Pollywood

ਫ਼ਿਲਮ ਸਮੀਖਿਆ – ਇੱਕ ਸੰਧੂ ਹੁੰਦਾ ਸੀ.. ਕਿਉਂ ਨਹੀ ਮਿਲਿਆ ਫ਼ਿਲਮ “ਇੱਕ ਸੰਧੂ ਹੁੰਦਾ ਸੀ” ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ?

Written by Daljit Arora

ਜੇ ਫ਼ਿਲਮ ਦੀ ਮੇਕਿੰਗ, ਦਿੱਖ, ਸਟਾਰ ਕਾਸਟ, ਐਕਸ਼ਨ ਅਤੇ ਸੰਗੀਤ ਆਦਿ ਪੱਖਾਂ ਦੀ ਗੱਲ ਕਰੀਏ ਤਾਂ ਕਾਫੀ ਕੁੱਝ ਉੱਚ ਪੱਧਰਾ ਅਤੇ ਬਾਲੀਵੁੱਡ ਦੇ ਹਾਣ ਦਾ ਨਜ਼ਰ ਆਉਂਦਾ ਹੈ। ਲਗ ਰਿਹਾ ਹੈ ਕਿ ਫ਼ਿਲਮ ਖੁੱਲ੍ਹੇ ਬਜਟ ਨਾਲ ਬਣਾਈ ਗਈ ਹੈ ਅਤੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀਆਂ ਪਹਿਲੀਆਂ ਫ਼ਿਲਮਾਂ ਨਾਲੋ ਇਹ ਫ਼ਿਲਮ ਕਿਤੇ ਵੱਧ ਕੇ (ਮੇਕਿੰਗ-ਫੋਟੋਗਰਾਫ਼ੀ ਵਜੋ ਸ਼ਾਨਦਾਰ ਬਣੀ ਹੈ। ਨਿਰਮਾਤਾ ਬੱਲੀ ਕੱਕੜ ਅਤੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀਆਂ ਪੰਜਾਬੀ ਸਿਨੇਮਾ ਨੂੰ ਵਿਸ਼ਵ ਪੱਧਰ ਤੇ ਹੋਰ ਵੱਡਾ ਦਿਖਾਉਣ ਦੀਆਂ ਇਹ ਕੇਸ਼ਿਸ਼ਾਂ ਤਾਂ ਸਲਾਹੁਣ ਯੋਗ ਹਨ ਪਰ ਨਾਲ ਦੇ ਨਾਲ ਵਿਸ਼ੇ ਵੀ ਵੱਡੇ ਲੈ ਕੇ ਆਉਣ ਤਾਂ ਹੋਰ ਵਧੀਆ ਗੱਲ ਹੈ। ਜਿਸ ਦੀ ਕਿ ਇਸ ਫ਼ਿਲਮ ਵਿਚ ਕਮੀ ਪਾਈ ਗਈ।


