੁੰਡਿਆਂ ਦੇ ਬੌਸ ਹਾਂ, ਲੱਖ ਲਾਹਨਤ ਹੈ ਇਹੋ ਜਿਹੀ ਪੰਜਾਬੀ ਫ਼ਿਲਮ ਲਈ ਵਿਦੇਸ਼ ਵਾਸਤੇ ਘੜੇ ਪਲਾਟ ਤੇ। ਤੁਸੀ ਪੰਜਾਬੀ ਫ਼ਿਲਮ ਲਈ ਸਬਸਿਡੀ ਲੈਣ ਲਈ ਜੋ ਮਰਜੀ ਨੀਵੇਂ ਪੱਧਰ ਦੀ ਕਹਾਣੀ ਘੜ ਲਓ ਪੰਜਾਬੀਆਂ ਦੀ ਇਜ਼ਤ ਰੋਲਣ ਲਈ, ਨਹੀਂ ਇਹ ਸਿਨੇਮਾ ਨਹੀ ਸਿਰਫ ਪੈਸੇ ਕਮਾਉਣ ਲਈ ਦੁਕਾਨਦਾਰੀ, ਜੋ ਜ਼ਿਆਦਾ ਚਿਰ ਨਹੀਂ ਚੱਲਣੀ।
ਬਿਨਾਂ ਸਿਰ ਪੈਰ ਵਾਲੀਆਂ ਫ਼ਿਲਮਾਂ ਨਾਲ ਦਰਸ਼ਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਕੋਈ ਤਾਂ ਕਿ੍ਏਟੀਵਿਟੀ ਹੋਵੇ ਪੰਜਾਬੀ ਸਿਨੇਮਾ ਵਿਚ, ਹੁਣ ਵਿਆਹ-ਸ਼ਾਦੀਆਂ ਅਤੇ ਕਾਮੇਡੀ ਤੋਂ ਬਾਅਦ ਹੁਣ ਬੇਦਲੀਲੀ ਮਾਰਧਾੜ ਦਾ ਦੌਰ ਸ਼ੁਰੂ ਕਰ ਤਾ, ਹਜ਼ਾਰਾਂ ਫ਼ਿਲਮਾਂ ਵਿਚ ਸਮਗਲਰ- ਗੁੰਡੇ ਆਖਰ ਇਹ ਕੰਮ ਛੱਡਦੇ, ਗਲਤੀ ਦਾ ਅਹਿਸਾਸ ਕਰਦੇ ਜਾਂ ਪੁਲਸ ਦੀ ਗੋਲੀ ਨਾਲ ਮਰਦੇ ਵੇਖੇ ਨੇ, ਨਵਾਂ ਕੀ ਹੈ ਇਸ ਫ਼ਿਲਮ ਵਿਚ ਸਿਰਫ ਐਨਾ ਕਿ ਹੀਰੋ ਆਪਣੇ ਫਾਇਦੇ ਲਈ ਆਪਣੀ ਮਹਿਬੂਬਾ ਦੇ ਘਰੇ ਪਹਿਲਾਂ ਚੋਰੀ ਕਰਦਾ ਹੈ, ਉਸ ਦੇ ਪਿਓ ਨੂੰ ਬਦਨਾਮ ਕਰਦਾ ਹੈ, ਤੇ ਫੇਰ ਉਸ ਨੂੰ ਪਾਉਣ ਲਈ ਇਕ ਤੋਂ ਇਕ ਮਾੜਾ ਕੰਮ ਕਰਦਾ ਹੈ, ਅਤੇ ਆਪਣੇ ਹੀ ਪਰਿਵਾਰ ਦੀਆਂ ਕਦਰਾਂ-ਕੀਮਤਾਂ ਨੂੰ ਰੋਲਦਾ ਹੈ, ਦੱਸੋ ਕਿਹੜਾ ਸਹੀ ਸੰਦੇਸ਼ ਹੈ ਫ਼ਿਲਮ ਵਿਚ। ਮਾਫੀ ਜੀ, ਇਹੋ ਜਿਹੀਆਂ ਫ਼ਿਲਮਾਂ ਬਾਰੇ ਇਹੋ ਕੁਝ ਲਿਖਿਆ ਜਾ ਸਕਦੈ, ਬਾਕੀ ਰਵਾਇਤਨ ਨਕਲੀ/ਪੇਡ ਸਟਾਰ ਤਾਂ ਫ਼ਿਲਮ ਨੂੰ ਮਿਲ ਹੀ ਜਾਣੇ ਨੇ । ਫ਼ਿਲਮ ਸੰਗੀਤ ਵੀ ਠੀਕ ਠੀਕ ਹੀ ਹੈ ਪਰ ਫ਼ਿਲਮ ਐਕਟਰ ਸੋਨਮ ਬਾਜਵਾ, ਨਵਨੀਤ ਕੌਰ ਢਿਲੋਂ, ਪਰਮਵੀਰ, ਹਰਦੀਪ ਗਿੱਲ, ਅਨੀਤਾ ਦੇਵਗਨ, ਮਲਕੀਤ ਰੌਣੀ, ਹੋਬੀ ਧਾਲੀਵਾਲ ਅਤੇ ਰਵਿੰਦਰ ਮੰਡ ਆਦਿ ਸਭ ਦੀ ਅਦਾਕਾਰੀ ਵਧੀਆ ਹੈ।