ਜੇ ਫ਼ਿਲਮ ਦੇ ਸਬਜੈਕਟ ਨੂੰ ਨੌਜਵਾਨ ਪੀੜ੍ਹੀ ਦੇ ਨਜ਼ਰੀਏ ਨਾਲ ਵੀ ਵੇਖੀਏ ਤਾਂ ਉਨਾਂ ਦੀ ਐਕਸ਼ਨ ਨੁਮਾ “ਮੂਵੀ ਪਸੰਦ” ਨੂੰ ਹੀ ਮੁੱਖ ਰੱਖ ਕੇ ਹੀ ਫ਼ਿਲਮ ਦਾ ਤਾਣਾ ਬਾਣਾ ਬੁਣਿਆ ਲੱਗਦਾ ਹੈ, ਪਰ ਉਪਰੋਤਕ ਸਭ ਕੁਝ ਚੰਗਾ ਹੋਣ ਦੇ ਬਾਵਜੂਦ ਵੀ ਜੇ ਫ਼ਿਲਮ ਨੂੰ ਜੋਸ਼ੀਲਾ ਹੁੰਗਾਰਾ ਨਹੀਂ ਮਿਲਿਆ ਤਾਂ ਖੁੱਲ੍ਹ ਕੇ ਕਾਰਨ ਵਿਚਾਰਣ ਵਿਚ ਕੋਈ ਹਰਜ਼ ਨਹੀਂ। ਪਹਿਲੀ ਗੱਲ ਤਾਂ ਨੋਜਵਾਨ ਪੀੜ੍ਹੀ ਤੋਂ ਹੀ ਸ਼ੁਰੂ ਕਰ ਲਈਏ ਕਿ ਹਾਲੀਵੁੱਡ ਫ਼ਿਲਮਾ ਵੇਖਣ ਵਾਲੀ ਇਸ ਪੀੜੀ ਨੂੰ ਐਨਾ ਵੀ ਅੰਡਰ ਐਸਟੀਮੇਟ ਨਾ ਕਰੋ ਕਿ ਸਿਰਫ ਲੜਾਈ-ਮਾਰਕੁਟਾਈ ਵੇਖਣ ਹੀ ਥਿਏਟਰ ਵੱਲ ਤੁਰ ਪੈਣਗੇ, ਵਿਸ਼ਾ ਕੁਝ ਤਾਂ ਮਜਬੂਤ ਹੋਵੇ। ਇਹ ਕੀ ਗੱਲ ਹੋਈ ਕਿ ਕਾਲਜ ਵਿਚ ਦੋ ਧੜੇ, ਤੇ ਹੀਰੋ ਦਾ ਪਿਆਰ ਵਿਰੋਧੀ ਧੜੇ ਦੇ ਖਲਨਾਇਕ ਦੀ ਭੈਣ ਨਾਲ ਹੋ ਗਿਆ, ਕੁੜੀ ਪਿੱਛੇ ਐਡੀ ਵੱਡੀ ਲੜਾਈ ਤੇ ਆਖੀਰ ਚ ਮਿੰਟਾ ਚ ਸੁਲਾ-ਸਫਾਈ ਤੇ ਮੁੱਕ ਗਈ ਫ਼ਿਲਮ। ਫ਼ਿਲਮ ਦੇ ਐਡੇ ਵੱਡੇ ਤਾਮਜਾਮ ਮੁਤਾਬਕ ਇਹ ਸਬਜੈਕਟ ਬਹੁਤ ਹੀ ਛੋਟਾ ਅਤੇ ਆਮ ਜਿਹਾ ਲੱਗਿਆ ? ਕਹਾਣੀਕਾਰਾਂ ਦੇ ਨਾਮ ਨਹੀਂ ਕੰਮ ਵੱਡਾ ਦਿਸਣਾ ਚਾਹੀਦਾ ਹੈ।
ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬੀ ਦਰਸ਼ਕਾਂ ਨੂੱ ਕਦੇ ਵੀ ਸਾਊਥ ਵਾਲਾ “ਬੰਦੇ ਉਡਾਊ” ਐਕਸ਼ਨ ਹਜ਼ਮ ਨਹੀਂ ਹੋਣਾ। ਇਹ ਫਾਰਮੁਲਾ ਇਕ-ਅੱਧ ਵਾਰ ਤਾਂ ਚੱਲ ਸਕਦੈ ਪਰ ਹਰ ਐਕਸ਼ਨ ਫ਼ਿਲਮ ਚ ਨਹੀਂ। ਐਨੀ ਮਹਿੰਗੀ ਫ਼ਿਲਮ ਦੇ ਨਿਰਮਾਣ ਵੇਲੇ ਬਾਕੀ ਟੀਮ ਦੇ ਨਾਲ ਨਾਲ ਗਿੱਪੀ ਨੂੰ ਖੁੱਦ ਨੂੰ ਵੀ ਫ਼ਿਲਮ ਦੇ ਵਿਸ਼ੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਸੀ। ਚਾਹੇ ਨਾਇਕ ਨੂੰ ਜਿੰਨੇ ਮਰਜ਼ੀ ਖੁੱਲ੍ਹੇ ਪੈਸੇ ਮਿਲੇ ਹੋਣ, ਫ਼ਿਲਮ ਨਾ ਚੱਲਣ ਦਾ ਅਸਰ ਤਾਂ ਕਰੀਅਰ ਤੇ ਪੈਂਦਾ ਈ ਏ। ਉਸ ਨੂੰ ਇਹ ਵੀ ਸੋਚਣ ਦੀ ਲੋੜ ਹੈ ਕੀ ਪੰਜਾਬੀ ਪਰਿਵਾਰਾਂ ਦਾ ਵੀ ਚਹੇਤਾ ਹੈ, ਉਸ ਦਰਸ਼ਕ ਵਰਗ ਦਾ ਵੀ ਖਿਆਲ ਰੱਖੇ।

ਮੈਂ ਫ਼ਿਲਮ ਦੇ ਬਹੁਤੇ ਤਕਨੀਕੀ ਨੁਕਸਾਂ ਵੱਲ ਤਾਂ ਨਹੀਂ ਜਾਂਦਾ ਪਰ ਜਿਹੜੀਆਂ ਗੱਲਾਂ ਬੱਚੇ ਵੀ ਸਮਝ ਜਾਂਦੇ ਹੋਣ ਉਨਾਂ ਨੂੰ ਕਰਨ ਚ ਕੋਈ ਹਰਜ਼ ਨਹੀਂ ਕਿ ਹੀਰੋਈਨ ਦੇ ਵੱਡੇ ਵੀਰ ਪਵਨ ਮਲਹੋਤਰਾ ਨੂੰ ਉਸ ਦੀ ਫ਼ਿਲਮ ਵਿਚਲੀ ਲੁੱਕ ਮੁਕਾਬਕ ਜੇ ਚਾਚਾ, ਤਾਇਆ, ਫੁੱਫੜ ਜਾਂ ਪਿਓ ਕਹਿ ਲੈਂਦੇ ਤਾਂ ਕੀ ਹਰਜ਼ ਸੀ। ਵੀਰਜੀ ਦਾ ਕੋਈ ਤੁੱਕ ਨਹੀਂ ਬਣਦਾ। ਫ਼ਿਲਮ ਵਿਚਲੇ ਸਭ ਤੋਂ ਵੱਧ ਪ੍ਰੰਸ਼ਸਾ ਹਾਸਲ ਕਰਨ ਵੇਲੇ ਦੱਮਦਾਰ ਖਲਨਾਇਕ ਬਣੇ ਵਿਕਰਮਜੀਤ ਵਿਰਕ “ਕਾਲੇ ਦੇ ਕਿਰਦਾਰ ਵਿਚ” ਦਾ ਐਡੀ ਤਗੜੀ ਖਲਨਾਇਕੀ ਸ਼ੋਅ ਕਰਨ ਤੋਂ ਬਾਅਦ ਐਨੀ ਛੇਤੀ ਹਾਰ ਮੰਨ ਜਾਣਾ, ਉਸ ਨੂੰ ਥੋੜਾ ਟਾਈਮ ਦੇਣ ਦੀ ਲੋੜ ਸੀ। ਫ਼ਿਲਮ ਵਿਚਲੇ ਗਿੱਪੀ ਗਰੇਵਾਲ ਦੇ ਪਹਿਲੇ ਸੀਨ ਵਿਚ ਸ਼ਰਾਬ ਦੀ ਬੋਤਲ ਹੱਥ ਚ ਫੜ ਕੇ ਲੜਾਈ ਲਈ ਯੂਨੀਵਰਸਿਟੀ ਨੂੰ ਭੱਜਣਾ, ਓਹ ਬੋਤਲ ਗਾਇਬ ਹੋਣ ਦਾ ਮਤਲਬ ਵਿਦਿਅਕ ਅਦਾਰੇ ਚ ਸ਼ਰਾਬ ਪੀ ਕੇ ਜਾਣਾ ? ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਵੈਸੇ ਵੀ ਐਨੇ ਜ਼ਿਆਦਾ ਲੜਾਈ-ਝਗੜੇ, ਮਾਰ-ਕੁਟਾਈ ਨਹੀਂ ਚਲਦੀ ਪੰਜਾਬ ਦੇ ਕਿਸੇ ਵੀ ਵਿਦਿਅਕ ਅਦਾਰੇ ਵਿਚ।
ਜਵਾਨੀ ਵੇਲੇ ਇਕ ਪ੍ਰੇਮੀਕਾ ਦਾ ਅਪਣੇ ਪ੍ਰੇਮੀ ਪ੍ਰਤੀ ਜਨੂਨ ਤਾਂ ਜ਼ਰੂਰ ਹੁੰਦਾ ਹੈ ਪਰ ਜਦੋਂ ਓਹ ਘਰੋਂ ਦੌੜਣ ਵੇਲੇ ਆਪਣੇ ਪ੍ਰੇਮੀ ਸਹਿਤ ਆਪਣੇ ਘਰ ਵਾਲੀਆਂ ਨਾਲ ਟਕਰਾਉਂਦੀ ਹੈਂ ਤਾਂ ਉਸ ਦੀ ਸ਼ਕਲ ਤੇ ਡਰ-ਸ਼ਰਮ ਜਾਂ ਕੁੱਝ ਅਣਹੋਣੀ ਵਾਪਰਨ ਦਾ ਖਤਰਾ ਨਜ਼ਰ ਆਉਣਾ ਚਾਹੀਦਾ ਸੀ ਨਾ ਕੇ ਪ੍ਰੇਮੀ ਦਾ ਹੱਥ ਫੜ ਕੇ ਭਰਾਵਾਂ ਵੱਲ ਅੱਗੇ ਵਧਦਿਆਂ ਪਰਾਊਡ ਫੀਲ ਕਰਦਾ ਅਤੇ ਆਪਣੇ ਹੀ ਪਰਿਵਾਰ ਨੂੰ ਨੀਵਾਂ ਦਿਖਾਉਣ ਵਾਲੇ ਹਾਵ ਭਾਵ ਝਲਕਾਉਂਦਾ ਚਿਹਰਾ, ਪੰਜਾਬੀ ਸੱਭਿਅਤਾ ਐਨੀ ਵੀ ਮਾੜੀ ਨਹੀਂ ਹੈ। ਉਪਰੋਤਕ ਸਭ ਗੱਲਾਂ ਸਿਰਫ ਦੂਰਅੰਦੇਸ਼ੀ ਅਤੇ ਧਿਆਨ ਮੰਗਦੀਆਂ ਹਨ।
ਬਾਕੀ ਐਕਸ਼ਨ ਕਰਦਾ ਬਤੌਰ ਐਕਟਰ ਮੈਨੂੰ ਤਾਂ ਖੂਬ ਜਚਿਆ ਗਿੱਪੀ ਗਰੇਵਾਲ, ਉਸ ਦੀ ਅਦਾਕਾਰੀ ਦੇ ਇਸ ਰੂਪ ਵਿਚ ਵੀ ਪਰਪੱਕਤਾ ਨਜ਼ਰ ਆਈ। ਇਸ ਵਾਰ ਬਾਕੀ ਐਕਟਰਾਂ ਚੋਂ ਰੌਸ਼ਨ ਪਿ੍ੰਸ ਵੀ ਬਾਜ਼ੀ ਮਾਰ ਗਿਆ।
ਪਵਨ ਮਲਹੋਤਰਾ ਦੀ ਹਿੰਦੀ ਨੁਮਾ ਪੰਜਾਬੀ ਨੇ ਉਸ ਦੇ ਫ਼ਿਲਮ ਵਿਚਲੇ ਪ੍ਰਭਾਵਸ਼ਾਲੀ ਕਿਰਦਾਰ ਦਾ ਗਰਾਫ਼ ਹੇਠਾਂ ਸੁੱਟਿਆ, ਜੇ ਇਹ ਰੋਲ ਸਰਦਾਰ ਸੋਹੀ ਕੋਲੋਂ ਕਰਵਾਇਆ ਜਾਂਦਾ ਤਾਂ ਜਿ਼ਆਦਾ ਮਜ਼ਾ ਆਉਣਾ ਸੀ ਅਤੇ ਹੀਰੋਈਨ ਵੀ ਪੰਜਾਬੀ ਭਾਸ਼ਾ ਬੇਲਣ ਤੋਂ ਜਾਣੂ ਚਾਹੀਦੀ ਸੀ, ਬਾਕੀ ਸਭ ਕਲਾਕਾਰ ਠੀਕ ਸਨ।
ਵੈਸੇ ਤਾਂ ਸਾਡੇ ਪੰਜਾਬੀ ਸਿਨੇਮਾ ਦੇ ਅੱਜ ਕੱਲ੍ਹ ਕੁੱਝ ਲਗਨ ਵੀ ਠੰਡੇ ਹੀ ਚਲ ਰਹੇ ਹਨ ਪਰ ਜੇ ਇਸ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਇਸੇ ਤਰਾਂ ਡਟੇ ਰਹਿਣ ਅਤੇ ਵੱਡੇ, ਨਵੇਂ ਅਤੇ ਉਸਾਰੂ ਵਿਸ਼ਿਆਂ ਨਾਲ ਅੱਗੇ ਵਧਣ ਤਾਂ ਜ਼ਰੂਰ ਹੀ ਇੱਕ ਦਿਨ ਪੰਜਾਬੀ ਸਿਨੇਮਾ ਚੋਂ ਹੀਂ ਨਾਮ ਅਤੇ ਦਾਮ ਵੀ ਵੱਡਾ ਹੀ ਕਮਾਉਣਗੇ। ਬਾਕੀ ਇਹ ਫ਼ਿਲਮ ਵੀ ਇਕ ਵਾਰ ਵੇਖ ਲਈ ਜਾਵੇ ਤਾਂ ਕੋਈ ਹਰਜ਼ ਨਹੀ। ਭਵਿੱਖ ਲਈ ਇਸ ਟੀਮ ਨੂੰ ਸ਼ੁੱਭ ਇੱਛਾਵਾਂ!

– ਦਲਜੀਤ ਅਰੋੜਾ

Comments & Suggestions

Comments & Suggestions

About the author

Daljit Arora